ਅੰਤਰਰਾਸ਼ਟਰੀ, ਸੁਰੀਲੀ ਮੁਟਿਆਰ ਗਾਇਕਾ : ਪਰਮਜੀਤ ਧੰਜਲ

  ਸੁਰੀਲੀ, ਮਿੱਠੀ ਤੇ ਦਮਦਾਰ ਅਵਾਜ਼ ਦੇ ਨਾਲ-ਨਾਲ ਹੁਸਨ ਵੀ ਹੋਵੇ ਅਤੇ ਉਪਰੋਂ ਜਵਾਨੀ-ਮਸਤਾਨੀ ਵੀ ਹੋਵੇ ਤਾਂ ਤਹਿਲਕਾ ਮਚਾ ਕੇ ਰੱਖ ਦਿੰਦੀ ਹੈ ਗਾਇਕ ਦੀ ਗਾਇਕੀ।  ਜੇਕਰ ਸਬੱਬੀ ਗੱਭਰੂ ਨੂੰ ਭੰਗੜੇ ਦੀਆਂ ਅਤੇ ਮੁਟਿਆਰ ਨੂੰ ਗਿੱਧੇ ਅਤੇ ਐਕਟਿੰਗ ਦੀਆਂ ਅਦਾਵਾਂ ਦਾ ਕੀਲਣ ਵਾਲਾ ਹੁਨਰ ਵੀ ਹੋਵੇ, ਫਿਰ ਤਾਂ ਜਾਣੋਂ ਹੋਰ ਵੀ ਸੋਨੇ ਤੇ ਸੁਹਾਗਾ ਹੋ ਨਿੱਬੜਦੀ ਹੈ ਗਾਇਕੀ।  ਸਮਝੋ ਅੰਬਰੀਂ ਉਡਦੇ ਪੰਛੀਆਂ ਨੂੰ ਵੀ ਥੱਲੇ ਸੁੱਟ ਲੈਂਦੀ ਹੈ ਗਾਇਕੀ।  ਜੀ ਹਾਂ, ਜਿਸ ਚੁਲਬਲੀ ਮੁਟਿਆਰ ਗਾਇਕਾ ਦਾ ਇਨਾਂ ਸਤਰਾਂ ਦੁਆਰਾ ਅੱਜ ਜ਼ਿਕਰ ਕਰਨ ਜਾ ਰਹੇ ਹਾਂ, ਉਸ ਕੋਲ ਕੋਇਲ ਵਰਗੀ ਮਿੱਠੀ ਤੇ ਸੁਰੀਲੀ ਅਵਾਜ਼ ਵੀ ਹੈ, ਦਗਦਗ ਕਰਦਾ ਹੁਸਨ ਤੇ ਜਵਾਨੀ ਵੀ ਅਤੇ ਦਰਸ਼ਕਾਂ-ਸਰੋਤਿਆਂ ਨੂੰ ਕੀਲਕੇ ਬਿਠਾ ਲੈਣ ਦੀਆਂ ਯਾਦੂ ਭਰੀਆਂ ਅਦਾਵਾਂ ਵੀ ਹਨ, ਉਸ ਕੋਲ।  ਮੇਰੀ ਮੁਰਾਦ ਹੈ ਸਟੇਜਾਂ ਦੀ ਮਲਿਕਾ ਪਰਮਜੀਤ ਧੰਜਲ ਤੋਂ।  ਜਿਲਾ ਲੁਧਿਆਣਾ ਦੇ ਸ਼ਹਿਰ ਜਗਰਾਉਂ ਵਿਖੇ ਪਿਤਾ ਕਰਨੈਲ ਸਿੰਘ ਧੰਜਲ ਅਤੇ ਮਾਤਾ ਰਾਜਿੰਦਰ ਕੌਰ ਦੀ ਗ੍ਰਹਿਸਥੀ-ਬਗੀਚੀ ਵਿਚੋਂ ਚਾਰ ਭੈਣ-ਭਰਾਵਾਂ ਤੋਂ ਵੱਡੀ ਪਰਮਜੀਤ ਦੱਸਦੀ ਹੈ ਕਿ ਨੱਚਣ-ਗਾਉਣ ਤੇ ਐਕਟਿੰਗ ਕਰਨ ਆਦਿ ਦੇ ਸ਼ੌਂਕ ਨੇ ਬਚਪਨ ਵਿਚ ਸਕੂਲ ਪੜਦਿਆਂ ਹੀ ਉਸਨੂੰ ਮਾਨ-ਸਨਮਾਨ ਦਿਵਾਉਣੇ ਸ਼ੁਰੂ ਕਰ ਦਿੱਤੇ ਸਨ।  ਉਸ ਦੀ ਮੰਮੀ ਨੂੰ ਗਾਉਣ ਦਾ ਬੜਾ ਸ਼ੌਕ ਸੀ ਤੇ ਅੱਗੋਂ ਉਸਦਾ ਸੁਪਨਾ ਸੀ ਕਿ ਮੇਰੀ ਲੜਕੀ ਵੀ ਇਸ ਸ਼ੌਂਕ ਨੂੰ ਰੂਹ ਨਾਲ਼ ਪਾਲ਼ੇ।  ਆਪਣੀ ਮਾਤਾ ਜੀ ਦੀ ਬਦੌਲਤ ਹੀ ਉਹ ਇਸ ਖੇਤਰ ਵਿਚ ਅੱਗੇ ਵਧ ਸਕੀ ਹੈ।  ਐਲ. ਆਰ. ਡੀ. ਏ. ਵੀ. ਕਾਲਜ ਜਗਰਾਓਂ ਤੋਂ ਬੀ. ਏ., ਫਿਰ ਜੀ. ਐਚ. ਜੀ. ਹਰਪ੍ਰਕਾਸ਼ ਕਾਲਜ ਸਿੱਧਵਾਂ ਖ਼ੁਰਦ ਤੋਂ ਬੀ ਐਡ. ਉਪਰੰਤ ਐਮ. ਏ. ਪੰਜਾਬੀ ਕਰਦਿਆਂ ਕਾਲਜ ਦੇ ਯੂਥ ਫੈਸਟੀਵਲਾਂ ਵਿਚੋਂ ਆਲ ਇੰਡੀਆ ਪੱਧਰ ‘ਤੇ ”ਬੈਸਟ ਐਕਟ੍ਰੈਸ” (ਦੋ ਬਾਰ), ਇੰਟਰਨੈਸ਼ਨਲ ਪੱਧਰ ‘ਤੇ ”ਬੈਸਟ ਡਾਂਸਰ” ਗਿੱਧੇ, ਐਕਟਿੰਗ ਅਤੇ ਬੈਸਟ ਸਿੰਗਰ ਆਦਿ ਦੇ ਉਸ ਨੇ ਕਾਫੀ ਮਾਨ-ਸਨਮਾਨ ਤੇ ਐਵਾਰਡ ਝੋਲ਼ੀ ਪੁਆਏ।  ਗਿੱਧੇ ਦੀ ਤਿਆਰੀ ਉਸਨੂੰ ਮੈਡਮ ਗੁਪਤਾ ਕਰਵਾਂਉਂਦੇ ਸਨ, ਜਦ ਕਿ ਐਕਟਿੰਗ ਦੀਆਂ ਬਾਰੀਕੀਆਂ ਕਾਲਜ ਦੇ ਪ੍ਰੋ. ਐਮ. ਐਲ. ਗੋਇਲ ਜੀ ਪਾਸੋਂ ਉਸ ਸਿੱਖੀਆਂ। ਸਵ: ਦਲਜੀਤ ਧੂਰਕੋਟੀ ਦੀ ਇਸ ਲਾਡਲੀ ਸ਼ਗਿਰਦ ਨੇ ਕਲਾਸੀਕਲ ਵਿੱਦਿਆ ਕ੍ਰਿਸ਼ਨ ਕੈਸ ਤੋਂ ਹਾਸਲ ਕੀਤੀ।

