ਖੇਤੀ ਬਿੱਲਾਂ ਖ਼ਿਲਾਫ਼ ਲੋਕ ਇਨਸਾਫ਼ ਪਾਰਟੀ ਦਾ ਮਾਰਚ ਡੱਕਿਆ

ਰਾਜਪੁਰਾ : ਕਿਸਾਨ ਵਿਰੋਧੀ ਖੇਤੀ ਬਿਲਾਂ ਖਿਲਾਫ਼ ਮਾਰਚ ਕਰਦਿਆਂ ਦਿੱਲੀ ਵੱਲ ਨੂੰ ਵਧ ਰਹੇ ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਵਾਲੇ ਕਾਫ਼ਲੇ ਨੂੰ ਪੁਲੀਸ ਨੇ ਅੱਜ ਸ਼ੰਭੂ ਬੈਰੀਅਰ ’ਤੇ ਰੋਕ ਦਿੱਤਾ। ਰੋਸ ਮਾਰਚ ਫਤਿਹਗੜ੍ਹ ਸਾਹਿਬ ਤੋਂ ਰਾਜਪੁਰਾ ਹੁੰਦਾ ਹੋਇਆ ਜਿਉਂ ਹੀ ਸ਼ੰਭੂ ਬੈਰੀਅਰ ਨੇੜਲੇ ਘੱਗਰ ਦਰਿਆ ਦੇ ਪੁਲ ’ਤੇ ਪੁੱਜਾ ਤਾਂ ਹਰਿਆਣਾ ਦੀ ਹੱਦ ’ਤੇ ਹਰਿਆਣਾ ਪੁਲੀਸ ਨੇ ਰੋਸ ਮਾਰਚ ਵਿੱਚ ਸ਼ਾਮਲ ਵਾਹਨਾਂ ’ਤੇ ਸਵਾਰ ਬੈਂਸ ਭਰਾਵਾਂ ਦੇ ਕਾਫਲੇ ਨੂੰ ਬੈਰੀਕੇਡ ਲਗਾ ਕੇ ਰੋਕ ਲਿਆ। ਇਸ ਮੌਕੇ ਕਾਫਲੇ ਵਿੱਚ ਸ਼ਾਮਲ ਕਾਰਕੁਨਾਂ ਨੇ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਹਰਿਆਣਾ ਪੁਲੀਸ ਨੇ ਕਾਫ਼ਲੇ ’ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਪੁਲੀਸ ਨੇ ਵਾਹਨਾਂ ਨੂੰ ਬਦਲਵੇਂ ਰੂਟਾਂ ਤੋਂ ਲੰਘਾਇਆ, ਪਰ ਲੋਕ ਘੱਗਰ ਦੇ ਪੁੱਲ ਹੇਠਾਂ ਪਾਣੀ ’ਚੋਂ ਲੰਘ ਕੇ ਮੰਜ਼ਿਲਾਂ ਤੱਕ ਪੁੱਜੇ।

ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿਲਾਂ ਦੀ ਮਾਰ ਤੋਂ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਸਾਰੀਆਂ ਧਿਰਾਂ ਨੂੰ ਇਕੱਠਾ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪੰਜਾਬ ਦੀਆਂ ਮੰਡੀਆਂ ਨੂੰ ਅੰਬਾਨੀ-ਅਡਾਨੀਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ ਤੇ ਕਿਸਾਨ ਇਨ੍ਹਾਂ ਵੱਡੇ ਕਾਰਪੋਰੇਟ ਘਰਾਣਿਆਂ ਦੇ ਬੰਧੂਆ ਮਜ਼ਦੂਰ ਬਣ ਕੇ ਰਹਿ ਜਾਣਗੇ। ਬੈਂਸ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਕਿਸਾਨਾਂ ਨਾਲ ਡੱਟ ਕੇ ਖੜ੍ਹੀ ਹੈ ਤੇ ਖੇਤੀ ਬਿਲਾਂ ਦਾ ਹਰ ਪੱਧਰ ’ਤੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਸਾਫ਼ ਕਰ ਦਿੱਤਾ ਕਿ ਦਿੱਲੀ ਵੱਲ ਕੀਤੇ ਜਾ ਰਹੇ ਰੋਸ ਮਾਰਚ ਦਾ ਕੋਈ ਸਿਆਸੀ ਮਨੋਰਥ ਨਹੀਂ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਜੇਕਰ ਕਿਸਾਨਾਂ ਦੇ ਹਿੱਤ ਵਿੱਚ ਸੰਘਰਸ਼ ਲਈ ਦਿੱਲੀ ਜਾਣ ਤਾਂ ਉਹ ਬਿਨਾਂ ਬੁਲਾਏ ਉਨ੍ਹਾਂ ਨਾਲ ਜਾਣ ਲਈ ਤਿਆਰ ਹਨ। ਇਸ ਤੋਂ ਪਹਿਲਾਂ ਹਰਿਆਣਾ ਦੀ ਸਰਹੱਦ ’ਤੇ ਦਿੱਲੀ-ਅੰਮ੍ਰਿਤਸਰ ਜੀਟੀ ਰੋਡ ਰਾਹੀਂ ਜਾਣ ਵਾਲੀ ਸਾਰੀ ਆਵਾਜਾਈ ਨੂੰ ਪੁਲੀਸ ਵੱਲੋਂ ਰੋਕ ਕੇ ਪਟਿਆਲਾ ਜਾਣ ਲਈ ਅੰਬਾਲਾ ਤੋਂ ਵਾਇਆ ਘਨੌਰ ਅਤੇ ਦਿੱਲੀ ਜਾਣ ਲਈ ਵਾਇਆ ਬਨੁੂੜ-ਡੇਰਾਬੱਸੀ ਰਾਹੀਂ ਬਦਲਵੇਂ ਰਸਤੇ ਤੋਂ ਲੰਘਾਇਆ ਗਿਆ। ਇਸ ਦੌਰਾਨ ਬੈਂਸ ਭਰਾ ਆਪਣੇ ਸਮਰਥਕਾਂ ਨਾਲ ਵਾਹਨਾਂ ਵਿੱਚੋਂ ਹੇਠਾਂ ਉਤਰ ਕੇ ਪੈਦਲ ਹੀ ਘੱਗਰ ਦਰਿਆ ਵਿੱਚੋਂ ਲੰਘ ਕੇ ਹਰਿਆਣਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਹਰਿਆਣਾ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਬੈਂਸ ਭਰਾ ਆਪਣੇ ਸਮਰਥਕਾਂ ਸਮੇਤ ਘੱਗਰ ਦੇ ਪੁਲ ਹੇਠਾਂ ਹੀ ਕੱਚੇ ਰਸਤੇ ਵਿੱਚ ਰੋਸ ਧਰਨੇ ’ਤੇ ਬੈਠ ਗਏ। ਸੜਕ ’ਤੇ ਵਾਹਨਾਂ ਦੀ ਆਵਾਜਾਈ ਰੋਕੇ ਜਾਣ ਕਾਰਨ ਲੋਕਾਂ ਨੂੰ ਖੱਜਲ-ਖੁਆਰ ਹੋ ਕੇ ਪੈਦਲ ਹੀ  ਘੱਗਰ ਦੇ ਪੁੱਲ ਹੇਠੋਂ  ਪਾਣੀ ਵਿੱਚੋਂ ਲੰਘ ਕੇ ਆਪਣੀ ਮੰਜ਼ਿਲ ਵੱਲ ਜਾਣ ਲਈ ਮਜਬੂਰ ਹੋਣਾ ਪਿਆ।

ਅੰਬਾਲਾ ਪੁਲੀਸ ਨੇ ਇਹਤਿਆਤ ਵਜੋਂ ਬਾਰਡਰ ਕੀਤਾ ਸੀਲ

ਅੰਬਾਲਾ :ਲੋਕ ਇਨਸਾਫ ਪਾਰਟੀ ਦੇ ਦਿੱਲੀ ਜਾ ਰਹੇ ਵਰਕਰਾਂ ਨੂੰ ਹਰਿਆਣਾ ਵਿਚ ਦਾਖਲ ਹੋਣ ਤੋਂ ਰੋਕਣ ਲਈ ਅੰਬਾਲਾ ਪੁਲੀਸ ਨੇ ਕੌਮੀ ਮਾਰਗ ਤੇ ਸ਼ੰਭੂ ਬਾਰਡਰ ’ਤੇ ਅੱਜ ਸਵੇਰੇ ਹੀ ਪੁਖ਼ਤਾ ਪ੍ਰਬੰਧ ਕਰਦਿਆਂ ਬਾਰਡਰ ਸੀਲ ਕਰ ਦਿੱਤਾ ਸੀ। ਪੁਲੀਸ ਬਲ ਦੀ ਤਾਇਨਾਤੀ ਦੇ ਨਾਲ ਜਲ ਤੋਪਾਂ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। 

Leave a Reply

Your email address will not be published. Required fields are marked *