ਸਿਖਿਆ, ਸਾਹਿਤ ਅਤੇ ਸਮਾਜ-ਸੇਵਾ ਦੀ ਤ੍ਰਿਵੇਣੀ : ਡਾ. ਗੁਰਚਰਨ ਕੌਰ ਕੋਚਰ

          ਸਾਹਿਤਕ, ਸਿੱਖਿਅਕ ਅਤੇ ਸਮਾਜ-ਸੇਵੀ ਖੇਤਰ ਵਿਚ ਡਾ. ਗੁਰਚਰਨ ਕੌਰ ਕੋਚਰ ਕਿਸੇ ਵਿਅੱਕਤੀ ਦਾ ਨਾਂਓ ਨਾ ਹੋ ਕੇ ਇਕ ਸਰਗਰਮ ਸੰਸਥਾ ਦਾ ਨਾਂਓ ਜਾਪਦਾ ਹੈ।  ਦੂਜੇ ਸ਼ਬਦਾਂ ਵਿਚ ਇੰਝ ਕਹਿ ਲਓ ਕਿ ਭਾਰਤ ਭਰ ਵਿਚ ਨਾਰੀ-ਵਰਗ ਦੀਆਂ ਸਾਹਿਤਕ- ਸੱਭਿਆਚਾਰਕ ਤੇ ਸਮਾਜ-ਸੇਵੀ ਸੰਸਥਾਵਾਂ-ਅਦਾਰਿਆਂ ਦੇ ”ਧੁਰੇ ” ਦਾ ਦੂਜਾ ਨਾਂਓ ਹੈ- ਡਾ. ਗੁਰਚਰਨ ਕੌਰ ਕੋਚਰ।  ਇਸ ਵਿਚ ਵੀ ਕੋਈ ਅਤਿਕਥਨੀ ਨਹੀ ਹੋਵੇਗੀ, ਜੇਕਰ ਉਨਾਂ ਵਲੋਂ ਕੀਤੇ ਜਾ ਰਹੇ ਕਾਰਜਾਂ ਸਨਮੁੱਖ ਉਨਾਂ ਨੂੰ ”ਟਵੈਂਨਟੀ-ਇੰਨ-ਵੰਨ” ਕਹਿ ਲਿਆ ਜਾਵੇ। ਉਨਾਂ ਦੀ  ਕਲਮ ਦੇਖੀਏ ਤਾਂ ਅਮੁੱਕ ਸਿਆਹੀ ਵਾਲੀ ਜਾਨਦਾਰ ਤੇ ਸ਼ਾਨਦਾਰ ਕਲਮ।  ਗਰੀਬਾਂ, ਨਿਮਾਣਿਆਂ, ਨਿਆਸਰਿਆਂ ਅਤੇ ਲੋੜਵੰਦਾਂ ਦੀ ਮਦਦ ਲਈ ਜਿਗਰਾ ਵੇਖੀਏ ਤਾਂ ਹਿਮਾਲੀਆ ਪਰਬਤ ਤੋਂ ਵੀ ਕਿਤੇ ਉਚਾ ਤੇ ਵੱਡਾ।  ਧੰਨ ਹਨ ਡਾ. ਕੋਚਰ ਜੀ ਤੇ ਧੰਨ ਹਨ ਉਨਾਂ ਦੀ ਸਾਹਿਤ, ਸਿੱਖਿਆ ਤੇ ਸਮਾਜ ਲਈ ਕੀਤੀਆਂ ਕਮਾਈਆਂ।

          ”ਅਹਿਸਾਸ ਦੀ ਖ਼ੁਸ਼ਬੂ”, ”ਅਹਿਸਾਸ ਦਾ ਸਫ਼ਰ”, ”ਅਹਿਸਾਸ ਦੀਆਂ ਰਿਸ਼ਮਾਂ”, ”ਹਰਫ਼ਾਂ ਦੀ ਮਹਿਕ” ਅਤੇ ” ਗ਼ਜ਼ਲ ਅਸਰਫ਼ੀਆਂ” ਨਾਂ ਦੇ ਪੰਜ ਗ਼ਜ਼ਲ-ਸੰਗ੍ਰਹਿ, ”ਦੀਵਿਆਂ ਦੀ ਕਤਾਰ” (ਲੇਖ-ਸੰਗ੍ਰਹਿ), ”ਜਗਦੇ ਚਿਰਾਗ” (ਨਿਬੰਧ-ਸੰਗ੍ਰਹਿ), ਦੇ ਨਾਲ-ਨਾਲ ਦਰਜ਼ਨ ਦੇ ਕਰੀਬ ਅਨੁਵਾਦਤ ਤੇ ਸੰਪਾਦਿਤ ਪੁਸਤਕਾਂ ਨਾਲ ਸਾਹਿਤ ਦੀ ਝੋਲ਼ੀ ਸਿੰਗਾਰ ਚੁੱਕੇ ਡਾ. ਕੋਚਰ ਜੀ ਛੇ ਦਰਜ਼ਨ ਦੇ ਕਰੀਬ ਸਾਂਝੀਆਂ ਪ੍ਰਕਾਸ਼ਨਾਵਾਂ ਵਿਚ ਭਰਵੀਂਆਂ ਹਾਜ਼ਰੀਆਂ ਲਗਵਾ ਚੁੱਕੇ ਹਨ।  