ਅਧਿਆਪਨ ਰੂਪੀ ਸਾਧਨਾ ਵਿਚ ਮਗਨ ਮੁਟਿਆਰ : ਰੇਣੂ ਕੌਸ਼ਲ (ਸਟੇਟ ਅਵਾਰਡੀ)

ਜ਼ਿੰਦਗੀ ਦੇ ਨੁਕਤਿਆਂ ਨੂੰ ਸ਼ਬਦਾਂ ‘ਚ ਪਿਰੌਣ ਵਾਲੀ ਮੁਟਿਆਰ ਲੇਖਿਕਾ ਰੇਣੂ ਕੌਸ਼ਿਲ ਨੇ ਸਿੱਖਿਆ ਦੇ ਖੇਤਰ ਵਿੱਚ ਆਪਣੀ ਨਿਵੇਕਲੀ ਵਿਲੱਖਣ ਪਛਾਣ ਬਣਾ ਰੱਖੀ ਹੈ। ਆਪਣੇ ਅਧਿਆਪਨ ਦੇ ਪੇਸ਼ੇ ‘ਚ ਪ੍ਰਤੀਬੱਧਤਾ ਨਾਲ, ਦਿਨ-ਰਾਤ ਮਿਹਨਤ ਕਰ ਕੇ ਸਿੱਖਿਆ ਵਿਭਾਗ ਤੋਂ ਸਟੇਟ ਐਵਾਰਡ ਹਾਸਿਲ ਕੀਤਾ ਹੈ, ਉਸਨੇ। ਸਿੱਖਿਆ ਦੇ ਖੇਤਰ ਵਿੱਚ ਜਿੱਥੇ ਉਸ ਦੇ ਕੰਮ ਮੂੰਹ ਚੜ ਬੋਲਦੇ ਹਨ, ਉੱਥੇ ਸਾਹਿਤ ਦੀ ਲੜੀ ਵਿਚ ਵੀ ਵੰਨ-ਸੁਵੰਨੀਆਂ ਰਚਨਾਵਾਂ ਰੂਪੀ ਮਣਕੇ ਉਹ ਬੜੀ ਸੰਜੀਦਗੀ ਨਾਲ ਪਰੋ ਰਹੀ ਹੈ। ਉਹ ਆਪਣੀ ਨਿੱਕੀ ਜਿਹੀ ਗੱਲ ਨਾਲ ਵੱਡਾ ਸੰਦੇਸ਼ ਦੇਣ ਦੀ ਅਲੌਕਿਕ ਸਮਰੱਥਾ ਰੱਖਦੀ ਹੈ। ਕੁਦਰਤ ਦੇ ਅਥਾਹ ਸੁਹੱਪਣ ਵਿਚ ਵਸੇ ਛੋਟੇ ਜਿਹੇ ਕਸਬੇ ਨੰਗਲ ਦੀ ਵਸਨੀਕ ਸ੍ਰੀਮਤੀ ਰੇਣੂ ਕੌਸ਼ਲ ਅੱਜ ਕਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਈ. ਈ. ਨੰਗਲ ਵਿਖੇ ਆਪਣੀ ਅਧਿਆਪਨ ਰੂਪੀ ਸਾਧਨਾ ਵਿਚ ਮਗਨ ਹੈ।
ਰੇਣੂ ਕੌਸ਼ਲ ਦੇ ਸਾਹਿਤਕ ਸਫ਼ਰ ਦੀ ਝਾਤ ਮਾਰਨ ਤੋਂ ਪਤਾ ਲੱਗਦਾ ਹੈ ਕਿ ਸਕੂਲ ਸਮੇਂ ਤੋਂ ਹੀ ਉਸ ਨੂੰ ਆਪਣੇ ਮਨ-ਭਾਉਂਦੇ ਅਧਿਆਪਕ ਸ੍ਰੀ ਓਂਕਾਰ ਚੰਦ ਵਾਸੂਦੇਵ ਜੀ ਦੇ ਯਤਨਾਂ ਸਦਕਾ ਕਿਤਾਬਾਂ ਪੜਨ ਦੀ ਚੇਟਕ ਲਗ ਗਈ ਸੀ। ਲਾਇਬ੍ਰੇਰੀ ‘ਚੋਂ ਸਧਾਰਨ ਗਿਆਨ, ਵਿਗਿਆਨੀਆਂ, ਕਾਰਟੂਨਾਂ, ਸਮਾਜਕ ਸੁਧਾਰਕਾਂ ਅਤੇ ਮਹਾਨ ਔਰਤਾਂ ਦੀਆਂ ਜੀਵਨੀਆਂ ਸੰਬੰਧੀ ਕਿਤਾਬਾਂ ਲੈ ਲੈ ਕੇ ਉਹ ਅਕਸਰ ਪੜਿਆ ਕਰਦੀ ਸੀ। ਦਸਵੀਂ ਤਕ ਉਸ ਨੇ ਛੋਟੀ ਮੋਟੀ ਕਹਾਣੀ ਅਤੇ ਕਵਿਤਾ ਦੀ ਤੁਕ-ਬੰਦੀ ਵੀ ਕਰਨੀ ਸਿੱਖ ਲਈ ਸੀ। ਕਾਲਜ ਸਮੇਂ ਵੀ ਉਹ ਕਹਾਣੀਆਂ ਅਤੇ ਕਵਿਤਾਵਾਂ ਦੀਆਂ ਦਿਲ ਟੁੰਬਵੀਆਂ ਸਤਰਾਂ ਡਾਇਰੀ ‘ਚ ਨੋਟ ਕਰਦਿਆਂ ਡਾਇਰੀ ਲਿਖਣ ਦਾ ਡਾਹਢਾ ਸ਼ੌਂਕ ਪਾਲਦੀ ਰਹੀ। ਬਤੌਰ ਅਧਿਆਪਕਾ ਨਿਯੁਕਤੀ ਤੋਂ ਬਾਅਦ ਮਾਤਰ ਤਿੰਨ ਮਹੀਨੇ ‘ਚ ਉਸ ਨੇ ਆਪਣੇ ਸਕੂਲ ਦੀ ਮਿੰਨੀ ਲਾਇਬ੍ਰੇਰੀ ਦੀਆਂ ਸਾਰੀਆਂ ਕਿਤਾਬਾਂ ਪੜ ਮਾਰੀਆਂ। ਸੰਨ 2009 ਵਿੱਚ ਉਸ ਦੀ ਮੁਲਾਕਾਤ ਪੰਜਾਬੀ ਦੇ ਉੱਘੇ ਲੇਖਕ ਅਤੇ ਮਹਾਨ ਗ਼ਜ਼ਲਗੋ ਸ੍ਰ. ਬਲਬੀਰ ਸੈਣੀ, ਸੰਪਾਦਕ, ”ਸੂਲ ਸੂਰਾਹੀ” ਨਾਲ ਹੋਈ, ਜਿਨਾਂ ਨੇ ਲੇਖਿਕਾ ਦਾ ਸਕੂਲ ਸੰਬੰਧੀ ਲੇਖ, ”ਬੱਚਿਆਂ ਦਾ ਸਵਰਗ” ”ਸੂਲ ਸੂਰਾਹੀ ਪਤ੍ਰਿਕਾ” ਵਿਚ ਛਾਪਿਆ। ਫਿਰ, ਬਾਅਦ ਵਿਚ ਸੈਣੀ ਸਾਹਿਬ ਤੋਂ ਹੀ ਉਸ ਨੇ ਕਵਿਤਾ, ਗੀਤ ਅਤੇ ਵਾਰਤਕ ਦੀਆਂ ਬਾਰੀਕੀਆਂ ਸਮਝਣੀਆਂ ਸ਼ੁਰੂ ਕੀਤੀਆਂ। ਸੈਣੀ ਸਾਹਿਬ ਦੀ ਯੋਗ ਅਗਵਾਈ ‘ਚ ਹੀ ਉਹ ਲਿਖਣ ਅਤੇ ਅੱਡ-ਅੱਡ ਅਖਬਾਰਾਂ ‘ਚ ਛਪਣੀ ਸ਼ੁਰੂ ਹੋਈ। 