ਸਾਹਿਤ ਦੀ ਇਬਾਦਤ ਕਰਨ ਵਾਲਾ ਚਿੰਤਕ : ਡਾ. ਸੁਖਵਿੰਦਰ ਪਰਮਾਰ

   ਡਾ. ਸੁਖਵਿੰਦਰ ਸਿੰਘ ਪਰਮਾਰ ਆਧੁਨਿਕ ਭਾਸ਼ਾ ਵਿਗਿਆਨੀ, ਸੱਭਿਆਚਾਰਕ ਖੋਜੀ, ਉੱਚ-ਪ੍ਰੀਖਿਆਵਾਂ ਦੀਆਂ ਪੁਸਤਕਾਂ ਦੇ ਸੁਲਝੇ ਹੋਏ ਸੰਪਾਦਕ ਹਨ। ਉਨਾਂ ਦਾ ਜਨਮ ਜਿਲਾ ਸੰਗਰੂਰ ਦੀ ਤਹਿ. ਸੁਨਾਮ ਵਿਚ ਪੈਂਦੇ ਪਿੰਡ ਝਾੜ ਵਿਖੇ ਪਿਤਾ ਸ੍ਰ. ਅਜੈਬ ਸਿੰਘ ਅਤੇ ਮਾਤਾ ਸ਼੍ਰੀਮਤੀ ਰਣਜੀਤ ਕੌਰ ਦੇ ਘਰ 17 ਨਵੰਬਰ 1976 ਨੂੰ ਹੋਇਆ।  ਉਨਾਂ ਦੀ ਵਿਦਿਆ ਐਮ. ਏ. (ਪੰਜਾਬੀ, ਉਰਦੂ, ਐਜ਼ੂਕੇਸ਼ਨ, ਲਿੰਗੂਇਸਟਿਕ) ਐੱਮ. ਫਿਲ ਅਤੇ ਪੀ-ਐਚ. ਡੀ. ਹੈ। ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਵਿਖੇ ਦਸ ਸਾਲ ਅਧਿਆਪਨ ਕਾਰਜ਼ਸ਼ੀਲ ਰਹਿਣ ਬਾਅਦ ਹੁਣ ਉਹ ਸਰਕਾਰੀ ਰਣਬੀਰ ਕਾਲਜ, ਸੰਗਰੂਰ ਵਿਖੇ ਪਿਛਲੇ ਦਸ ਸਾਲ ਤੋਂ ਸਹਾਇਕ ਪ੍ਰੋਫ਼ੈਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਦੇਸ਼-ਵਿਦੇਸ਼ ਦੀਆਂ ਅਨੇਕਾਂ ਅਖਬਾਰਾਂ ‘ਚ ਛਪ ਚੁੱਕੇ ਪਰਮਾਰ ਜੀ ਦਸ ਨੈਸ਼ਨਲ ਅਤੇ ਇੰਟਰਨੈਸ਼ਨਲ ਕਾੱਨਫਰੰਸਾਂ ਦੀ ਸ਼ਾਨ ਵੀ ਰਹੇ ਹਨ। ਉਹ ਜਿੱਥੇ ਦਰਜਨ ਦੇ ਕਰੀਬ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲ਼ੀ ਪਾ ਚੁੱਕੇ ਹਨ, ਉਥੇ ਤਿੰਨ ਦਰਜਨ ਦੇ ਕਰੀਬ ਪੁਸਤਕਾਂ ਦੀਆਂ ਭੂਮਿਕਾਵਾਂ ਅਤੇ ਰੀਵਿਊ ਲਿਖਣ ਦੇ ਨਾਲ ਦਸ ਰੀਸਰਚ-ਪੱਤਰ ਵੀ ਛਪਵਾ ਚੁੱਕੇ ਹਨ।