ਪੰਜਾਬ ਸਟੇਟ ਕਾਊਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ, ਚੰਡੀਗੜ ਵਲੋਂ ਵਾਤਾਵਰਣ ਦੀ ਸੰਭਾਲ਼ ਲਈ ਛਪੀ ਪੁਸਤਕ ”ਕਰੋ ਅਤੇ ਸਿੱਖੋ”, ਜੋ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨੌਂਵੀਂ ਅਤੇ ਦਸਵੀਂ ਜਮਾਤ ਦੇ ਸਿਲੇਬਸ ਵਿਚ ਲੱਗੀ ਹੋਈ ਹੈ, ਵਿਚ ਡਾ. ਕੋਚਰ ਦੀਆਂ ਚਾਰ ਰਚਨਾਵਾਂ ਸ਼ਾਮਲ ਕੀਤੀਆਂ ਜਾਣੀਆਂ ਬੜੇ ਮਾਣ ਵਾਲੀ ਗੱਲ ਹੈ। ਇਸ ਤੋਂ ਇਲਾਵਾ, ”ਸੂਲ ਸੁਰਾਹੀ” (ਤ੍ਰੈ-ਮਾਸਿਕ) ਦੇ ਸਾਲ 2010 ਵਿਚ ”ਨਾਰੀ ਵਿਸ਼ੇਸ਼ ਅੰਕ ਲਈ” ਅਤੇ  ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ”ਸ਼ਬਦ ਬੂੰਦ” ਦੇ ਫ਼ਰਵਰੀ, 2017, ”ਨਾਰੀ ਗ਼ਜ਼ਲ ਵਿਸ਼ੇਸ਼ ਅੰਕ” ਲਈ ਜਿੱਥੇ ਬਤੌਰ ਮਹਿਮਾਨ ਸੰਪਾਦਕ ਉਨਾਂ ਬਾ-ਖ਼ੂਬੀ ਸੇਵਾ ਨਿਭਾਈ, ਉਥੇ ”ਵੈਸ਼ਯ ਪਰਿਵਾਰ” ਕਾਨਪੁਰ (ਯੂ. ਪੀ.) ਦੀ ਉਹ ਬਿਊਰੋ-ਇੰਨ-ਚੀਫ ਵੀ ਹਨ। . . .ਸਾਹਿਤ-ਸੇਵਾ ਦੀ ਇਸੇ ਲੜੀ ਵਿਚ ਛੇ ਦਰਜਨ ਪੁਸਤਕਾਂ ਲਈ ਪੇਪਰ ਪੜੇ, ਪੰਜ ਦਰਜਨ  ਖੋਜ ਪੇਪਰ,  ਦੇਸ਼/ ਵਿਦੇਸ਼ ਦੀਆਂ ਚਾਰ ਦਰਜਨ ਨਾਮਵਰ ਅਖ਼ਬਾਰਾਂ/ ਰਸਾਲਿਆਂ ਵਿਚ ਪੰਜ ਸੌ ਦੇ ਲਗਭਗ ਲੇਖ ਅਤੇ ਹੋਰ ਰਚਨਾਵਾਂ ਛਪੀਆਂ।

