ਸੁਮੇਧ ਸੈਣੀ ਦੀ ਭਾਲ ’ਚ ‘ਗੁਆਚੀ-ਗੁਆਚੀ’ ਫਿਰ ਰਹੀ ਹੈ ਪੁਲੀਸ

ਚੰਡੀਗੜ੍ਹ : ਮੁਹਾਲੀ ਦੇ ਵਸਨੀਕ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿਚ ਲਾਪਤਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਮਗਰੋਂ ਮੁਹਾਲੀ ਪੁਲੀਸ ਨੇ ਉਸ ਦੀ ਭਾਲ ਤੇਜ਼ ਕਰ ਦਿੱਤੀ ਹੈ ਪਰ ਹਾਲੇ ਤਕ ਪੁਲੀਸ ਨੂੰ ਸੈਣੀ ਦੀ ਮੌਜੂਦਗੀ ਬਾਰੇ ਕੋਈ ਠੋਸ ਸੁਰਾਗ ਨਹੀਂ ਮਿਲਿਆ। ਸੈਣੀ ਦੀ ਗ੍ਰਿਫ਼ਤਾਰੀ ਪੁਲੀਸ ਦੇ ਗਲੇ ਦੀ ਹੱਡੀ ਬਣੀ ਹੋਈ ਹੈ।

ਉਧਰ, ਮੁਹਾਲੀ ਪੁਲੀਸ ਨੇ ਅੱਜ ਸੈਣੀ ਦੀ ਸੁਰੱਖਿਆ ਵਿਚ ਤਾਇਨਾਤ ਇੰਸਪੈਕਟਰ, ਸਬ-ਇੰਸਪੈਕਟਰ, ਏਐੱਸਆਈ, ਹੌਲਦਾਰ ਅਤੇ ਸਿਪਾਹੀ ਰੈਂਕ ਦੇ 26 ਪੁਲੀਸ ਮੁਲਾਜ਼ਮਾਂ ਤੋਂ ਪੁੱਛ ਪੜਤਾਲ ਕੀਤੀ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ। ਇਹ ਸਾਰੇ ਪੁਲੀਸ ਮੁਲਾਜ਼ਮ ਲੰਮੇ ਸਮੇਂ ਤੋਂ ਸੈਣੀ ਨਾਲ ਤਾਇਨਾਤ ਹਨ, ਜਿਨ੍ਹਾਂ ਵਿਚ ਸੈਣੀ ਦੀ ਸੁਰੱਖਿਆ ਛੱਤਰੀ ਦਾ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਅਤੇ ਗੱਡੀ ਦਾ ਡਰਾਈਵਰ ਹੌਲਦਾਰ ਸੁਖਬੀਰ ਸਿੰਘ ਵੀ ਸ਼ਾਮਲ ਹਨ। ਪਰਮਜੀਤ ਸਿੰਘ ਨੇ ਦੱਸਿਆ ਕਿ ਨਵੀਂ ਦਿੱਲੀ ਸਥਿਤ ਸੈਣੀ ਦੀ ਰਿਹਾਇਸ਼ੀ ’ਤੇ ਉਹ ਬੀਤੀ 21 ਅਗਸਤ ਤਕ ਤਾਇਨਾਤ ਰਿਹਾ ਅਤੇ 22 ਅਗਸਤ ਨੂੰ ਉਸ ਨੂੰ ਸਾਬਕਾ ਡੀਜੀਪੀ ਨੇ ਵਾਪਸ ਪੰਜਾਬ ਭੇਜ ਦਿੱਤਾ ਸੀ।

