ਭਾਰਤ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ 47 ਲੱਖ ਤੋਂ ਪਾਰ

ਨਵੀਂ ਦਿੱਲੀ : ਭਾਰਤ ਵਿੱਚ ਕਰੋਨਾ ਮਹਾਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਨਵੇਂ 94,372 ਕੇਸ ਆਉਣ ਮਗਰੋਂ ਇਸ ਲਾਗ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 47 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਹਾਲਾਂਕਿ 77.88 ਫ਼ੀਸਦੀ ਦੀ ਦਰ ਨਾਲ ਹੁਣ ਤੱਕ 37,02595 ਲੋਕ ਸਿਹਤਯਾਬ ਹੋ ਚੁੱਕੇ ਹਨ।
ਕੇਂਦਰੀ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ, ਕਰੋਨਾ ਵਾਇਰਸ ਪੀੜਤਾਂ ਦੀ ਗਿਣਤੀ 47,54,356 ਹੋ ਗਈ ਹੈ, ਜਦੋਂਕਿ ਪਿਛਲੇ 24 ਘੰਟਿਆਂ ਦੌਰਾਨ 1114 ਲੋਕ ਮੌਤ ਦੇ ਮੂੰਹ ਜਾ ਪਏ ਹਨ ਅਤੇ ਮੌਤਾਂ ਦੀ ਕੁੱਲ ਗਿਣਤੀ 78,586 ਹੋ ਗਈ ਹੈ। ਦੇਸ਼ ਵਿੱਚ ਇਸ ਸਮੇਂ ਕਰੋਨਾ ਦੇ 9,73,175 ਕੇਸ ਸਰਗਰਮ ਹਨ। ਭਾਰਤ ਵਿੱਚ ਕੋਵਿਡ-19 ਲਾਗ ਤੇਜ਼ੀ ਨਾਲ ਫੈਲ ਰਹੀ ਹੈ। ਦੇਸ਼ ਵਿੱਚ ਸੱਤ ਅਗਸਤ ਨੂੰ ਇਹ ਗਿਣਤੀ 20 ਲੱਖ, 23 ਅਗਸਤ ਨੂੰ 30 ਲੱਖ ਅਤੇ ਪੰਜ ਸਤੰਬਰ ਨੂੰ 40 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਸੀ। ਆਈਸੀਐੱਮਰ ਮੁਤਾਬਕ, 12 ਸਤੰਬਰ ਤੱਕ 5,62,60,928 ਲੋਕਾਂ ਦੇ ਸੈਂਪਲ ਲਏ ਗੲੇ ਹਨ, ਜਿਨ੍ਹਾਂ ਵਿੱਚੋਂ ਸ਼ਨਿਚਰਵਾਰ ਨੂੰ 10,71702 ਨਮੂਨੇ ਲਏ ਗਏ। -ਪੀਟੀਆਈ
ਕੋਵਿਡ-19 ਤੋਂ ਉਭਰ ਚੁੱਕੇ ਲੋਕਾਂ ਨੂੰ ਚਵਨਪ੍ਰਾਸ਼ ਅਤੇ ਯੋਗ ਕਰਨ ਦੀ ਸਲਾਹ
ਨਵੀਂ ਦਿਲੀ: ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੋਵਿਡ-19 ਨੂੰ ਹਰਾ ਚੁੱਕੇ ਮਰੀਜ਼ਾਂ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ, ਜਿਸ ਵਿੱਚ ਉਨ੍ਹਾਂ ਨੂੰ ਆਯੁਰਵੈਦਿਕ ਚੀਜ਼ਾਂ ਵਰਤਣ ’ਤੇ ਜ਼ੋਰ ਦਿੱਤਾ ਗਿਆ ਹੈ। ਇਸ ਵਿੱਚ ਚਵਨਪ੍ਰਾਸ਼ ਅਤੇ ਆਯੂਸ਼ ਦਵਾਈਆਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਯੋਗ, ਕਸਰਤ ਕਰਨ ਅਤੇ ਧਿਆਨ ਕੇਂਦਰਿਤ ਕਰਨ ਦੇ ਵੀ ਸੁਝਾਅ ਦਿੱਤੇ ਗਏ ਹਨ।
ਮੰਤਰਾਲੇ ਨੇ ਕਰੋਨਾ ਤੋਂ ਉਭਰ ਚੁੱਕੇ ਲੋਕਾਂ ਨੂੰ ਸਿਹਤਯਾਬੀ ਲਈ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਵਧਾਉਣ ਵਾਲੀਆਂ ਦਵਾਈਆਂ ਜਿਵੇਂ ਆਯੂਸ਼ ਕਵਥ ਅਤੇ ਸਮਸ਼ਮਨੀ ਵਟੀ ਨੂੰ ਰੋਜ਼ਾਨਾ ਵਰਤੋਂ ’ਚ ਲਿਆਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੂੰ ਰੋਜ਼ਾਨਾ ਯੋਗਾ, ਕਸਰਤ ਅਤੇ ਸੈਰ ਕਰਨ ਲਈ ਵੀ ਕਿਹਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਮਾਸਕ ਪਹਿਨਣ, ਵਾਰ ਵਾਰ ਹੱਥ ਧੋਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਸਾਹ ਸਵੱਛਤਾ ਸਬੰਧੀ ਨਿਯਮਾਂ ਦੀ ਸਖ਼ਤੀ ਨਾਲ ਪਾਲਣ ਕਰਦੇ ਰਹਿਣਾ ਚਾਹੀਦਾ ਹੈ। ਲੋਕਾਂ ਨੂੰ ਘਰ ਵਿੱਚ ਖ਼ੁਦ ਆਪਣੀ ਸਿਹਤ ਦਾ ਮੁਲੰਕਣ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਮੰਤਰਾਲੇ ਨੇ ਸਲਾਹ ਦਿੱਤੀ ਹੈ ਕਿ ਉਹ ਪ੍ਰੋਟੋਕਾਲ ਦੌਰਾਨ ਆਪਣਾ ਤਾਪਮਾਨ, ਬਲੱਡ ਪ੍ਰੈਸ਼ਰ, ਪਲਸ ਆਕਸੀਮੀਟਰ (ਡਾਕਟਰ ਦੀ ਸਲਾਹ ਨਾਲ) ਆਦਿ ਘਰ ਵਿੱਚ ਹੀ ਲਗਾਤਾਰ ਜਾਂਚ ਕਰਦੇ ਰਹਿਣ। ਇਸ ਵਿੱਚ ਕਿਹਾ ਗਿਆ ਹੈ ਕਿ ਸਵੇਰ ਸਮੇਂ ਗਰਮ ਦੁੱਧ ਜਾਂ ਪਾਣੀ ਨਾਲ ਚਵਨਪ੍ਰਾਸ਼ ਜ਼ਰੂਰ ਖਾਣਾ ਚਾਹੀਦਾ ਹੈ।