ਪੀਡੀਪੀ ਨੇਤਾਵਾਂ ਨੇ ਪ੍ਰਸ਼ਾਸਨ ਤੋਂ ਮਹਿਬੂਬਾ ਨੂੰ ਮਿਲਣ ਦੀ ਆਗਿਆ ਮੰਗੀ

ਸ੍ਰੀਨਗਰ : ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀਡੀਪੀ) ਦੇ ਚਾਰ ਮੁੱਖ ਨੇਤਾਵਾਂ ਨੇ ਅੱਜ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਪਾਰਟੀ ਦੀ ਨਜ਼ਰਬੰਦ ਪ੍ਰਧਾਨ ਮਹਿਬੂਬਾ ਮੁਫ਼ਤੀ ਨਾਲ ਮਿਲਣ ਦੀ ਇਜ਼ਾਜਤ ਦਿੱਤੀ ਜਾਵੇ। ਜੰਮੂ ਅਤੇ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮੁਫ਼ਤੀ ਮਹਿਬੂਬਾ ਪਿਛਲੇ ਵਰ੍ਹੇ ਸੂਬੇ ਵਿੱਚ ਧਾਰਾ 370 ਮਨਸੂਖ ਕੀਤੇ ਜਾਣ ਕਾਰਨ ਪਬਲਿਕ ਸੇਫਟੀ ਐਕਟ ਤਹਿਤ ਨਜ਼ਰਬੰਦ ਹਨ।

ਪੀਡੀਪੀ ਦੇ ਨੇਤਾਵਾਂ ਗੁਲਾਮ ਨਬੀ ਲੋਨ, ਅਬਦੁੱਲ ਰਹਿਮਾਨ ਵੀਰਵੀ, ਖੁਰਸ਼ੀਦ ਆਲਮ ਅਤੇ ਐਜਾਜ਼ ਮੀਰ ਨੇ ਸ੍ਰੀਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਸ਼ਾਹਿਦ ਇਕਬਾਲ ਚੌਧਰੀ ਨੂੰ ਲਿਖੇ ਪੱਤਰ ’ਚ ਕਿਹਾ, ‘ਦੇਸ਼ ਦੇ ਸੰਵਿਧਾਨ ਮੁਤਾਬਕ ਮਹਿਬੂਬਾ ਮੁਫ਼ਤੀ ਨੂੰ ਮਹਿਮਾਨਾਂ ਨਾਲ ਮਿਲਣ ਦਾ ਅਧਿਕਾਰ ਹੈ, ਜਿਸ ਨੂੰ ਖੋਹਿਆ ਨਹੀਂ ਜਾ ਸਕਦਾ। ਪਰ ਵਾਰ-ਵਾਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਸੂਬਾ ਪ੍ਰਸ਼ਾਸਨ ਵੱਲੋਂ ਸਾਨੂੰ ਉਨ੍ਹਾਂ ਨਾਲ ਮਿਲਣ ਨਹੀਂ ਦਿੱਤਾ ਗਿਆ।’ ਉਨ੍ਹਾਂ ਨੇ ਸ੍ਰੀਨਗਰ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਪ੍ਰਸ਼ਾਸਨ ਤੋਂ ਮਹਿਬੂਬਾ ਮੁਫ਼ਤੀ ਨਾਲ ਮਿਲਣ ਦੀ ਆਗਿਆ ਮੰਗੀ ਹੈ।

ਸ੍ਰੀਨਗਰ ’ਚ ਮੁਹੱਰਮ ਦੌਰਾਨ ਪੁਲੀਸ ਵਧੀਕੀ ਦੀ ਉਮਰ ਵੱਲੋਂ ਨਿਖੇਧੀ

ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਊਮਰ ਅਬਦੁੱਲਾ ਨੇ ਮੁਹੱਰਮ ਦੌਰਾਨ ਸ਼ੀਆ ਭਾਈਚਾਰੇ ਦੇ ਨੌਜਵਾਨਾਂ ਖਿਲਾਫ਼ ਪੁਲੀਸ ਵੱਲੋਂ ਕੀਤੀ ਗਈ ਵਧੀਕੀ ਦੀ ਆਲੋਚਨਾ ਕੀਤੀ ਹੈ। ਉਮਰ ਨੇ ਟਵਿਟਰ ’ਤੇ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਭਿਅਕ ਸਮਾਜ ’ਚ ਸਾਰੇ ਨੇਮਾਂ ਖਿਲਾਫ਼ ਜਾ ਕੇ ਪੁਲੀਸ ਕਾਰਵਾਈ ਕੀਤੀ ਗਈ। ਪਾਰਟੀ ਨੇ ਬਿਆਨ ’ਚ ਕਿਹਾ ਕਿ ਮੁਹੱਰਮ ਮੌਕੇ ਅਜਿਹਾ ਵਰਤਾਰਾ ਵਿਤਕਰੇ ਵਾਲਾ ਰਵੱਈਆ ਹੈ। ਪਾਰਟੀ ਨੇ ਪੁਲੀਸ ਕਾਰਵਾਈ ਨੂੰ ਗ਼ੈਰ-ਮਨੁੱਖੀ ਵਰਤਾਰਾ ਕਰਾਰ ਦਿੱਤਾ ਹੈ। ਪਾਰਟੀ ਦੇ ਕਸ਼ਮੀਰ ’ਚ ਪ੍ਰਧਾਨ ਨਾਸਿਰ ਅਸਲਮ ਵਾਨੀ ਨੇ ਬਿਆਨ ’ਚ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਧਾਰਮਿਕ ਸਮਾਗਮਾਂ ’ਚ ਸ਼ਿਰਕਤ ਕਰਨ ਤੋਂ ਰੋਕਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ’ਤੇ ਪੈਲੇਟ ਬੰਦੂਕਾਂ ਚਲਾਉਣਾ, ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਸੁੱਟਣਾ ਪ੍ਰਸ਼ਾਸਨ ਅਤੇ ਪੁਲੀਸ ਦੀ ਗ਼ੈਰਸੰਜੀਦਗੀ ਨੂੰ ਦਰਸਾਉਂਦਾ ਹੈ।

Leave a Reply

Your email address will not be published. Required fields are marked *