ਕਾਗਹੁ ਹੰਸ ਕਰਹਿ- ਪੁਸਤਕ ਸਮੀਖਿਆ

ਪਿਛਲੇ ਦਿਨੀਂ ਫਰਿਜ਼ਨੋ ਦੇ ਗੁਰਦਵਾਰਾ ਸਿੰਘ ਸਭਾ ਵਿਖੇ ਜਗਤਾਰ ਸਿੰਘ ਬਰਾੜ ਅਤੇ ਪਿੰਦਾ ਕੋਟਲਾ ਦੇ ਸਹਿਯੋਗ ਨਾਲ ਪ੍ਰੋ. ਧਰਮਵੀਰ ਸਿੰਘ ਚੱਠਾ ਦੀ ਪੁਸਤਕ “ਕਾਗਹੁ ਹੰਸ ਕਰਹਿ” ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਰਲੀਜ਼ ਕੀਤੀ ਗਈ। ਇਹ ਪੁਸਤਕ ਜੇ.ਪੀ. ਪਬਲੀਸ਼ਰ ਪਟਿਆਲ਼ਾ ਵੱਲੋਂ ਪਬਲਿਸ਼ ਕੀਤੀ ਗਈ ਹੈ। ਇਹ ਪੁਸਤਕ ਬਠਿੰਡੇ ਵਾਲੇ ਕਾਂ ਦੇ ਨਾਮ ਨਾਲ ਮਸ਼ਹੂਰ ਬਦਮਾਸ਼ ਦੇ ਜੀਵਨ ਤੇ ਅਧਾਰਤ ਹੈ, ਕਿ ਕਿਵੇਂ ਬੰਦੇ ਦੀ ਜ਼ਿੰਦਗੀ ਬਦਲਦਿਆਂ ਦੇਰ ਨਹੀਂ ਲਗਦੀ ਅਤੇ ਗੁਰੂ ਦੀ ਮਿਹਰ ਸਦਕਾ ਬਠਿੰਡੇ ਵਾਲਾ ਕਾਂ ਵਿਗੜੇ ਬਦਮਾਸ਼ ਤੋਂ ਰਜਿੰਦਰਪਾਲ ਸਿੰਘ ਖਾਲਸਾ ਬਣ ਗਿਆ। ਕਾਂ ਦੀ ਜੀਵਨੀ ਤੇ ਅਧਾਰਤ ਇਹ ਪੁਸਤਕ ਕਰੀਬ 112 ਪੇਜ ਦੀ ਹੈ। ਅਤੇ ਲੇਖਕ ਨੇ ਸਾਰੇ ਵਰਤਾਂਤ ਬਹੁਤ ਵਧੀਆ ਤਰੀਕੇ ਨਾਲ ਕਲਮਬੰਧ ਕੀਤੇ ਹਨ। ਲੇਖਕ ਦੀ ਸਰਲ ਲੇਖਣੀ ਪਾਠਕ ਨੂੰ ਆਪਣੇ ਨਾਲ ਉਂਗਲ ਫੜਕੇ ਤੋਰਨ ਦੀ ਸਮਰੱਥਾ ਰੱਖਦੀ ਹੈ। ਇਹ ਪੁਸਤਕ ਪੜ੍ਹਦਿਆਂ ਜੋ ਕੁਝ ਬਠਿੰਡੇ ਕਾਂ ਤੋਂ ਰਜਿੰਦਰਪਾਲ ਸਿੰਘ ਖਾਲਸੇ ਦੇ ਸਫਰ ਦੀ ਪੂਰੀ ਕਹਾਣੀ ਬਾਰੇ ਮੈਂ ਮਹਿਸੂਸ ਕੀਤਾ, ਉਹ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ।
