ਮੋਰਚਾ ਵਾਪਸ ਲੈਣ ਦੇ ਫੈਸਲੇ ਤੋਂ ਸ:ਲਾਲਪੁਰਾ ਤੇ ਗਿਆਨੀ ਅਜਮੇਰ ਸਿੰਘ ਆਪਸ ਵਿਚ ਉਲਝੇ-ਸਤਨਾਮ ਸਿੰਘ ਚਾਹਲ

ਸ੍ਰੋਮਣੀ ਅਕਾਲੀ ਦਲ ਵਲੋਂ ਦਿਲ਼ੀ ਗੁਰੂਦੁਆਰਾ ਪਰਬੰਧਕ ਕਮੇਟੀ ਸਬੰਧੀ ਕੇਂਦਰ ਸਰਕਾਰ ਵਿਰੁਧ ਲਗਾਏ ਗਏ ਮੋਰਚੇ ਅਧੀਨ ਨਵੀਂ ਦਿੱਲੀ ਵਿਚ ਸ਼ੁਰੂ ਹੋਇਆ ਅਕਾਲੀਆਂ ਦਾ ਮੋਰਚਾ ਪੂਰੇ ਜੋਬਨ ਉਪਰ ਸੀ। ਹਰ ਰੋਜ ਜਿਥੇ ਅਕਾਲੀ ਦਲ ਦੇ ਜਥੇ ਪੰਜਾਬ ਤੋਂ ਗਰਿਫਤਾਰੀਆਂ ਦੇਣ ਲਈ ਦਿੱਲੀ ਪਹੁੰਚ ਰਹੇ ਸਨ ਉਥੇ ਨਵੀ ਦਿੱਲੀ ਦੀ ਤਿਹਾੜ ਜੇਲ ਤੇ ਹੋਰ ਵਖ ਵਖ ਥਾਵਾਂ ਤੇ ਨਜਰਬੰਦ ਅਕਾਲੀ ਆਗੂਆਂ ਨੂੰ ਸਰਕਾਰ ਉਹਨਾਂ ਦੀ ਕੈਦ ਦਾ ਸਮਾਂ ਪੂਰਾ ਹੋਣ ਕਰਕੇ ਰਿਹਾ ਕਰ ਰਹੀ ਸੀ। ਪਰ ਅਕਾਲੀ ਦਲ ਵਲੋਂ ਚਲਾਏ ਗਏ ਮੋਰਚੇ ਅਧੀਨ ਇਹ ਫੈਸਲਾ ਕੀਤਾ ਗਿਆ ਸੀ ਕਿ ਕੌਈ ਵੀ ਅਕਾਲੀ ਆਗੂ ਜੇਲ ਤੋਂ ਰਿਹਾ ਹੋਣ ਤੋਂ ਬਾਅਦ ਤਦ ਤਕ ਆਪਣੇ ਘਰ ਵਾਪਸ ਨਹੀਂ ਜਾਏਗਾ ਜਦ ਤਕ ਕੇਂਦਰ ਸਰਕਾਰ ਅਕਾਲੀਆਂ ਦੀਆਂ ਮੰਗਾਂ ਪਰਵਾਨ ਕਰਨ ਦਾ ਐਲਾਨ ਨਹੀਂ ਕਰ ਦਿੰਦੀ। ਇਸੇ ਲਈ ਅਕਾਲੀ ਦਲ ਦੇ ਪਰੋਗਰਾਮ ਤਹਿਤ ਜੇਲਾਂ ਵਿਚੋਂ ਆਪਣੀ ਕੈਦ ਦਾ ਸਮਾਂ ਪੂਰਾ ਕਰਨ ਵਾਲੇ ਅਕਾਲੀ ਆਗੂ ਆਪਣੀ ਰਿਹਾਈ ਹੋਣ ਤੋਂ ਬਾਅਦ ਨਵੀਂ ਦਿੱਲੀ ਦੇ ਚਾਂਦਨੀ ਚੌਕ ਵਿਚ ਗੁਰੂਦੁਆਰਾ ਸੀਸ ਗੰਜ ਦੇ ਬਿਲਕੁਲ ਸਾਹਮਣੇ ਸਰਕਾਰ ਵਿਰੁਧ ਨਾਹਰੇਬਾਜੀ ਕਰਦੇ ਹੋਏ ਆਪਣੇ ਆਪ ਨੁੰ ਫਿਰ ਗਰਿਫਤਾਰੀ ਲਈ ਪੇਸ਼ ਕਰ ਦਿੰਦੇ ਸਨ। ਇਸ ਲਈ ਸੈਂਟਰਲ ਜੇਲ ਤਿਹਾੜ ਤੇ ਹੋਰ ਜਨਤਕ ਇਮਾਰਤਾਂ ਵਿਚ ਅਕਾਲੀ ਆਗੂਆਂ ਦੀ ਨਜਰਬੰਦੀ ਕਾਰਣ ਕੇਂਦਰ ਸਰਕਾਰ ਕੋਲ ਅਕਾਲੀਆਂ ਨੂੰ ਨਜਰਬੰਦ ਕਰਕੇ ਰੱਖਣ ਲਈ ਕੋਈ ਜਗਾ ਦਾ ਨਾ ਹੋਣਾ ਕੇਂਦਰ ਸਰਕਾਰ ਲਈ ਮੁਸੀਬਤ ਦਾ ਕਾਰਣ ਬਣ ਰਿਹਾ ਸੀ। ਇਸ ਲਈ ਸਰਕਾਰ ਨੇ ਫੈਸਲਾ ਕੀਤਾ ਕਿ ਰਿਹਾ ਹੋਣ ਵਾਲੇ ਅਕਾਲੀ ਕੈਦੀਆਂ ਨੂੰ ਦੁਬਾਰਾ ਗਰਿਫਤਾਰੀ ਦੇਣ ਤੋਂ ਰੋਕਣ ਲਈ ਨਵੀਂ ਦਿੱਲੀ ਦੇ ਬਾਰਡਰ ਉਪਰ ਇਹਨਾਂ ਅਕਾਲੀ ਆਗੂਆ ਨੂੰ ਛੱਡਣ ਦਾ ਫੈਸਲਾ ਕਰ ਲਿਆ।
ਉਧਰ ਅਕਾਲੀ ਦਲ ਨੇ ਸਰਕਾਰ ਦੇ ਇਸ ਫੈਸਲੇ ਦਾ ਮੁਕਾਬਲਾ ਕਰਨ ਇਹ ਰਣਨੀਤੀ ਅਪਣਾਈ ਕਿ ਜਿਹੜੀਆਂ ਗੱਡੀਆਂ ਵਿਚ ਸਰਕਾਰ ਅਕਾਲੀ ਕੈਦੀਆਂ ਨੂੰ ਛੱਡਣ ਲਈ ਨਵੀ ਦਿੱਲੀ –ਯੂ.ਪੀ ਬਾਰਡਰ ਉਪਰ ਛੱਡਣ ਲਈ ਜਾਏਗੀ ਅਕਾਲੀ ਆਗੂ ਉਹਨਾਂ ਪੁਲੀਸ ਦੀਆਂ ਗੱਡੀਆਂ ਦੇ ਟਾਇਰਾਂ ਵਿਚੋਂ ਫੂਕ ਕਢਣ ਦਾ ਸਿਲਸਿਲਾ ਆਰੰਭ ਕਰਨਗੇ। ਸੋ ਇਸ ਸਾਰੀ ਸਰਕਾਰੀ ਚਾਲ ਵਿਚ ਸਰਕਾਰ ਨੇ ਕੋਈ ਪਰਾਪਤੀ ਹੁੰਦੀ ਨਾ ਦੈਖ ਕੇ ਸਰਕਾਰ ਨੂੰ ਇਹ ਰਣਨੀਤੀ ਬਦਲਣੀ ਪਈ। ਹੁਣ ਜੇਲਾਂ ਵਿਚ ਅਕਾਲੀ ਆਗੂਆਂ ਦੀ ਨਜਰਬੰਦੀ ਕਾਰਣ ਦੂਸਰੇ ਕੈਦੀਆਂ ਨੂੰ ਨਜਰਬੰਦ ਕਰਕੇ ਰੱਖਣ ਲਈ ਕੋਈ ਵੀ ਜਗਾ ਬਾਕੀ ਨਹੀਂ ਬਚੀ ਸੀ। ਤਿਹਾੜ ਜੇਲ ਵਿਚੋਂ ਹੁਣ ਸੰਤ ਫਤਹਿ ਸਿੰਘ ਨੂੰ ਤਬਦੀਲ ਕਰਕੇ ਪਹਾੜਗੰਜ ਦੀ ਕਿਸੇ ਇਮਾਰਤ ਵਿਚ ਤਬਦੀਲ ਕਰ ਦਿਤਾ ਗਿਆ ਸੀ। ਲੇਕਿਨ ਤਿਹਾੜ ਜੇਲ ਵਿਚ ਦੂਸਰੀ ਅਕਾਲੀ ਲੀਡਰਸ਼ਿਪ ਦੇ ਸਾਰੇ ਆਗੂ ਨਜਰਬੰਦ ਰਖੇ ਗਏ ਸਨ। ਜਿਹਨਾਂ ਵਿਚ ਆਤਮਾ ਸਿੰਘ, ਸ: ਰਵੀਇੰਦਰ ਸਿੰਘ, ਪਰੇਮ ਸਿੰਘ ਲਾਲਪੁਰਾ, ਸੁਰਜੀਤ ਸਿੰਘ ਬਰਨਾਲਾ, ਬਲਵਿੰਦਰ ਸਿੰਘ ਭੂੰਦੜ, ਜੀਵਣ ਸਿੰਘ ਉਮਰਾਨੰਗਲ, ਸਤਨਾਮ ਸਿੰਘ ਕਾਦੀਆਂ, ਸਰਦਾਰਾ ਸਿੰਘ ਕੋਹਲੀ, ਜਥੇਦਾਰ ਸੰਤੋਖ ਸਿੰਘ ਆਦਿ ਆਗੂ ਸ਼ਾਮਲ ਸਨ। ਇਸ ਲਈ ਸਾਰੇ ਮੋਰਚੇ ਦੀ ਰੂਪ ਰੇਖਾਂ ਨੂੰ ਪਰਭਾਵਤ ਕਰਨ ਲਈ ਤਿਹਾੜ ਜੇਲ ਵਿਚ ਬੈਠੇ ਅਕਾਲੀ ਆਗੂਆਂ ਦੀ ਬਹੁਤ ਭੂਮਿਕਾ ਸੀ। ਜਿਸ ਵਕਤ ਅਕਾਲੀ ਮੋਰਚੇ ਅਧੀਨ ਅਕਾਲੀ ਆਗੂਆਂ ਦੀਆਂ ਲਗਾਤਾਰ ਗਰਿਫਤਾਰੀਆਂ ਨੇ ਸਰਕਾਰ ਦੀ ਨੀਂਦ ਹਰਾਮ ਕਰ ਦਿਤੀ ਉਸ ਵਕਤ ਸਰਕਾਰ ਕੋਈ ਵਿਚ ਵਿਚਾਲੇ ਦਾ ਰਸਤਾ ਲੱਭਣ ਲਈ ਅਕਾਲੀ ਆਗੂਆਂ ਤਕ ਆਪਣੀ ਪਹੁੰਚ ਬਣਾਈ ਰਖ ਰਹੀ ਸੀ। ਲੇਕਿਨ ਇਹਨਾਂ ਦਿਨਾਂ ਵਿਚ ਭਾਰਤ-ਪਾਕਿ ਲੜਾਈ ਸ਼ੂਰੂ ਹੋ ਗਈ ਜਿਸ ਕਾਰਣ ਕੇਂਦਰ ਸਰਕਾਰ ਤੇ ਭਾਰਤ ਦੀ ਪਰਧਾਨ ਮੰਤਰੀ ਇੰਦਰਾਂ ਗਾਂਧੀ ਨੇ ਅਕਾਲੀਆਂ ਨੂੰ ਦੈਸ਼ ਭਗਤੀ ਦਾ ਪਾਠ ਪੜਾਉਂਦੇ ਹੋਏ ਮੋਰਚਾ ਵਾਪਸ ਲੈਣ ਦੀਆਂ ਅਪੀਲਾਂ ਕਰਨੀਆਂ ਸ਼ੁਰੂ ਕਰ ਦਿਤੀਆਂ।
ਇਸ ਲੜਾਈ ਨਾਲ ਪੈਦਾ ਹੋਈ ਸਥਿਤੀ ਸਬੰਧੀ ਵਿਚਾਰ ਕਰਨ ਲਈ ਅਕਾਲੀ ਦਲ ਦੀ ਜੇਲ ਵਿਚੋਂ ਬਾਹਰ ਰਹੀ ਲੀਡਰਸ਼ਿਪ ਨੇ ਸੰਤ ਫਤਹਿ ਸਿੰਘ ਨਾਲ ਸਲਾਹ ਮਸ਼ਵਰਾ ਕਰਕੇ ਅਕਾਲੀ ਮੋਰਚੇ ਨੂੰ ਵਾਪਸ ਲੈਣ ਦਾ ਫੈਸਲਾ ਕਰ ਲਿਆ। ਤਿਹਾੜ ਜੇਲ ਵਿਚ ਅਕਾਲੀ ਮੋਰਚੇ ਨੂੰ ਵਾਪਸ ਲੈਣ ਦੀ ਸੂਚਨਾ ਦੇਣ ਲਈ ਉਸ ਵੇਲੇ ਦੇ ਸ੍ਰੋਮਣੀ ਅਕਾਲੀ ਦਲ ਦੇ ਸੈਕਟਰੀ ਗਿਆਨੀ ਅਜਮੇਰ ਸਿੰਘ ਤਿਹਾੜ ਜੇਲ ਵਿਚ ਆਏ। ਜੇਲ ਵਿਚ ਨਜਰਬੰਦ ਸਮੁੱਚੀ ਅਕਾਲੀ ਲੀਡਰਸ਼ਿਪ ਇਕ ਸਥਾਨ ਤੇ ਇਕਠੀ ਹੋਈ। ਗਿਆਨੀ ਅਜਮੇਰ ਸਿੰਘ ਜੀ ਨੇ ਫੈਸਲਾ ਸੁਣਾਇਆ ਕਿ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਕਿ ਭਾਰਤ –ਪਾਕਿਸਤਾਨ ਦਰਮਿਆਨ ਆਰੰਭ ਹੋ ਚੁਕੀ ਲੜਾਈ ਦੇ ਮਦੇਨਜਰ ਮੋਰਚਾ ਵਾਪਸ ਲਿਆ ਜਾਵੇ। ਇਹ ਫੈਸਲਾ ਸੁਣਾਉਂਦੇ ਹੋਏ ਗਿਆਨੀ ਅਜਮੇਰ ਸਿੰਘ ਕਹਿ ਬੈਠੇ ਕਿ ਅਕਾਲੀ ਲੀਡਰਸ਼ਿਪ ਮਹਿਸੂਸ ਕਰਦੀ ਹੈ ਕਿ ਸਾਨੂੰ ਦੇਸ਼ ਦੇ ਹਿਤ ਪਹਿਲਾਂ ਪਿਆਰੇ ਹਨ ਤੇ ਧਰਮ ਬਾਅਦ ਵਿਚ। ਬਸ ਗਿਆਨੀ ਜੀ ਵਲੋਂ ਇਹ ਗਲ ਕਹਿਣ ਦੀ ਦੇਰ ਹੀ ਕਿ ਸ: ਪਰੇਮ ਸਿੰਘ ਲਾਲਪੁਰਾ ਲੋਹੇ ਲਾਖੇ ਹੋ ਕਿ ਗਿਆਨੀ ਜੀ ਨੂੰ ਕਹਿਣ ਲਗੇ ਨਹੀਂ ਇਹ ਗਲ ਬਿਲਕੁਲ ਮੰਨੀ ਨਹੀਂ ਜਾ ਸਕਦੀ । ਉਹਨਾਂ ਕਿਹਾ ਕਿ ਸਾਨੂੰ ਦੇਸ਼ ਨਹੀਂ ਸਗੋਂ ਸਾਡਾ ਧਰਮ ਪਹਿਲਾਂ ਪਿਆਰਾ ਹੈ। ਇਸ ਲਈ ਸਾਨੂੰ ਇਹ ਫੈਸਲਾ ਬਿਲਕੁਲ ਮਨਜੂਰ ਨਹੀਂ ਹੈ। ਸ: ਪਰੇਮ ਸਿੰਘ ਲਾਲਪੁਰਾ ਉਸ ਵਕਤ ਅਕਾਲੀ ਦਲ ਦੀ ਪਹਿਲੀ ਕਤਾਰ ਦੇ ਲੀਡਰਾਂ ਵਿਚ ਸ਼ਾਮਲ ਸਨ ਇਸ ਲਈ ਉਹਨਾਂ ਵਲੋਂ ਕਹੀ ਹੋਈ ਗਲ ਦਾ ਕੋਈ ਅਰਥ ਹੁੰਦਾ ਸੀ। ਬਾਅਦ ਵਿਚ ਗਿਆਨੀ ਅਜਮੇਰ ਸਿੰਘ ਨੇ ਆਪਣੇ ਵਲੋਂ ਕਹੀ ਹੋਈ ਗਲ ਦਾ ਸ਼ਪਸ਼ਟੀਕਰਣ ਦੇ ਕੇ ਇਸ ਸਾਰੇ ਵਿਵਾਦ ਨੂੰ ਖਤਮ ਕੀਤਾ।ਉਧਰ ਅਗਲੇ ਦਿਨ ਅੰਮ੍ਰਿਤਸਰ ਸਾਹਿਬ ਤੋਂ ਸ਼ੌਮਣੀ ਅਕਾਲੀ ਦਲ ਨੇ ਐਲਾਨ ਕੀਤਾ ਕਿ ਭਾਰਤ –ਪਾਕਿ ਵਿਚਕਾਰ ਸ਼ੁਰੂ ਹੋਈ ਲੜਾਈ ਕਾਰਣ ਮੋਰਚਾ ਵਾਪਸ ਲਿਆ ਜਾ ਰਿਹਾ ਹੈ।

Leave a Reply

Your email address will not be published. Required fields are marked *