ਅਕਾਲੀ ਦਲ ਤੇ ਭਾਜਪਾ ਦੀ ਸਾਂਝ ਟੁੱਟੀ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਵਿੱਚੋਂ ਬਾਹਰ ਆਉਣ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਇਹ ਐਲਾਨ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਇੱਥੇ ਕੀਤਾ ਗਿਆ। ਅਕਾਲੀ ਦਲ ਦੇ ਇਸ ਫੈਸਲੇ ਨਾਲ 1996 ਤੋਂ ਭਾਰਤੀ ਜਨਤਾ ਪਾਰਟੀ ਨਾਲ ਬਣੀ ਆ ਰਹੀ ਸਿਆਸੀ ਸਾਂਝ ਦਾ ਭੋਗ ਪੈ ਗਿਆ ਹੈ। 

ਕੋਰ ਕਮੇਟੀ ਦੀ ਮੀਟਿੰਗ ਅੱਜ ਇੱਥੇ ਤਿੰਨ ਘੰਟੇ ਤੋਂ ਵੱਧ ਚੱਲੀ। ਇਸ ਮੀਟਿੰਗ ਦੌਰਾਨ ਇਹੀ ਸਹਿਮਤੀ ਬਣੀ ਕਿ ਖੇਤੀ ਬਿਲਾਂ ਕਾਰਨ ਦੇਸ਼ ਅੰਦਰ ਬਣੇ ਸਿਆਸੀ ਮਾਹੌਲ ਤੋਂ ਬਾਅਦ ਐੱਨਡੀਏ ਦਾ ਹਿੱਸਾ ਬਣੇ ਰਹਿਣ ਦਾ ਕੋਈ ਲਾਭ ਨਹੀਂ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵਿੱਚੋਂ ਬਾਹਰ ਆਉਣ ਤੋਂ ਬਾਅਦ ਵੀ ਸਿਆਸੀ ਵਿਰੋਧੀਆਂ ਵੱਲੋਂ ਲਗਾਤਾਰ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਅਕਾਲੀ ਹਲਕਿਆਂ ਦਾ ਮੰਨਣਾ ਹੈ ਕਿ ਪਾਰਟੀ ਵੱਲੋਂ ਇਹ ਫੈਸਲਾ ਸੂਬੇ ਅੰਦਰ ਪੈਦਾ ਹੋਏ ਸਿਆਸੀ ਹਾਲਾਤ ਕਰਕੇ ਲਿਆ ਗਿਆ ਹੈ ਕਿਉਂਕਿ ਰਾਜਸੀ ਤੌਰ ’ਤੇ ਭਾਜਪਾ ਜਾਂ ਐੱਨਡੀਏ ਦਾ ਹਿੱਸਾ ਬਣੇ ਰਹਿਣਾ ਅਕਾਲੀ ਦਲ ਲਈ ਮਹਿੰਗਾ ਸਾਬਤ ਹੋ ਰਿਹਾ ਸੀ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਅਕਾਲੀ ਦਲ ਨੇ ਆਉਣ ਵਾਲੇ ਦਿਨਾਂ ਦੌਰਾਨ ਕੈਪਟਨ ਸਰਕਾਰ ਖ਼ਿਲਾਫ਼ ਵੀ ਮੁਹਿੰਮ ਵਿੱਢਣ ਦਾ ਫੈਸਲਾ ਕੀਤਾ ਹੈ। 

ਕੋਰ ਕਮੇਟੀ ਦੀ ਮੀਟਿੰਗ ਉਪਰੰਤ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਖੇਤੀ ਬਿਲਾਂ ਦੇ ਮੁੱਦੇ ’ਤੇ ਕੇਂਦਰ ਸਰਕਾਰ ਵੱਲੋਂ ਅਕਾਲੀ ਦਲ ਨੂੰ ਭਰੋਸੇ ’ਚ ਨਾ ਲਏ ਜਾਣ ਕਾਰਨ ਮੰਤਰੀ ਮੰਡਲ ਤੋਂ ਪਹਿਲਾਂ ਹੀ ਹਰਸਿਮਰਤ ਕੌਰ ਬਾਦਲ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਵੀ ਇਹੀ ਚਰਚਾ ਹੋਈ ਕਿ ਹੁਣ ਐੱਨਡੀਏ ’ਚ ਰਹਿਣ ਦੀ ਕੋਈ ਤੁਕ ਨਹੀਂ ਬਣਦੀ। ਸ੍ਰੀ ਬਾਦਲ ਨੇ ਜੰਮੂ-ਕਸ਼ਮੀਰ ਵਿੱਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਵਜੋਂ ਮਾਨਤਾ ਨਾ ਦੇਣ ਦੇ ਮੁੱਦੇ ’ਤੇ ਵੀ ਮੋਦੀ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਹਾਲੀਆ ਇਨ੍ਹਾਂ ਦੋ ਵੱਡੇ ਮੁੱਦਿਆਂ ਕਾਰਨ ਅਕਾਲੀ ਦਲ ਨੇ ਐੱਨਡੀਏ ’ਚੋਂ ਬਾਹਰ ਆਉਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ 1996 ਵਿੱਚ ਮਰਹੂਮ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ 13 ਦਿਨਾਂ ਦੀ ਸਰਕਾਰ ਬਣਨ ਸਮੇਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਿਆਸੀ ਰਿਸ਼ਤਿਆਂ ਨੂੰ ਵੱਡੇ ਬਾਦਲ ਵੱਲੋਂ ਨਹੁੰ-ਮਾਸ ਦਾ ਰਿਸ਼ਤਾ ਕਰਾਰ ਦਿੱਤਾ ਜਾਂਦਾ ਰਿਹਾ ਸੀ। ਭਾਰਤੀ ਜਨਤਾ ਪਾਰਟੀ ਦੀ ਵਾਗਡੋਰ ਨਰਿੰਦਰ ਮੋਦੀ ਤੇ ਇਧਰ ਸੁਖਬੀਰ ਸਿੰਘ ਬਾਦਲ ਦੇ ਹੱਥ ਆਉਣ ਤੋਂ ਬਾਅਦ ਦੋਹਾਂ ਪਾਰਟੀਆਂ ਦੇ ਰਿਸ਼ਤਿਆਂ ਵਿੱਚ ਤਰੇੜ ਆਉਣ ਲੱਗੀ ਸੀ।  

