ਖੇਤੀ ਆਰਡੀਨੈਂਸ: ਕਿਸਾਨਾਂ ਦੇ ਰੋਹ ਨਾਲ ਗੂੰਜਿਆ ਪੰਜਾਬ

ਚੰਡੀਗੜ੍ਹ : ਖੇਤੀ ਆਰਡੀਨੈਂਸਾਂ ਖ਼ਿਲਾਫ਼ ਅੱਜ ਪੰਜਾਬ ਭਰ ਵਿਚ ਕਿਸਾਨਾਂ ਦੇ ਰੋਹ ਭਰਪੂਰ ਨਾਅਰੇ ਗੂੰਜੇ। ਸੰਸਦ ਦੇ ਮੌਨਸੂਨ ਇਜਲਾਸ ’ਚ ਪੇਸ਼ ਇਨ੍ਹਾਂ ਖੇਤੀ ਆਰਡੀਨੈਂਸਾਂ ਨੂੰ ਅੱਜ ਕਿਸਾਨਾਂ ਨੇ ਸੜਕਾਂ ’ਤੇ ਉਤਰ ਕੇ ਰੱਦ ਕਰ ਦਿੱਤਾ। ਦਰਜਨਾਂ ਕਿਸਾਨੀ ਧਿਰਾਂ ਨੇ ਅੱਜ ਕਰੀਬ 25 ਥਾਵਾਂ ਉੱਤੇ ਜਰਨੈਲੀ ਸੜਕਾਂ ’ਤੇ ਧਰਨੇ ਲਾ ਕੇ ਆਵਾਜਾਈ ਠੱਪ ਕੀਤੀ। ਉਨ੍ਹਾਂ ਤਿੰਨ ਦਰਿਆਈ ਪੁਲਾਂ ਨੂੰ ਵੀ ਰੋਕਿਆ।