ਏਐੱਸਆਈ ਸਤਨਾਮ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਆਖ਼ਰੀ ਵਾਰ ਸੈਣੀ ਨੂੰ 12 ਅਗਸਤ ਨੂੰ ਚੰਡੀਗੜ੍ਹ ਸਥਿਤ ਘਰ ’ਚ ਦੇਖਿਆ ਸੀ। ਹੌਲਦਾਰ ਅਮਨਦੀਪ ਸਿੰਘ ਵੀ 12 ਅਗਸਤ ਤਕ ਨਾਲ ਰਿਹਾ। ਹੌਲਦਾਰ ਗੁਰਨਾਮ ਸਿੰਘ ਨੇ ਕਿਹਾ ਕਿ ਉਹ 12 ਅਗਸਤ ਤਕ ਸੈਣੀ ਨਾਲ ਡਿਊਟੀ ’ਤੇ ਰਿਹਾ। ਉਸ ਦਿਨ ਸੈਣੀ ਨੇ ਕਰਨਾਲ ਬਾਈਪਾਸ ਦਿੱਲੀ ਤੋਂ ਉਨ੍ਹਾਂ ਨੂੰ ਵਾਪਸ ਪੰਜਾਬ ਭੇਜ ਦਿੱਤਾ ਸੀ। ਹੌਲਦਾਰ ਵਿਜੇ ਕੁਮਾਰ ਨੇ ਦੱਸਿਆ ਕਿ ਉਹ 22 ਅਗਸਤ ਤਕ ਸੈਣੀ ਨਾਲ ਦਿੱਲੀ ਵਿਚ ਤਾਇਨਾਤ ਰਿਹਾ। ਸੈਣੀ ਦੀ ਕਾਰ ਦੇ ਡਰਾਈਵਰ ਹੌਲਦਾਰ ਸੁਖਬੀਰ ਸਿੰਘ ਅਨੁਸਾਰ ਉਹ ਵੀ 22 ਅਗਸਤ ਤਕ ਸੈਣੀ ਨਾਲ ਰਿਹਾ। ਮਗਰੋਂ ਉਸ ਨੂੰ ਵਾਪਸ ਭੇਜ ਦਿੱਤਾ ਸੀ। ‘ਸਿਟ’ ਦੇ ਇਕ ਮੈਂਬਰ ਨੇ ਦੱਸਿਆ ਕਿ ਐਤਵਾਰ ਨੂੰ ਵੀ ਸਾਬਕਾ ਡੀਜੀਪੀ ਦੀ ਗ੍ਰਿਫ਼ਤਾਰੀ ਬਾਰੇ ਵੱਖ-ਵੱਖ ’ਤੇ ਛਾਪੇ ਮਾਰੇ ਗਏ ਅਤੇ ਸਿਵਲ ਵਰਦੀ ਵਿਚ ਕਈ ਪੁਲੀਸ ਟੀਮਾਂ ਵੱਲੋਂ ਸੈਣੀ ਦੀ ਚੰਡੀਗੜ੍ਹ ਅਤੇ ਦਿੱਲੀ ਸਥਿਤ ਰਿਹਾਇਸ਼ ਸਮੇਤ ਹੋਰਨਾਂ ਥਾਵਾਂ ’ਤੇ ਨਿਗਾਹ ਰੱਖੀ ਜਾ ਰਹੀ ਹੈ।

ਨਾਲ-ਨਾਲ ਅਦਾਲਤਾਂ ਵਿਚ ਕਾਨੂੰਨੀ ਚਾਰਾਜੋਈ ਕੀਤੀ ਜਾ ਰਹੀ ਹੈ। ਪੁਲੀਸ ਹਰ ਉਸ ਵਿਅਕਤੀ ’ਤੇ ਨਜ਼ਰ ਰੱਖ ਰਹੀ ਹੈ, ਜੋ ਸੈਣੀ ਦੇ ਸੰਪਰਕ ਵਿਚ ਰਿਹਾ ਹੈ ਤਾਂ ਜੋ ਮੁਲਜ਼ਮ ਦੀ ਪੈੜ ਨੱਪੀ ਜਾ ਸਕੇ।

ਸੈਣੀ ਦੀ ਗ੍ਰਿਫ਼ਤਾਰੀ ਲਈ ਲਿਬਰੇਸ਼ਨ ਵੱਲੋਂ ਧਰਨੇ ਭਲਕੇ

ਜਲੰਧਰ : ਸੀਪੀਆਈ (ਐੱਮਐੱਲ) ਲਿਬਰੇਸ਼ਨ ਨੇ ਦੋਸ਼ ਲਾਇਆ ਕਿ ਕੇਂਦਰ ਅਤੇ ਸੂਬਾ ਸਰਕਾਰ ਜਾਣ-ਬੁੱਝ ਕੇ ਸੁਮੇਧ ਸੇਣੀ ਨੂੰ ਗ੍ਰਿਫ਼ਤਾਰ ਕਰਨ ਲਈ ਢੁੱਕਵੀਂ ਕਾਰਵਾਈ ਨਹੀਂ ਕਰ ਰਹੀਆਂ। ਜਥੇਬੰਦੀ ਦੀ ਪੰਜਾਬ ਸੂਬਾ ਕਮੇਟੀ ਦੇ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਅਤੇ ਸੂਬਾਈ ਬੁਲਾਰੇ ਸੁਖਦਰਸ਼ਨ ਸਿੰਘ ਨੱਤ ਨੇ ਐਲਾਨ ਕੀਤਾ ਕਿ ਸਰਕਾਰ ਅਤੇ ਪੁਲੀਸ ਦੀ ਇਸ ਸੰਵਿਧਾਨ ਵਿਰੋਧੀ ਭੂਮਿਕਾ ਦਾ ਪਰਦਾਫਾਸ਼ ਕਰਨ ਲਈ ਅਤੇ ਸੈਣੀ ਦੀ ਫੌਰੀ ਗ੍ਰਿਫ਼ਤਾਰੀ ਲਈ ਸਰਕਾਰ ਉੱਤੇ ਦਬਾਅ ਬਣਾਉਣ ਵਾਸਤੇ ਲਿਬਰੇਸ਼ਨ ਵੱਲੋਂ 15 ਸਤੰਬਰ ਨੂੰ ਵੱਖ ਵੱਖ ਜ਼ਿਲ੍ਹਿਆਂ ਵਿਚ ਧਰਨੇ ਵਿਖਾਵੇ ਕੀਤੇ ਜਾਣਗੇ।

Leave a Reply

Your email address will not be published. Required fields are marked *