          ਕਨੇਡਾ, ਇੰਗਲੈਂਡ, ਇਟਲੀ ਤੇ ਫਰਾਂਸ ਆਦਿ ਅਨੇਕਾਂ ਦੇਸ਼ਾਂ ਵਿਚ ਆਪਣੀ ਗਾਇਕੀ ਦੀਆਂ ਜਾਨਦਾਰ ਪੈੜਾਂ ਛੱਡ ਚੁੱਕੀ ਇਸ ਸੁਰੀਲੀ ਗਾਇਕਾ ਦੇ ਪੰਜ ਦਰਜਨ ਦੇ ਕਰੀਬ ਸੱਭਿਆਚਾਰਕ ਗੀਤ, ਦੋ ਦਰਜਨ ਮਾਤਾ ਦੀਆਂ ਭੇਟਾਂ-ਭਜਨ ਅਤੇ ਡੇਢ ਦਰਜਨ ਦੂਜੇ ਧਾਰਮਿਕ ਗੀਤ ਇਸ ਵਕਤ ਮਾਰਕੀਟ ਵਿਚ ਗੂੰਜ ਰਹੇ ਹਨ। ਉਸ ਦੇ ਸੁਪਰ ਹਿੱਟ ਹੋਏ ਗੀਤਾਂ ਵਿਚੋਂ, ”ਮੇਰਾ ਝੂਟੇ ਖਾਂਦਾ ਲੱਕ ਵੇ ਹਾਣੀਆ”, ”ਮੈਨੂੰ ਕੀਲਕੇ ਪਟਾਰੀ ਵਿਚ ਪਾ ਮੁੰਡਿਆ”, ”ਮੇਰੇ ਘੁੰਡ ਤੋਂ ਲੜਾਈਆਂ ਹੋਈਆਂ”, ”ਮਾਏ ਮੇਰੀਏ ਮੈਂ ਨਹੀ ਸਹੁਰੇ ਜਾਣਾ”, ”ਸੱਜੀ ਅੱਖ ‘ਤੇ ਕੈਮਰਾ ਲਾ ਕੇ ਫੋਟੋ ਮੇਰੀ ਖਿੱਚ ਮੁੰਡਿਆ” ਅਤੇ ”ਦੇ ਦਿਓ ਬਾਬੂ ਜੀ ਮੈਨੂੰ ਟਿਕਟ ਗੱਡੀ ਦਾ” ਆਦਿ ਕਈ ਦਰਜਨਾਂ ਗੀਤ ਪੂਰੇ ਵਿਸ਼ਵ ਵਿਚ ਵਸਦੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣ ਨਿੱਬੜੇ ਹਨ।  ਦਲਜੀਤ ਧੂਰਕੋਟੀ, ਇੰਦਰਜੀਤ ਹਸਨਪੁਰੀ, ਬਹੂਨੇ ਵਾਲਾ ਗਿੱਲ, ਬਲਬੀਰ ਬੋਪਾਰਾਏ, ਮਿੰਟੂ ਕਾਲੂਵਾਰੀਆ, ਗਿੱਲ ਸੁਰਜੀਤ, ਮੱਖਣ ਜੇਠੂਕੇ, ਸਰਬਜੀਤ ਵਿਰਦੀ, ਅਲਮਸਤ ਦੇਸਰਪੁਰੀ, ਰਾਣਾ ਵੇਂਡਲ ਵਾਲਾ, ਰੱਤੂ ਰੰਧਾਵੇ ਵਾਲਾ ਅਤੇ ਬਲਦੇਵ ਰਾਹੀ ਆਦਿ ਨਾਮਵਰ ਗੀਤਕਾਰਾਂ ਦੇ ਉਹ ਗੀਤ ਰਿਕਾਰਡ ਕਰਵਾ ਚੁੱਕੀ ਹੈ।  ਜਿਸ ਵਿਚ ਫਾਈਨਟੋਨ ਕੰਪਨੀ ਤੋਂ, ”ਹਾਏ ਨਖਰਾ”, ਐਮ. ਜੇ. ਤੋਂ  ”ਨੈਣ”,  ਚੁਆਇਸ ਤੋਂ, ”ਪਿਆਰ ਦੇ ਵਾਅਦੇ”, ਜੀ. ਐਮ. ਬੀ.-ਯੂ. ਕੇ. ਤੋਂ, ”ਪਸੰਦ”, ”ਮੱਖਣਾ” ਅਤੇ ”ਸਟੈਲੀਅਨ ਜੱਟ”, ਟੀ-ਸੀਰੀਜ਼ ਤੋਂ, ”ਮੈਨੂੰ ਦੇਖ ਕੇ”, ਸਵੀਟ ਰਿਕਾਰਡਜ ਤੋਂ, ”ਭਗਤਾਂ ਨੂੰ ਮਿਲਣ ਵਧਾਈਆਂ”, ਕੇ. ਪ੍ਰੋਡਕਸ਼ਨ ਤੋਂ ”ਦਰ ਅੰਬੇ ਰਾਣੀ ਦਾ”, ”ਧੰਨ-ਧੰਨ ਬਾਬਾ ਵਿਸ਼ਵਕਰਮਾ ਜੀ”,  ”ਅੱਖੀਆਂ”, ਡੀ. ਜੇ. ਬੀਟਸ ਤੋਂ, ”ਮੇਲੇ ਖ਼ੁਸ਼ੀਆਂ ਦੇ” ਅਤੇ ”ਅਜ਼ਾਦ ਇੰਟਰਟੇਨਮੈਂਟ” ਵੱਲੋਂ ”ਨੱਚਦਾ ਪੰਜਾਬ”- 2013 ਤੋਂ 2016 ਆਦਿ ਉਸ ਦੀਆਂ ਆਈਆਂ ਕੈਸਿਟਾਂ, ਸੀ. ਡੀ. ਤੇ ਵੀਡੀਓ ਦਾ ਵਰਣਨ ਕਰਨਾ ਜਰੂਰੀ ਹੈ।

