ਭਾਰਤ ਵਿੱਚ ਬਦਲ ਚੁੱਕੀ ਹੈ ਵਿਕਾਸ ਦੀ ਪ੍ਰੀਭਾਸ਼ਾ- ਜਸਪਾਲ ਸਿੰਘ ‘ਮਹਿੰਦਪੁਰੀਆ’

ਮੇਰਾ ਭਾਰਤ ਮਹਾਨ ਭਾਰਤ ਹੈ।ਇਹ ਦਿਨੋਂ ਦਿਨ ਬਦਲ ਰਿਹਾ ਹੈ।ਜਨਸੰਖਿਆ ਵਿੱਚ ਵਾਧਾ ਬੇਸ਼ੁਮਾਰ ਹੋ ਰਿਹਾ ਹੈ।ਉਹ ਦਿਨ ਹੁਣ ਬਹੁਤਾ ਦੂਰ ਨਹੀਂ ਜਦੋਂ ਜਨਸੰਖਿਆ ਦੇ ਪੱਖੋਂ ਭਾਰਤ ਪਹਿਲੇ ਨੰਬਰ ਤੇ ਆ ਜਾਵੇਗਾ।ਭੁੱਖਮਰੀ ਵਿੱਚ ਪਹਿਲੇ ਸਥਾਨ ਤੇ ਪਹਿਲਾਂ ਹੀ ਆ ਚੁੱਕੇ ਹਾਂ।ਰਿਸ਼ਵਤਖੋਰੀ ਵੀ ਬਹੁਤ ਤੇਜ ਚਾਲ ਨਾਲ ਅੱਗੇ ਵੱਲ੍ਹ ਵੱਧ ਰਹੀ ਹੈ।ਨੌਕਰੀਆਂ ਖਤਮ ਹੋ ਰਹੀਆਂ ਹਨ।ਕੋਰੋਨਾ ਕਾਲ ਵਿੱਚ ਕਰੋੜਾਂ ਲੋਕ ਬੇਰੁਜ਼ਗਾਰ ਹੋ ਗਏ ਹਨ।ਚੋਣਾਂ ਸਮੇਂ ਕਰੋੜਾਂ ਨੌਕਰੀਆਂ ਪੈਦਾ ਕਰਨ ਦੀ ਗੱਲ ਕਹਿ ਕੇ ਹੁਣ ਕਰੋੜਾਂ ਨੌਕਰੀਆਂ ਖੋਹੀਆਂ ਜਾ ਰਹੀਆਂ ਹਨ।ਸਰਕਾਰੀ ਵਿਭਾਗਾਂ ਚੋਂ ਲੱਖਾਂ ਮੁਲਾਜਮਾਂ ਨੂੰ ਥੋੜੇ-ਬਹੁਤੇ ਲਾਲਚ ਦੇ ਕੇ ਸਮੇਂ ਤੋਂ ਪਹਿਲਾਂ ਸੇਵਾ ਮੁਕਤ ਕੀਤਾ ਜਾ ਰਿਹਾ ਹੈ।ਸਰਕਾਰੀ ਵਿਭਾਗ ਖਾਤਮੇ ਦੀ ਕਗਾਰ ਤੇ ਹਨ।ਆਏ ਦਿਨ ਧਰਨੇ ਮੁਜਾਹਰੇ ਜੋਰ ਫੜੀ ਜਾ ਰਹੇ ਹਨ।ਹਰ ਇੱਕ ਵਿਅਕਤੀ ਦੇ ਮਨ’ਚ ਬੇਭਰੋਸਗੀ ਪੈਦਾ ਹੋ ਰਹੀ ਹੈ।
    ਧਰਮਾਂ ਦੀ ਸਿਆਸਤ ਭਾਰੂ ਹੋ ਰਹੀ ਹੈ।ਧਰਮ ਦੇ ਨਾਂ ਤੇ ਲੋਕਾਂ ਨੂੰ ਉਲਝਾਇਆ ਅਤੇ ਲੜਾਇਆ ਜਾ ਰਿਹਾ ਹੈ।ਟੀ.ਵੀ. ਚੈਨਲਾਂ ਤੇ ਸਾਰਾ ਦਿਨ ਲੋਕਾਂ ਦੀ ਮਾਨਸਿਕਤਾ ਨੂੰ ਕਮਜੋਰ ਕਰਨ ਦੀਆਂ ਗੱਲਾਂ ਹੋ ਰਹੀਆਂ ਹਨ।ਕੋਰੋਨਾ ਦੀ ਆੜ ਹੇਠ ਅੰਗਾਂ ਦੀ ਤਸਕਰੀ ਦੀਆਂ ਖਬਰਾਂ ਆ ਰਹੀਆਂ ਹਨ।ਕੋਰੋਨਾ ਭਜਾਉਣ ਲਈ ਥਾਲੀਆਂ ਖੜਕਾਈਆਂ ਅਤੇ ਤਾਲੀਆਂ ਵਜਵਾਈਆਂ ਜਾ ਰਹੀਆਂ ਹਨ।ਕੋਰੋਨਾ ਤੋਂ ਬਚਣ ਲਈ ਗਊ ਦਾ ਪਿਸ਼ਾਬ ਪੀਣ ਦੀਆਂ ਸਲਾਹਾਂ ਦੇਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ।ਕਈ ਤਾਂ ਸਾਰੀਆਂ ਬੀਮਾਰੀਆਂ ਦਾ ਇਲਾਜ ਇਹਦੇ ਵਿੱਚ ਹੀ ਛੁਪਿਆ ਦਸ ਰਹੇ ਹਨ।ਦੇਸ਼ ਦੇ ਮੰਤਰੀ ਦਰਵਾਜਿਆਂ ਤੇ ਨਿੰਬੂ ਅਤੇ ਮਿਰਚਾਂ ਬੰਨ ਕੇ ਦੇਸ਼ ਦੀ ਸਲਾਮਤੀ ਦੀ ਦੁਆ ਕਰ ਰਹੇ ਹਨ।ਰਾਫੇਲ ਜਹਾਜਾਂ ਦੀ ਖਰੀਦ ਨੂੰ ਬਹੁਤ ਮਾਅਰਕੇ ਵਾਲੀ ਗੱਲ ਕਿਹਾ ਜਾ ਰਿਹਾ ਹੈ।ਰਾਮ ਮੰਦਰ ਦਾ ਨਿਰਮਾਣ ਸ਼ੁਰੂ ਕਰਵਾ ਕੇ ਗੁਆਂਢੀ ਦੇਸ਼ਾਂ ਦੇ ਡਰ ਜਾਣ ਦੀਆਂ ਗੱਲਾਂ ਹੋ ਰਹੀਆਂ ਹਨ।ਧੱਕੇ ਅਤੇ ਪੈਸੇ ਦੇ ਜੋਰ ਨਾਲ ਵਿਧਾਇਕਾਂ ਨੂੰ ਦੂਜੀਆਂ ਪਾਰਟੀਆਂ ਚੋਂ ਦੂਜੀਆਂ ਪਾਰਟੀਆਂ’ਚ ਲਿਆਂਦਾ ਜਾ ਰਿਹਾ ਹੈ।ਸੱਚ ਬੋਲਣ ਵਾਲੇ ਦੀ ਜੁਬਾਨ ਬੰਦ ਕਰਨ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ।
    ਦੇਸ਼ ਵਿੱਚ ਗੈਂਗਸਟਰਾਂ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ।ਬੇਦੋਸ਼ਿਆਂ ਤੇ ਦੋਸ਼ ਮੜ੍ਹੇ ਜਾ ਰਹੇ ਹਨ।ਨਿਰਦੋਸ਼ੇ ਜੇਲ਼ਾਂ’ਚ ਜਾ ਰਹੇ ਹਨ।ਅਪਰਾਧੀ ਸਤਾ੍ਹਧਾਰੀ ਬਣੇ ਬੈਠੇ ਹਨ।ਕਾਨੂੰਨ ਨਾਂ ਦੀ ਕੋਈ ਚੀਜ ਨਹੀਂ ਹੈ।ਸ਼ਰੇਆਮ ਲੋਕਾਂ ਦੇ ਕਤਲ ਹੋ ਰਹੇ ਹਨ।ਨੇਤਾ ਲੋਕ ਸਰਕਾਰੀ ਪੈਸਾ ਖਾ ਕੇ ਵੀ ਦੁੱਧ ਧੋਤੇ ਬਣ ਜਾਂਦੇ ਹਨ।ਕਿਸਾਨ ਵਿਰੋਧੀ ਆਰਡੀਨੈਂਸ ਲਿਆਂਦੇ ਜਾ ਰਹੇ ਹਨ।ਇਹਨਾਂ ਵਿਰੁੱਧ ਅਵਾਜ ਚੁੱਕਣ ਵਾਲਿਆਂ ਨੂੰ ਦੇਸ਼ ਧਰੋਹੀ ਤੱਕ ਕਿਹਾ ਜਾ ਰਿਹਾ ਹੈ।