ਬੜ੍ਹਕ : ਅਸੀਂ ਜੀ ਚੀਨ ਨਾਲ ‘ਨਜਿੱਠ’ ਲਵਾਂਗੇ- ਰਾਵਤ

ਨਵੀਂ ਦਿੱਲੀ : ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਅੱਜ ਕਿਹਾ ਕਿ ਭਾਰਤੀ ਸੈਨਾ ਚੀਨੀ ਗਤੀਵਿਧੀਆਂ ਨਾਲ ਨਜਿੱਠਣ ਦੇ ਸਮਰੱਥ ਹੈ। ਅਮਰੀਕਾ-ਭਾਰਤ ਕੂਟਨੀਤਕ ਭਾਈਵਾਲੀ ਮੰਚ ’ਤੇ ਗੱਲਬਾਤ ਕਰਦਿਆਂ ਜਨਰਲ ਰਾਵਤ ਨੇ ਕਿਹਾ ਕਿ ਭਾਰਤ ਨੂੰ ਪਰਮਾਣੂ ਹਥਿਆਰਾਂ ਸਮੇਤ ਕਈ ਤਰ੍ਹਾਂ ਦੀਆਂ ਚੁਣੌਤੀਆਂ ਤੇ ਚਿਤਾਵਨੀਆਂ ਦਰਪੇਸ਼ ਹਨ ਪਰ ਭਾਰਤੀ ਹਥਿਆਰਬੰਦ ਦਸਤੇ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਤਿਆਰ ਹਨ। ਉਨ੍ਹਾਂ ਇਸ ਆਨਲਾਈਨ ਸਮਾਗਮ ਦੌਰਾਨ ਕਿਹਾ, ‘ਪਿੱਛੇ ਜਿਹੇ ਚੀਨ ਵੱਲੋਂ ਕਈ ਹਮਲਾਵਰ ਗਤੀਵਿਧੀਆਂ ਕੀਤੀਆਂ ਗਈਆਂ ਹਨ ਪਰ ਅਸੀਂ ਅਜਿਹੇ ਹਾਲਾਤ ਨਾਲ ਸਹੀ ਢੰਗ ਨਾਲ ਨਜਿੱਠਣ ਦੇ ਸਮਰੱਥ ਹਾਂ।’ ਉਨ੍ਹਾਂ ਕਿਹਾ, ‘ਅਸੀਂ ਪਾਕਿਸਤਾਨ ਨੂੰ ਚਿਤਾਵਨੀ ਦਿੰਦੇ ਹਾਂ ਕਿ ਜੇਕਰ ਉਸ ਨੇ ਚੀਨ ਨਾਲ ਵਿਵਾਦ ਦਾ ਲਾਹਾ ਲੈਂਦਿਆਂ ਸਰਹੱਦ ’ਤੇ ਕੋਈ ਕਾਰਵਾਈ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ।’ ਉਨ੍ਹਾਂ ਇਸ ਮੌਕੇ ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ’ਚ ਅਤਿਵਾਦੀ ਭੇਜ ਕੇ ਜੰਗ ਛੇੜਨ ਦੀਆਂ ਕੋਸ਼ਿਸ਼ਾਂ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਹਿੰਦ-ਪ੍ਰਸ਼ਾਂਤ ਖੇਤਰ ਬਾਰੇ ਭਾਰਤ ਦਾ ਨਜ਼ਰੀਆ, ਅਮਰੀਕਾ ਨਾਲ ਰੱਖਿਆ ਤੇ ਸੁਰੱਖਿਆ ਸਮਝੌਤਿਆਂ ਅਤੇ ਭਾਰਤ ਸਰਕਾਰ ਦੀ ਰੱਖਿਆ ਖੇਤਰ ’ਚ ਆਤਮਨਿਰਭਰਤਾ ਬਾਰੇ ਵੀ ਗੱਲਬਾਤ ਕੀਤੀ।