ਕਰੋਨਾ: ਪੰਜਾਬ ’ਚ ਧਾਰਾ 144 ਲਾਗੂ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੇਜ਼ ਰਫ਼ਤਾਰ ਨਾਲ ਫੈਲ ਰਹੀ ਕਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਪੰਜਾਬ ਭਰ ਵਿਚ ਪੰਜ ਤੋਂ ਵਧੇਰੇ ਵਿਅਕਤੀਆਂ ਦੀ ਸ਼ਮੂਲੀਅਤ ਵਾਲੇ ਸਾਰੇ ਇਕੱਠਾਂ ’ਤੇ ਰੋਕ ਲਈ ਧਾਰਾ 144 ਲਾਗੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਮੁੱਖ ਮੰਤਰੀ ਨੇ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਉਹ ਪੰਜਾਬ ਦੇ ਹਾਲਾਤ ਹੋਰ ਖ਼ਰਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਕੋਵਿਡ ਕੇਸਾਂ ਦਾ ਅੰਕੜਾ 15 ਸਤੰਬਰ ਤੋਂ ਇੱਕ ਲੱਖ ਨੂੰ ਪਾਰ ਕਰ ਸਕਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਫ਼ਤਾਵਾਰੀ ਲੌਕਡਾਊਨ ਤੋਂ ਇਲਾਵਾ 31 ਅਗਸਤ ਤੋਂ ਮਗਰੋਂ ਸਖ਼ਤੀ ਲਈ ਨਵੇਂ ਕਦਮ ਉਠਾਏ ਜਾ ਸਕਦੇ ਹਨ। ਅਮਰਿੰਦਰ ਸਿੰਘ ਨੇ ਅੱਜ ਆਪਣੇ ਫੇਸਬੁੱਕ ਲਾਈਵ ਪ੍ਰੋਗਰਾਮ ’ਚ ਸਖ਼ਤ ਰੁਖ਼ ਅਪਣਾਉਂਦਿਆਂ ਕਿਹਾ ਕਿ ਵਿਆਹ ਅਤੇ ਭੋਗ ਸਮਾਗਮਾਂ ਤੋਂ ਬਿਨਾਂ ਪੰਜਾਬ ਵਿਚ ਕਿਤੇ ਵੀ ਪੰਜ ਤੋਂ ਜ਼ਿਆਦਾ ਵਿਅਕਤੀਆਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਜਿਹੇ ਇਕੱਠ ਕਰਨ ਵਾਲੇ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਹੋਵੇਗੀ। ਉਨ੍ਹਾਂ ਸਿਆਸੀ ਧਿਰਾਂ ਨੂੰ ਧਰਨਿਆਂ ਸਮੇਤ ਇਕੱਠਾਂ ਤੋਂ ਬਚਣ ਦੀ ਅਪੀਲ ਵੀ ਕੀਤੀ। ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਧਾਰਾ 144 ਦੀ ਉਲੰਘਣਾ ਦੀ ਸੂਰਤ ਵਿਚ ਪ੍ਰਬੰਧਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

ਮੁੱਖ ਮੰਤਰੀ ਵੱਲੋਂ ਸਾਰੇ ਧਾਰਮਿਕ ਤੇ ਸਮਾਜਿਕ ਆਗੂਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਪੰਜਾਬ ਵਿਚ ਜਿੱਥੇ ਵੀ ਕੋਵਿਡ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ, ਉੱਥੇ ਆਪਣੇ ਪੈਰੋਕਾਰਾਂ ਨੂੰ ਧਾਰਾ 144 ਦੀ ਉਲੰਘਣਾ ਨਾ ਕਰਨ ਅਤੇ ਲਾਗੂ ਕੀਤੇ ਗਏ ਸੁਰੱਖਿਆ ਉਪਾਵਾਂ/ਪਾਬੰਦੀਆਂ ਦੀ ਪਾਲਣਾ ਕਰਨ ਲਈ ਆਖਣ। ਉਨ੍ਹਾਂ ਵੱਲੋਂ ਪੁਲੀਸ ਨੂੰ ਵਿਆਹ ਅਤੇ ਭੋਗ ਸਮਾਗਮਾਂ ਦੌਰਾਨ ਸਮਾਜਿਕ ਦੂਰੀ ਅਤੇ ਵਿਅਕਤੀਆਂ ਦੀ ਤੈਅ ਗਿਣਤੀ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਵੀ ਦਿੱਤੇ ਗਏ ਹਨ।

ਅਮਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਟੈਸਟਿੰਗ ਵਾਧੇ ਮਗਰੋਂ ਕੋਵਿਡ ਕੇਸਾਂ ਦੀ ਗਿਣਤੀ 37,824 ਤੱਕ ਪੁੱਜ ਗਈ ਹੈ। ਵੀਰਵਾਰ ਨੂੰ ਪਾਜ਼ੇਟਿਵ ਦਰ 8.5 ਫ਼ੀਸਦੀ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸੱਤ ਦਿਨਾਂ ਦੌਰਾਨ ਔਸਤਨ ਰੋਜ਼ਾਨਾ ਵਾਧਾ 1400 ਤੋਂ ਵਧੇਰੇ ਹੈ ਅਤੇ ਮੌਤ ਦਰ 2.5 ਫ਼ੀਸਦੀ ਹੈ। ਪਿਛਲੇ ਹਫਤੇ ਵਧੇਰੇ ਮਾਮਲੇ ਲੁਧਿਆਣਾ, ਪਟਿਆਲਾ, ਜਲੰਧਰ, ਮੁਹਾਲੀ ਅਤੇ ਬਠਿੰਡਾ ਤੋਂ ਰਿਪੋਰਟ ਹੋਏ ਹਨ। ਅਮਰਿੰਦਰ ਨੇ ਕਿਹਾ ਕਿ ਅੰਕੜੇ ਨਿਰਾਸ਼ ਕਰਨ ਵਾਲੇ ਹਨ। ਜੇਕਰ ਲੋਕ ਲੋੜੀਂਦੇ

ੁਰੱਖਿਆ ਉਪਾਵਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਸਥਿਤੀ ਹੋਰ ਬਦਤਰ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕ ਇਸ ਨੂੰ ਹਲਕੇ ਵਿੱਚ ਲੈ ਰਹੇ ਹਨ ਜਿਸ ਕਰਕੇ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਪੈ ਰਹੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਮਾਸਕ ਨਾ ਪਹਿਨਣ ਕਰਕੇ ਰੋਜ਼ਾਨਾ ਆਧਾਰ ’ਤੇ 3000 ਤੋਂ 6000 ਲੋਕਾਂ ਦੇ ਚਲਾਨ ਕੱਟੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ 3 ਸਤੰਬਰ ਤੱਕ ਪੰਜਾਬ ਵਿੱਚ ਕੇਸਾਂ ਦੇ 64000 ਤੱਕ ਪੁੱਜਣ ਦੇ ਕਿਆਸ ਹਨ ਅਤੇ 15 ਸਤੰਬਰ ਤੱਕ ਇਹ ਗਿਣਤੀ ਇਕ ਲੱਖ ਪਾਰ ਕਰ ਜਾਵੇਗੀ। ਮਾਹਿਰਾਂ ਨੇ 3 ਸਤੰਬਰ ਤੱਕ ਮੌਤਾਂ ਦੀ ਗਿਣਤੀ 1500 ਤੱਕ ਪੁੱਜਣ ਦਾ ਕਿਆਸ ਕੀਤਾ ਹੈ। ਮੁੱਖ ਮੰਤਰੀ ਨੇ ਪੁਲੀਸ ਕਰਮੀਆਂ, ਡਾਕਟਰਾਂ ਤੇ ਇਲਾਜ ਨਾਲ ਜੁੜੇ ਹੋਰ ਸਟਾਫ਼, ਸਰਕਾਰੀ ਮੁਲਾਜ਼ਮਾਂ ਤੇ ਗੈਰ-ਸਰਕਾਰੀ ਸੰਸਥਾਵਾਂ ਆਦਿ ਸਮੇਤ ਮੂਹਰਲੀ ਕਤਾਰ ਦੇ ਸਾਰੇ ਵਰਕਰਾਂ ਦਾ ਕੋਵਿਡ ਖ਼ਿਲਾਫ਼ ਮੋਹਰੀ ਹੋ ਕੇ ਲੜਨ ਲਈ ਧੰਨਵਾਦ ਕੀਤਾ। ਪੀ.ਐੱਸ.ਪੀ.ਸੀ.ਐਲ. ਦੀਆਂ ਆਸਾਮੀਆਂ ਨਤੀਜਿਆਂ ਦੇ ਐਲਾਨ ਤੋਂ ਛੇ ਮਹੀਨੇ ਮਗਰੋਂ ਵੀ ਨਾ ਭਰਨ ਬਾਰੇ ਮੁੱਖ ਮੰਤਰੀ ਨੇ ਜਲੰਧਰ ਦੇ ਇਕ ਵਸਨੀਕ ਨੂੰ ਭਰੋਸਾ ਦਿੱਤਾ ਕਿ ਲੌਕਡਾਊਨ ਕਾਰਨ ਦੇਰੀ ਹੋਈ ਹੈ ਅਤੇ ਸਹਾਇਕ ਲਾਈਨਮੈਨ ਲਈ 2393 ਤੇ ਸਹਾਇਕ ਇੰਜਨੀਅਰ (ਇਲੈਕਟ੍ਰੀਕਲ) ਲਈ ਚੁਣੇ ਗਏ 71 ਉਮੀਦਵਾਰਾਂ ਨੂੰ ਪਹਿਲਾਂ ਹੀ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ ਹਨ। ਹੁਣ ਲੇਖਾ ਅਫ਼ਸਰਾਂ, ਮਾਲ ਲੇਖਾਕਾਰ ਤੇ ਸੁਪਰਡੈਂਟ ਡਿਵੀਜ਼ਨਲ ਅਕਾਊਂਟੈਂਟ ਦੀਆਂ ਆਸਾਮੀਆਂ ਉਤੇ ਚੁਣੇ ਗਏ ਉਮੀਦਵਾਰਾਂ ਨੂੰ ਅਗਲੇ ਹਫ਼ਤੇ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ।

