ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਲਈ ਡਟੀਆਂ ਰਹਿਣ ਸਿਆਸੀ ਧਿਰਾਂ: ਚਿਦੰਬਰਮ

ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਅੱਜ ਜੰਮੂ ਕਸ਼ਮੀਰ ਦੀਆਂ ਛੇ ਕੌਮੀ ਤੇ ਖੇਤਰੀ ਪਾਰਟੀਆਂ ਦੇ ਸਾਂਝੇ ਮਤੇ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਦੀ ਬਹਾਲੀ ਦੀ ਮੰਗ ਲਈ ਡਟੇ ਰਹਿਣ ਦੀ ਅਪੀਲ ਕੀਤੀ। ਸਾਬਕਾ ਕੇਂਦਰੀ ਮਤਰੀ ਨੇ ਟਵੀਟ ਕੀਤਾ, ‘ਮੁੱਖ ਧਾਰਾ ਦੀਆਂ ਛੇ ਵਿਰੋਧੀ ਪਾਰਟੀਆਂ ਦੀ ਏਕਤਾ ਤੇ ਹੌਸਲੇ ਨੂੰ ਸਲਾਮ ਜੋ ਧਾਰਾ 370 ਨੂੰ ਮਨਸੂਖ ਕੀਤੇ ਜਾਣ ਖ਼ਿਲਾਫ਼ ਸੰਘਰਸ਼ ਲਈ ਬੀਤੇ ਦਿਨ ਇਕੱਠੀਆਂ ਹੋਈਆਂ।’ ਚਿਦੰਬਰਮ ਨੇ ਲਿਖਿਆ, ‘ਮੈਂ ਉਨ੍ਹਾਂ ਨੂੰ ਆਪਣੀ ਮੰਗ ਨਾਲ ਪੂਰੀ ਤਰ੍ਹਾਂ ਖੜ੍ਹੇ ਹੋਣ ਦੀ  ਅਪੀਲ ਕਰਦਾ ਹਾਂ। ਆਪੂੰ ਬਣੇ ਰਾਸ਼ਟਰਵਾਦੀਆਂ ਦੀ ਤੱਥਹੀਣ ਆਲੋਚਨਾ ਦਾ ਵਿਰੋਧ ਕਰੋ ਜੋ  ਇਤਿਹਾਸ ਨਹੀਂ ਪੜ੍ਹਦੇ ਪਰ ਇਤਿਹਾਸ ਫਿਰ ਤੋਂ ਲਿਖਣ ਦੀ ਕੋਸ਼ਿਸ਼ ਕਰਦੇ ਹਨ।’ ਨੈਸ਼ਨਲ ਕਾਨਫਰੰਸ ਤੇ ਉਸ ਦੀ ਰਵਾਇਤੀ ਵਿਰੋਧੀ ਪਾਰਟੀ ਪੀਡੀਪੀ ਸਮੇਤ ਛੇ ਸਿਆਸੀ ਪਾਰਟੀਆਂ ਨੇ ਤਜਵੀਜ਼ ਜਾਰੀ ਕਰਕੇ ਸਪੱਸ਼ਟ ਕੀਤਾ ਕਿ ‘ਸਾਡੇ ਬਿਨਾਂ ਸਾਡੇ ਬਾਰੇ’ ਕੁਝ ਵੀ ਨਹੀਂ ਹੋ ਸਕਦਾ। ਇਸ ਬਿਆਨ ਤੋਂ ਸਪੱਸ਼ਟ ਸੰਕੇਤ ਹਨ ਕਿ ਕੇਂਦਰ ਨੂੰ ਕੋਈ ਵੀ ਸੰਵਿਧਾਨਕ ਤਬਦੀਲੀ ਲਾਗੂ ਕਰਨ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਭਰੋਸੇ ’ਚ ਲੈਣਾ ਪਵੇਗਾ।

Leave a Reply

Your email address will not be published. Required fields are marked *