ਕਰੋਨਾ ਦੀ ਪ੍ਰਵਾਹ ਕੀਤੇ ਬਿਨਾਂ ਕਿਸਾਨ ਆਪਣੀਆਂ ਮੰਗਾਂ ਦੇ ਹੱਕ ਵਿਚ ਡਟੇ ਰਹੇ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੱਦੇ ’ਤੇ ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਨੇ ਅੱਜ ਸ਼ੁਰੂ ਹੋਏ ਦਿਨ-ਰਾਤ ਦੇ ਮੋਰਚੇ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਿੰਡ ਬਾਦਲ ਵਿਚਲੀ ਰਿਹਾਇਸ਼ ਨੂੰ ਛਾਉਣੀ ਵਿਚ ਤਬਦੀਲ ਕਰ ਦਿੱਤਾ। ਇੱਥੇ 20 ਸਤੰਬਰ ਤਕ ਦਿਨ-ਰਾਤ ਦੇ ਮੋਰਚੇ ਚੱਲਣੇ ਹਨ। ਪਿੰਡ ਬਾਦਲ ਤੋਂ ਪਹਿਲਾਂ ਕਾਲਝਰਾਨੀ ਵਿਚ ਹਜ਼ਾਰਾਂ ਕਿਸਾਨਾਂ ਨੂੰ ਪੁਲੀਸ ਨੇ ਰੋਕਿਆ, ਜਿੱਥੇ ਅੱਧਾ ਘੰਟਾ ਪੁਲੀਸ ਨਾਲ ਖਿੱਚ-ਧੂਹ ਹੋਈ। ਕੇਸਰੀ ਚੁੰਨੀਆਂ ਲੈ ਕੇ ਪੁੱਜੀਆਂ ਔਰਤਾਂ ਨੇ ਸੰਘਰਸ਼ੀ ਰੰਗ ਤਿੱਖੇ ਕਰ ਦਿੱਤੇ। ਪਿੰਡ ਬਾਦਲ ਅਤੇ ਪਟਿਆਲਾ ਵਿਚ ਵੱਡੀ ਗਿਣਤੀ ਪੁਲੀਸ ਤਾਇਨਾਤ ਸੀ। ਬੀ.ਕੇ.ਯੂ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਰੂਪ ਸਿੰਘ ਛੰਨਾ, ਹਰਿੰਦਰ ਕੌਰ ਬਿੰਦੂ, ਰਾਜਵਿੰਦਰ ਸਿੰਘ ਰਾਮਨਗਰ, ਅਮਰੀਕ ਸਿੰਘ ਗੰਢੂਆਂ ਨੇ ਪਟਿਆਲਾ ਅਤੇ ਬਾਦਲ ਵਿਚ ਸੰਬੋਧਨ ਕੀਤਾ। ਇਸ ਦੌਰਾਨ ਜੈਕਾਰਿਆਂ ਦੀ ਗੂੰਜ ’ਚ ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ ਰੱਦ ਕਰਨ ਦੀ ਮੰਗ ਕੀਤੀ ਗਈ। ਇਨ੍ਹਾਂ ਨੂੰ ਕਿਸਾਨਾਂ ਦੀ ਮੌਤ ਦੇ ਵਾਰੰਟ ਦੱਸਿਆ ਗਿਆ। ਝੂਠੇ ਕੇਸ ਮੜ੍ਹ ਕੇ ਜੇਲ੍ਹੀਂ ਡੱਕੇ ਬਜ਼ੁਰਗ ਕਵੀ ਵਰਵਰਾ ਰਾਓ, ਪ੍ਰੋ. ਜੀਐੱਨ ਸਾਈਂ ਬਾਬਾ ਸਮੇਤ ਸ਼ਾਹੀਨ ਬਾਗ਼ ਤੇ ਜਾਮੀਆ ਯੂਨੀਵਰਸਿਟੀ ਦੇ ਕਾਰਕੁਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ ਗਈ। ਆਗੂਆਂ ਨੇ ਐਲਾਨ ਕੀਤਾ ਕਿ ਜਿੱਤ ਤਕ ਸੰਘਰਸ਼ ਜਾਰੀ ਰਹੇਗਾ। ਇਸ ਦੌਰਾਨ ਕਿਸਾਨਾਂ ਨੇ ਰਾਜਪੁਰਾ ਵਿੱਚ ਦਿੱਲੀ-ਅੰਮ੍ਰਿਤਸਰ ਹਾਈਵੇਅ ’ਤੇ ਧਰਨਾ ਦਿੱਤਾ। ਇਸੇ ਤਰ੍ਹਾਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਅੱਜ ਦੂਜੇ ਦਿਨ ਵੀ ਪੰਜਾਬ ਦੇ ਤਿੰਨ ਦਰਿਆਈ ਪੁਲਾਂ ਬਿਆਸ, ਹਰੀਕੇ ਹੈੱਡ ਅਤੇ ਟਾਂਡਾ ਸ੍ਰੀ ਹਰਗੋਬਿੰਦਪੁਰ ਪੁਲ ’ਤੇ ਧਰਨੇ ਮਾਰ ਕੇ ਸੜਕੀ ਆਵਾਜਾਈ ਜਾਮ ਕੀਤੀ। ਸਤਨਾਮ ਸਿੰਘ ਪੰਨੂ, ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ ਅਤੇ ਜਸਵੀਰ ਸਿੰਘ ਪਿੱਦੀ ਨੇ ਐਲਾਨ ਕੀਤਾ ਕਿ ਆਰਡੀਨੈਂਸਾਂ ਦੇ ਹੱਕ ਵਿਚ ਵੋਟ ਪਾਉਣ ਵਾਲੇ ਸੰਸਦ ਮੈਂਬਰਾਂ ਨੂੰ ਪਿੰਡਾਂ ਵਿਚ ਵੜਨ ਨਹੀਂ ਦਿੱਤਾ ਜਾਵੇਗਾ। ਪੰਜਾਬ ਪੁਲੀਸ ਅੱਜ ਚਾਰੇ ਪਾਸੇ ਸੜਕਾਂ ’ਤੇ ਦਿਖੀ ਅਤੇ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ।

ਇਸੇ ਤਰ੍ਹਾਂ ਅੱਜ ਦਸ ਕਿਸਾਨ ਧਿਰਾਂ ਨੇ ਕੌਮੀ ਸੜਕ ਮਾਰਗ ’ਤੇ 25 ਥਾਵਾਂ ’ਤੇ ਸੜਕਾਂ ’ਤੇ ਜਾਮ ਲਾਏ। ਇਸ ਤੋਂ ਇਲਾਵਾ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਪੰਜਾਬ ਇਕਾਈ ਨੇ ਭਲਕੇ 16 ਸਤੰਬਰ ਨੂੰ ਲੁਧਿਆਣਾ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਚ ਹੰਗਾਮੀ ਮੀਟਿੰਗ ਸੱਦ ਲਈ ਹੈ। ਕਿਸਾਨ ਆਗੂ ਜਗਮੋਹਨ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ’ਚ ਅਗਲੇ ਸੰਘਰਸ਼ ਦੀ ਵਿਉਂਤਬੰਦੀ ਕੀਤੀ ਜਾਵੇਗੀ। ਇਸੇ ਤਰ੍ਹਾਂ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ 16 ਸਤੰਬਰ ਨੂੰ ਪਿੰਡ ਬਾਦਲ ਅਤੇ ਪਟਿਆਲਾ ਦੇ ਮੋਰਚੇ ਵਿਚ ਸ਼੍ਰੋਮਣੀ ਨਾਟਕਕਾਰ ਗੁਰਸ਼ਰਨ ਸਿੰਘ ਦਾ ਜਨਮ ਦਿਹਾੜਾ ਮਨਾਉਣ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ ਮੋਰਚੇ ਵਾਲੇ ਥਾਂ ’ਤੇ ਲੰਗਰ ਚਲਾ ਦਿੱਤੇ ਹਨ।