          ‘ਪੰਜਾਬੀ ਨਾਵਲ, ਰਿਸ਼ਤਿਆਂ ਦੀ ਪਰਿਭਾਸ਼ਾ’ ਉੱਪਰ ਪੀ-ਐੱਚ. ਡੀ. ਕਰਨ ਤੋਂ ਬਾਅਦ  ਉਨਾਂ ‘ਪੰਜਾਬੀ ਵਾਕ ਵਿਉਂਤ ਅਤੇ ਬਣਤਰ’, ‘ਗਿਆਨਪੀਠ ਗੁਰਦਿਆਲ ਸਿੰਘ ਦੀ ਸਾਹਿਤ ਚੇਤਨਾ’ ਤੇ ‘ਮੈਗਜ਼ੀਨ ਪਹਿਲ’ ਆਦਿ ਰਚਨਾਵਾਂ ਦੀ ਰਚਨਾ ਕੀਤੀ। ਸਾਹਿਤ ਸਭਾਵਾਂ, ਕਨਫਰੰਸਾਂ, ਸਾਹਿਤ ਸਮਾਰੋਹਾਂ, ਸਾਹਿਤ ਅਕਾਦਮੀਆਂ ਵਿਚ ਉਹਨਾਂ ਨੇ ਬੇਸ਼ੂਮਾਰ ਪਰਚੇ ਪੜੇ ਹਨ। ਸਾਹਿਤ ਇਤਿਹਾਸ ਦੇ ਕੋਨੇ-ਕੋਨੇ ਦੀ ਯਾਤਰਾ ਕਰਕੇ ਭਾਸ਼ਾ, ਸਾਹਿਤ, ਇਤਿਹਾਸ, ਲੋਕਧਾਰਾ, ਆਲੋਚਨਾ ਤੇ ਖੋਜ ਨੂੰ ਉਨਾਂ ਨੇ ਇਕੱਤਰ ਕੀਤਾ। ਰਚਨਾਕਾਰ ਦੀ ਰਚਨਾ, ਰਚਨਾ ਦੀ ਪ੍ਰਮਾਣਿਕਤਾ ਤੇ ਤੱਥ ਤਾਰੀਖਾਂ ਨੂੰ ਢੇਰ ਸੂਝ ਨਾਲ ਵਾਚਿਆ। ਉਨਾਂ ਦੇ ਸਿਧਾਂਤਾਂ, ਵਿਧੀਆਂ, ਵਾਰਤਾਵਾਂ ਨੂੰ ਤਰਕ, ਬੁੱਧੀ ਤੇ ਦਲੀਲ ਨਾਲ ਛੋਟੇ-ਛੋਟੇ ਵਾਕਾਂ ਅਤੇ ਵੱਡੇ-ਵੱਡੇ ਪੈਰਿਆਂ ਵਿੱਚ ਵੰਡਦਿਆਂ ਖੂਬਸੂਰਤ ਰਚਨਾ ਕਰਕੇ ਵੱਡ ਅਕਾਰੀ ਯੂ. ਜੀ. ਸੀ. ਅਤੇ ਹੋਰ ਉੱਚ-ਪ੍ਰੀਖਿਆਵਾਂ ਦੀ ਪੁਸਤਕ ‘ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ : ਸੂਖ਼ਮ ਅਧਿਐਨ’  ਤਿਆਰ ਕੀਤੀ। ਮਾਣ ਦੀ ਗੱਲ ਹੈ ਕਿ ਯੂ. ਜੀ. ਸੀ. (ਨੈੱਟ) ਪੰਜਾਬੀ ਦੀ ਪ੍ਰੀਖਿਆ ਲਈ ਤਾਂ ਉਨਾਂ ਦੀ ਇਹ ਪੁਸਤਕ ਵਿਸ਼ੇਸ਼ ਲਾਹੇਵੰਦ ਰਹੀ ਹੈ।  ਇਸ ਨੂੰ ਪੜ ਕੇ ਵਿਦਿਆਰਥੀ ਉੱਚ-ਪ੍ਰੀਖਿਆਵਾਂ ਪਾਸ ਕਰ ਰਹੇ ਹਨ ਤੇ ਚੰਗੀਆਂ ਨੌਕਰੀਆਂ ਪ੍ਰਾਪਤ ਕਰ ਰਹੇ ਹਨ। ਜਿਨਾਂ ਦਾ ਹਵਾਲਾ ਅਕਸਰ ਉਨਾਂ ਦੀਆਂ ਪੁਸਤਕਾਂ ਦੇ ਪਿੱਛੇ ਦਿੱਤਾ ਹੁੰਦਾ ਹੈ।