          ਸ੍ਰ. ਸਰਦਾਰਾ ਸਿੰਘ ਚਾਵਲਾ (ਪਿਤਾ) ਅਤੇ ਸ੍ਰੀਮਤੀ ਜਸਵੰਤ ਕੌਰ (ਮਾਤਾ) ਦੇ ਲੁਧਿਆਣਾ ਵਿਖੇ ਗ੍ਰਹਿ ਨੂੰ ਭਾਗ ਲਾਉਣ ਵਾਲੇ ਡਾ. ਗੁਰਚਰਨ ਕੋਚਰ ਜੀ ਦੀ ਵਿੱਦਿਅਕ ਯੋਗਤਾ ਵੱਲ ਨਜ਼ਰ ਮਾਰੀਏ ਤਾਂ ਗੌਰਵ ਮਹਿਸੂਸ ਹੁੰਦਾ ਹੈ ਕਿ ਉਹ ਤਿੰਨ ਐਮ. ਏ. (ਇਤਿਹਾਸ, ਰਾਜਨੀਤੀ ਸਾਸ਼ਤਰ, ਅੰਗ੍ਰੇਜ਼ੀ), ਬੀ. ਐਡ, ਐਲ. ਐਲ. ਬੀ., ਪੀ. ਐਚ ਡੀ. (ਆਨਰੇਰੀ) ਅਤੇ ਉਰਦੂ ਆਮੋਜ ਪਾਸ ਹਨ। 25 ਜੁਲਾਈ, 1978 ਨੂੰ ਸਰਕਾਰੀ ਹਾਈ ਸਕੂਲ ਗੁਰੂ ਹਰਸਹਾਏ (ਫ਼ਿਰੋਜ਼ਪੁਰ) ਵਿਖੇ ਅਧਿਆਪਨ ਕਾਰਜ ਵਿਚ ਜੁਆਇੰਨ ਕਰ ਕੇ ਅੱਜ ਤੱਕ ਸਿੱਖਿਆ ਖੇਤਰ ਵਿਚ ਕਾਰਜ ਕਰਦਿਆਂ ਉਨਾਂ ਨੇ ਮੀਲ-ਪੱਥਰ ਗੱਡ ਵਿਖਾਏ। 1995 ਤੋਂ 2009 ਤੱਕ ਐਨ. ਐਸ. ਐਸ. ਦੇ ਵਿਦਿਆਰਥੀਆਂ ਨੂੰ ਨਾਲ ਲੈਕੇ ਝੁੱਗੀਆਂ-ਝੌਪੜੀਆਂ ਵਿਚ ਜਾ ਜਾ ਕੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਓਣ, ਸਾਖ਼ਰਤਾ ਮੁਹਿੰਮ, ਫਲੱਡ ਰੀਲੀਫ ਕੈਂਪਸ, ਫ੍ਰੀ ਆਈ-ਓਪਰੇਸ਼ਨ ਕੈਂਪਸ ਅਤੇ ਬਲੱਡ ਡੋਨੇਸ਼ਨ ਕੈਂਪਸ ਆਦਿ ਵਿਚ ਸੇਵਾ ਨਿਭਾਉਂਦਿਆਂ ਇਨਸਾਨੀਅਤ ਦੀ ਇਸ ਸੱਚੀ-ਸੁੱਚੀ ਮੂਰਤ ਡਾ. ਕੋਚਰ ਜੀ ਨੇ 16 ਵਾਰ ਖ਼ੁਦ ਆਪਣਾ ਖ਼ੂਨ ਵੀ ਦਾਨ ਕੀਤਾ। 

          ਡਾ. ਗੁਰਚਰਨ ਕੌਰ ਕੋਚਰ ਜੀ ਨੂੰ ਕਈ ਸੈਂਕੜਿਆਂ ਦੇ ਕਰੀਬ (ਸਰਕਾਰੀ ਅਤੇ ਗੈਰ-ਸਰਕਾਰੀ ਵਿੱਦਿਅਕ ਸੰਸਥਾਵਾਂ ਅਤੇ ਸਾਹਿਤਕ ਅਦਾਰੇ ਆਦਿ ਸਨਮਾਨਿਤ ਕਰ ਚੁੱਕੇ ਹਨ, ਜਿਨਾਂ ਵਿਚੋਂ ਸਿੱਖਿਆ, ਸਾਹਿਤ ਤੇ ਸਮਾਜ-ਸੇਵਾ ਦੇ ਖੇਤਰ ਵਿਚ ਪੰਜਾਬ ਸਰਕਾਰ ਵਲੋਂ ”ਰਾਜ ਪੁਰਸਕਾਰ”, ਭਾਰਤ ਸਰਕਾਰ ਵੱਲੋਂ ਰਾਸ਼ਟਰਪਤੀ ਡਾ. ਏ. ਪੀ. ਜੇ. ਅਬਦੁਲ ਕਲਾਮ ਜੀ ਦੇ ਕਰ-ਕਮਲਾਂ ਦੁਆਰਾ ਪ੍ਰਾਪਤ ”ਕੌਮੀ ਪੁਰਸਕਾਰ”, ਸਿਹਤ ਅਤੇ ਸਿੱਖਿਆ ਵਿਕਾਸ ਸੰਸਥਾ, ਨਵੀਂ ਦਿੱਲੀ ਵੱਲੋਂ ”ਲਾਈਫ ਟਾਈਮ ਐਜ਼ੂਕੇਸ਼ਨ ਅਵਾਰਡ”, ”ਪਦਮਸ਼੍ਰੀ ਬੀਬੀ ਹਰਪ੍ਰਕਾਸ਼ ਕੌਰ ਯਾਦਗਾਰੀ” (ਪੰਜਾਬ ਧੰਨ ਪੋਠੋਹਾਰ ਬ੍ਰਦਰਹੁੱਡ ਸੁਸਾਇਟੀ), ”ਪ੍ਰੋ. ਗੁਰਮੁੱਖ ਸਿੰਘ ਯਾਦਗਾਰੀ ਅਵਾਰਡ” (ਸਿਰਜਨਧਾਰਾ ਸੰਸਥਾ, ਲੁਧਿਆਣਾ), ”ਸ਼ਿਖਸ਼ਾ ਭੂਸ਼ਨ ਨੈਸ਼ਨਲ ਅਵਾਰਡ” (ਰਾਸ਼ਟਰੀ ਸਾਹਿਤ ਅਤੇ ਕਲਾ ਪ੍ਰੀਸ਼ਦ, ਉਦੇਪੁਰ, ਰਾਜਿਸਥਾਨ)  ”ਵਿਰਸੇ ਦਾ ਵਾਰਸ” (ਪੰਜਾਬੀ ਵਿਰਾਸਤ ਮੰਚ, ਜਲੰਧਰ), ”ਡਾ. ਸਾਧੂ ਸਿੰਘ ਹਮਦਰਦ ਯਾਦਗਾਰੀ ਅਵਾਰਡ ” (ਪੰਜਾਬੀ ਲਿਖਾਰੀ ਸਭਾ, ਨੰਗਲ), ”ਦੇਸ਼ ਸੇਵਾ ਰਤਨ ਅਵਾਰਡ” (ਸ਼ਹੀਦ ਮੈਮੋਰੀਅਲ ਇੰਟਰਨੈਸ਼ਨਲ ਸੇਵਾ ਸੁਸਾਇਟੀ, ਲੁਧਿਆਣਾਂ), ‘ਅੰਮ੍ਰਿਤਾ ਪ੍ਰੀਤਮ ਨੈਸ਼ਨਲ ਅਵਾਰਡ” (ਮਹਾਤਮਾ ਫੂਲੇ ਟੇਲੈਂਟਰੀ ਸਰਚ ਅਕਾਡਮੀ, ਨਾਗਪੁਰ), ”ਇੰਡੋ-ਨੇਪਾਲ ਸਮਰਸਤਾ ਅਵਾਰਡ” (ਅੰਤਰ-ਰਾਸ਼ਟਰੀ ਸਮਰਸਤਾ ਮੰਚ ਨੇਪਾਲ ਵੱਲੋਂ ਕਾਠਮੰਡੂ ਵਿਖੇ ਵਿਸ਼ਵ ਸ਼ਾਂਤੀ ਅਤੇ ਆਪਸੀ ਭਾਈਚਾਰਾ ਤੇ ਬਹੁ-ਭਾਸ਼ੀ ਕਵੀ-ਦਰਬਾਰ ਵਿੱਚ ਆਦਰਸ਼ ਪ੍ਰਤਿਭਾ ਵਜੋਂ), ”ਦੀ ਗਰੇਟੈਸਟ ਵੂਮੈਨ ਰਾਈਟਰ ਅਵਾਰਡ” (ਇੰਡੀਅਨ ਮੈਡੀਕਲ ਐਸੋਸੀਏਸ਼ਨ), ”ਧੀ ਪੰਜਾਬ ਦੀ ਅਵਾਰਡ” (ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ (ਰਜਿ.) ਪੰਜਾਬ), ਡਾ. ਗੁਰਚਰਨ ਸਿੰਘ ਸਾਕੀ ਯਾਦਗਾਰੀ ਅਵਾਰਡ” (ਸੂਲ-ਸੁਰਾਹੀ ਸਾਹਿਤ ਕੇਂਦਰ (ਰਜਿ.) ਚੰਡੀਗੜ), ”ਡਾ. ਸੁਰਿੰਦਰ ਸਿੰਘ ਕੋਮਲ ਯਾਦਗਾਰੀ ਅਵਾਰਡ” (ਅਖਿਲ ਭਾਰਤੀਯ ਸਾਹਿਤਯ ਪ੍ਰੀਸ਼ਦ ਕਰਨਾਲ ਅਤੇ ਕਲਾਕਾਰ ਲੇਖਕ ਮੰਡਲ ਕਰਨਾਲ ਟਰਾਂਟੋ), ”ਮਹਿਲਾ ਸ਼ਕਤੀ ਸ਼੍ਰੋਮਣੀ ਅਵਾਰਡ” (ਇੰਟਰਨੈਸ਼ਨਲ ਕਲਚਰਲ ਕੋਆਰਡੀਨੇਸ਼ਨ ਫੋਰਮ ਅਤੇ ਰਾਸ਼ਟਰੀਯ ਸਵਤੰਤਰਤਾ ਮੰਚ, ਜੈਪੁਰ),  ”ਸਰਟੀਫਿਕੇਟ ਆਫ ਐਪਰੀਸ਼ੀਏਸ਼ਨ” (ਕਨੇਡਾ ਗੌਰਮਿੰਟ),  ”ਸਪੈਸ਼ਲ ਅਵਾਰਡ ਆਫ ਆਨਰ” (ਕਲਮ ਫਾਊਂਡੇਸ਼ਨ ਬ੍ਰੰਪਟਨ, ਕਨੇਡਾ), ”ਸਪੈਸ਼ਲ ਅਵਾਰਡ ਆਫ ਆਨਰ ” (ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਹਰਿਆਣਾ ਸਰਕਾਰ), ”ਕਵੀ ਸ਼੍ਰੋਮਣੀ ਉਪਾਧੀ” (ਬਿਕਰਮ ਸ਼ਿਲਾ ਹਿੰਦੀ ਵਿਦਿਆਪੀਠ ਭਾਗਲਪੁਰ, ਬਿਹਾਰ), ”ਸਾਹਿਤ ਭੂਸ਼ਣ ਦੀ ਉਪਾਧੀ” (ਰਾਜਸਥਾਨ ਬ੍ਰਜ ਭਾਸ਼ਾ ਅਕਾਦਮੀ ਅਤੇ ਸਾਹਿਤਯ ਮੰਡਲ, ਨਾਥ ਦੁਆਰਾ ਉਦੇਪੁਰ), ”ਮਹਾਤਮਾ ਫੂਲੇ ਸਾਹਿਤ ਸਾਗਰ ਉਪਾਧੀ” (ਮਹਾਤਮਾ ਫੂਲੇ ਟੇਲੈਂਟ ਰੀਸਰਚ ਅਕਾਡਮੀ, ਨਾਗਪੁਰ), ”ਸਾਹਿਤ ਸ਼੍ਰੋਮਣੀ ਉਪਾਧੀ” (ਗਰੀਨ ਫਾਊਂਡੇਸ਼ਨ ਨਵੀਂ ਦਿੱਲੀ ਵੱਲੋਂ ਇਲਾਹਾਬਾਦ ਵਿਖੇ ”ਵਾਤਾਵਰਣ ਦੀ ਸੰਭਾਲ ਵਿੱਚ ਲੇਖਕ ਦੀ ਭੂਮਿਕਾ ਵਿਸ਼ੇ ਉੱਤੇ ਰਾਸ਼ਟਰੀ ਸੈਮੀਨਾਰ ਦੌਰਾਨ), ”ਸਾਹਿਤਯ ਵਾਚ ਸਪਤੀ ਦੀ ਉਪਾਧੀ” (ਸਾਹਿਤਕ, ਸੰਸਕ੍ਰਿਤਿਕ, ਕਲਾ-ਸੰਗਮ ਅਕਾਦਮੀ, ਪਰਿਆਵਾਂ (ਉਤਰ ਪ੍ਰਦੇਸ਼) ਆਦਿ ਭਾਰਤ ਦੇ ਕੋਨੇ-ਕੋਨੇ ਅਤੇ ਵਿਦੇਸ਼ਾਂ ਤੋਂ ਉਨਾਂ ਦੀ ਝੋਲ਼ੀ ਪਏ ਵਿਸ਼ੇਸ਼ ਵਰਣਨ ਯੋਗ ਸਨਮਾਨ ਹਨ।

