ਲਾਪਤਾ ਪਾਵਨ ਸਰੂਪ: ਅੰਤ੍ਰਿੰਗ ਕਮੇਟੀ ਵੱਲੋਂ 12 ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ

ਅੰਮ੍ਰਿਤਸਰ : ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਸਾਬਕਾ ਮੁੱਖ ਸਕੱਤਰ ਸਮੇਤ 12 ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਪੰਜ ਕਰਮਚਾਰੀਆਂ ਨੂੰ ਸੇਵਾਵਾਂ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਜਦਕਿ ਪੰਜ ਨੂੰ ਮੁਅੱਤਲ ਕਰ ਦਿੱਤਾ ਹੈ। ਐੱਸਐੱਸ ਕੋਹਲੀ ਚਾਰਟਰਡ ਅਕਾਊਂਟੈਂਟ ਕੰਪਨੀ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ 75 ਫੀਸਦ ਵਸੂਲੀ ਲਈ ਕਾਨੂੰਨੀ ਕਾਰਵਾਈ ਕਰਨ ਸਮੇਤ ਜਿਲਦਸਾਜ਼ੀ ਦਾ ਠੇਕਾ ਵੀ ਰੱਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਮੈਡੀਕਲ ਸਾਇੰਸ ਦੇ ਵਿਹੜੇ ਵਿੱਚ ਅੱਜ ਸ਼ਾਮ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਮਗਰੋਂ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਅਕਾਲ ਤਖ਼ਤ ਵੱਲੋਂ ਭੇਜੀ ਗਈ ਜਾਂਚ ਰਿਪੋਰਟ ’ਤੇ ਕਾਰਵਾਈ ਕਰਦਿਆਂ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਨੂੰ ਵੀ ਲਾਪ੍ਰਵਾਹੀ ਵਰਤਣ ਦਾ ਦੋਸ਼ੀ ਪਾਇਆ ਗਿਆ ਹੈ। ਉਨ੍ਹਾਂ ਦੇ ਸਮੇਂ ਹੀ ਇਹ ਪਾਵਨ ਸਰੂਪ ਰਿਕਾਰਡ ਵਿੱਚੋਂ ਘਟੇ ਹਨ। ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਕਾਰਵਾਈ ਨਾ ਕੀਤੇ ਜਾਣਾ ਆਪਸੀ ਮਿਲੀਭੁਗਤ ਦਾ ਸੰਕੇਤ ਹੈ। ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੌਜੂਦਾ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਅਸਤੀਫਾ ਦੇ ਦਿੱਤਾ ਸੀ, ਜੋ ਕਿ ਪ੍ਰਵਾਨ ਕਰ ਲਿਆ ਹੈ। ਸਕੱਤਰ ਮਨਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਪਬਲੀਕੇਸ਼ਨ ਵਿਭਾਗ ਦੇ ਮੀਤ ਸਕੱਤਰ ਗੁਰਬਚਨ ਸਿੰਘ, ਕਲਰਕ ਬਾਜ਼ ਸਿੰਘ, ਹੈਲਪਰ ਦਲਬੀਰ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ ਅਤੇ ਇਨ੍ਹਾਂ ਖ਼ਿਲਾਫ਼ ਫੌਜਦਾਰੀ ਕੇਸ ਦਰਜ ਕਰਾਇਆ ਜਾਵੇਗਾ। ਇਸੇ ਤਰ੍ਹਾਂ ਸਹਾਇਕ ਅਕਾਊਂਟੈਂਟ ਜੁਝਾਰ ਸਿੰਘ ਅਤੇ ਗੋਇੰਦਵਾਲ ਦੇ ਅੰਗੀਠਾ ਸਾਹਿਬ ਦੇ ਸੇਵਾਦਾਰ ਅਮਰਜੀਤ ਸਿੰਘ ਦੀਆਂ ਸੇਵਾਵਾਂ ਵੀ ਖਤਮ ਕਰ ਦਿੱਤੀਆਂ ਗਈਆਂ ਹਨ। ਮੀਤ ਸਕੱਤਰ ਸਤਿੰਦਰ ਸਿੰਘ ਵਿੱਤ ਵਿਭਾਗ, ਨਿਸ਼ਾਨ ਸਿੰਘ ਮੀਤ ਸਕੱਤਰ, ਪਰਮਜੀਤ ਸਿੰਘ ਇੰਚਾਰਜ, ਗੁਰਮੁਖ ਸਿੰਘ ਸਹਾਇਕ ਸੁਪਰਵਾਈਜ਼ਰ ਨੂੰ ਤੁਰੰਤ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਹਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਪਬਲੀਕੇਸ਼ਨ ਵਿਭਾਗ ਨਾਲ ਜੁੜੇ ਜਿਲਦਸਾਜ਼ੀ ਦੇ ਠੇਕੇਦਾਰ ਕੁਲਵੰਤ ਸਿੰਘ ਤੇ ਜਸਪ੍ਰੀਤ ਸਿੰਘ ਦਾ ਠੇਕਾ ਤੁਰੰਤ ਰੱਦ ਕਰ ਦਿੱਤਾ ਗਿਆ ਹੈ ਅਤੇ ਭਵਿੱਖ ਵਿੱਚ ਇਨ੍ਹਾਂ ਨੂੰ ਕਾਲੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਸਤਿੰਦਰ ਸਿੰਘ ਕੋਹਲੀ ਦੀ ਚਾਰਟਰਡ ਅਕਾਊਂਟੈਂਟ ਕੰਪਨੀ ਜੋ ਪਿਛਲੇ ਇਕ ਦਹਾਕੇ ਤੋਂ ਸੰਸਥਾ ਦੇ ਖਾਤੇ ਦੇਖ ਰਹੀ ਹੈ ਅਤੇ ਆਡਿਟ ਕਰ ਰਹੀ ਹੈ, ਦੀਆਂ ਸੇਵਾਵਾਂ ਵੀ ਤੁਰੰਤ ਖਤਮ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸ੍ਰੀ ਅਕਾਲ ਤਖ਼ਤ ਦੇ ਆਦੇਸ਼ ਮੁਤਾਬਕ ਉਸ ਕੋਲੋਂ 75 ਫੀਸਦ ਵਸੂਲੀ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਸੇਵਾਮੁਕਤ ਹੋ ਚੁੱਕੇ ਪਬਲੀਕੇਸ਼ਨ ਵਿਭਾਗ ਦੇ ਸਹਾਇਕ ਸੁਪਰਵਾਈਜ਼ਰ ਕੰਵਲਜੀਤ ਸਿੰਘ ਦੇ ਫੰਡ ਰੋਕਣ ਦਾ ਫ਼ੈਸਲਾ ਕੀਤਾ ਗਿਆ ਹੈ। ਉਸ ਖ਼ਿਲਾਫ਼ ਰਿਕਾਰਡ ਵਿੱਚ ਹੇਰਾ-ਫੇਰੀ ਕਰਨ, ਖੁਰਦ-ਬੁਰਦ ਕਰਨ ਅਤੇ ਧੋਖਾਧੜੀ ਦਾ ਕੇਸ ਵੀ ਦਰਜ ਕਰਵਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਇਸ ਕਰਮਚਾਰੀ ਦੇ ਸੇਵਾਮੁਕਤ ਹੋਣ ਸਮੇਂ ਹੀ ਰਿਕਾਰਡ ਵਿੱਚੋਂ 267 ਸਰੂਪ ਘਟਣ ਬਾਰੇ ਖੁਲਾਸਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਬਰਖਾਸਤ ਕੀਤੇ ਤੇ ਮੁਅੱਤਲ ਕੀਤੇ ਕਰਮਚਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵਾਸਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸਬ-ਕਮੇਟੀ ਬਣਾਈ ਜਾਵੇਗੀ। ਉਨ੍ਹਾਂ ਆਖਿਆ ਕਿ ਸਿੱਖ ਸੰਸਥਾ ਵਿੱਚ ਹੇਰਾਫੇਰੀ ਅਤੇ ਘਪਲੇ ਕਰਨ ਦੀ ਕਿਸੇ ਨੂੰ ਆਗਿਆ ਨਹੀਂ ਦਿੱਤੀ ਜਾਵੇਗੀ। ਜਾਂਚ ਰਿਪੋਰਟ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ’ਚ ਅੱਗ ਲੱਗਣ ’ਤੇ ਪਸ਼ਛਾਤਾਪ ਨਾ ਕਰਨ ਦੇ ਮਾਮਲੇ ’ਚ ਉਸ ਵੇਲੇ ਦੀ ਅੰਤ੍ਰਿੰਗ ਕਮੇਟੀ ਖ਼ਿਲਾਫ਼ ਵੀ ਉਂਗਲ ਚੁੱਕੀ ਗਈ ਹੈ।

Leave a Reply

Your email address will not be published. Required fields are marked *