ਸ਼ਹੀਦ ਭਗਤ ਸਿੰਘ ਨਗਰ ਦੇ ਸਟੇਟ ਅਵਾਰਡੀ ਅਧਿਆਪਕਾਂ ਦੇ ਕੀਤੇ ਕੰਮਾਂ ਤੇ ਝਾਤ

 ਸਿੱਖਿਆ ਵਿਭਾਗ ਵਲੋਂ ਸਿੱਖਿਆ ਵਿਭਾਗ ਵਿੱਚ ਵਧੀਆ ਕਾਰਗੁਜਾਰੀ ਵਿਖਾਉਣ ਵਾਲੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਮੌਕੇ ਸਟੇਟ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ।ਇਸ ਸਾਲ ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਤੋਂ ਇਹ ਸਨਮਾਨ ਹਾਸਿਲ ਕਰਨ ਦਾ ਸੁਭਾਗ ਪਰਮਾਨੰਦ ਬ੍ਰਹਮਪੁਰੀ ਸਰਕਾਰੀ ਪ੍ਰਾਇਮਰੀ ਸਕੂਲ ਸਜਾਵਲ ਪੁਰ ਅਤੇ ਕਵਿਤਾ ਸੱਭਰਵਾਲ ਅੰਗਰੇਜੀ ਮਿਸਟ੍ਰੈਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਰਾਹੋਂ ਨੂੰ ਪ੍ਰਾਪਤ ਹੋਇਆ ਹੈ। ਮੈਂ ਸਿੱਖਿਆ ਵਿਭਾਗ ਚੋਂ ਦੋ ਕੁ ਸਾਲ ਪਹਿਲਾਂ ਸਮੇਂ ਤੋਂ ਪਹਿਲਾਂ ਹੀ ਸਵੈ-ਇੱਛਤ ਸੇਵਾ ਮੁਕਤ ਹੋਇਆ ਹਾਂ।ਸੇਵਾ ਮੁਕਤ ਹੋਣ ਤੋਂ ਪਹਿਲਾਂ ਮੈਂ ਛੇ ਕੁ ਸਾਲ ਜਿਲ੍ਹਾ ਸਿੱਖਿਆ ਸੁਧਾਰ ਟੀਮ ਵਿੱਚ ਬਤੌਰ ਗਣਿਤ ਮਾਹਿਰ ਸੇਵਾ ਨਿਭਾਉਂਦਾ ਰਿਹਾ ਹਾਂ।ਇਹਨਾਂ ਸਾਲਾਂ ਵਿੱਚ ਭਾਵੇਂ ਅਸੀਂ ਦੂਜੇ ਜਿਲ੍ਹਿਆਂ ਦੇ ਸਕੂਲਾਂ ਦੇ ਨਿਰੀਖਣ ਲਈ ਵੀ ਜਾਂਦੇ ਰਹੇ ਹਾਂ ਪਰ ਬਹੁਤਾ ਸਮਾਂ ਆਪਣੇ ਜਿਲ੍ਹੇ ਦੇ ਸਕੂਲਾਂ ਦਾ ਨਿਰੀਖਣ ਹੀ ਕਰਦੇ ਰਹੇ ਹਾਂ।ਇਹਨਾਂ ਸਾਲਾਂ ਵਿੱਚ ਜਿਲ੍ਹੇ ਦੇ ਬਹੁ-ਗਿਣਤੀ ਅਧਿਆਪਕਾਂ ਨੂੰ ਮੈਂ ਕਾਫੀ ਨੇੜੇ ਤੋਂ ਜਾਨਣ ਲੱਗ ਪਿਆ ਸਾਂ।