ਕਰਮਚਾਰੀਆਂ ਨੂੰ ਹੜਤਾਲ ਵਾਪਸ ਲੈਣ ਦੀ ਅਪੀਲ: ਮੁੱਖ ਮੰਤਰੀ ਨੇ ਸਕੱਤਰੇਤ ਅਤੇ ਜ਼ਿਲ੍ਹਿਆਂ ਦੇ ਹੜਤਾਲ ’ਤੇ ਚੱਲ ਰਹੇ ਗਰੁੱਪ ‘ਸੀ’ ਤੇ ‘ਡੀ’ ਕਰਮਚਾਰੀਆਂ ਨੂੰ ਕੰਮ ’ਤੇ ਵਾਪਸ ਪਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਕੋਵਿਡ ਮਹਾਮਾਰੀ ਦੀ ਔਖੀ ਘੜੀ ਅਤੇ ਵਿੱਤੀ ਸੰਕਟ ਦੇ ਬਾਵਜੂਦ ਕਰਮਚਾਰੀਆਂ ਦੀਆਂ ਲਟਕੀਆਂ ਮੰਗਾਂ ਨੂੰ ਪੂਰਾ ਕਰਨ ਲਈ ਯਤਨ ਕਰ ਰਹੀ ਹੈ। ਮੁੱਖ ਮੰਤਰੀ ਨੇ ਕਰਮਚਾਰੀਆਂ ਨੂੰ ਪਿਛਲੇ ਇੱਕ ਹਫ਼ਤੇ ਤੋਂ ਹੜਤਾਲ ’ਤੇ ਬੈਠੇ ਕਰਮਚਾਰੀਆਂ ਨੂੰ ਵਿਰੋਧ ਪ੍ਰਦਰਸ਼ਨ ਖ਼ਤਮ ਕਰਨ ਅਤੇ ਸੰਕਟਕਾਲੀ ਦੌਰ ਵਿੱਚ ਲੰਘ ਰਹੇ ਸੂਬੇ ਦੇ ਹਿੱਤਾਂ ਲਈ ਮੁੜ ਕੰਮ ’ਤੇ ਪਰਤਣ ਦੀ ਅਪੀਲ ਕੀਤੀ ਹੈ।

ਵਾਢੀ ’ਚ ਕਾਹਲ ਨਾ ਕਰਨ ਕਿਸਾਨ: ਕੈਪਟਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਵਾਢੀ ਵਿੱਚ ਕਾਹਲੀ ਨਾ ਕਰਨ ਅਤੇ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਲਈ ਪੂਰੀ ਤਿਆਰੀ ਕੀਤੀ ਗਈ ਹੈ। ਮੰਡੀਆਂ ਵਿੱਚ ਛੇਤੀ ਫ਼ਸਲ ਲਿਆਉਣਾ ਨੁਕਸਾਨਦਾਇਕ ਹੋਵੇਗਾ ਕਿਉਂਕਿ ਫ਼ਸਲ ਚੰਗੀ ਤਰ੍ਹਾਂ ਪੱਕੀ ਨਹੀਂ ਹੋਵੇਗੀ। ਵਾਢੀ ਉਦੋਂ ਹੀ ਕੀਤੀ ਜਾਵੇ, ਜਦੋਂ ਫ਼ਸਲ ਪੂਰੀ ਤਰ੍ਹਾਂ ਪੱਕ ਜਾਵੇ।