          ਪ੍ਰੋ. ਸਤਗੁਰ ਸਿੰਘ ਦੇ ਕਹਿਣ ਅਨੁਸਾਰ, ”ਉਨਾਂ ਨੇ ਲੋਕਧਾਰਾ ਨੂੰ ਬੇਦੀ ਵਾਂਗ, ਸੱਭਿਆਚਾਰ ਨੂੰ ਸਤਿਆਰਥੀ ਵਾਂਗ, ਆਲੋਚਨਾ ਨੂੰ ਕੇਸਰ ਸਿੰਘ ਵਾਂਗ, ਭਾਸ਼ਾ ਵਿਗਿਆਨ ਨੂੰ ਹਰਕੀਰਤ ਵਾਂਗ, ਇਤਿਹਾਸਕਾਰੀ ਨੂੰ ਜੀਤ ਸਿੰਘ ਸੀਤਲ ਵਾਂਗ ਤੇ ਸਮੁੱਚੇ ਕਿਤਾਬ ਦੀ ਤਰਕ ਤਰਤੀਬ ਨੂੰ ਵਾਰਿਸ ਸ਼ਾਹ ਵਾਂਗ ਗੁੰਦਿਆ ਹੈ।”

          ਅਧਿਆਪਨ ਕਾਰਜ ਕਰਦਿਆਂ ਵਿਦਿਆਰਥੀ ਵਰਗ ਲਈ ‘ਇੱਕ ਸੰਕਲਪ ਦੀ ਇੱਕ ਹੀ ਪੁਸਤਕ ਵਿੱਚ ਸੰਪੂਰਨ ਵਿਆਖਿਆ ਹੋਵੇ’ ਦੇ ਨਜ਼ਰੀਏ ਵਿੱਚੋਂ ‘ਪੰਜਾਬੀ ਵਾਕ ਵਿਉਂਤ ਅਤੇ ਬਣਤਰ’ ਪੁਸਤਕ ਦਾ ਉਨਾਂ ਆਗਾਜ਼ ਕੀਤਾ। ਪੁਸਤਕ ਰੂਪ-ਰੇਖਾ ਡੌਲ਼ਦਿਆਂ ਵਾਕ ਦੇ ਸ਼ਬਦੀ ਅਰਥ, ਪਰਿਭਾਸ਼ਾ ਤੋਂ ਲੈ ਕੇ ਸਮੁੱਚੀ ਵਾਕ ਵਿਉਂਤ ਅਤੇ ਬਣਤਰ ਨੂੰ ਵਿਸਥਾਰ ਸਾਹਿਤ ਚਿੱਤਰਦਿਆਂ ਅਨੇਕਾਂ ਸਥਾਪਤ ਵਿਗਿਆਨੀਆਂ ਦੀਆਂ ਧਾਰਨਾਵਾਂ ਅਤੇ ਸੰਕਲਪਾਂ ਨੂੰ ਅਭਾਰ ਸਹਿਤ ਹੋਰ ਵਿਸਤਾਰਿਆ ਗਿਆ। ਉਨਾਂ ਦਾ ਯਤਨ ਵਿਦਿਆਰਥੀਆਂ ਅਤੇ ਨਵੇਂ ਖੋਜੀਆਂ ਲਈ ਆਧਾਰ ਸਮੱਗਰੀ ਪ੍ਰਦਾਨ ਕਰਕੇ ਉੱਚ ਸਿੱਖਿਆ ਵਿਗਿਆਨ ਨੂੰ ਸੌਖਾ ਅਤੇ ਸਹਿਜ ਬਣਾਉਣਾ ਹੈ।