      ਪਹਿਲਾਂ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਸਜਾਵਲ ਪੁਰ ਤੋਂ ਪਰਮਾਨੰਦ ਬ੍ਰਹਮਪੁਰੀ ਬਾਰੇ ਜਿਕਰ ਕਰਨਾ ਮੁਨਾਸਿਬ ਸਮਝਦਾ ਹਾਂ।ਪਰਮਾਨੰਦ ਨੂੰ ਮੈਂ ਬਹੁਤ ਸਾਲਾਂ ਤੋਂ ਜਾਣਦਾ ਹਾਂ।ਉਹ ਸਮੇਂ ਦਾ ਪਾਬੰਦ ਅਤੇ ਮਿਹਨਤੀ ਅਧਿਆਪਕ ਹੈ।ਆਪਣੇ ਹਲਕੇ ਵਿੱਚ ਉਹਦੀ ਨਿਵੇਕਲੀ ਪਛਾਣ ਹੈ।ਆਮ ਲੋਕਾਂ ਨਾਲ ਤਾਲਮੇਲ ਬਣਾਉਣ ਅਤੇ ਉਹਨਾਂ ਨੂੰ ਪ੍ਰਭਾਵਿਤ ਕਰਨ ਦੀ ਕਲਾ ਦਾ ਮਾਹਿਰ ਹੈ।ਪਿੰਡ ਸਜਾਵਲ ਪੁਰ ਦਾ ਇੱਕ ਖੇਲਾ ਪਰਿਵਾਰ ਅਸਟ੍ਰੇਲੀਆ ਵਿੱਚ ਸਫਲਤਾ ਦੀਆਂ ਬੁਲੰਦੀਆਂ ਤੇ ਹੈ।ਦੋ ਭਰਾ ਅਮਰਜੀਤ ਖੇਲਾ ਅਤੇ ਬਲਜੀਤ ਖੇਲਾ ਜੋ ਕਿ ਮਾਸਟਰ ਮਨਮੋਹਣ ਸਿੰਘ ਦੇ ਸਪੁੱਤਰ ਹਨ,ਲੋਕ ਭਲਾਈ ਦੇ ਕੰਮਾਂ ਲਈ ਵੀ ਦਿਲ ਖੋਲਕੇ ਪੈਸਾ ਖਰਚਦੇ ਹਨ।ਇਹਨਾਂ ਨੇ ਸਕੂਲ ਦੀ ਦਿੱਖ ਸੁਧਾਰਨ ਲਈ ਪੰਜ ਲੱਖ ਪੈਂਹਟ ਹਜਾਰ ਰੁਪਏ ਦਾ ਯੋਗਦਾਨ ਪਾਇਆ ਹੈ।ਸਕੂਲ ਦੀ ਖਸਤਾ ਹੋਈ ਇਮਾਰਤ ਨੂੰ ਨਵੀਂ ਦਿੱਖ ਦੇਣ,ਰੰਗ-ਰੋਗਨ,ਸੀਵਰੇਜ ਸਿਸਟਮ,ਪੀਣ ਵਾਲੇ ਪਾਣੀ ਦੇ ਸੁਚੱਜੇ ਪ੍ਰਬੰਧ,ਬਿਜਲੀ ਦੀ ਫਿਟਿੰਗ,ਸਕੂਲ ਦੇ ਚੌਗਿਰਦੇ ਨੂੰ ਸੁੰਦਰ ਬਣਾਉਣ ਲਈ ਰੁੱਖ ਲਗਾਉਣ ਅਤੇ ਹੋਰ ਵੀ ਅਨੇਕਾਂ ਕੰਮ ਕਰਨ ਤੇ ਬੱਤੀ ਲੱਖ ਰੁਪਏ ਖਰਚ ਕੀਤੇ ਗਏ।ਇਸ ਕੁੱਲ ਖਰਚੇ ਵਿੱਚ ਪਿੰਡ ਦੇ ਲੋਕਾਂ ਦਾ ਵੀ ਬਹੁਤ ਸਹਿਯੋਗ ਰਿਹਾ ਪਰ ਚੌਦਾਂ ਲੱਖ ਰੁਪਏ ਪਰਮਾਨੰਦ ਨੇ ਆਪਣੀ ਜੇਬ ਵਿੱਚੋਂ ਅਤੇ ਦੋ ਲੱਖ ਰੁਪਏ ਇਸ ਸਕੂਲ ਤੋਂ ਤਰੱਕੀ ਲੈ ਕੇ ਗਏ ਬਲਵੰਤ ਰਾਏ ਨੇ ਖਰਚ ਕੇ ਨਵੀਂ ਪਿਰਤ ਪਾਈ ਹੈ।ਅਮਰਜੀਤ ਖੇਲਾ ਸ਼ੁਰੂਆਤੀ ਦੌਰ ਵਿੱਚ ਅਜੀਤ ਅਖਬਾਰ ਲਈ ਬਹੁਤ ਵਧੀਆ ਲੇਖ ਲਿਖਦਾ ਰਿਹਾ ਹੈ,ਜੋ ਕਿ ਬਾਅਦ ਵਿੱਚ ਪੜ੍ਹਨ ਲਈ ਅਸਟ੍ਰੇਲੀਆ ਚਲਾ ਗਿਆ ਸੀ।ਪਰਮਾਨੰਦ ਨੇ ਸਿਰ ਤੋੜ ਯਤਨ ਕਰਕੇ ਸਕੂਲ ਨੂੰ ਸਮਾਰਟ ਸਕੂਲ ਵਿੱਚ ਹੀ ਨਹੀਂ ਸਗੋਂ ਸੁਪਰ ਸਮਾਰਟ ਸਕੂਲ ਵਿੱਚ ਤਬਦੀਲ ਕੀਤਾ ਤੇ ਬਾਅਦ ਵਿੱਚ ਬੱਚਿਆਂ ਦੀ ਗਿਣਤੀ ੧੭ ਤੋਂ ਵਧਾ ਕੇ ੧੨੭ ਕਰ ਦਿੱਤੀ,ਸ਼ਾਇਦ ਹੀ ਪੰਜਾਬ ਦੇ ਕਿਸੇ ਸਕੂਲ ਵਿੱਚ ਪ੍ਰਤੀਸ਼ਤ ਦੇ ਹਿਸਾਬ ਨਾਲ ਐਨਾ ਵਾਧਾ ਹੋਇਆ ਹੋਵੇ।