ਟਰੈਕਟਰ ਮਾਰਚ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

ਸਨੌਰ (ਪਟਿਆਲਾ) :ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਬਿੱਲਾਂ ਖ਼ਿਲਾਫ਼ ਪਹਿਲੀ ਅਕਤੂਬਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਸੁਖਬੀਰ ਬਾਦਲ ਹਲਕਾ ਸਨੌਰ ’ਚ ਮੀਟਿੰਗ ਕਰਨ ਪੁੱਜੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦੇ ਹਵਾਲੇ ਨਾਲ ਸ੍ਰੀ ਬਾਦਲ ਨੇ ਕਿਹਾ ਕਿ ਖੇਤੀ ਬਿੱਲਾਂ ਖ਼ਿਲਾਫ਼ ਸੰਘਰਸ਼ ’ਚ ਅਕਾਲੀ ਦਲ ਕਿਸੇ ਨਾਲ ਵੀ ਚੱਲਣ ਨੂੰ ਤਿਆਰ ਹੈ ਬਸ਼ਰਤੇ ਕਿ ਕਿਸਾਨੀ ਦੇ ਮੁੱਦੇ ਦਾ ਸਿਆਸੀਕਰਨ ਨਾ ਕੀਤਾ ਜਾਵੇ। ਅਜਿਹੇ ਸੰਜੀਦਾ ਮੁੱਦੇ ਪਵਿੱਤਰ ਮਨ ਨਾਲ ਹੀ ਲੜੇ ਤੇ ਜਿੱਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਿਸ਼ਾਨਾ ਸਿਰਫ਼ ਖੇਤੀ ਬਿੱਲਾਂ ’ਤੇ ਸੇਧਿਤ ਹੋਣਾ ਚਾਹੀਦਾ ਹੈ ਪਰ ਕਾਂਗਰਸ ਤੇ ‘ਆਪ’ ਤਾਂ ਖੇਤੀ ਬਿੱਲਾਂ ਨਾਲੋਂ ਵੱਧ ਅਕਾਲੀ ਦਲ ਨੂੰ ਭੰਡ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਗਠਿਤ ਮੁੱਖ ਮੰਤਰੀਆਂ ਦੀ ਕਮੇਟੀ ਦੀਆਂ ਮੀਟਿੰਗਾਂ ’ਚ ਜਾਂਦੇ ਰਹੇ ਅਮਰਿੰਦਰ ਸਿੰਘ ਨੇ ਆਰਡੀਨੈਂਸਾਂ ਬਾਰੇ ਕਦੇ ਭਾਫ਼ ਤੱਕ ਵੀ ਨਹੀਂ ਕੱਢੀ ਤੇ ਹੁਣ ਉਹ ਮਗਰਮੱਛ ਦੇ ਹੰਝੂ ਵਹਾ ਰਹੇ ਹਨ। ਸ੍ਰੀ ਬਾਦਲ ਨੇ ਕਿਹਾ ਕਿ ਕਾਂਗਰਸ ਤੇ ‘ਆਪ’ ਨੇ ਬਿੱਲਾਂ ਵਿਰੁੱਧ ਵੋਟਾਂ ਨਹੀਂ ਪਾਈਆਂ। ਅਮਰਿੰਦਰ ਸਿੰਘ ਨੇ ਤਾਂ 2017 ਵਿੱਚ ਸੂਬੇ ਦੇ ਏਪੀਐਮਸੀ ਐਕਟ ਵਿੱਚ ਸੋਧ ਕਰਕੇ ਕੇਂਦਰੀ ਬਿੱਲ ਵਾਲੀਆਂ ਮੱਦਾਂ ਪ੍ਰਾਈਵੇਟ ਮੰਡੀਆਂ, ਈ-ਟਰੇਡਿੰਗ ਤੇ ਠੇਕਾ ਆਧਾਰਿਤ ਖੇਤੀ ਪੰਜਾਬ ਵਿੱਚ ਲਾਗੂ ਕੀਤੀਆਂ ਅਤੇ ਮਗਰੋਂ ਕਾਂਗਰਸ ਨੇ ਕੌਮੀ ਪੱਧਰ ’ਤੇ ਆਪਣੇ ਚੋਣ ਮਨੋਰਥ ਪੱਤਰ ਵਿਚ ਵੀ ਇਹੀ ਪ੍ਰਬੰਧ ਲਾਗੂ ਕਰਨ ਦੇ ਵਾਅਦੇ ਕੀਤੇ। 

Leave a Reply

Your email address will not be published. Required fields are marked *