          ਮੀਡੀਆ ਖੇਤਰ ਵਿਚ. . ਦੂਰ ਦਰਸ਼ਨ ਜਲੰਧਰ ਤੋਂ ਪ੍ਰਸਾਰਿਤ ”ਗੱਲਾਂ ਤੇ ਗੀਤ” , ”ਨਾਰੀ ਮੰਚ”, ਦੂਰਦਰਸ਼ਨ ਜਲੰਧਰ ਨਾਲ ਕੋਚਰ ਜੀ 1989 ਤੋਂ ਜੁੜੇ ਹੋਏ ਹੁਣ ਤੱਕ ਲਗਭਗ ਛੇ ਦਰਜਨ ਪ੍ਰੋਗਰਾਮ ਦੇ ਚੁੱਕੇ ਹਨ।  ਇਸਤੋਂ ਬਿਨਾਂ ਜ਼ੀ. ਟੀ. ਵੀ., ਏਪਲੱਸ, ਫਾਸਟਵੇਅ, ਏਵਨ ਆਦਿ ਚੈਨਲਾਂ ‘ਤੇ ਪ੍ਰੋਗਰਾਮਾਂ ਵਿਚ ਵੀ ਸ਼ਿਰਕਤ ਕਰਦੇ ਆ ਰਹੇ ਹਨ। ਪੰਜਾਬ ਰੇਡਿਓ ਅਤੇ ਟੀ. ਵੀ. ਲੰਡਨ ਵਲੋਂ 2004 ਵਿਚ,  . . .ਦੂਰਦਰਸ਼ਨ, ਜਲੰਧਰ ਵੱਲੋਂ, ”ਉਮਰਾਂ ਦੇ ਪੈਂਡੇ” ਪ੍ਰੋਗਰਾਮ ਤਹਿਤ,  2014 ਵਿਚ, . . .”ਅਕਾਲ ਟੀ. ਵੀ. ਅਮਰੀਕਾ ਵੱਲੋਂ, 2017 ਵਿਚ ਡਾ. ਕੋਚਰ ਜੀ ਉਤੇ ਦਸਤਾਵੇਜ਼ੀ ਫ਼ਿਲਮ ਵੀ ਬਣਾਈ ਗਈ। . . . .ਕੋਚਰ ਜੀ ਦੋ ਵਾਰ ਕਨੇਡਾ ਗਏ।  ਉਥੇ ਦੋ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਵਿਚ ਅਤੇ ਇਕ ਅੋਰਤਾਂ ਦੀ ਸੰਸਥਾ ਦਿਸ਼ਾ ਵੱਲੋਂ ਕਰਵਾਈ ਗਈ ਵਿਸ਼ਵ ਕਾਨਫ਼ਰੰਸ ਵਿਚ ਤੋਂ ਇਲਾਵਾ ਕਾਠਮੰਡੂ (ਨੇਪਾਲ) ਵਿਖੇ ”ਵਿਸ਼ਵ ਭਾਈਚਾਰਾ ਅਤੇ ਸ਼ਾਤੀ” ਵਿਸ਼ੇ ਤੇ ਕਰਵਾਈ ਗਈ ਵਿਸ਼ਵ ਕਾਨਫ਼ਰੰਸ ਵਿਚ ਪੜੇ ਖੋਜ ਪੇਪਰ ਸਮੇਤ ਉਨਾਂ ਨੇ  ਛੇ ਦਰਜਨ ਅੰਤਰ-ਰਾਸ਼ਟਰੀ ਕਾਨਫਰੰਸਾਂ ਵਿਚ ਖੋਜ ਪੇਪਰ ਪੜੇ।   