          ‘ਗਿਆਨਪੀਠ ਗੁਰਦਿਆਲ ਸਿੰਘ ਦੀ ਸਾਹਿਤ ਚੇਤਨਾ’ ਪੁਸਤਕ ਵਿੱਚ ਉਨਾਂ ਨੇ ਨਵੀਂ ਬਹਿਸ ਸਬੰਧੀ ਸੱਦਾ ਦੇਣ ਦੀ ਜਗਿਆਸਾ ਜਗਾਉਣ ਲਈ ਪਰਲੋਕ ਵਿੱਚ ਬੈਠੇ ਗੁਰਦਿਆਲ ਸਿੰਘ ਦੀ ਸਰਬਾਂਗੀ ਸਿਰਜਣਾ, ਅਧਿਐਨ ਦੌਰਾਨ ਹਾਸਲ ਹੋਏ ਨਵੇਂ ਗਲਪੀ ਪੈਰਾਡਾਈਮ ਨਵੀਆਂ ਵਿਚਾਰਧਾਰਕ ਸੰਭਾਵਨਾਵਾਂ ਅਤੇ ਨਵੇਂ ਨੁਕਤੇ ਤਲਾਸ਼ਣ ਦੀ ਸਿੱਕ ਪਾਲ਼ੀ ਹੈ। ਗੁਰਦਿਆਲ ਸਿੰਘ ਦੀਆਂ ਲਗਭਗ ਸਾਰੀਆਂ ਰਚਨਾਵਾਂ ਉੱਪਰ ਨਵੇਂ ਦ੍ਰਿਸ਼ਟੀਕੋਣ ਤੋਂ ਕੰਮ ਕੀਤਾ ਗਿਆ ਹੈ। ਗੁਰਦਿਆਲ ਸਿੰਘ ਦੀ ਰਚਨਾਵਲੀ ਸਬੰਧੀ ਵਿਸ਼ਲੇਸ਼ਣਾਤਮਕ ਨਜ਼ਰੀਆ ਉਭਾਰਦਿਆਂ ਡਾ. ਸੁਖਵਿੰਦਰ ਪਰਮਾਰ ਦਾ ਕਹਿਣਾ ਹੈ ਕਿ,” ਗੁਰਦਿਆਲ ਸਿੰਘ ਦਾ ਨਾਨਕ ਸਿੰਘ ਤੇ ਜਸਵੰਤ ਸਿੰਘ ਕੰਵਲ ਤੱਕ ਦੀ ਗੱਲ ਪਰਤਨਾ ਤੋਂ ਇੱਕ ਨਵੀਂ ਦਿਸ਼ਾ ਵੱਲ ਤੁਰਨ ਦਾ ਯਤਨ ਮਿੱਥਿਆ ਗਿਆ ਹੈ।” ਉਨਾਂ ਨੂੰ ਇਸ ਗੱਲ ਦਾ ਰੰਜ ਵੀ ਹੈ ਕਿ ਭਾਰਤ ਦੇ ਇਸ ਵਿਸ਼ੇਸ਼ ਨਾਵਲਕਾਰ ਨੂੰ ਸਿਰਫ਼ ਯਥਾਰਥਵਾਦੀ ਹੀ ਆਖ ਦਿੱਤਾ ਜਾਂਦਾ ਹੈ। ਉਹ ਕਿਸ ਤਰਾਂ ਦਾ ਯਥਾਰਥਵਾਦੀ ਹੈ, ਇਹ ਕਿਤੇ ਨਹੀਂ ਵਿਚਾਰਿਆ ਜਾਂਦਾ। ਗੁਰਦਿਆਲ ਸਿੰਘ ਦੇ ਨਾਵਲਾਂ ਵਿੱਚ ਵਸਤੂ ਵਜੋਂ ਪੇਸ਼ ਹੋਏ ਮਾਨਸਿਕ ਵਿਅਕਤੀਗਤ ਦਵੰਦ, ਅੰਤਰ ਵਿਅਕਤੀਗਤ ਦਵੰਦ, ਸੋਚ ਦਵੰਦ, ਵਿਚਾਰਧਾਰਕ ਦਵੰਦ, ਸਮੇਂ ਤੇ ਸਥਿਤੀ ਦੇ ਦਵੰਦ ਨੂੰ ਵੱਡੀਆਂ ਕਲਮਾਂ ਨੇ ਅੱਖੋਂ ਪਰੋਖੇ ਹੀ ਰੱਖਿਆ ਹੈ। ਨਵੀਂ ਬਹਿਸ ਲਈ ਮਨ ਮਸਤਕ ਵਿੱਚ ਇਹ ਸੋਚ ਰੱਖਦਿਆਂ ਕਿ ਇੱਕੋ ਪੁਸਤਕ ਵਿੱਚ ਇੱਕੋ ਸਾਹਿਤ ਸਿੱਖੀ ਪੁਨਰ ਵਿੱਚ ਰੂਪਮਾਨ ਹੋਵੇ ਦੇ ਨਜ਼ਰੀਏ ਤੋਂ ਇਹ ਪੁਸਤਕ ਰਚੀ ਗਈ। ਪ੍ਰੋ. ਸਤਗੁਰ ਸਿੰਘ ਦੀ ਨਵੀਂ ਆ ਰਹੀ ਪੁਸਤਕ ‘ਪੋਥੀ ਪਰਬਤ’ ਵਿੱਚ ਨਵੀਂ ਆਲੋਚਨਾ ਵਿਧੀ ਦੀ ਲੰਮੀ ਤੇ ਚਰਚਾਮਈ ਭੂਮਿਕਾ ਉਨਾਂ ਨੇ ਬੰਨੀ ਹੈ।

