ਨੌਵੀਂ ਤੇ ਬਾਰ੍ਹਵੀਂ ਲਈ ਅੰਸ਼ਕ ਤੌਰ ’ਤੇ ਸਕੂਲ ਖੋਲ੍ਹਣ ਲਈ ਹਦਾਇਤਾਂ ਜਾਰੀ

ਨਵੀਂ ਦਿੱਲੀ : ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੰਗਲਵਾਰ ਨੂੰ 21 ਸਤੰਬਰ ਤੋਂ ਅੰਸ਼ਕ ਤੌਰ ’ਤੇ ਨੌਵੀਂ ਅਤੇ ਬਾਰ੍ਹਵੀਂ ਲਈ ਸਕੂਲ ਖੋਲ੍ਹਣ ਅਤੇ ਅਧਿਆਪਨ ਗਤੀਵਿਧੀਆਂ ਸ਼ੁਰੂ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਇਕ ਬਿਆਨ ਵਿੱਚ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ, ‘ ਭਾਰਤ ਸਰਕਾਰ ਪੜਾਅਵਾਰ ਗਤੀਵਿਧੀਆਂ ’ਤੇ ਪਾਬੰਦੀ ਹਟਾ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਵਿੱਚ ਸਕੂਲਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਤਹਿਤ ਇੱਛਤ ਤੌਰ ’ਤੇ ਨੌਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਅਜਿਹਾ ਕੀਤਾ ਜਾ ਸਕਦਾ ਹੈ। ਤਾਂ ਜੋ ਵਿਦਿਆਰਥੀ ਅਧਿਆਪਕਾਂ ਤੋਂ ਮਾਰਗਦਰਸ਼ਨ ਲੈ ਸਕਣ। ਇਸ ਦੀ ਸ਼ੁਰੂਆਤ 21 ਸਤੰਬਰ ਤੋਂ ਕੀਤੀ ਜਾ ਰਹੀ ਹੈ। ’ ਉਨ੍ਹਾਂ ਕਿਹਾ ਕਿ ਇਸ ਤਹਿਤ ਅਹਿਤਿਆਤ ਵਜੋਂ ਅਧਿਆਪਕਾਂ, ਮੁਲਾਜ਼ਮਾਂ ਅਤੇ ਵਿਦਿਆਰਥੀਆਂ ਨੂੰ 6 ਫੁੱਟ ਦੀ ਸਮਾਜਿਕ ਦੂਰੀ , ਮਾਸਕ ਲਾਉਣਾ, ਵਕਫ਼ੇ ਬਾਅਦ ਹੱਥ ਧੋਣ, ਸਿਹਤ ਦੀ ਸਵੈ ਜਾਂਚ ਅਤੇ ਨਾ ਥੁੱਕਣ ਦੀ ਹਦਾਇਤ ਦਾ ਪਾਲਣ ਕਰਨਾ ਪਵੇਗਾ। ਸਕੂਲਾਂ ਨੂੰ ਖਾਸਤੌਰ ’ਤੇ ਆਨਲਾਈਨ ਅਤੇ ਡਿਸਟੈਂਸ ਲਰਨਿੰਗ ਨੂੰ ਜਾਰੀ ਰੱਖਣ ਅਤੇ ਉਸ ਨੂੰ ਉਤਸ਼ਾਹਤ ਕਰਨਾ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ। ਇਸ ਤਹਿਤ ਨੌਂਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਅਧਿਆਪਕਾਂ ਤੋਂ ਮਾਰਗਦਰਸ਼ਨ ਲੈਣ ਲਈ ਇੱਛਤ ਤੌਰ ’ਤੇ ਸਕੂਲ ਜਾਣ ਦੀ ਇਜਾਜ਼ਤ ਹੋਵੇਗੀ। ਇਸ ਲਈ ਮਾਪਿਆਂ ਦੀ ਲਿਖਤ ਮਨਜ਼ੂਰੀ ਜ਼ਰੂਰੀ ਹੋਵੇਗੀ। ਨੇਮਾਂ ਅਨੁਸਾਰ ਕੰਟੇਨਮੈਂਟ ਜ਼ੋਨ ਤੋਂ ਬਾਹਰਲੇ ਸਕੂਲ ਹੀ ਖੋਲ੍ਹੇ ਜਾ ਸਕਣਗੇ। ਕੰਟੇਨਮੈਂਟ ਜ਼ੋਨ ਵਿੱਚ ਰਹਿਣ ਵਾਲੇ ਵਿਦਿਆਰਥੀ, ਅਧਿਆਪਕ ਅਤੇ ਮੁਲਾਜ਼ਮਾਂ ਨੂੰ ਸਕੂਲ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸੇ ਤਰ੍ਹਾਂ ਵਿਦਿਆਰਥੀਆਂ, ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕੰਟੇਨਮੈਂਟ ਜ਼ੋਨਾਂ ਵਿੱਚ ਨਾ ਜਾਣ। ਅਧਿਆਪਨ ਗਤੀਵਿਧੀਆਂ ਸ਼ੁਰੂ ਕਰਨ ਤੋਂ ਪਹਿਲਾਂ ਲੈਬਾਰਟਰੀਆਂ ਸਮੇਤ ਪੂਰੀ ਇਮਾਰਤ ਨੂੰ ਸੈਨੇਟਾਈਜ਼ ਕਰਨਾ ਲਾਜ਼ਮੀ ਹੋੋਵੇਗਾ।

Leave a Reply

Your email address will not be published. Required fields are marked *