ਸੰਯੁਕਤ ਰਾਸ਼ਟਰ ’ਤੇ ਵਿਸ਼ਵਾਸ ਦੀ ਘਾਟ ਦਾ ਸੰਕਟ: ਮੋਦੀ

ਸੰਯੁਕਤ ਰਾਸ਼ਟਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਆਪਕ ਸੁਧਾਰਾਂ ਦੀ ਘਾਟ ਕਾਰਨ ਸੰਯੁਕਤ ਰਾਸ਼ਟਰ ’ਤੇ ਭਰੋਸੇ ਦੀ ਘਾਟ ਦਾ ਸੰਕਟ ਮੰਡਰਾ ਰਿਹਾ ਹੈ। ਊਨ੍ਹਾਂ ਬਹੁਪੱਖੀ ਢਾਂਚੇ ਵਿਚ ਸੁਧਾਰ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਮੌਜੂਦਾ ਸਥਿਤੀਆਂ ਦੇ ਮੱਦੇਨਜ਼ਰ ਹਰ ਇਕ ਧਿਰ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਤੇ ਇਹ ਮਨੁੱਖੀ ਕਲਿਆਣ ਆਧਾਰਿਤ ਹੋਣੀ ਚਾਹੀਦੀ ਹੈ। ਸੰਯੁਕਤ ਰਾਸ਼ਟਰ ਦੀ 75ਵੀਂ ਵਰ੍ਹੇਗੰਢ ਮੌਕੇ ਸੱਦੀ ਗਈ ਮਹਾਂਸਭਾ ਦੀ ਊਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਊਨ੍ਹਾਂ ਕਿਹਾ ਕਿ ਪੁਰਾਣੇ ਢੰਗਾਂ ਨਾਲ ਅਜੋਕੇ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਨਹੀਂ ਕੀਤਾ ਜਾ ਸਕਦਾ ਜਿਸ ਕਾਰਨ ਕਈ ਸੰਕਟ ਦਰਪੇਸ਼ ਹਨ। ਵੀਡੀਓ ਕਾਨਫਰੰਸ ਜ਼ਰੀਏ ਮੋਦੀ ਨੇ ਬਹੁਪੱਖੀ ਸੁਧਾਰਾਂ ਦੀ ਮੰਗ ਊਸ ਵੇਲੇ ਕੀਤੀ ਜਦੋਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਭਾਰਤ ਚੁਣੇ ਹੋਏ ਅਸਥਾਈ ਮੈਂਬਰ ਵਜੋਂ ਆਪਣਾ ਕਾਰਜਕਾਲ 1 ਜਨਵਰੀ 2021 ਤੋਂ ਸ਼ੁਰੂ ਕਰਨ ਜਾ ਰਿਹਾ ਹੈ। ਊਨ੍ਹਾਂ ਕਿਹਾ ਕਿ ਅਜੋਕੇ ਸਮੇਂ ਮਨੁੱਖੀ ਕਲਿਆਣਕਾਰੀ ਯੋਜਨਾਵਾਂ ਊਲੀਕਣੀਆਂ ਚਾਹੀਦੀਆਂ ਹਨ ਤੇ ਭਾਰਤ ਇਸ ਦਿਸ਼ਾ ਵਿਚ ਹੋਰ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਨੂੰ ਤਿਆਰ ਹੈ ਤੇ ਭਾਰਤ ਸੁਰੱਖਿਆ ਪਰਿਸ਼ਦ ਵਿਚ ਸੁਧਾਰ ਲਈ ਦਹਾਕਿਆਂ ਤੋਂ ਕੀਤੇ ਜਾ ਰਹੇ ਕੰਮਾਂ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਊਨ੍ਹਾਂ ਕਿਹਾ ਕਿ ਸਾਲ 1945 ਦਾ ਢਾਂਚਾ ਆਧੁਨਿਕ ਸਮੇਂ ਅਨੁਸਾਰ ਨਹੀਂ ਹੈ। ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਮੁਹਿੰਮਾਂ ਵਿਚ ਯੋਗਦਾਨ ਪਾਊਣ ਵਾਲੇ ਫੌਜੀਆਂ ਨੂੰ ਵੀ ਯਾਦ ਕੀਤਾ। ਜ਼ਿਕਰਯੋਗ ਹੈ ਕਿ ਭਾਰਤ ਨੇ ਪਿਛਲੇ ਛੇ ਦਹਾਕਿਆਂ ਵਿਚ ਸੰਯੁਕਤ ਰਾਸ਼ਟਰ ਦੇ 71 ਵਿਚੋਂ 50 ਸ਼ਾਂਤੀ ਮਿਸ਼ਨਾਂ ਵਿਚ ਆਪਣੇ ਵੀਹ ਹਜ਼ਾਰ ਫੌਜੀ ਭੇਜੇ ਹਨ ਤੇ ਇਸ ਮਿਸ਼ਨ ਵਿਚ ਸਭ ਤੋਂ ਵੱਧ ਫੌਜੀ ਭਾਰਤ ਦੇ ਹੀ ਸ਼ਹੀਦ ਹੋਏ ਹਨ। ਸ੍ਰੀ ਮੋਦੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਕਾਰਨ ਹੀ ਭਾਰਤ ਅੱਜ ਬਿਹਤਰ ਸਥਿਤੀ ਵਿਚ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਸੁਰੱਖਿਆ ਪਰਿਸ਼ਦ ਦੀ ਸਥਾਈ ਮੈਂਬਰੀ ਲਈ ਭਾਰਤ ਨੂੰ ਪੰਜ ਸਥਾਈ ਦੇਸ਼ਾਂ ਵਿਚੋਂ ਚਾਰ ਅਮਰੀਕਾ, ਬਰਤਾਨੀਆ, ਫਰਾਂਸ ਤੇ ਰੂਸ ਦਾ ਪੂਰਾ ਸਮਰਥਨ ਹੈ। -ਪੀਟੀਆਈ

Leave a Reply

Your email address will not be published. Required fields are marked *