ਜਗਮੀਤ ਬਰਾੜ ਤੇ ਪੰਮੀ ਬਾਈ ਵੱਲੋਂ ਸੰਘਰਸ਼ੀ ਏਕੇ ਦਾ ਸੱਦਾ

ਸਾਬਕਾ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਜਗਮੀਤ ਸਿੰਘ ਬਰਾੜ ਨੇ ਅੱਜ ਖੇਤੀ ਆਰਡੀਨੈਂਸਾਂ ਦੇ ਮੁੱਦੇ ’ਤੇ ਸਭਨਾਂ ਸਿਆਸੀ ਧਿਰਾਂ ਅਤੇ ਕਿਸਾਨ ਧਿਰਾਂ ਨੂੰ ਇੱਕਸੁਰ ਹੋ ਕੇ ਸੰਘਰਸ਼ ਲੜਨ ਦਾ ਸੱਦਾ ਦਿੱਤਾ ਹੈ। ਗਾਇਕ ਪੰਮੀ ਬਾਈ ਨੇ ਰਾਜਪੁਰਾ ਜੀ.ਟੀ.ਰੋਡ ’ਤੇ ਧਰਨੇ ਵਿਚ ਪੁੱਜ ਕੇ ਖੇਤੀ ਆਰਡੀਨੈਂਸਾਂ ਦੇ ਮਾਮਲੇ ’ਤੇ ਕਿਸਾਨਾਂ ਸੰਘਰਸ਼ ਦੀ ਹਮਾਇਤ ਕੀਤੀ ਅਤੇ ਕਿਸਾਨਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ।

600 ਸੰਘਰਸ਼ੀ ਕਿਸਾਨਾਂ ’ਤੇ ਕੇਸ ਦਰਜ

ਹਰੀਕੇ ਹੈੱਡ ਉੱਤੇ ਕੌਮੀ ਸ਼ਾਹ ਮਾਰਗ ’ਤੇ ਧਰਨਾ ਦੇਣ ਵਾਲੇ ਸਵਾ ਛੇ ਸੌ ਤੋਂ ਵੱਧ ਕਿਸਾਨਾਂ ਖ਼ਿਲਾਫ਼ ਥਾਣਾ ਮਖੂ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਇਹ ਪਰਚਾ ਕਰੋਨਾ ਮਹਾਮਾਰੀ ਦੀਆਂ ਪਾਬੰਦੀਆਂ ਅਤੇ ਧਾਰਾ 144 ਦੀ ਉਲੰਘਣਾ ਦੇ ਦੋਸ਼ ਹੇਠ ਦਰਜ ਕੀਤਾ ਗਿਆ ਹੈ।

ਕਿਸਾਨੀ ਸੰਘਰਸ਼ ਖ਼ਿਲਾਫ਼ ਹਾਈ ਕੋਰਟ ’ਚ ਬਹਿਸ ਭਲਕੇ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਕਿਸਾਨੀ ਸੰਘਰਸ਼ਾਂ ਖ਼ਿਲਾਫ਼ ਦਾਇਰ ਅਰਜ਼ੀ ’ਤੇ ਭਲਕੇ 16 ਸਤੰਬਰ ਨੂੰ ਬਹਿਸ ਹੋਵੇਗੀ। ਐਡਵੋਕੇਟ ਬਲਤੇਜ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਦੇ ਮੋਹਿਤ ਕਪੂਰ ਵੱਲੋਂ ਸਾਲ 2019 ਵਿਚ ਪੀਆਈਐੱਲ ਦਾਇਰ ਕੀਤੀ ਗਈ ਸੀ, ਜਿਸ ’ਚ ਹੁਣ ਨਵੀਂ ਅਰਜ਼ੀ ਦੇ ਕੇ ਮੰਗ ਕੀਤੀ ਗਈ ਹੈ ਕਿ ਪੰਜਾਬ ਦੀਆਂ ਸੜਕਾਂ ਨੂੰ ਖੁਲ੍ਹਵਾਇਆ ਜਾਵੇ ਕਿਉਂਕਿ ਕਰੋਨਾ ਮਰੀਜ਼ਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਦਾ ਕਹਿਣਾ ਹੈ ਕਿ ਇਹ ਅਰਜ਼ੀ ਕੈਪਟਨ ਸਰਕਾਰ ਵੱਲੋਂ ਦਾਇਰ ਕਰਾਈ ਗਈ ਹੈ।

Leave a Reply

Your email address will not be published. Required fields are marked *