ਜਿਮੀਂਦਾਰ ਸੜਕਾਂ ਤੇ ਰੋ ਪਿੱਟ ਰਹੇ ਹਨ,ਇਹਨਾਂ ਦੀ ਕੋਈ ਕਿਤੇ ਸੁਣਵਾਈ ਨਹੀਂ ਹੋ ਰਹੀ।ਬੋਲਣ ਦੀ ਅਜਾਦੀ ਖਤਮ ਕੀਤੀ ਜਾ ਰਹੀ ਹੈ।ਗਊ ਮਾਸ ਦੇ ਨਾਂ ਤੇ ਘੱਟ ਗਿਣਤੀ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰਿਆ ਜਾ ਰਿਹਾ ਹੈ।ਮਾਸੂਮ ਬੱਚੀਆਂ ਨਾਲ ਬਲਾਤਕਾਰ ਹੋ ਰਹੇ ਹਨ।ਕੋਰਟ ਕਚਹਿਰੀਆਂ ਵਿੱਚ ਇਨਸਾਫ ਦੀ ਤੱਕੜੀ ਖਤਰੇ’ਚ ਹੈ।
    ਆਮ ਲੋਕਾਂ ਤੇ ਦਿਨੋਂ-ਦਿਨ ਹੋਰ ਟੈਕਸ ਥੋਪੇ ਜਾ ਰਹੇ ਹਨ।ਲੋਕਾਂ ਨੂੰ ਮੰਗਤੇ ਬਣਨ ਦੇ ਰਾਹ ਤੋਰਿਆ ਜਾ ਰਿਹਾ ਹੈ।ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਹੀ ਧਰਮ ਦੇ ਅਧੀਨ ਲਿਆਉਣ ਦੀਆਂ ਚਾਲਾਂ ਖੇਡੀਆਂ ਜਾ ਰਹੀਆਂ ਹਨ।ਦੇਸ਼ ਦਾ ਭਗਵਾਂਕਰਣ ਕੀਤਾ ਜਾ ਰਿਹਾ ਹੈ।ਦੇਸ਼ ਦੀ ਵਾਗਡੋਰ ਵਪਾਰੀਆਂ ਅਤੇ ਸਾਧੂਆਂ ਦੇ ਹੱਥਾਂ’ਚ ਹੈ।ਇਹ ਹਰ ਗੱਲ’ਚੋਂ ਵਪਾਰ ਭਾਲਦੇ ਹਨ।ਕਿਰਤੀ ਦਾ ਗਲ਼ਾ ਘੁੱਟਿਆ ਜਾ ਰਿਹਾ ਹੈ।ਵਿਹਲੜ ਲੋਕ ਸਰਕਾਰ ਦੀ ਮਿਲੀਭੁਗਤ ਨਾਲ ਕਰੋੜਾਂ ਰੁਪਏ ਦੇ ਕਰਜੇ ਲੈ ਕੇ ਦੇਸ਼ ਚੋਂ ਫਰਾਰ ਹੋ ਰਹੇ ਹਨ।ਖੇਤੀ ਦਾ ਧੰਦਾ ਦਿਨੋਂ ਦਿਨ ਘਾਟੇ ਵੱਲ ਜਾ ਰਿਹਾ ਹੈ।ਕਿਸਾਨ ਗਲਾਂ ਵਿੱਚ ਰੱਸਿਆਂ ਦੇ ਫੰਦੇ ਪਾ ਕੇ ਅਤੇ ਜਹਿਰੀਲੀਆਂ ਦਵਾਈਆਂ ਪੀ ਕੇ ਖੁਦ ਨੂੰ ਮੌਤ ਦੇ ਮੂੰਹ ਵਿੱਚ ਪਾ ਰਹੇ ਹਨ।
