ਲਾਪਤਾ ਸਰੂਪਾਂ ਦੇ ਮਾਮਲੇ ’ਚ ਅਕਾਲ ਤਖ਼ਤ ਦੇ ਜਥੇਦਾਰ ਨੇ ਅੰਤ੍ਰਿੰਗ ਕਮੇਟੀ ਨੂੰ ਧਾਰਮਿਕ ਸਜ਼ਾ ਲਗਾਈ

ਅੰਮ੍ਰਿਤਸਰ : ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਮੌਜੂਦਾ ਅਤੇ 2016 ਵਾਲੀ ਅੰਤ੍ਰਿੰਗ ਕਮੇਟੀ ਨੂੰ ਧਾਰਮਿਕ ਸਜ਼ਾ ਲਾਈ ਹੈ। ਇਸ ਤੋਂ ਇਲਾਵਾ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨਾਲ ਸਬੰਧ ਰੱਖਣ ਦੇ ਦੋਸ਼ ਹੇਠ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ, ਸਾਬਕਾ ਮੈਂਬਰ ਰਤਨ ਸਿੰਘ ਜੱਫਰਵਾਲ ਅਤੇ ਅਕਾਲੀ ਆਗੂ ਸਰਚਾਂਦ ਸਿੰਘ ਨੂੰ ਧਾਰਮਿਕ ਸਜ਼ਾ ਲਾਈ ਹੈ। ਅਕਾਲ ਤਖ਼ਤ ਦੀ ਫਸੀਲ ਤੋਂ ਇਸ ਸਬੰਧੀ ਫੈਸਲਾ ਸੁਣਾਉਂਦਿਆਂ ਜਥੇਦਾਰ ਨੇ ਪੁਰਾਣੀ ਅੰਤ੍ਰਿੰਗ ਕਮੇਟੀ ਨੂੰ ਆਖਿਆ ਕਿ ਉਹ ਇਕ ਸਾਲ ਸ਼੍ਰੋਮਣੀ ਕਮੇਟੀ ਵਿੱਚ ਕੋਈ ਵੀ ਅਹੁਦਾ ਨਹੀਂ ਲੈਣਗੇ ਅਤੇ ਸਹਿਜ ਪਾਠ ਕਰਨਗੇ ਜਾਂ ਕਰਾਉਣਗੇ। ਇਸ ਦੌਰਾਨ ਉਨ੍ਹਾਂ ਆਖਿਆ ਕਿ ਉਹ ਆਪਣੀ ਸਰੀਰਕ ਸਮਰਥਾ ਮੁਤਾਬਕ ਨੇੜਲੇ ਗੁਰਦੁਆਰਿਆਂ ਵਿੱਚ ਸੇਵਾ ਕਰਨ। ਮੌਜੂਦਾ ਅੰਤ੍ਰਿੰਗ ਕਮੇਟੀ ਨੂੰ ਮਹੀਨਾ ਕਿਸੇ ਵੀ ਜਨਤਕ ਸਮਾਗਮ ਵਿੱਚ ਨਾ ਬੋਲਣ ਦਾ ਆਦੇਸ਼ ਦਿੱਤਾ ਗਿਆ ਹੈ।

ਉਨ੍ਹਾਂ ਨੂੰ ਆਖਿਆ ਕਿ ਉਹ ਅਖੰਡ ਪਾਠ ਗੁਰਦੁਆਰਾ ਰਾਮਸਰ ਅਤੇ ਅਖੰਡ ਪਾਠ ਅਕਾਲ ਤਖ਼ਤ ਵਿਖੇ ਕਰਵਾਉਣਗੇ। ਇਸ ਦੌਰਾਨ ਤਿੰਨ ਦਿਨ ਸਾਰਾਗੜ੍ਹੀ ਨਿਵਾਸ ਤੋਂ ਡਿਓੜੀ ਤੱਕ ਰੋਜ਼ਾਨਾ ਇਕ ਘੰਟਾ ਝਾੜੂ ਮਾਰਨ ਦੀ ਸੇਵਾ ਕਰਨਗੇ। ਸੁੱਚਾ ਸਿੰਘ ਲੰਗਾਹ ਨਾਲ ਸਬੰਧ ਰੱਖਣ ਦੇ ਦੋਸ਼ ਹੇਠ ਗੁਰਿੰਦਰਪਾਲ ਸਿੰਘ ਗੋਰਾ, ਰਤਨ ਸਿੰਘ ਜੱਫਰਵਾਲ ਅਤੇ ਸਰਚਾਂਦ ਸਿੰਘ ਨੂੰ ਸਹਿਜ ਪਾਠ ਕਰਵਾਉਣ ਦੀ ਤਨਖਾਹ ਲਾਈ ਹੈ। ਇਸ ਦੌਰਾਨ ਨਜ਼ਦੀਕੀ ਗੁਰਦੁਆਰੇ ਵਿੱਚ ਘੰਟਾ ਕੀਰਤਨ ਸਰਵਨ ਕਰਨ ਅਤੇ ਇੱਕ ਘੰਟਾ ਸੰਗਤ ਦੀ ਸੇਵਾ ਕਰਨ ਲਈ ਆਖਿਆ ਗਿਆ ਹੈ। ਅਕਾਲ ਤਖ਼ਤ ਵਿਖੇ ਗਿਆਰਾਂ ਸੌ ਰੁਪਏ ਦੀ ਦੇਗ ਕਰਾਉਣ ਅਤੇ ਗਿਆਰਾਂ ਸੌ ਰੁਪਏ ਗੋਲਕ ਵਿੱਚ ਪਾਉਣ ਲਈ ਆਦੇਸ਼ ਦਿੱਤਾ ਹੈ। ਬੀਤੇ ਦਿਨ ਹਰਿਮੰਦਰ ਸਾਹਿਬ ਸਮੂਹ ਵਿੱਚ ਧਰਨਾ ਦੌਰਾਨ ਨਿਹੰਗ ਸਿੰਘ ਦੀ ਦਸਤਾਰ ਲਾਹੁਣ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੂੰ ਪੰਜ ਪਿਆਰਿਆਂ ਕੋਲ ਪੇਸ਼ ਹੋ ਕੇ ਖਿਮਾ ਯਾਚਨਾ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਇੱਥੇ ਦੱਸਣਯੋਗ ਹੈ ਕਿ 2016 ਵਾਲੀ ਅੰਤ੍ਰਿੰਗ ਕਮੇਟੀ ਨੂੰ ਪਸ਼ਚਾਤਾਪ ਨਾ ਕਰਨ ਦੇ ਦੋਸ਼ ਹੇਠ ਤਲਬ ਕੀਤਾ ਗਿਆ ਸੀ ਅਤੇ ਮੌਜੂਦਾ ਅੰਤ੍ਰਿੰਗ ਕਮੇਟੀ ਸਵੈ ਇੱਛਾ ਨਾਲ ਖਿਮਾ ਯਾਚਨਾ ਲਈ ਪੇਸ਼ ਹੋਈ ਹੈ।

Leave a Reply

Your email address will not be published. Required fields are marked *