ਬਾਦਲ ਮੋਰਚਾ ਪੰਜਾਬ ’ਚ ਜਨਤਕ ਸੰਘਰਸ਼ ਦੀ ਵੱਡੀ ਤਸਵੀਰ ਉਲੀਕਣ ਵੱਲ ਵਧਿਆ

ਲੰਬੀ : ਅੱਜ ਸੰਸਦ ਵਿੱਚ ਖੇਤੀ ਬਿੱਲਾਂ ‘ਤੇ ਮੋਹਰ ਲੱਗਣ ਬਾਅਦ ਪਿੰਡ ਬਾਦਲ ਦਾ ਕਿਸਾਨ ਮੋਰਚਾ ਖੇਤੀ ਬਿੱਲਾਂ ਖਿਲਾਫ਼ ਪੰਜਾਬ ‘ਚ ਜਨਤਕ ਸੰਘਰਸ਼ ਦੀ ਵੱਡੀ ਤਸਵੀਰ ਉਲੀਕਣ ਵੱਲ ਵਧ ਪਿਆ। ਅੱਜ ਇੱਥੇ ਹਜ਼ਾਰਾਂ ਮਰਦ-ਔਰਤ ਕਿਸਾਨਾਂ ਨੇ ਰੋਹ ਭਰਪੂਰ ਲਹਿਜੇ ‘ਚ ਖੇਤੀ ਆਰਡੀਨੈਂਸ ਦੀਆਂ ਕਾਪੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਸਾੜ ਕੇ ਸੰਘਰਸ਼ੀ ਦਾਇਰਾ ਵਧਾਉਣ ਦਾ ਐਲਾਨ ਕੀਤਾ, ਜਿਸ ਤਹਿਤ 25 ਸਤੰਬਰ ਨੂੰ ਪੰਜਾਬ ਬੰਦ ਅਤੇ 24-26 ਸਤੰਬਰ ਦੇ ਰੇਲ ਰੋਕੋ ਸੰਘਰਸ਼ ਦੀ ਹਮਾਇਤ ਵਿੱਚ ਮਾਲਵੇ ‘ਚ ਰੇਲਾਂ ਜਾਮ ਕਰਕੇ ਆਵਾਜ਼ ਬੁਲੰਦ ਕੀਤੀ ਜਾਵੇਗੀ। ਖੇਤੀ ਜੀਵਨ ਰੇਖਾ ‘ਤੇ ਮੌਤ ਦੇ ਵਾਰੰਟ ਵਾਲੇ ਬਿੱਲਾਂ ਖਿਲਾਫ਼ ਸੰਘਰਸ਼ ਦੇ ਭਖਦੇ ਰੋਹ ਤੋਂ ਪਿੰਡ ਬਾਦਲ ਅਤੇ ਪਟਿਆਲਾ ‘ਚ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਵਾਲੇ ਕਿਸਾਨ ਮੋਰਚੇ ਦੇ ਲੰਮਾ ਖਿੱਚਣ ਦੇ ਸੰਕੇਤ ਮਿਲ ਰਹੇ ਹਨ। ਬਾਦਲ ਹਾਊਸ ਮੂਹਰੇ ਇਹ ਐਲਾਨ ਯੂਨੀਅਨ ਦੀ ਕਾਰਜਕਾਰੀ ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ ਤੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਮੋਰਚੇ ਵਿੱਚ ਨੌਜਵਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ‘ਤੇ ਤਸੱਲੀ ਪ੍ਰਗਟ ਕਰਦਿਆਂ ਆਖਿਆ ਕਿ ਕਿਸਾਨੀ ਅਤੇ ਜਵਾਨੀ ਦੀ ਜੋਟੀ ਖੇਤੀ ਤੇ ਲੋਕ ਵਿਰੋਧੀ ਕਾਨੂੰਨਾਂ ਅਤੇ ਕਿਸਾਨ ਵਿਰੋਧੀ ਨੀਤੀਆਂ ਦਾ ਮੂੰਹ ਮੋੜ ਕੇ ਹੀ ਦਮ ਲਵੇਗੀ। ਇਸ ਮੌਕੇ ਯੂਨੀਅਨ ਦੇ ਨੌਜਵਾਨ ਆਗੂ ਰਾਜਵਿੰਦਰ ਸਿੰਘ ਰਾਮਨਗਰ, ਅਜੇ ਪਾਲ ਸਿੰਘ ਘੁੱਦਾ, ਰਾਮ ਸਿੰਘ ਭੈਣੀ ਬਾਘਾ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਜਸਵੀਰ ਸਿੰਘ ਪਿੱਦੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਲਛਮਣ ਸਿੰਘ ਸੇਵੇਵਾਲਾ, ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਡਾਕਟਰ ਧੰਨਾ ਮੱਲ ਗੋਇਲ ਤੇ ਮਨਜਿੰਦਰ ਸਿੰਘ ਸਰਾਂ, ਠੇਕਾ ਮੁਲਾਜ਼ਮ ਮੋਰਚੇ ਦੇ ਆਗੂ ਜਗਰੂਪ ਸਿੰਘ, ਕਿਸਾਨ ਆਗੂ ਬਲੌਰ ਸਿੰਘ ਘੱਲਕਲਾਂ, ਭਾਗ ਸਿੰਘ ਮਰਖਾਈ, ਅਮਰਜੀਤ ਸਿੰਘ ਸੈਦੋਕੇ,ਗੁਰਪਾਸ਼ ਸਿੰਘ ,ਪਨਬਸ ਮੁਲਾਜ਼ਮ ਯੂਨੀਅਨ ਦੇ ਰੇਸ਼ਮ ਸਿੰਘ, ਮਨਰੇਗਾ ਯੂਨੀਅਨ ਦੇ ਆਗੂ ਵਰਿੰਦਰ ਸਿੰਘ, ਠੇਕਾ ਮੁਲਾਜ਼ਮ ਮੋਰਚੇ ਦੇ ਆਗੂ ਗੁਰਵਿੰਦਰ ਸਿੰਘ ਪੰਨੂ, ਜਲ ਸਪਲਾਈ ਤੇ ਸੈਨੀਟੇਸ਼ਨ ਮੁਲਾਜ਼ਮਾਂ ਦੇ ਆਗੂ ਸੰਦੀਪ ਖਾਂ, ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਆਗੂ ਜਸਕਰਨ ਸਿੰਘ, ਮਾਸਟਰ ਕੇਡਰ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਤੇ ਨੌਜਵਾਨ ਭਾਰਤ ਸਭਾ ਦੇ ਆਗੂ ਗੁਰਮੁਖ ਸਿੰਘ ਹਿੰਮਤਪੁਰਾ ਨੇ ਵੀ ਸੰਬੋਧਨ ਕੀਤਾ। ਬਾਦਲ ਮੋਰਚੇ ‘ਚ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਜਸਵੀਰ ਸਿੰਘ ਪਿੱਦੀ ਦੀ ਅਗਵਾਈ ਹੇਠ ਮਾਝੇ ਦੇ ਕਿਸਾਨਾਂ ਦੇ ਜਥੇ ਵਲੋਂ ਵੀ ਸ਼ਮੂਲੀਅਤ ਕੀਤੀ ਗਈ।

Leave a Reply

Your email address will not be published. Required fields are marked *