ਸ਼ੋਪੀਆਂ ਮੁਕਾਬਲੇ ’ਚ ਹੋਈ ਸੀ ਅਫਸਪਾ ਦੀ ਉਲੰਘਣਾ

ਸ੍ਰੀਨਗਰ : ਫੌਜ ਨੂੰ ‘ਪਹਿਲੀ ਨਜ਼ਰੇ’ ਸਬੂਤ ਮਿਲੇ ਹਨ ਕਿ ਉਸ ਦੇ ਜਵਾਨਾਂ ਨੇ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ’ਚ ਹੋਏ ਇੱਕ ਮੁਕਾਬਲੇ ’ਚ ਹਥਿਆਰਬੰਦ ਸੈਨਾ ਵਿਸ਼ੇਸ਼ ਅਧਿਕਾਰ ਕਾਨੂੰਨ (ਅਫਸਪਾ) ਤਹਿਤ ਮਿਲੀਆਂ ਸ਼ਕਤੀਆਂ ਦੀ ਉਲੰਘਣਾ ਕੀਤੀ ਹੈ। ਇਸ ਸਬੰਧਤ ਅਨੁਸ਼ਾਸਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਇਸ ਸਾਲ ਜੁਲਾਈ ’ਚ ਇਹ ਮੁਕਾਬਲਾ ਹੋਇਆ ਸੀ ਅਤੇ ਇਸ ’ਚ ਤਿੰਨ ਜਣੇ ਮਾਰੇ ਗਏ ਸਨ। ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਅਮਸ਼ੀਪੁਰਾ ਪਿੰਡ ’ਚ ਫੌਜ ਨੇ 18 ਜੁਲਾਈ ਨੂੰ ਤਿੰਨ ਅਤਿਵਾਦੀ  ਮਾਰਨ ਦਾ ਦਾਅਵਾ ਕੀਤਾ ਸੀ। ਸ੍ਰੀਨਗਰ ’ਚ ਫੌਜ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਕਿਹਾ ਕਿ ਅਤਿਵਾਦ ਵਿਰੋਧੀ ਮੁਹਿੰਮਾਂ ਦੌਰਾਨ ਨੈਤਿਕ ਵਿਹਾਰ ਲਈ ਪ੍ਰਤੀਬੱਧ ਸੈਨਾ ਨੇ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਹੈ ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਜੰਮੂ ਦੇ ਰਾਜੌਰੀ ਜ਼ਿਲ੍ਹੇ ਦੇ ਰਹਿਣ ਵਾਲੇ ਤਿੰਨ ਵਿਅਕਤੀ ਅਮਸ਼ੀਪੁਰਾ ਤੋਂ ਲਾਪਤਾ ਪਾਏ ਗੲੇ ਸੀ। ਜਾਂਚ ਨੂੰ ਚਾਰ ਹਫ਼ਤਿਆਂ ਅੰਦਰ ਹੀ ਮੁਕੰਮਲ ਕਰ ਲਿਆ ਗਿਆ। ਫੌਜ ਨੇ ਇੱਕ ਸੰਖੇਪ ਬਿਆਨ ’ਚ ਕਿਹਾ ਕਿ ਜਾਂਚ ਦੌਰਾਨ ਕੁਝ ਸਬੂਤ ਸਾਹਮਣੇ ਆਏ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਮੁਹਿੰਮ ਦੌਰਾਨ ਅਫਸਪਾ, 1990 ਤਹਿਤ ਮਿਲੀਆਂ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਗਈ ਹੈ ਅਤੇ ਸੁਪਰੀਮ ਕੋਰਟ ਵੱਲੋਂ ਪ੍ਰਵਾਨ ਤੇ ਸੈਨਾ ਮੁਖੀ ਵੱਲੋਂ ਤੈਅ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਇਸ ਅਨੁਸਾਰ ਸਮਰੱਥ ਅਨੁਸ਼ਾਸਨੀ ਅਥਾਰਿਟੀ ਨੇ ਮੁੱਢਲੀ ਨਜ਼ਰੇ ਜਵਾਬਦੇਹ ਪਾੲੇ ਗਏ ਸੈਨਿਕਾਂ ਖ਼ਿਲਾਫ਼ ਸੈਨਾ ਐਕਟ ਤਹਿਤ ਕਾਰਵਾਈ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ।

ਸ਼ੋਪੀਆਂ ਮੁਕਾਬਲਾ: ਉਮਰ ਨੇ ਪਾਰਦਰਸ਼ੀ ਅਨੁਸ਼ਾਸਨੀ ਕਾਰਵਾਈ ਮੰਗੀ

ਸ੍ਰੀਨਗਰ: ਨੈਸ਼ਨਲ ਕਾਨਫ਼ਰੰਸ ਦੇ ਆਗੂ ਉਮਰ ਅਬਦੁੱਲਾ ਨੇ ਅੱਜ ਕਿਹਾ ਕਿ ਰਾਜੌਰੀ ਦੇ ਤਿੰਨ ਨੌਜਵਾਨਾਂ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਪ੍ਰਕਿਰਿਆ ਪਾਰਦਰਸ਼ੀ ਹੋਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਸ਼ੋਪੀਆਂ ਵਿਚ ਕਥਿਤ ਫ਼ਰਜ਼ੀ ਮੁਕਾਬਲੇ ਦਾ ਮਾਮਲਾ ਸਾਹਮਣੇ ਆਇਆ ਸੀ। ਉਮਰ ਨੇ ਟਵੀਟ ਕੀਤਾ ਕਿ ਮ੍ਰਿਤਕਾਂ ਦੇ ਪਰਿਵਾਰ ਉਨ੍ਹਾਂ ਦੇ ਨਿਰਦੋਸ਼ ਹੋਣ ਦਾ ਦਾਅਵਾ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ੌਜ ਵੱਲੋਂ ਆਰੰਭੀ ਅਨੁਸ਼ਾਸਨੀ ਕਾਰਵਾਈ ਦੱਸਦੀ ਹੈ ਕਿ ਫ਼ੌਜ ਪਰਿਵਾਰਾਂ ਨਾਲ ਸਹਿਮਤ ਹੈ। ਸਾਰੀ ਪ੍ਰਕਿਰਿਆ ਹੁਣ ਪਾਰਦਰਸ਼ੀ ਢੰਗ ਨਾਲ ਹੋਣੀ ਚਾਹੀਦੀ ਹੈ ਤੇ ਜ਼ਿੰਮੇਵਾਰਾਂ ਨੂੰ ਕਾਨੂੰਨ ਮੁਤਾਬਕ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

Leave a Reply

Your email address will not be published. Required fields are marked *