ਖੱਟਰ ਨਾਲ ਜਲਦੀ ਮੁਲਾਕਾਤ ਕਰਨਗੇ ਅਮਰਿੰਦਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉੁਹ ਸਤਲੁਜ-ਯਮੁਨਾ ਲਿੰਕ ਨਹਿਰ ਮਾਮਲੇ ’ਤੇ ਹਰਿਆਣਾ ਦੇ ਮੁੱਖ ਮੰਤਰੀ ਐਮ.ਐੱਲ. ਖੱਟਰ ਨਾਲ ਜਲਦੀ ਮੁਲਾਕਾਤ ਕਰਨਗੇ। ਉਨ੍ਹਾਂ ਉਮੀਦ ਵੀ ਪ੍ਰਗਟਾਈ ਕਿ ਹਰਿਆਣਾ ਦੇ ਮੁੱਖ ਮੰਤਰੀ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੀ ਨਾਜ਼ੁਕ ਸਥਿਤੀ ਨੂੰ ਦੇਖਦੇ ਹੋਏ ਐੱਸ.ਵਾਈ.ਐਲ ਬਾਰੇ ਪੰਜਾਬ ਦਾ ਦ੍ਰਿਸ਼ਟੀਕੋਣ ਜ਼ਰੂਰ ਵਿਚਾਰਨਗੇ। ਉਨ੍ਹਾਂ ਕਿਹਾ ਕਿ ਹਰਿਆਣਾ ਪਹਿਲਾਂ ਹੀ ਸ਼ਾਰਦਾ-ਯਮੁਨਾ ਲਿੰਕ ਨਹਿਰ ਪ੍ਰਾਜੈਕਟ ਰਾਹੀਂ ਪੰਜਾਬ ਨਾਲੋਂ 1 ਐਮ.ਏ.ਐਫ. ਵੱਧ ਪਾਣੀ ਲੈ ਰਿਹਾ ਹੈ। ਉਨ੍ਹਾਂ ਹਰਿਆਣਾ ਤੇ ਕੇਂਦਰ ਨੂੰ ਕਿਹਾ ਹੈ ਕਿ ਇਰਾਡੀ ਕਮਿਸ਼ਨ 35 ਸਾਲ ਪੁਰਾਣਾ ਹੈ ਅਤੇ ਪੰਜਾਬ ਵਿੱਚ ਪਾਣੀ ਦੀ ਉਪਲਬਧਤਾ ਬਾਰੇ ਹੁਣ ਨਵੇਂ ਸਿਰਿਓਂ ਮੁਲਾਂਕਣ ਦੀ ਲੋੜ ਹੈ। ਮੁੱਖ ਮੰਤਰੀ ਨੇ ਅੱਜ ਮੁੜ ਦੁਹਰਾਇਆ ਕਿ ਕੇਂਦਰੀ ਖੇਤੀ ਆਰਡੀਨੈਂਸ ਨੂੰ ਕਿਸੇ ਕੀਮਤ ਉਤੇ ਮਨਜ਼ੂਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਤਹਿਤ ਸਾਲ 2021 ਦੇ ਅੰਤ ਤੱਕ 56 ਲੱਖ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ।

ਮੌਨਸੂਨ ਸੈਸ਼ਨ: ਕਰੋਨਾ ਰਿਪੋਰਟ ਨੈਗੇਟਿਵ ਹੋਣ ’ਤੇ ਹੀ ਵਿਧਾਨ ਸਭਾ ’ਚ ਦਾਖ਼ਲਾ ਮਿਲੇਗਾ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਵਿਧਾਨ ਸਭਾ ਦੇ ਇੱਕ ਰੋਜ਼ਾ ਸੈਸ਼ਨ ਦੌਰਾਨ ਕਰੋਨਾਵਾਇਰਸ ਦੀ ਰਿਪੋਰਟ ਜ਼ਰੂਰੀ ਕਰ ਦਿੱਤੀ ਗਈ ਹੈ। ਵਿਧਾਨ ਸਭਾ ਵੱਲੋਂ ਕਿਹਾ ਗਿਆ ਹੈ ਕਿ 28 ਅਗਸਤ ਦੇ ਇੱਕ ਰੋਜ਼ਾ ਮੌਨਸੂਨ ਸੈਸ਼ਨ ਦੌਰਾਨ ਉਨ੍ਹਾਂ ਵਿਧਾਇਕਾਂ ਅਤੇ ਮੁਲਾਜ਼ਮਾਂ ਨੂੰ ਹੀ ਵਿਧਾਨ ਸਭਾ ਅੰਦਰ ਦਾਖ਼ਲ ਹੋਣ ਦਿੱਤਾ ਜਾਵੇਗਾ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਹੋਵੇਗੀ। ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਦੇ ਦਰਜਨ ਦੇ ਕਰੀਬ ਵਿਧਾਇਕ ਇਸ ਸਮੇਂ ਇਸ ਵਾਇਰਸ ਦੀ ਲਾਗ ਦਾ ਸ਼ਿਕਾਰ ਹੋ ਚੁੱਕੇ ਹਨ। ਵਿਧਾਨ ਸਭਾ ਸਕੱਤਰੇਤ ਵੱਲੋਂ ਅਧਿਕਾਰੀਆਂ ਦੀ ਹਾਜ਼ਰੀ ਵੀ ਸੀਮਤ ਰੱਖਣ ਲਈ ਕਿਹਾ ਗਿਆ ਹੈ।

Leave a Reply

Your email address will not be published. Required fields are marked *