ਜੇਕਰ ਡਾ. ਕੋਚਰ ਜੀ ਦੀਆਂ ਗ਼ੈਰ-ਸਰਕਾਰੀ ਸਮਾਜ-ਸੇਵੀ ਸੰਸਥਾਵਾ ਅਤੇ ਸਾਹਿਤਕ ਸਭਾਵਾਂ ਨਾਲ ਜੁੜੇ ਹੋਣ ਦੀ ਗੱਲ ਛੇੜੀਏ ਤਾਂ,  ਉਹ ਲੁਧਿਆਣਾ ਦੀਆਂ ਸੰਸਥਾਵਾਂ ਵਿਚ ਗਲੋਬਲ ਵੂਮੈਨ ਵੈਲਫ਼ੇਅਰ ਐਸੋਸੀਏਸ਼ਨ, ਪੰਜਾਬੀ ਲੇਖਕ ਕਲਾਕਾਰ ਸੁਸਾਇਟੀ, ਪੰਜਾਬ ਇਸਤ੍ਰੀ ਸਭਾ, ਸਾਈਂ ਮੀਆਂ ਮੀਰ ਫ਼ਾਊਂਡੇਸ਼ਨ ਪੰਜਾਬ (ਲੇਡੀਜ਼ ਵਿੰਗ), ਅੰਤਰ-ਰਾਸ਼ਟਰੀ ਪੰਜਾਬੀ ਕਵੀ ਸਭਾ, ਭਾਰਤ ਜਨ ਗਿਆਨ-ਵਿਗਿਆਨ ਜਥਾ ਆਦਿ ਬਹੁਤ ਸਾਰੀਆਂ ਸਾਹਿਤਕ ਸੰਸਥਾਵਾਂ ਦੇ ਵੱਖ-ਵੱਖ ਅਹੁੱਦਿਆਂ ਦੀਆਂ ਜ਼ਿੰਮੇਵਾਰੀਆਂ ਸੰਭਾਲਦੇ ਉਹ ਸਾਹਿਤ, ਸਭਿਆਚਾਰ ਅਤੇ ਹੋਰ ਕਲਾਵਾਂ ਦੀ ਪ੍ਰਫ਼ੁਲਤਾ, ਪ੍ਰਚਾਰ ਅਤੇ ਪ੍ਰਸਾਰ ਲਈ ਨਿਰੰਤਰ ਯਤਨਸ਼ੀਲ ਹਨ। 

          ਬੁੱਧੀਜੀਵੀਆਂ, ਵਿਦਵਾਨਾਂ, ਸਾਹਿਤਕਾਰਾਂ ਅਤੇ ਸਮਾਜ-ਸੇਵੀ ਸਖ਼ਸ਼ੀਅਤਾਂ ਵਿਚ ਧਰੂ ਤਾਰੇ ਦੀ ਨਿਆਈਂ ਚਮਕਦੀ-ਦਮਕਦੀ ”ਸਿਖਿਆ, ਸਾਹਿਤ ਅਤੇ ਸਮਾਜ-ਸੇਵਾ ਦੀ ਤ੍ਰਿਵੇਣੀ” ਡਾ. ਗੁਰਚਰਨ ਕੌਰ ਕੋਚਰ ਜੀ ਦੀ ਤਪੱਸਿਆ ਨੂੰ ਕੋਟਿ-ਕੋਟਿ ਸਲਾਮ।  ਰੱਬ ਕਰੇ ਗ਼ਜ਼ਲ ਦੀ ਇਸ ਉਸਤਾਦ-ਮਹਾਂਰਾਣੀ ਦੀ ਉਮਰ ਲੋਕ-ਗੀਤਾਂ ਜਿੱਡੀ ਲੰਬੀ ਹੋ ਨਿੱਬੜੇ।

-ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)

ਸੰਪਰਕ :  ਗੁਰਚਰਨ ਕੌਰ ਕੋਚਰ (ਡਾ.), ਲੁਧਿਆਣਾ, 9417031464

Leave a Reply

Your email address will not be published. Required fields are marked *