2008 ਵਿਚ ਲੇਖਿਕਾ,”ਆਰਟ ਓਫ ਲਿਵਿੰਗ” ਸੰਸਥਾ ਨਾਲ ਜੁੜੀ, ਜਿਸ ਦੇ ਸੰਸਥਾਪਕ ਸ੍ਰੀ ਰਵੀ ਸ਼ੰਕਰ ਜੀ ਹਨ। ਇੱਥੇ ਆਣ ਕੇ ਉਹ, ”ਜ਼ਿੰਦਗੀ ਜਿਉਣ ਦੀ ਕਲਾ” ਦੀ ਅਧਿਆਪਕਾ ਬਣ ਕੇ ਸਮਾਜ ‘ਚ ਵਿਚਰਦੇ ਲੋਕਾਂ ਨੂੰ ਤਣਾਓ-ਰਹਿਤ, ਆਨੰਦ ਭਰਪੂਰ ਜ਼ਿੰਦਗੀ ਜਿਉਣ ਦੇ ਗੁਰ ਸਿਖਾਉਣ ਲੱਗੀ। ਰੇਣੂ ਦੀ ਜਲਦੀ ਹੀ ਆ ਰਹੀ ਪੁਸਤਕ ਵਿਚੋਂ ਰਚਨਾ, ”ਪਿਆਰ ਦੀ ਖੁਸ਼ਬੋ” ਦੀਆਂ ਦੋ ਸਤਰਾਂ ਦੇਖੋ-
”ਤੇਰਾ ਪਿਆਰ ਵੰਡੇ ਖੁਸ਼ਬੋਆਂ,
ਮੇਰੀ ਜਿੰਦੜੀ ਮਹਿਕਣ ਲੱਗੀ।
ਅੰਬੀਆਂ ਦੀ ਡਾਲੀ ਤੇ ਬਹਿ,
ਜਿਉਂ ਮੈਨਾ ਚਹਿਕਣ ਲੱਗੀ।
ਚੂਲੀ ਭਰ ਤੇਰੇ ਦਰਸ਼ਨ ਦੀ,
ਗਟ ਗਟ ਕੇ ਮੈਂ ਪੀ ਜਾਵਾਂ।
ਤੇਰੀ ਪ੍ਰੀਤ ਦੇ ਸੋਹਣੇ ਸੋਹਲੇ,
ਮੈਂ ਉੱਠਦੀ ਬਹਿੰਦੀ ਗਾਵਾਂ।
ਤੱਕ ਮੁਖੜਾ ਚੰਨ ਦਾ ਟੁਕੜਾ,
ਇਹ ਫਿਜ਼ਾ ਵੀ ਬਹਿਕਣ ਲੱਗੀ।”
ਸਮਾਜ ਲਈ ਆਦਰਸ਼ ਮੁਨਾਰਾ ਬਣੀ ਅਧਿਆਪਕਾ, ਸਮਾਜ-ਸੇਵਿਕਾ ਤੇ ਸਿੱਖਿਆਦਾਇਕ ਸਾਹਿਤ ਦੀ ਧਨੀ ਸ੍ਰੀਮਤੀ ਰੇਣੂ ਕੌਸ਼ਲ ਦੇ ਆਪਣੇ ਸੁਚੱਜੇ ਕੰਮਾਂ ਅਤੇ ਕੋਸ਼ਿਸ਼ਾਂ ਵਿੱਚ ਹੋਰ ਅੱਗੇ ਵਧਣ ਦੀ ਕਾਮਨਾ ਕਰਦਿਆਂ ਮਾਲਕ ਅੱਗੇ ਦੁਆਵਾਂ ਕਰਦੇ ਹਾਂ ਕਿ ਉਹ ਹੋਰ ਉਚੇਰੇ ਅੰਬਰਾਂ ਨੂੰ ਟਾਕੀਆਂ ਲਾਉਂਦੀ ਸ਼ੋਹਰਤਾਂ ਦੇ ਝੰਡੇ ਗੱਡ ਵਿਖਾਏ। ਆਮੀਨ !
-ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641
ਸੰਪਰਕ : ਰੇਣੂ ਕੌਸ਼ਲ (ਸਟੇਟ ਅਵਾਰਡੀ), (9876877607)

Leave a Reply

Your email address will not be published. Required fields are marked *