ਕਮਾਂਡਰ ਪੱਧਰ ਦੀ ਗੱਲਬਾਤ ਤੋਂ ਪਹਿਲਾਂ ਉੱਚ ਤਾਕਤੀ ਕਮੇਟੀ ਵੱਲੋਂ ਲੱਦਾਖ ਦੇ ਹਾਲਾਤ ’ਤੇ ਨਜ਼ਰਸਾਨੀ

ਨਵੀਂ ਦਿੱਲੀ : ਚੀਨ ਦੇ ਅਧਿਐਨ ਲਈ ਬਣੇ ਰੱਖਿਆ ਮੰਤਰੀ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਤੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਦੀ ਸ਼ਮੂਲੀਅਤ ਵਾਲੇ ਉੱਚ ਤਾਕਤੀ ਸਮੂਹ ਨੇ ਅੱਜ ਇਕ ਮੀਟਿੰਗ ਦੌਰਾਨ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਟਕਰਾਅ ਵਾਲੇ ਖੇਤਰਾਂ ’ਚ ਚੀਨੀ ਫੌਜ ਦੇ ਹਮਲਾਵਰ ਰੁਖ਼ ਤੇ ਭਾਰਤੀ ਫੌਜਾਂ ਨੂੰ ‘ਧਮਕਾਉਣ’ ਦੀਆਂ ਉਹਦੀਆਂ ਸੱਜਰੀਆਂ ਕੋਸ਼ਿਸ਼ਾਂ ਨੂੰ ਲੈ ਕੇ ਭਾਰਤ ਦੀਆਂ ਅਪਰੇਸ਼ਨਲ ਤਿਆਰੀਆਂ ’ਤੇ ਵਿਆਪਕ ਨਜ਼ਰਸਾਨੀ ਕੀਤੀ। ਸੂਤਰਾਂ ਨੇ ਕਿਹਾ ਕਿ ਇਸ ਉੱਚ ਤਾਕਤੀ ਸਮੂਹ ਨੇ 3500 ਕਿਲੋਮੀਟਰ ਲੰਮੀ ਅਸਲ ਕੰਟਰੋਲ ਰੇਖਾ ਸਮੇਤ ਅਰੁਣਾਚਲ ਪ੍ਰਦੇਸ਼ ਤੇ ਸਿੱਕਮ ਸੈਕਟਰਾਂ ਵਿੱਚ ਚੌਕਸੀ ਹੋਰ ਵਧਾਉਣ ਬਾਰੇ ਵੀ ਚਰਚਾ ਕੀਤੀ। ਥਲ ਸੈਨਾ ਮੁਖੀ ਜਨਰਲ ਐੱਮ.ਐੱਮ.ਨਰਵਾਣੇ ਨੇ ਮੀਟਿੰਗ ਦੌਰਾਨ ਪੈਂਗੌਂਗ ਝੀਲ ਦੇ ਉੱਤਰੀ ਤੇ ਦੱਖਣੀ ਕੰਢੇ ’ਤੇ ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਹੋਏ ਸੱਜਰੇ ਟਕਰਾਅ ਤੇ ਅਜਿਹੇ ਯਤਨਾਂ ਨੂੰ ਅਸਰਦਾਰ ਤਰੀਕੇ ਨਾਲ ਠੱਲ੍ਹਣ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਤਫ਼ਸੀਲ ’ਚ ਦੱਸਿਆ। ਇਸ ਦੌਰਾਨ ਦੋਵਾਂ ਮੁਲਕਾਂ ਵਿੱਚ ਕੋਰ ਕਮਾਂਡਰ ਪੱਧਰ ਦੀ ਹੋਣ ਵਾਲੀ ਅਗਲੇ ਗੇੜ ਦੀ ਗੱਲਬਾਤ ਦੌਰਾਨ ਰੱਖੇ ਜਾਣ ਵਾਲੇ ਨੁਕਤਿਆਂ ਬਾਰੇ ਵੀ ਸੰਖੇਪ ’ਚ ਦੱਸਿਆ ਗਿਆ। ਸੂਤਰਾਂ ਨੇ ਕਿਹਾ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਭਾਰਤੀ ਫੌਜ ਵੱਲੋਂ ਅਗਲੇ ਗੇੜ ਦੀ ਗੱਲਬਾਤ ਲਈ ਭੇਜੇ ਸੱਦੇ ਬਾਰੇ ਅਜੇ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਪਹਿਲਾਂ ਦੋਵੇਂ ਧਿਰਾਂ ਕੋਰ ਕਮਾਂਡਰ ਪੱਧਰ ਦੀ ਪੰਜ ਗੇੜਾਂ ਦੀ ਗੱਲਬਾਤ ਕਰ ਚੁੱਕੀਆਂ ਹਨ।

Leave a Reply

Your email address will not be published. Required fields are marked *