          ਆਪਣੀ ਧਰਮ-ਪਤਨੀ ਰਵਿੰਦਰ ਕੌਰ, ਬੇਟਾ ਕੀਰਤ ਗੁਰਸਿਦਕ ਸਿੰਘ ਅਤੇ ਬੇਟੀ ਸੀਰਤ ਗੁਰਨਾਜ਼ ਕੌਰ ਨਾਲ ਖ਼ੁਸ਼ੀਆਂ ਭਰਿਆ ਜੀਵਨ ਬਤੀਤ ਕਰਦਿਆਂ, ਪੰਜਾਬੀ ਸਾਹਿਤ ਦੀ ਸੇਵਾ ਵਿਚ ਨਵੀਆਂ ਪੈੜਾਂ ਸਿਰਜ ਰਹੇ ਡਾ. ਸੁਖਵਿੰਦਰ ਪਰਮਾਰ ਜੀ ਦੀ ਮਿਹਨਤ ਨੂੰ ਤਾਰਿਆਂ ਦੇ ਭਰਵੇਂ ਅੰਬਰ ਜਿੰਨਾ ਬੂਰ ਪਵੇ !  ਦਿਲੀ ਦੁਆਵਾਂ ਤੇ ਇੱਛਾਵਾਂ ਹਨ, ਇਸ ਨਿਮਾਣੀ ਕਲਮ ਦੀਆਂ!

           -ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)

ਸੰਪਰਕ : ਡਾ. ਸੁਖਵਿੰਦਰ ਪਰਮਾਰ, 98148-76266

Leave a Reply

Your email address will not be published. Required fields are marked *