ਆਪਣੇ ਯਤਨਾਂ ਸਦਕਾ ਮਾਡਲ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਆਪਣੇ ਸਕੂਲ ਵਿੱਚ ਦਾਖਲ ਕਰਨ’ਚ ਕਾਮਯਾਬੀ ਹਾਸਿਲ ਕੀਤੀ।ਇਹਨਾਂ ਨੇ ਸਿਰਫ ਗਿਣਤੀ ਵਿੱਚ ਵਾਧਾ ਹੀ ਨਹੀਂ ਕੀਤਾ ਸਗੋਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਪੱਧਰ ਵੀ ਉੱਚਾ ਚੁੱਕਿਆ।ਬੱਚਿਆਂ ਨੂੰ ਨਿਰਧਾਤਿ ਸਿਲੇਬਸ ਤੋਂ ਇਲਾਵਾ ਦੂਜੀਆਂ ਕਿਤਾਬਾਂ ਪੜ੍ਹਨ ਦੀ ਚੇਟਕ ਲਾਉਣ ਦਾ ਕੰਮ ਕਰਨ ਦੇ ਨਾਲ ਹੀ ਤਿੰਨ ਭਾਸ਼ਾਵਾਂ ਦੀਆਂ ਦਸ-ਪੰਦਰਾਂ ਅਖਬਾਰਾਂ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ।
     ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਸ ਸਕੂਲ ਦਾ ਉਚੇਚੇ ਤੌਰ ਤੇ ਦੌਰਾ ਕਰਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ।ਸਿੱਖਿਆ ਸਕੱਤਰ ਦੇ ਦਿਸ਼ਾ-ਨਿਰਦੇਸ਼ਾਂ ਤੇ ਨਵ-ਨਿਯੁਕਤ ਲੱਗਭੱਗ ਪੰਜ ਸੌ ਅਧਿਆਪਕਾਂ ਨੇ ਇਸ ਸਕੂਲ ਦਾ ਦੌਰਾ ਕਰਕੇ ਇੱਥੋਂ ਕੁੱਝ ਨਵਾਂ ਕਰਨ ਦੀ ਪ੍ਰੇਰਣਾ ਲਈ।ਪਰਮਾਨੰਦ ਨੇ ਪ੍ਰਾਇਮਰੀ ਸਕੂਲ ਦੇ ਨਾਲ ਹੀ ਮਿਡਲ ਸਕੂਲ ਦੀ ਇਮਾਰਤ ਵੀ ਤਿਆਰ ਕਰਵਾਈ ਅਤੇ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਮਿਡਲ ਸਕੂਲ ਦੇ ਅਧਿਆਪਕਾਂ ਦਾ ਵੀ ਸਹਿਯੋਗ ਦਿੱਤਾ।