ਰੱਬ ਨੇ ਇਨਸਾਨ ਨੂੰ ਇਸ ਦੁਨੀਆਂ ਤੇ ਫਰਿਸ਼ਤਾ ਬਣਾਕੇ ਭੇਜਿਆ ਹੈ। ਕਈ ਵਾਰ ਇਨਸਾਨ ਦੀ ਜਿੰਦਗੀ ਲਫ਼ਜ਼ਾਂ ਦੇ ਪਹਿਰਾਵੇ ਤੋ ਬਾਹਰ ਚਲੀ ਜਾਂਦੀ ਹੈ। ਜਿਸ ਮਹੌਲ ਵਿੱਚੋਂ ਤੁਸੀਂ ਗੁਜ਼ਰਦੇ ਹੋ, ਉਸੇ ਨਾਲ ਹੀ ਤੁਰ ਪੈਂਦੇ ਹੋ। ਵਕਤ ਦਾ ਝੱਬਿਆਂ ਮਨੁੱਖ ਸਮਾਜ ਵਿੱਚ ਆਪਣੇ ਫਰਜ਼ ਨਹੀਂ ਨਿੱਭਾ ਸਕਦਾ। ਬੁਰੇ ਦੌਰ ਦੀ ਜਦੋਂ ਚੱਕੀ ਚਲਦੀ ਹੈ, ‘ਤਾਂ ਲੋਕ ਤੁਹਾਨੂੰ ਵੇਖਕੇ ਘਰਾਂ ਨੂੰ ਜਿੰਦਰੇ ਮਾਰ ਲੈਂਦੇ ਹਨ। ਵਕਤ ਦੀਆਂ ਕਰਵਟਾਂ ਆਪਣਾ ਫਰਜ਼ ਨਿਭਾਉਂਦੀਆਂ ਰਹਿੰਦੀਆਂ ਹਨ। ਵਕਤ ਤੋਂ ਖੁੰਝਣਾ ਤੁਰਨਾ ਨਹੀਂ ਭਟਕਣਾ ਰਹਿ ਜਾਂਦਾ ਹੈ। ਮੈ ਗੱਲ ਕਰਨ ਲੱਗਾ ਹਾਂ, ਉਸ ਸ਼ਕਸ਼ ਦੀ ਜਿਹੜਾ ਜ਼ਿੰਦਗੀ ਦੀ ਮੰਜਿਲ ਤੋ ਭਟਕ ਕਿ ਦੁਬਾਰਾ ਗੁਰੂਆਂ ਵੱਲੋਂ ਦੱਸੇ ਮਾਗਰ ਤੇ ਆਣ ਖਲੋਤਾ। 1997 ਤੋਂ ਲੈਕੇ 2007 ਤੱਕ ਖ਼ੌਫ਼ ਦਾ ਦੂਜਾ ਨਾਂ ਬਠਿੰਡੇ ਵਾਲਾ ਕਾਂ ਜੋ ਬਠਿੰਡੇ ਦੇ ਨਵੇਂ ਵਸੇ ਇਲਾਕੇ ਭਾਈ ਮਤੀ ਦਾਸ ਨਗਰ ਦਾ ਵਸਨੀਕ ਸੀ। ਇਕੱਲਾ ਪੁੱਤ ਮਾਪਿਆਂ ਨੇ ਬੜੇ ਹੀ ਚਾਵਾਂ ਨਾਲ ਪਾਲਿਆ ਸੀ। ਪਿਤਾ ਫੌਜ ਵਿੱਚ ਕੈਪਟਨ ਸੀ। ਮਾਂ ਪਿਓ ਅਤੇ ਭੈਣਾਂ ਦੇ ਸੁਪਨੇ ਘਰਦੇ ਇਕਲੌਤੇ ਚਿਰਾਗ਼ ਵਿੱਚ ਸਮੋਏ ਹੋਏ ਸਨ। ਪੜਾਈ ਦੇ ਨਾਲ ਨਾਲ ਮਾਪਿਆ ਨੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਬਾਬੇ ਫਰੀਦ ਦੇ ਅਖਾੜੇ ਫਰੀਦਕੋਟ ਭੇਜਿਆ। ਕੋਚ ਜਗਦੇਵ ਸਿੰਘ ਨੇ ਆਪ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤਿਆਰ ਕੀਤਾ। ਭਲਵਾਨੀ ਕਰਦਿਆਂ ਉਸਨੇ ਕੁਝ ਜਿੱਤਾਂ ਵੀ ਦਰਜ ਕੀਤੀਆਂ। ਸਟੇਟ ਲੈਵਲ ਤੇ ਘੁਲਣ ਤੋਂ ਬਾਅਦ ਜਦੋਂ ਉਹੋ ਵਾਪਸ ਬਠਿੰਡੇ ਆਇਆ, ਉਸ ਉੱਪਰੋਂ ਭਲਵਾਨੀ ਦਾ ਨਸ਼ਾ ਉਤਰਨ ਲੱਗਾ। ਘਰਦਾ ਮਹੌਲ ਬੇਹੱਦ ਧਾਰਮਿਕ ਸੀ। ਕਾਂ ਸ਼ੁਰੂ ਤੋਂ ਹੀ ਭਿੰਡਰਾਵਾਲੇ ਸੰਤਾਂ ਦਾ ਉਪਾਸ਼ਕ ਸੀ। ਉਸ ਉੱਪਰ ਫਿਲਮਾਂ ਦਾ ਪ੍ਰਭਾਵ ਹੋਣ ਕਰਕੇ ਸੰਜੇ ਦੱਤ ਵਾਂਗ ਲੰਮੇ ਵਾਲ ਰੱਖੇ ਹੋਏ ਸਨ। ਇੱਥੇ ਉਸਦੀ ਸਮਝ ਗੋਤਾ ਖਾ ਗਈ। ਬਣਨਾ ਤਾਂ ਉਸਨੂੰ ਨਾਇਕ ਚਾਹੀਦਾ ਸੀ, ਪਰ ਸੁਪਨੇ ਖਲਨਾਇਕ ਬਣਨ ਦੇ ਲੈਣ ਲੱਗ ਪਿਆ। ਪੌਲੀਟੈਕਨਿਕ ਕਾਲਜ ਬਠਿੰਡਾ ਪੜ੍ਹਦਿਆਂ ਭਾਗੂ ਰੋਡ ਤੇ ਇੱਕ ਗਹਿਗੱਚ ਲੜਾਈ ਹੋਈ। ਇਸ ਲੜਾਈ ਵਿੱਚ ਪੁਰਾਤਨ ਹਥਿਆਰਾਂ ਨਾਲ ਪੂਰੀ ਵੱਢ-ਟੁੱਕ ਹੋਈ। ਇਸ ਪਿੱਛੋਂ ਉਸਦੀ ਦਲੇਰੀ ਅਤੇ ਦਹਿਸ਼ਤ ਦੇ ਚਰਚੇ ਇਲਾਕੇ ਵਿੱਚ ਸ਼ੁਰੂ ਹੋ ਗਏ। ਫਿਰ ਇਸ ਨਾਲ ਆਸੇ ਪਾਸੇ ਪਿੰਡਾਂ ਦੇ ਮੁੰਡੇ ਜੁੜਨੇ ਸ਼ੁਰੂ ਹੋ ਗਏ। ਮਤੀ ਦਾਸ ਨਗਰ ਵਿੱਚ ਰਹਿਣ ਕਰਕੇ ਇਹ ਮਤੀ ਦਾਸ ਗਰੁੱਪ ਨਾਲ ਮਸ਼ਹੂਰ ਹੋ ਗਏ। ਸਿਆਣੇ ਕਹਿੰਦੇ ਬਰੂਦ ਹੋਵੇ ਨਾ ਫਟੇ, ‘ਤੇ ਸੂਰਮਾ ਹੋਵੇ ਪਾਸਾ ਵੱਟੇ… ਇਹ ਵੀ ਕਦੇ ਕਦੇ ਹੋ ਜਾਂਦਾ ਹੈ। ਆਪਣਿਆਂ ਵੱਲੋਂ ਰੋਕਣ ਦੇ ਬਾਵਜੂਦ ਦੁਸ਼ਮਣ ਨੂੰ ਕਮਜ਼ੋਰ ਸਮਝਣ ਵਾਲੀ ਬੇਸਮਝੀ ਦਾ ਸ਼ਿਕਾਰ ਹੋ ਗਿਆ। ਪੰਪ ਤੇ ਇਕੱਲਾ ਤੇਲ ਪਵਾਉਦਾ ਮਾਰ ਖਾ ਗਿਆ। ਇਹਨਾਂ ਜ਼ਖ਼ਮਾਂ ਦੀ ਪੀੜ ਨੇ ਸਰੀਰ ਦੀ ਤਾਕਤ ਅਤੇ ਦਲੇਰੀ ਨੂੰ ਇਹੋ ਜਿਹਾ ਕੁਰਾਹੇ ਪਾਇਆ ਉਸਦੀ ਲੰਮੀ ਡਾਂਗ ਵਾਲਾ ਚੰਡਿਆ ਹੋਇਆ ਗੰਡਾਸਾ ਦਸ ਸਾਲ ਖੁੰਢਾ ਨਹੀਂ ਹੋਇਆ। ਉਸਨੇ ਵਿਰੋਧੀ ਗੁੱਟਾਂ ਨਾਲ ਅਨੇਕਾਂ ਹੀ ਲੜਾਈਆਂ ਲੜੀਆਂ । ਚਾਹੇ ਉਹ ਕਾਲਜ ਦੀ ਪ੍ਰਧਾਨਗੀ ਹੋਵੇ, ਯਾਰੀ ਪਿੱਛੇ ਜ਼ਮੀਨ ਦੇ ਕਬਜ਼ੇ , ਟਰੱਕ ਯੂਨੀਅਨ ਦੀ ਪ੍ਰਧਾਨਗੀ, ਪਿੰਡ ਦੀ ਸਰਪੰਚੀ, ਮਿੰਨੀ ਬੱਸਾਂ ਦੇ ਟਾਇਮ ਦੇ ਮਸਲੇ,ਚੋਣਾਂ ਆਦਿ…! ਇੱਕ ਵਾਰੀ ਕਾਲਜ ਦੀ ਪ੍ਰਧਾਨਗੀ ਸਮੇਂ ਅਨੇਕਾਂ ਮੁੰਡਿਆ ਦੀ ਮੌਜੂਦਗੀ ਵਿੱਚ ਸਿਰਫ ਦੋ ਮੁੰਡਿਆ ਨੂੰ ਨਾਲ ਲੈਕੇ ਪੋਸਟਰ ਲੈ ਆਏ ਸਨ, ਅਤੇ ਇਹਨਾਂ ਪੋਸਟਰਾਂ ਨੂੰ ਉਤਾਰਨ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਸੀ। ਅਖੀਰਲੀ ਗੱਲ ਕਿ ਇਲਾਕੇ ਦੀ ਹਰ ਬਦਮਾਸ਼ੀ ਵਿੱਚ ਕਾਂ ਨੇ ਆਪਣਾ ਦਬਦਬਾ ਬਣਾਈ ਰੱਖਿਆ। ਇਹਨਾਂ ਲੜਾਈਆਂ ਦੌਰਾਨ ਕਾਂ ਤੇ ਅਣਗਿਣਤ ਕੇਸ ਪਏ। ਅਨੇਕਾਂ ਵਾਰ ਜੇਲ੍ਹ ਯਾਤਰਾਵਾਂ ਕੀਤੀਆਂ। ਪਹਿਲੀ ਵਾਰ ਜੇਲ੍ਹ ਦੀ ਕਾਲ ਕੋਠੜੀ ਦੀ ਠੰਢੀ ਫ਼ਰਸ਼ ਨੇ ਕਾਫ਼ੀ ਤੰਗ ਪਰੇਸ਼ਾਨ ਕੀਤਾ। ਲਗਾਤਾਰ ਜੇਲ੍ਹ ਅੰਦਰ ਆਉਣ ਜਾਣ ਕਰਕੇ ਸਾਰਾ ਡਰ ਖਤਮ ਹੋ ਗਿਆ। ਕਾਂ ਲਈ ਜੇਲ੍ਹ ਛੁੱਟੀਆਂ ਕੱਟਣ ਵਾਲੀ ਸੁਰੱਖਿਅਤ ਜਗ੍ਹਾ ਬਣ ਗਈ। ਜੇਲ੍ਹ ਅੰਦਰ ਹਰ ਤਰਾਂ ਦੀ ਬੁਰਾਈ ਨਾਲ ਜੁੜੇ ਇਨਸਾਨ ਨਾਲ ਵਾਹ ਪਿਆ। ਪੈਸੇ ਅਤੇ ਦਬਦਬਾ ਵਾਲੇ ਇਨਸਾਨ ਲਈ ਜੇਲ੍ਹ ਦੇ ਕੋਈ ਵੀ ਅਰਥ ਨਹੀਂ ਹਨ। ਇਹ ਸਧਾਰ ਘਰ ਦੀ ਵਜਾਏ ਬਿਮਾਰ ਘਰ ਬਣ ਗਏ ਹਨ। ਹੌਲੀ ਹੌਲੀ ਮਤੀ ਦਾਸ ਗਰੁੱਪ ਨਸ਼ਿਆ ਦਾ ਸ਼ਿਕਾਰ ਹੋ ਗਿਆ। ਫਿਰ ਸਾਰਾ ਸਾਰਾ ਦਿਨ ਖੋਖਿਆਂ ਤੇ ਬੈਠਕੇ ਸਿਗਰਟ, ਬੀੜੀ, ਫੈਂਨਸੀ , ਜਰਦੇ ਅਤੇ ਹੋਰ ਅਨੇਕਾਂ ਕਿਸਮ ਦੇ ਨਸ਼ੇ ਚੱਲਦੇ । ਵੇਚਣ ਵਾਲ਼ਿਆ ਦੀ ਚਾਂਦੀ ਤੇ ਮਾਂਵਾਂ ਦੇ ਪੁੱਤਾਂ ਦੀ ਬਰਬਾਦੀ, ਨਸ਼ਿਆ ਦਾ ਕੋਈ ਟਿਕਾਣਾ ਨਾ ਰਿਹਾ। ਗੱਲ ਖਤਮ ਕਿ ਭੈਣਾਂ ਦੀਆਂ ਡੋਲੀਆਂ ਤੋਰਨ ਵੇਲੇ ਵੀ ਨਸ਼ੇ ਵਿੱਚ ਗੁਲਤਾਨ ਰਿਹਾ। ਲੋਹੇ ਵਰਗਾ ਸਰੀਰ ਸੁੱਕਕੇ ਪਿੰਜਰ ਬਣਦਾ ਜਾ ਰਿਹਾ ਸੀ। ਕਾਂ ਦਾ ਵਿਆਹ 2006 ਵਿੱਚ ਬੀਬੀ ਸੁਖਪਾਲ ਕੌਰ ਨਾਲ ਹੋਇਆ। ਉਹ ਪ੍ਰਮਾਤਮਾਂ ਤੇ ਵਿਸ਼ਵਾਸ ਰੱਖਣ ਵਾਲੀ ਧਾਰਮਿਕ ਕੁੜੀ ਸੀ। ਇਸ ਤਰਾਂ ਨਸ਼ੇ ਦੀ ਮਦਹੋਸ਼ੀ ਵਿੱਚ ਕਾਂ ਦਾ ਐਕਸੀਡੈਂਟ ਹੋ ਗਿਆ। ਹਸਪਤਾਲ ਵਿੱਚ ਉਸਦੀ ਦੋਸਤੀ ਹਰਪਿੰਦਰ ਸਿੰਘ ਗਿਆਨੀ ਨਾਲ ਹੋਈ। ਉਹ ਧਾਰਮਿਕ ਅਤੇ ਭਿੰਡਰਾਵਾਲੇ ਸੰਤਾਂ ਦੀਆਂ ਕਿਤਾਬਾਂ ਪੜ੍ਹਨ ਦਾ ਸ਼ੌਕੀਨ ਸੀ। ਉਸਨੇ ਨੇ ਸੰਤਾਂ ਬਾਰੇ ਕੁਝ ਕਿਤਾਬਾਂ ਪੜ੍ਹਨ ਲਈ ਦਿੱਤੀਆਂ। ਅਸਲ ਵਿੱਚ ਇਹ ਦੁਰਘਟਨਾਂ ਨਹੀਂ ਸੀ ਬਲਕਿ ਇਸ ਦੁਰਘਟਨਾ ਨੇ ਉਸਦੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦਿੱਤਾ। ਮਾਂ ਪਿਓ ਅਤੇ ਘਰਵਾਲ਼ੀ ਦੀਆਂ ਅਰਦਾਸਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ। ਹੌਲੀ ਹੌਲੀ ਉਸਦੇ ਅੰਦਰਲੇ ਇਨਸਾਨ ਨੇ ਜਾਗਣਾ ਸ਼ੁਰੂ ਕਰ ਦਿੱਤਾ। ਲੰਬਾ ਸਮਾਂ ਉਸਦੇ ਅੰਦਰ ਨੇਕੀ ਅਤੇ ਬਦੀ ਦੀ ਲੜਾਈ ਹੋਈ। ਗੁਰੂ ਭਰੋਸੇ ਉਸਦੇ ਅੰਦਰਲੇ ਸ਼ਿੱਦਕ ਨੇ ਇੱਕ ਦਿਨ ਬੁਰਾਈ ਨੂੰ ਹਰਾ ਦਿੱਤਾ । ਜਿਸ ਦੇ ਬਾਪ ਦਾ ਸਿਰੜ ਸਰਹੱਦਾਂ ਦੀਆਂ ਲਕੀਰਾਂ ਬਦਲ ਦਿੰਦਾ ਹੋਵੇ ਉਸਦੇ ਪੁੱਤਰ ਦੀ ਜ਼ਿੰਦਗੀ ਬਦਲਣੀ ਕੋਈ ਵੱਡੀ ਗੱਲ ਨਹੀਂ ਸੀ। ਖੰਖਾਰੂ ਬਿਰਤੀ ਵਾਲਾ ਕਾਂ 2014 ਵਿੱਚ ਆਪਣੇ ਦੋਵੇਂ ਪੁੱਤਰਾ ਅਤੇ ਧਰਮ ਪਤਨੀ ਨਾਲ ਅੰਮ੍ਰਿਤਪਾਨ ਕਰਕੇ ਨਿਮਰਤਾ ਦਾ ਪੁੰਜ ਰਜਿੰਦਰਪਾਲ ਸਿੰਘ ਖਾਲਸਾ ਬਣ ਗਿਆ। ਇਸ ਵਿੱਚ ਆਪਣੇ ਮਾਂ ਬਾਪ ਅਤੇ ਪੁਰਖਿਆਂ ਦਾ ਅਣਖੀ ਅਤੇ ਜੰਝਾਰੂ ਖੂੰਨ ਸੀ। ਜਿਸ ਨੂੰ ਇਸਨੇ ਸਹੀ ਰਸਤੇ ਤੇ ਲਿਆ ਖੜਾ ਕੀਤਾ। ਰਜਿੰਦਰਪਾਲ ਸਿੰਘ ਖਾਲਸਾ ਦੀ ਆਪਣੇ ਗੁਨਾਹ ਕਬੂਲਣ ਵਾਲੀ ਦਲੇਰੀ ਦੀ ਦਾਦ ਦੇਣੀ ਬਣਦੀ ਹੈ। ਹੁਣ ਉਸਦੀ ਜ਼ਿੰਦਗੀ ਦਾ ਹੁਸੀਨ ਸਫਰ ਜ਼ਿੰਦਗੀ ਦੀਆਂ ਨਵੀਂਆਂ ਲੀਹਾਂ ਵੱਲ ਤੁਰ ਪਿਆ ਹੈ। ਅਨੰਦ ਦੀ ਪ੍ਰਪਤੀ ਵੱਲ ਤੁਰੇ ਗੁਰਸਿੱਖ ਦਾ ਰਸਤਾ ਕਦੇ ਖਤਮ ਨਹੀਂ ਹੁੰਦਾ, ਮੈ ਆਸ ਕਰਦਾ ਜੁਝਾਰੂ ਨੌਜਵਾਨ ਸਮਾਜ ਦੀਆਂ ਬੁਰੀਆਂ ਨਾਲ ਲੜਕੇ ਇੱਕ ਨਵਾਂ ਇਤਿਹਾਸ ਲਿਖੇਗਾ। ਸਾਡੇ ਸਮਾਜ ਸਮਾਜ ਨੂੰ ਇਸ ਵੀਰ ਦੇ ਕੌੜੇ ਤਜਰਬਿਆਂ ਦਾ ਲਾਭ ਲੈਣਾ ਚਾਹੀਦਾ ਹੈ। ਇਸ ਵੀਰ ਨੂੰ ਪਿੰਡਾਂ ਵਿੱਚ ਸਤਿਕਾਰ ਦੇਕੇ, ਪ੍ਰੋ. ਧਰਮਵੀਰ ਚੱਠਾ ਵੱਲੋਂ ਲਿਖੀ ਕਿਤਾਬ “ਕਾਗਹੁ ਹੰਸੁ ਕਰੇਇ” ਉੱਪਰ ਸੈਮੀਨਰ ਕਰਵਾਉਣੇ ਚਾਹੀਦੇ ਹਨ। ਅਤੇ ਨੌਜਵਾਨਾਂ ਅੰਦਰ ਇਹ ਕਿਤਾਬ ਜਾਗ੍ਰਿਤੀ ਵਜੋਂ ਵੰਡਣੀ ਚਾਹੀਦੀ ਹੈ, ਤਾਂ ਜੋ ਲੋਕਾਂ ਦੇ ਪੁੱਤ ਆਪਣੀ ਕੀਮਤੀ ਜ਼ਿੰਦਗੀ ਤੋ ਭਟਕਕੇ ਬਰਬਾਦੀ ਤੋ ਬਚ ਸਕਣ।
ਗੁਰਿੰਦਰਜੀਤ ਸਿੰਘ ‘ਨੀਟਾ ਮਾਛੀਕੇ’
ਫਰਿਜ਼ਨੋ ਕੈਲੀਫੋਰਨੀਆਂ
ਫੋਨ- 559-333-5776

Leave a Reply

Your email address will not be published. Required fields are marked *