ਦੁਬਈ: ਦੋ ਪੰਜਾਬੀਆਂ ਦੀ ਮਾੜੀ ਹਾਲਤ ਦੀ ਵੀਡੀਓ ਵਾਇਰਲ

ਕਾਦੀਆਂ : ਸਿਆਸੀ ਕਾਰਨਾਂ ਕਰਕੇ ਭਾਰਤ-ਪਾਕਿਸਤਾਨ ਵਿਚਾਲੇ ਬੇਸ਼ੱਕ ਆਪਸੀ ਸਬੰਧ ਖ਼ਰਾਬ ਰਹਿੰਦੇ ਹਨ ਪਰ ਦੋਵੇਂ ਦੇਸ਼ਾਂ ਦੇ ਲੋਕਾਂ ਦਾ ਭਾਈਚਾਰਾ ਕਾਇਮ ਹੈ। ਇਸੇ ਤਹਿਤ ਦੁਬਈ ’ਚ ਰਹਿਣ ਵਾਲੇ ਪਾਕਿਸਤਾਨੀ ਮੂਲ ਦੇ ਇੱਕ ਨੌਜਵਾਨ ਰਈਸ ਨੇ ਦੋ ਪੰਜਾਬੀਆਂ ਦੀ ਤਰਸਯੋਗ ਹਾਲਤ ਬਾਰੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਜਾਰੀ ਕਰਕੇ ਮਦਦ ਦੀ ਮੰਗ ਕੀਤੀ ਹੈ। ਵੀਡੀਓ ਵਿੱਚ ਉਸ ਨੇ ਦੱਸਿਆ ਕਿ ਗੁਰਦੀਪ ਸਿੰਘ ਵਾਸੀ ਠੀਕਰੀਵਾਲ (ਕਾਦੀਆਂ) ਅਤੇ ਚਰਨਜੀਤ ਸਿੰਘ ਵਾਸੀ ਜ਼ਿਲ੍ਹਾ ਕਪੂਰਥਲਾ ਪਿਛਲੇ ਇੱਕ ਹਫਤੇ ਤੋਂ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ ਹਨ। ਇਨ੍ਹਾਂ ਕੋਲ ਲੋੜੀਂਦੇ ਕਾਗ਼ਜ਼ਾਤ ਨਹੀਂ ਹਨ, ਜਿਸ ਦੇ ਆਧਾਰ ਤੇ ਇਨ੍ਹਾਂ ਦੀ ਸਹੀ ਪਛਾਣ ਕਰਵਾ ਕੇ ਇਨ੍ਹਾਂ ਨੂੰ ਭਾਰਤ ਭੇਜਿਆ ਜਾ ਸਕੇ। ਵੀਡੀਓ ਵਿੱਚ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਪੈਰਾਂ ’ਤੇ ਇੱਕ ਵਾਹਨ ਚੜ੍ਹਨ ਕਾਰਨ ਉਹ ਜ਼ਖ਼ਮੀ ਹੈ।

ਗੁਰਦੀਪ ਸਿੰਘ ਦੇ ਪਰਿਵਾਰ ਨਾਲ ਮੀਡੀਆ ਦਾ ਸੰਪਰਕ ਹੋ ਗਿਆ ਹੈ। ਉਸ ਦੀ ਮਾਤਾ ਗੁਰਦੀਪ ਕੌਰ ਅਤੇ ਚਾਚਾ ਮੰਗਲ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਨਾਲ ਏਜੰਟ ਨੇ ਧੋਖਾ ਕੀਤਾ ਹੈ। ਉਸ ਨੂੰ ਦੋ ਸਾਲ ਦਾ ਵੀਜ਼ਾ ਮਿਲਣ ਦਾ ਕਹਿ ਕੇ ਤਿੰਨ ਮਹੀਨੇ ਦੇ ਟੂਰਿਸਟ ਵੀਜ਼ੇ ’ਤੇ ਭੇਜਿਆ ਗਿਆ ਸੀ। ਉਨ੍ਹਾਂ ਏਜੰਟ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਸ ਸਬੰਧੀ ਏਜੰਟ ਨੇ ਦੱਸਿਆ ਕਿ ਉਸ ਨੇ ਗੁਰਦੀਪ ਸਿੰਘ ਨੂੰ ਛੇ ਸਾਲ ਪਹਿਲਾਂ ਦੁਬਈ ਭੇਜਿਆ ਸੀ। ਉਥੇ ਉਹ ਤਿੰਨ ਸਾਲ ਰਹਿਣ ਮਗਰੋਂ ਵਾਪਸ ਆ ਗਿਆ ਸੀ। ਇਸ ਤੋਂ ਬਾਅਦ ਉਸ ਨੇ ਉਸ ਨੂੰ ਵਿਦੇਸ਼ ਨਹੀਂ ਭੇਜਿਆ। ਪਰਿਵਾਰ ਵੱਲੋਂ ਉਸ ’ਤੇ ਲਾਏ ਗਏ ਦੋਸ਼ ਬੇਬੁਨਿਆਦ ਹਨ। ਉਸ ਨੇ ਕਿਹਾ ਕਿ ਉਹ ਵਿਦੇਸ਼ ਭੇਜਣ ਦਾ ਕੰਮ ਕਾਫੀ ਪਹਿਲਾਂ ਤੋਂ ਛੱਡ ਚੁੱਕਾ ਹੈ। ਉਸ ਨੇ ਪੁਲੀਸ ਕੋਲੋਂ ਜਾਂਚ ਦੀ ਮੰਗ ਕੀਤੀ ਹੈ। ਦੂਜੇ ਪਾਸੇ ਚਰਨਜੀਤ ਸਿੰਘ ਦੇ ਪਰਿਵਾਰ ਬਾਰੇ ਹਾਲੇ ਕੁਝ ਪਤਾ ਨਹੀਂ ਲੱਗ ਸਕਿਆ।

ਪਾਕਿਸਤਾਨੀ ਨੌਜਵਾਨ ਮਦਦ ਲਈ ਆਇਆ ਅੱਗੇ

ਵੀਡੀਓ ਜਾਰੀ ਕਰਨ ਵਾਲੇ ਪਾਕਿਸਤਾਨੀ ਨੌਜਵਾਨ ਰਈਸ ਨੇ ਅਪੀਲ ਕੀਤੀ ਹੈ ਕਿ ਗੁਰਦੀਪ ਸਿੰਘ ਤੇ ਚਰਨਜੀਤ ਸਿੰਘ ਦੇ ਪਰਿਵਾਰਾਂ ਦਾ ਪਤਾ ਲਗਾ ਕੇ ਇਨ੍ਹਾਂ ਦੇ ਲੋੜੀਂਦੇ ਕਾਗਜ਼ ਭੇਜੇ ਜਾਣ ਤਾਂ ਕਿ ਉਸ ਨੂੰ ਵਾਪਸ ਭੇਜਣ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ। ਫ਼ਿਲਹਾਲ ਰਈਸ ਹੀ ਆਪਣੇ ਸਾਥੀਆਂ ਦੀ ਸਹਾਇਤਾ ਨਾਲ ਇਨ੍ਹਾਂ ਨੂੰ ਖਾਣਾ ਪਹੁੰਚਾ ਰਿਹਾ ਹੈ।

Leave a Reply

Your email address will not be published. Required fields are marked *