    ਕਵਿਤਾ ਸੱਭਰਵਾਲ ਲੰਮੀ-ਝੰਮੀ ਅੰਗਰੇਜੀ ਅਧਿਆਪਕਾ ਹੈ,ਜੋ ਕਿ ਥੋੜਾ ਸਮਾਂ ਪਹਿਲਾਂ ਹੀ ਸਰਕਾਰੀ ਪ੍ਰਾਇਮਰੀ ਸਕੂਲ ਕੰਗ ਤੋਂ ਪੱਦ-ਉਨਤ ਹੋ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਰਾਹੋਂ ਵਿਖੇ ਤਾਇਨਾਤ ਹੋਈ ਹੈ।ਇਹ ਸ਼ੁਰੂ ਤੋਂ ਹੀ ਮਿਹਨਤੀ ਸੁਭਾਅ ਦੀ ਮਾਲਿਕ ਹੈ।ਇਸਨੇ ਜਿਸ ਸਕੂਲ ਵਿੱਚ ਵੀ ਪੜ੍ਹਾਇਆ ਉੱਥੇ ਆਪਣੀ ਛਾਪ ਛੱਡਣ ਵਿੱਚ ਕਾਮਯਾਬ ਰਹੀ।ਸਰਕਾਰੀ ਪ੍ਰਾਇਮਰੀ ਸਕੂਲ ਕੰਗ ਦੀ ਇਸ ਨੇ ਕਾਇਆ ਕਲਪ ਹੀ ਕਰ ਦਿੱਤੀ।ਪਿੰਡ ਦੇ ਲੋਕਾਂ ਦਾ ਸਹਿਯੋਗ ਲੈ ਕੇ ਸਕੂਲ ਦੀ ਦਿੱਖ ਮਾਡਲ ਸਕੂਲਾਂ ਤੋ ਵੀ ਵਧੀਆ ਬਣਾ ਕੇ ਬੱਚਿਆਂ ਨੂੰ ਆਕ੍ਰਸ਼ਿਤ ਕੀਤਾ।ਸਕੂਲ ਦਾ ਚੱਪਾ-ਚੱਪਾ ਚਾਰਟਾਂ,ਮਾਡਲਾਂ ਅਤੇ ਆਕ੍ਰਿਤੀਆਂ ਨਾਲ ਸ਼ਿੰਗਾਰ ਦਿੱਤਾ।ਸਕੂਲ ਵਿੱਚ ਬੱਚਿਆਂ ਦੇ ਪਾਣੀ ਪੀਣ ਲਈ ਕੂਲਰ ਲਗਵਾਇਆ ਅਤੇ ਸਾਊਂਡ ਸਿਸਟਮ ਦਾ ਪ੍ਰਬੰਧ ਕੀਤਾ।ਇਹਨਾਂ ਦੇ ਪੜ੍ਹਾਏ ਬੱਚਿਆਂ ਨੇ ਹਰ ਖੇਤਰ ਵਿੱਚ ਲੰਬੀਆਂ ਪੁਲਾਂਘਾਂ ਪੁੱਟੀਆਂ।ਇਸ ਸਕੂਲ ਦੇ ਬੱਚਿਆਂ ਨੇ ਸਟੇਟ ਲੈਵਲ ਤੇ ਡਾਂਸ ਅਤੇ ਭਾਸ਼ਣ ਪ੍ਰਤੀਯੋਗਤਾ ਵਿੱਚ ਪਹਿਲੇ ਸਥਾਨ ਹਾਸਿਲ ਕਰਕੇ ਜਿਲ੍ਹੇ ਦਾ ਨਾਂ ਸੂਬਾ ਪੱਧਰ ਤੇ ਰੌਸ਼ਨ ਕੀਤਾ।
    ਕੋਰੋਨਾ ਕਾਲ ਦੌਰਾਨ ਸੈਕੰਡਰੀ ਪੱਧਰ ਦੇ ਵਿਦਿਆਰਥੀਆਂ ਲਈ ਅੰਗਰੇਜੀ ਵਿਸ਼ੇ ਦੇ ਲੈਕਚਰ ਤਿਆਰ ਕਰਕੇ ਰੇਡੀਓ ਅਤੇ ਟੀ.ਵੀ. ਸਟੇਸ਼ਨਾਂ ਤੇ ਪ੍ਰਸਾਰਿਤ ਕੀਤੇ ਜੋ ਕਿ ਸੂਬਾ ਪੱਧਰ ਤੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋਏ।ਇਹ ਸਿਲਸਿਲਾ ਅਜੇ ਵੀ ਜਾਰੀ ਹੈ।ਇਹਨਾਂ ਨੇ ਪ੍ਰਾਇਮਰੀ ਲੈਵਲ ਦੇ ਵਿਦਿਆਰਥੀਆਂ ਲਈ ਟੈਕਸਟ ਬੁੱਕਸ ਵੀ ਤਿਆਰ ਕੀਤੀਆਂ।ਛੇਵੀਂ,ਸੱਤਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਰਕ ਬੁੱਕਸ ਤਿਆਰ ਕਰਨ ਦਾ ਮਾਣ ਵੀ ਇਹਨਾਂ ਨੂੰ ਹੀ ਮਿਲਿਆ।