ਸਵਾਰੀਆਂ ਨੂੰ ਅੱਡੇ ’ਤੇ ਛੱਡ ਉੱਡਿਆ ਜਹਾਜ਼

ਅੰਮ੍ਰਿਤਸਰ : ਏਅਰ ਇੰਡੀਆ ਹਵਾਈ ਕੰਪਨੀ ਦੀ ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਉਡਾਣ ਅੱਜ ਨਿਰਧਾਰਤ ਸਮੇਂ ਤੋਂ ਪਹਿਲਾਂ ਰਵਾਨਾ ਹੋ ਗਈ, ਜਿਸ ਕਾਰਨ ਲਗਪਗ 24 ਯਾਤਰੂ ਇਥੇ ਰਹਿ ਗਏ। ਉਨ੍ਹਾਂ ਹਵਾਈ ਕੰਪਨੀ ’ਤੇ ਦੋਸ਼ ਲਾਇਆ ਕਿ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਜਿਸ ਕਾਰਨ ਉਹ ਜਾਣ ਤੋਂ ਰਹਿ ਗਏ। ਹਵਾਈ ਕੰਪਨੀ ਹੁਣ ਇਨ੍ਹਾਂ ਯਾਤਰੂਆਂ ਨੂੰ 30 ਅਗਸਤ ਨੂੰ ਜਾਣ ਵਾਲੀ ਇੱਕ ਉਡਾਣ ਰਾਹੀਂ ਲੈ ਕੇ ਜਾਵੇਗੀ। ਹਵਾਈ ਕੰਪਨੀ ਨੇ ਦਾਅਵਾ ਕੀਤਾ ਕਿ ਉਸ ਵੱਲੋਂ ਸਾਰਿਆਂ ਨੂੰ ਜਾਣਕਾਰੀ ਭੇਜੀ ਗਈ ਸੀ ਪਰ ਕੁਝ ਇਸ ਤੋਂ ਵਾਂਝੇ ਰਹਿ ਗਏ। ਜਾਣਕਾਰੀ ਅਨੁਸਾਰ ਇਥੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕੁਝ ਯਾਤਰੂ ਅੰਮ੍ਰਿਤਸਰ-ਦੁਬਈ ਹਵਾਈ ਉਡਾਣ ਰਾਹੀਂ ਜਾਣ ਤੋਂ ਰਹਿ ਗਏ ਤਾਂ ਰੌਲਾ ਪੈ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਉਡਾਣ ਦੇ ਨਿਰਧਾਰਤ ਸਮੇਂ ਤੋਂ ਪਹਿਲਾਂ ਜਾਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਉਹ ਪਹਿਲਾਂ ਵਾਲੇ ਸਮੇਂ ਮੁਤਾਬਿਕ ਹੀ ਹਵਾਈ ਅੱਡੇ ਪੁੱਜੇ ਸਨ ਪਰ ਉਹ ਨਹੀਂ ਜਾ ਸਕੇ। ਕੁਝ ਯਾਤਰੂਆਂ ਨੇ ਆਖਿਆ ਕਿ ਉਨ੍ਹਾਂ ਇਸ ਯਾਤਰਾ ਵਾਸਤੇ ਕੁਝ ਸਮਾਂ ਪਹਿਲਾਂ ਹੀ ਕਰੋਨਾ ਟੈਸਟ ਵੀ ਕਰਵਾਇਆ ਸੀ ਤੇ ਹੁਣ ਨਿਯਮਾਂ ਮੁਤਾਬਕ ਉਨ੍ਹਾਂ ਮੁੜ ਟੈਸਟ ਕਰਵਾਉਣਾ ਪਵੇਗਾ। ਵੇਰਵਿਆਂ ਮੁਤਾਬਕ ਅੱਜ ਇਸ ਉਡਾਣ ਰਾਹੀਂ 178 ਯਾਤਰੂਆ ਨੇ ਦੁਬਈ ਜਾਣਾ ਸੀ ਪਰ ਸਿਰਫ 123 ਯਾਤਰੂ ਹੀ ਰਵਾਨਾ ਹੋਏ। 16 ਯਾਤਰੂਆਂ ਦੇ ਕਰੋਨਾ ਟੈਸਟ ਨਹੀਂ ਹੋਏ ਅਤੇ ਉਨ੍ਹਾਂ ਨੂੰ ਪ੍ਰਵਾਨਗੀ ਨਹੀਂ ਮਿਲ ਸਕੀ। ਹਵਾਈ ਅੱਡੇ ਦੇ ਡਾਇਰੈਕਟਰ ਵਿਪਨ ਕਾਂਤ ਸੇਠ ਨੇ ਆਖਿਆ ਕਿ 24 ਯਾਤਰੂ ਸਮੇਂ ’ਤੇ ਹਵਾਈ ਅੱਡੇ ਨਹੀਂ ਪੁੱਜ ਸਕੇ ਜਿਸ ਕਾਰਨ ਉਹ ਇਸ ਉਡਾਣ ਰਾਹੀਂ ਦੁਬਈ ਜਾਣ ਤੋਂ ਰਹਿ ਗਏ ਹਨ। ਉਨ੍ਹਾਂ ਦੱਸਿਆ ਕਿ ਤਕਨੀਕੀ ਕਾਰਨ ਕਰਕੇ ਇਹ ਉਡਾਣ ਸਮੇਂ ਤੋਂ ਪਹਿਲਾਂ ਰਵਾਨਾ ਹੋਈ ਹੈ। ਇਸ ਬਾਰੇ ਯਾਤਰੀਆਂ ਨੂੰ ਕਾਲ ਸੈਂਟਰ ਰਾਹੀਂ ਜਾਣਕਾਰੀ ਭੇਜੀ ਗਈ ਸੀ। ਉਨ੍ਹਾਂ ਆਖਿਆ ਕਿ ਉਡਾਣ ਤੋਂ ਖੁੰਜਣ ਵਾਲੇ ਯਾਤਰੀਆਂ ਨੂੰ ਹਵਾਈ ਕੰਪਨੀ ਵੱਲੋਂ 30 ਅਗਸਤ ਦੀ ਉਡਾਣ ਰਾਹੀਂ ਲਿਜਾਇਆ ਜਾਵੇਗਾ।

Leave a Reply

Your email address will not be published. Required fields are marked *