    ਦੇਸ਼ ਦੀ ਜਵਾਨੀ ਪ੍ਰਵਾਸ ਕਰ ਰਹੀ ਹੈ।ਬਜੁਰਗ ਲੋਕ ਇਕੱਲੇ ਰਹਿਣ ਲਈ ਮਜਬੂਰ ਹਨ।ਉਹਨਾਂ ਦੇ ਦੁੱਖ-ਸੁੱਖ ਦੇ ਸ਼ਾਂਝੀ ਨਹੀਂ ਹੋ ਸਕਦੇ ਉਹਨਾਂ ਦੇ ਬੱਚੇ।ਉਹ ਆਪਣੀ ਜਗ੍ਹਾ ਇਕਲਾਪਾ ਕੱਟਣ ਲਈ ਮਜਬੂਰ ਹਨ।ਨਕਲੀ ਦੁੱਧ,ਨਕਲੀ ਘਿਓ, ਨਕਲੀ ਮਠਿਆਈਆਂ ਅਤੇ ਜ਼ਹਿਰਾਂ ਨਾਲ ਪਕਾਏ ਫਲ਼ ਅਤੇ ਸਬਜੀਆਂ ਲੋਕਾਂ ਦੀ ਸਿਹਤ ਦਾ ਘਾਣ ਕਰ ਰਹੇ ਹਨ।ਪੜ੍ਹੀ ਲਿਖੀ ਜਵਾਨੀ ਨੌਕਰੀਆਂ ਲੈਣ ਲਈ ਟੈਂਕੀਆਂ ਤੇ ਚੜ੍ਹਨ ਲਈ ਮਜਬੂਰ ਹੈ।ਕੱਚੇ ਮੁਲਾਜਮ ਪੱਕੇ ਹੋਣ ਲਈ ਤਰਲੇ ਮਾਰ ਰਹੇ ਹਨ।ਸਰਹੱਦਾਂ ਤੇ ਰਾਖੀ ਕਰਨ ਵਾਲੇ ਨੌਜਵਾਨ ਨਜਾਇਜ ਹੀ ਮਰ ਰਹੇ ਹਨ।ਜਿੱਧਰ ਵੀ ਵੇਖੋ ਹਫੜਾ-ਦਫੜੀ ਹੈ। ਦੇਸ਼ ਦੇ ਲੋਕ ਅੰਨ੍ਹੀਂ ਭਗਤੀ ਵਿੱਚ ਗੜੁੱਚ ਹਨ।ਇਹੋ ਜਿਹੇ ਲੋਕ ਉਪਰੋਕਤ ਸਾਰਾ ਕੁੱਝ ਨੂੰ ਜਾਣਦੇ ਹੋਏ ਵੀ ਕਹੀ ਜਾਂਦੇ ਹਨ ਕਿ ਵਿਕਾਸ ਹੋ ਰਿਹਾ ਹੈ।ਜੇ ਇਹੋ ਕੁੱਝ ਹੀ ਵਿਕਾਸ ਹੈ ਫਿਰ ਤਾਂ ਵਿਦੇਸ਼ੀ ਮੁਲਕ ਜਿੱਥੇ ਨੂੰ ਨੌਜਵਾਨ ਮੁੰਡੇ-ਕੁੜੀਆਂ ਲੱਖਾਂ ਰੁਪਏ ਲਾ ਕੇ ਵੀ ਜਾਨ ਤਲ਼ੀ ਤੇ ਧਰੀ ਫਿਰਦੇ ਹਨ,ਸਾਰਾ ਕੁੱਝ ਬਕਵਾਸ ਹੀ ਹੈ।ਮੇਰਾ ਦੇਸ਼ ਫਿਰ ਵੀ ਮਹਾਨ ਹੈ।ਇਸਦੀ ਮਹਾਨਤਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੀ ਰਹੇ।ਮੈਂ ਵੀ ਅੰਨ੍ਹੇ ਭਗਤਾਂ ਦੀ ਕਤਾਰ ਵਿੱਚ ਹੀ ਖੜ੍ਹਨਾ ਪਸੰਦ ਕਰਾਂਗਾ ਕਿਉਂਕਿ ਅਜੇ ਮੇਰੀ ਜੀਣ ਦੀ ਤਮੰਨਾ ਮਰੀ ਨਹੀਂ ਹੈ।ਵਿਕਾਸ ਜਾਰੀ ਹੈ,ਜਾਰੀ ਹੀ ਰਹੇਗਾ।ਜੈ ਭਾਰਤ।ਮੇਰਾ ਸਭ ਨੂੰ ਸਲਾਮ।  

Leave a Reply

Your email address will not be published. Required fields are marked *