ਇਹਨਾਂ ਨੇ ਹੁਣ ਤੱਕ ਸੌ ਫੀਸਦੀ ਨਤੀਜੇ ਦੇ ਕੇ ਮਿਸਾਲ ਪੈਦਾ ਕੀਤੀ ਹੈ।ਇਹਨਾਂ ਨੇ ਇੱਥੇ ਹੀ ਬੱਸ ਨਹੀਂ ਕੀਤੀ ਸਗੋਂ ਅਧਿਆਪਕਾਂ ਦੀ ਟ੍ਰੇਨਿੰਗ ਲਈ ਮਾਡਿਊਲ ਵੀ ਤਿਆਰ ਕੀਤੇ ਹਨ ਜੋ ਕਿ ਇੱਕ ਬਹੁਤ ਮੁਸ਼ਕਿਲ ਕੰਮ ਹੁੰਦਾ ਹੈ।ਇਹਨਾਂ ਦੀ ਲਗਨ ਅਤੇ ਮਿਹਨਤ ਸਿੱਖਿਆ ਵਿਭਾਗ ਦੀ ਆਮ ਲੋਕਾਂ ਵਿੱਚ ਛਵੀ ਸੁਧਾਰਨ ਦਾ ਕੰਮ ਕਰ ਰਹੀ ਹੈ।
     ਸ਼ਹੀਦ ਭਗਤ ਸਿੰਘ ਨਗਰ ਦੇ ਇਹਨਾਂ ਅਧਿਆਪਕਾਂ ਨੇ ਜਿਲ੍ਹੇ ਦਾ ਮਾਣ ਵਧਾਇਆ ਹੈ।ਇਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਹੋਰ ਅਧਿਆਪਕਾਂ ਨੂੰ ਵੀ ਯਤਨਾਂ ਵਿੱਚ ਵਾਧਾ ਕਰਨ ਦੀ ਲੋੜ ਹੈ।ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦਾ ਸਮਾਜ ਵਿੱਚ ਅਕਸ ਪਹਿਲਾਂ ਨਾਲੋਂ ਬਹੁਤ ਸੁਧਰਿਆ ਹੈ।ਜਿਸ ਰਫਤਾਰ ਨਾਲ ਸਰਕਾਰੀ ਸਕੂਲਾਂ ਦਾ ਪੱਧਰ ਉਚਾ ਹੋ ਰਿਹਾ ਹੈ,ਉਹ ਦਿਨ ਦੂਰ ਨਹੀਂ ਜਦੋਂ ਹੋਰ ਬੱਚਿਆਂ ਦੇ ਮਾਪੇ ਵੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਨੂੰ ਤਰਜੀਹ ਦੇੱਣ ਲੱਗ ਪੈਣਗੇ।ਸ਼ਾਲਾ ! ਇਹ ਅਧਿਆਪਕ ਆਪਣੀ ਮਿਹਨਤ ਵਿੱਚ ਹੋਰ ਵੀ ਵਾਧਾ ਕਰਕੇ ਅੱਗੇ ਤੋਂ ਹੋਰ ਵੀ ਨਵੀਂਆਂ ਮੰਜਿਲਾਂ ਸਰ ਕਰਨ ਵਿੱਚ ਕਾਮਯਾਬ ਹੋਣ।
    ਨੋਟ: ਪਰਮਾਨੰਦ ਬ੍ਰਹਮਪੁਰੀ ਅਤੇ ਕਵਿਤਾ ਸੱਭਰਵਾਲ ਦੀਆਂ ਤਸਵੀਰਾਂ ਵੱਖਰੀ ਮੇਲ ਰਾਹੀਂ ਭੇਜ ਰਿਹਾ ਹਾਂ

         ਜਸਪਾਲ ਸਿੰਘ ਨਾਗਰਾ ‘ਮਹਿੰਦਪੁਰੀਆ’
          ਯੂਬਾ ਸਿਟੀ-ਕੈਲੇਫੋਰਨੀਆ (ਅਮਰੀਕਾ)
        ਫੋਨ-੦੦੧-੩੬੦-੪੪੮-੧੯੮੯

Leave a Reply

Your email address will not be published. Required fields are marked *