ਮਨੁੱਖ ਦੀ ਜਿੰਦਗੀ ਨੂੰ ਸ਼ਹੀ ਦਿਸ਼ਾ ਪ੍ਰਦਾਨ ਕਰਦਾ ਹੈ ਅਧਿਆਪਕ-ਮਨਪ੍ਰੀਤ ਸਿੰਘ ਮੰਨਾ

ਇਨਸਾਨ ਜਨਮ ਤੋਂ ਲੈ ਕੇ ਮਰਨ ਤੱਕ ਕਿਸੇ ਨਾ ਕਿਸੇ ਤੋਂ ਕੁਝ ਨਾ ਕੁਝ ਸਿਖਦਾ ਹੀ ਰਹਿੰਦਾ ਹੈ । ਮਾਤਾ ਪਿਤਾ ਵਲੋਂ ਦਿੱਤੇ ਗਏ ਸੰਸਕਾਰਾਂ ਨਾਲ ਇਨਸਾਨ ਚਲਣਾ ਸਿੱਖ ਲੈਦਾਂ ਹੈ ਪਰੰਤੂ ਇਨਸਾਨ ਦੇ ਜੀਵਨ ਵਿਚ ਇਕ ਅਧਿਆਪਕ ਵਲੋਂ ਦਿੱਤੀ ਗਈ ਸਿੱਖਿਆ ਹੀ ਇਨਸਾਨ ਦੇ ਜੀਵਨ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰਦਾ ਹੈ, ਜਿਸਦੇ ਅਧਾਰ’ਤੇ ਉਹ ਮੰਜਿਲ ਦਰ ਮੰਜਿਲ ਤੈਅ ਕਰਦਾ ਚਲਾ ਜਾਂਦਾ ਹੈ। ਸਕੂਲ ਤੇ ਕਾਲਜ ਦਾ ਸਮਾਂ ਜਿੰਦਗੀ ਦਾ ਇਕ ਇਹੋ ਜਿਹਾ ਸਮਾਂ ਹੁੰਦਾ ਹੈ, ਜਿਸ ਵਿਚ ਇਨਸਾਨ ਦੀ ਜਿੰਦਗੀ ਦੀ ਨੀਂਹ ਤਿਆਰ ਹੁੰਦੀ ਹੈ, ਜਿਸਤੇ ਇਮਾਰਤ ਕਿਸ ਤਰਾਂ ਦੀ ਬਣੇਗੀ, ਇਮਾਰਤ ਬਣੇਗੀ ਵੀ ਜਾਂ ਨਹੀਂ ਜਾਂ ਇਸ’ਤੇ ਇਕ ਕੰਧ ਦਾ ਨਿਰਮਾਣ ਵੀ ਨਹੀਂ ਹੋ ਸਕੇਗਾ ਇਸ ਦਾ ਜਵਾਬ ਆਉਣ ਵਾਲੇ ਸਮੇਂ ਦੀ ਬੁੁੱਕਲ ਵਿਚ ਲੁਕਿਆ ਹੁੰਦਾ ਹੈ। ਸਿਆਣਿਆਂ ਕੋਲੋ ਇਕ ਗੱਲ ਆਮ ਹੀ ਸੁਣਦੇ ਹਾਂ ਕਿ ਜਦੋਂ ਨੀਂਹ ਮਜ਼ਬੂਤ ਹੁੰਦੀ ਹੈ ਤਾਂ ਹੀ ਉਸ ਉਤੇ ਇਕ ਮਜ਼ਬੂਤ ਮਹਿਲ ਖੜਾ ਕੀਤਾ ਜਾ ਸਕਦਾ ਹੈ। ਇਸੇ ਤਰਾਂ ਹੀ ਸਕੂਲ ਤੇ ਕਾਲਜ ਦੇ ਵਿਚਕਾਰ ਵਾਲਾ ਸਮਾਂ ਹੀ ਜਿੰਦਗੀ ਨੂੰ ਕੱਚਾ ਜਾਂ ਪੱਕਾ ਕਰਦਾ ਹੈ, ਇਸ ਵਿਚ ਇਕ ਅਧਿਆਪਕ ਦਾ ਰੋਲ ਬੇਹਦ ਅਹਿਮ ਹੁੰਦਾ ਹੈ। ਬੇਸ਼ਕ ਅਧਿਆਪਕ ਦੇ ਕੋਲ ਬੱਚੇ ਪਰਿਵਾਰ ਨਾਲੋਂ ਘੱਟ ਸਮਾਂ ਹੀ ਗੁਜਾਰਦੇ ਹਨ ਪਰ ਅਧਿਆਪਕ ਦੀ ਅੱਖ ਬੱਚੇ ਦੇ ਹੁਨਰ, ਕਲਾ, ਕਾਬਲੀਅਤ ਨੂੰ ਪਛਾਣ ਕੇ ਉਸਨੂੰ ਸਹੀ ਮਾਰਗ ਪ੍ਰਦਾਨ ਕਰਦਾ ਹੈ, ਕਿਉਂਕਿ ਜਿਸ ਤਰਾਂ ਨਾਲ ਇਕ ਹੀਰੇ ਦੀ ਪਰਖ ਕੇਵਲ ਤੇ ਕੇਵਲ ਜੋਹਰੀ ਹੀ ਕਰ ਸਕਦਾ ਹੈ, ਇਸੇ ਤਰਾ ਬੱਚਿਆਂ ਵਿਚ ਕਿਹੜਾ ਹੁਨਰ ਹੈ ਜਾਂ ਬੱਚੇ ਦੀ ਕਿਹੜੀ ਕਲਾ ਹੈ, ਕੀ ਗੁਣ ਹਨ ਜਿਸਨੂੰ ਹੋਰ ਸ਼ਿੰਗਾਰ ਕੇ ਸੁੰਦਰਤਾ ਪ੍ਰਦਾਨ ਕੀਤੀ ਜਾ ਸਕਦੀ ਹੈ। ਜਦੋਂ ਬੱਚਾ ਅਧਿਆਪਕ ਦੇ ਕੋਲ ਪੜਨ ਲਈ ਆਉਂਦਾ ਹੈ, ਉਹ ਕੱਚੀ ਮਿੱਟੀ ਦੀ ਤਰਾ ਹੁੰਦਾ ਹੈ, ਉਸ ਬੱਚੇ ਨੂੰ ਅਧਿਆਪਕ ਇਕ ਘੁਮਿਹਾਰ ਦੀ ਤਰਾਂ ਉਸਨੂੰ ਪਹਿਲਾ ਦੇਖਦਾ ਹੈ, ਪਰਖਦਾ ਹੈ, ਇਸਨੂੰ ਕਿਹੜਾ ਰੂਪ ਦਿੱਤਾ ਜਾ ਸਕਦਾ ਹੈ, ਇਸਦੇ ਬਾਰੇ ਵਿਚ ਸੋਚ ਵਿਚਾਰ ਕਰਦਾ ਹੈ, ਸੋਚ ਵਿਚਾਰ ਕਰਕੇ ਇਕ ਸਾਂਚੇ ਦੇ ਵਿਚ ਬੱਚੇ ਨੂੰ ਪਾਉਣ ਦੀ ਕੋਸ਼ਿਸ ਕਰਦਾ ਹੈ ਤਾਂ ਜੋ ਉਸਨੂੰ ਇਕ ਰੂਪ, ਸ਼ਕਲ, ਰੰਗਤ ਮਿਲ ਸਕੇ। ਬੱਚੇ ਨੂੰ ਅਧਿਆਪਕ ਪਿਆਰ ਵੀ ਕਰਦਾ ਹੈ ਨਾਲ ਡਾਂਟਦਾ ਵੀ ਹੈ, ਤਾਂ ਜੋ ਬੱਚੇ ਦੀ ਜਿੰਦਗੀ ਵਿਚ ਨਿਖਾਰ ਆ ਸਕੇ। ਜਿਸ ਤਰਾਂ ਇਕ ਘੁਮਿਹਾਰ ਜਦੋਂ ਮਿੱਟੀ ਦੇ ਬਰਤਨ ਤਿਆਰ ਕਰਦਾ ਹੈ ਤਾਂ ਉਹ ਉਸਨੂੰ ਤਿਆਰ ਕਰਦੇ ਸਮੇਂ ਬਾਹਰੋ ਉਸਨੂੰ ਥਾਪੜੇ ਤੇ ਧੱਕੇ ਮਾਰਦਾ ਹੈ ਨਾਲ ਨਾਲ ਅੰਦਰੋ ਇਕ ਹੱਥ ਨਾਲ ਸੰਭਾਲਦਾ ਵੀ ਹੈ, ਕਿਤੇ ਬਰਤਨ ਟੁੱਟ ਨਾ ਜਾਵੇ। ਇਸੇ ਤਰਾਂ ਅਧਿਆਪਕ ਬੱਚੇ ਨੂੰ ਡਾਂਟ ਦੇ ਨਾਲ ਨਾਲ ਪਿਆਰ ਵੀ ਕਰਦਾ ਹੈ ਤਾਂ ਜੋ ਬੱਚੇ ਦਾ ਆਉਣ ਵਾਲਾ ਭੱਵਿਖ ਸੋਹਣਾ ਬਣ ਸਕੇ। ਅਧਿਆਪਕ ਦਾ ਬੱਚਿਆਂ ਨਾਲ ਅਤੇ ਬੱਚਿਆਂ ਦਾ ਅਧਿਆਪਕ ਨਾਲ ਇਕ ਅੱਲਗ ਹੀ ਰਿਸ਼ਤਾ ਹੁੰਦਾ ਹੈ। ਅਧਿਆਪਕ ਦੇ ਕੋਲ ਹਰੇਕ ਜਾਤਿ ਦਾ ਬੱਚਾ ਪੜਨ ਲਈ ਆਉਂਦਾ ਹੈ, ਉਹ ਹਰ ਕਿਸੇ ਨੂੰ ਇਕੋ ਜਿਹੀ ਸਿੱਖਿਆ ਦਿੰਦਾ ਹੈ ਅਤੇ ਉਹ ਕਿਸੇ ਨਾਲ ਭੇਦਭਾਵ ਨਹੀਂ ਕਰਦਾ। ਅਧਿਆਪਕ ਸਮਾਜ ਵਿਚ ਇਕ ਇਹੋ ਜਿਹਾ ਕਿਰਦਾਰ ਹੁੰਦਾ ਹੈ, ਜਿਸਦਾ ਜਿਹੜਾ ਬੱਚਾ ਪਿਆਰ, ਸਤਿਕਾਰ, ਸਨਮਾਨ ਕਰਦਾ ਹੈ, ਅਧਿਆਪਕ ਉਸ ਬੱਚੇ ਦੀ ਆਉਣ ਵਾਲੀ ਜਿੰਦਗੀ ਵਿਚ ਇਸ ਤਰਾਂ ਦਾ ਮਾਰਗ ਦਰਸ਼ਨ ਕਰਦਾ ਹੈ ਕਿ ਉਸ ਬੱਚੇ ਨੂੰ ਪਿਆਰ, ਸਤਿਕਾਰ ਤੇ ਸਨਮਾਨ ਕਈ ਗੁਣਾ ਵੱਧ ਕੇ ਮਿਲਦਾ ਹੈ। ਜਿਹੜੇ ਬੱਚੇ ਅਧਿਆਪਕ ਦਾ ਮਾਣ ਸਤਿਕਾਰ ਨਹੀਂ ਕਰਦੇ, ਅਧਿਆਪਕ ਦੇ ਗਿਆਨ ਦੇ ਖਜ਼ਾਨੇ ਨੂੰ ਤਾਂ ਕੁਝ ਫਰਕ ਨਹੀਂ ਪੈਦਾਂ ਪਰ ਬਚਿਆਂ ਦੇ ਪੈਰ ਵੀ ਇਕ ਇਹੋ ਜਿਹੇ ਰਸਤੇ’ਤੇ ਚਲ ਪੈਦੇਂ ਹਨ ਕਿ ਉਨਾਂ ਰਸਤਿਆਂ ਵਿਚ ਹਨੇਰਿਆਂ, ਧੱਕਿਆਂ ਦੇ ਸਿਵਾਏ ਕੁਝ ਨਹੀਂ ਹੁੰਦਾ। ਫਿਰ ਪਛਤਾਉਣ ਦੇ ਸਿਵਾਏ ਕੁਝ ਨਹੀਂ ਹੁੰਦਾ। ਉਸਦੇ ਪਿਛੇ ਕਾਰਨ ਇਹ ਹੈ ਕਿ ਪਰਿਵਾਰਾਂ ਦੀ ਜਾਇਦਾਦਾਂ ਨੂੰ ਤਾਂ ਕੋਰਟਾਂ ਕਚਹਿਰੀਆਂ ਵਿਚ ਜਾ ਕੇ ਹਾਸਲ ਕੀਤਾ ਜਾ ਸਕਦਾ ਹੈ ਪਰੰਤੂ ਵਿਦਿਆ ਵਰਗੇ ਕੀਮਤੀ ਗਿਆਨ ਨੂੰ ਪੜਾਉਣ ਵਾਲੇ ਅਧਿਆਪਕ ਇਕ ਇਹੋ ਜਿਹੀ ਦੌਲਤ ਦੇ ਮਾਲਿਕ ਹੁੰਦੇ ਹਨ ਕਿ ਜਿਸਨੂੰ ਦੁਨੀਆਂ ਦੀ ਕਿਸੇ ਵੀ ਤਾਕਤ, ਪੈਸੇ ਅਤੇ ਧੱਕੇਸ਼ਾਹੀ ਨਾਲ ਹਾਸਲ ਨਹੀਂ ਕੀਤਾ ਜਾ ਸਕਦਾ। ਇਸ ਵਿਦਿਆ ਨੂੰ ਹਾਸਲ ਕਰਨ ਲਈ ਅਧਿਆਪਕ ਦਾ ਮਾਣ ਸਨਮਾਨ, ਵਿਦਿਆ ਦੀ ਪੂਜਾ ਕਰਨੀ ਹੀ ਪੈਂਦੀ ਹੈ ਤਾਂ ਜਾ ਕੇ ਇਹ ਵਿਦਿਆ ਦਾ ਅਨਮੋਲ ਖਜ਼ਾਨਾ ਮਿਲਦਾ ਹੈ। ਵਿਦਿਆ ਦੇ  ਅਨਮੋਲ ਖਜਾਨੇ ਦੀ ਅਧਿਆਪਕ ਕੂੰਜੀ ਹੁੁੰਦਾ ਹੈ, ਜਿਸ ਤੋਂ ਬਿਨਾਂ ਵਿਦਿਆ ਦਾ ਅਨਮੋਲ ਖਜਾਨਾ ਕਦੇ ਵੀ ਨਹੀਂ ਮਿਲ ਸਕਦਾ ਹੈ। ਵਿਦਿਆ ਦੇ ਖਜਾਨੇ ਦੇ ਨਾਲ ਦੁਨੀਆਂ ਦੇ ਸਾਰੇ ਖਜਾਨਿਆਂ ਨੂੰ ਹਾਸਲ ਕੀਤਾ ਜਾ ਸਕਦਾ ਹੈ, ਪਰ ਇਹ ਵਿਦਿਆ ਦਾ ਖਜਾਨਾ ਤੁਹਾਡੇ ਕੋਲ ਨਹੀਂ ਹੈ ਤਾਂ ਦੁਨੀਆਂ ਦੇ ਬਾਕੀ ਸਾਰੇ ਦੁਨੀਆਵੀ ਖਜਾਨੇ ਵੀ ਮਿਟੀ ਦੇ ਬਰਾਬਰ ਹੁੰਦੇ ਹਨ। ਦੁਨੀਆਵੀ ਖਜਾਨੇ ਤੁਹਾਨੂੰ ਥੋੜਾ ਸਮੇਂ ਦੀ ਸੌਹਰਤ ਦੁਆ ਸਕਦੇ ਹਨ ਪਰ ਅਸਲੀ ਰੁਤਬਾ ਕੇਵਲ ਤੇ ਕੇਵਲ ਵਿਦਿਆ ਤੋਂ ਹੀ ਮਿਲਦਾ ਹੈ।
ਲੇਖਕ
ਮਨਪ੍ਰੀਤ ਸਿੰਘ ਮੰਨਾ
ਮਕਾਨ ਨੰਬਰ 86ਏ, ਵਾਰਡ ਨੰਬਰ 5
ਗੜਦੀਵਾਲਾ।
ਮੋਬਾ. 09417717095,07814800439।

Leave a Reply

Your email address will not be published. Required fields are marked *