ਦਿੱਲੀ ਪੁਲਿਸ ਨੇ ਬੇਅੰਤ ਦੇ ਪੋਤੇ ਸਣੇ ਕਈਆਂ ਦਾ ਕੁਟਾਪਾ ਚਾੜ੍ਹਿਆ

ਨਵੀਂ ਦਿੱਲੀ : ਪੰਜਾਬ ਤੋਂ ਕਾਂਗਰਸ ਦੇ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਤੇ ਕਾਂਗਰਸ ਦੇ ਤਿੰਨ ਹੋਰ ਸੰਸਦ ਮੈਂਬਰਾਂ ਸੰਤੋਖ ਚੌਧਰੀ, ਜਸਬੀਰ ਸਿੰਘ ਗਿੱਲ ਅਤੇ ਗੁਰਜੀਤ ਸਿੰਘ ਔਜਲਾ ਨਾਲ ਦਿੱਲੀ ਪੁਲੀਸ ਦੇ ਮੁਲਾਜ਼ਮਾਂ ਨੇ ਸੋਮਵਾਰ ਨੂੰ ਸੰਸਦ ਭਵਨ ਨੇੜੇ ਕੁੱਟਮਾਰ ਕੀਤੀ ਹੈ।

ਉਨ੍ਹਾਂ ਕਿਹਾ, ‘ਅਸੀਂ ਕਿਸਾਨਾਂ ਦੇ ਮੁੱਦੇ ’ਤੇ ਮੋਮਬੱਤੀ ਮਾਰਚ ਕਰਕੇ ਹੋਏ ਵਿਜੈ ਚੌਕ ਜਾ ਰਹੇ ਸੀ। ਸਿਰਫ 10-15 ਮੀਟਰ ਚੱਲੇ ਹੋਵਾਂਗੇ ਕਿ 100 ਦੇ ਕਰੀਬ ਪੁਲੀਸ ਵਾਲੇ ਅਚਾਨਕ ਆ ਗਏ। ਉਨ੍ਹਾਂ ਨੂੰ ਲੱਗਿਆ ਕਿ ਕਿਧਰੇ ਕਿਸਾਨ ਆਏ ਹਨ।’ ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਲੋਕ ਕਿਸਾਨਾਂ ਤੋਂ ਕਿੰਨੇ ਡਰੇ ਹੋਏ ਹਨ। ਸ੍ਰੀ ਬਿੱਟੂ ਨੇ ਦੋਸ਼ ਲਾਇਆ ਕਿ ਉਹ ਮੋਮਬੱਤੀਆਂ ਜਗਾਉਣ ਲਈ ਵਿਜੈ ਚੌਕ ਜਾਣਾ ਚਾਹੁੰਦਾ ਸੀ ਪਰ ਪੁਲੀਸ ਨੇ ਉਨ੍ਹਾਂ ਚਾਰਾਂ ਨਾਲ ਬਦਸਲੂਕੀ ਕਰਦਿਆਂ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਉਨ੍ਹਾਂ ਨੇ ਖੁਦ ਨੂੰ ਵੀ ਸੱਟਾਂ ਵੱਜਣ ਦਾ ਦਾਅਵਾ ਕੀਤਾ। ਇਸ ’ਤੇ ਸਪੀਕਰ ਨੇ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਬਿੱਟੂ ਤੇ ਸ੍ਰੀ ਚੌਧਰੀ ਦੇ ਪੱਤਰ ਮਿਲੇ ਹਨ ਅਤੇ ਉਨ੍ਹਾਂ ਮਾਮਲੇ ਦੀ ਰਿਪੋਰਟ ਮੰਗ ਲਈ ਹੈ। ਉੱਧਰ ਪੁਲੀਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਾਣ ਲਈ ਉਹ ਰਾਹ ਖਾਲੀ ਕਰਵਾ ਰਹੇ ਸਨ ਕਿਉਂਕਿ ਸ੍ਰੀ ਮੋਦੀ ਦਾ ਕਾਫ਼ਲਾ ਅਚਾਨਕ ਹੀ ਇੱਧਰ ਆ ਰਿਹਾ ਸੀ। ਨਾਲ ਹੀ ਸੰਸਦ ਮੈਂਬਰਾਂ ਨੇ ਧਰਨੇ ਦੀ ਮਨਜ਼ੂਰੀ ਵੀ ਨਹੀਂ ਸੀ ਲਈ।

ਇਸੇ ਦੌਰਾਨ ਡੀਐੱਮਕੇ ਦੇ ਮੈਂਬਰ ਡੀਐੱਮ ਕਠੀਰ ਆਨੰਦ ਨੇ ਦੋਸ਼ ਲਾਇਆ ਕਿ ਖੁਦ ਨੂੰ ਆਈਬੀ ਦੇ ਮੈਂਬਰ ਦੱਸਣ ਵਾਲੇ ਦੋ ਵਿਅਕਤੀ ਪੁਰਾਣੇ ਤਾਮਿਲ ਨਾਡੂ ਹਾਊਸ ਸਥਿਤ ਉਨ੍ਹਾਂ ਦੇ ਕਮਰੇ ’ਚ ਆਏ ਅਤੇ ਉਨ੍ਹਾਂ ਤੋਂ ਸੰਸਦ ’ਚ ਚੁੱਕੇ ਜਾਣ ਵਾਲੇ ਮੁੱਦਿਆਂ ਦੀ ਜਾਣਕਾਰੀ ਮੰਗਣ ਲੱਗੇ। ਸ੍ਰੀ ਆਨੰਦ ਨੇ ਕਿਹਾ ਕਿ ਦੋਵਾਂ ਵਿਅਕਤੀਆਂ ਨੇ ਉਨ੍ਹਾਂ ਤੋਂ ਪਾਰਟੀ ਦੀ ਰਣਨੀਤੀ ਤੇ ਤਾਮਿਲ ਨਾਡੂ ਦੇ ਸਥਾਨਕ ਮੁੱਦਿਆਂ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਵੀ ਕੀਤੀ। ਉਨ੍ਹਾਂ ਕਿਹਾ, ‘ਮੇਰੇ ਤੋਂ ਪੁੱਛ ਪੜਤਾਲ ਦੀ ਕੋਸ਼ਿਸ਼ ਕੀਤੀ ਗਈ।’ ਇਸ ’ਤੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਜੇਕਰ ਉਹ ਇਸ ਬਾਰੇ ਲਿਖਤੀ ਤੌਰ ’ਤੇ ਦਿੰਦੇ ਹਨ ਤਾਂ ਉਹ ਇਸ ਬਾਰੇ ਪੜਤਾਲ ਕਰਵਾਉਣਗੇ।

Leave a Reply

Your email address will not be published. Required fields are marked *