          ”ਨਰਿੰਦਰ ਬੀਬਾ ਅਵਾਰਡ”(ਦੋ ਬਾਰ) ਅਤੇ ”ਪ੍ਰਮਿੰਦਰ ਸੰਧੂ ਅਵਾਰਡ” ਲੈ ਚੁੱਕੀ ਧੰਜਲ ਨੇ, ”ਉਚਾ ਪਿੰਡ” (ਬੋਲੀਆਂ), ”ਬਾਬਾ ਬਾਲਕ ਨਾਥ”, ”ਇਨਸਾਫ਼”, ”ਵਿਆਹ ਦਾ ਚੱਕਰ” ਅਤੇ ”ਚੰਨ ਜ਼ੀਰੋ ਬਣਿਆ ਹੀਰੋ” ਆਦਿ ਟੈਲੀ-ਫਿਲਮਾਂ ਵਿਚ ਕਮਾਲ-ਮਈ ਗਾਇਕੀ ਅਤੇ ਐਕਟਿੰਗ ਦੀ ਪੇਸ਼ਕਾਰੀ ਦਿੱਤੀ।  ਉਸ ਦੇ ਇਹ ਸਾਰੇ ਵੀਡੀਓ, ਵੀਡੀਓ-ਡਾਇਰੈਕਟਰ ਅਸ਼ੋਕ ਖੁਰਾਨਾ ਜੀ ਵੱਲੋਂ ਫਿਲਮਾਏ ਗਏ ਹਨ। ਜਨੂੰਨ ਦੀ ਹੱਦ ਤੱਕ ਆਪਣੀਆਂ ਵੱਖ-ਵੱਖ ਕਲਾਵਾਂ ਦੀਆਂ ਖ਼ੁਸ਼ਬੂਆਂ ਵਿਖ਼ੇਰ ਰਹੀ ਇਸ ਮੁਟਿਆਰ ਲੋਕ-ਗਾਇਕਾ ਦੀਆਂ ਮਾਣ-ਮੱਤੀਆਂ ਪ੍ਰਾਪਤੀਆਂ ਦੀ ਗੱਲ ਕਰਦਿਆਂ ਮੇਰੀ ਬੌਨੀ ਜਿਹੀ ਕਲਮ ਕੋਲ ਸ਼ਬਦਾਂ ਦੀ ਘਾਟ ਮਹਿਸੂਸ ਹੋ ਰਹੀ ਹੈ, ਜਿਨਾਂ ਨਾਲ ਮੈਂ ਉਸਦੀ ਸ਼ਲਾਘਾ ਕਰ ਸਕਾਂ।  ਉਸ ਦੀਆਂ ਉਪਲਭਦੀਆਂ ਨੂੰ ਸਲਾਮ ਕਰਦਿਆਂ ਬਸ ਇਹੀ ਖ਼ੈਰਾਂ ਮੰਗਦਾਂ ਹਾਂ ਕਿ ਓਹ ਸਿਰਜਣਹਾਰ, ਪੰਜਾਬੀ ਮਾਂ-ਬੋਲੀ ਅਤੇ ਵੱਡਮੁੱਲੇ ਸੱਭਿਆਚਾਰਕ ਵਿਰਸੇ ਨੂੰ ਪ੍ਰਫੁੱਲਤ ਕਰ ਰਹੀ ਇਸ ਮੁਟਿਆਰ ਦੀਆਂ ਯਾਦੂ ਭਰੀਆਂ ਕਲਾਵਾਂ ਦਾ ਇਹ ਪਰਵਾਹ ਇਸੇ ਤਰਾਂ ਨਿਰਵਿਘਨ ਵਗਦਾ ਰੱਖੇ !   ਆਮੀਨ ! 

– ਪ੍ਰੀਤਮ ਲੁਧਿਆਣਵੀ, ਚੰਡੀਗੜ (98764-28641)

ਸੰਪਰਕ : ਪਰਮਜੀਤ ਧੰਜਲ, 9779509516

Leave a Reply

Your email address will not be published. Required fields are marked *