ਖੇਤੀ ਕਾਨੂੰਨ : ਕੇਂਦਰ ਦੇ ਨਾਲ-ਨਾਲ ਕਾਰਪੋਰੇਟ ਘਰਾਣਿਆਂ ਖਿਲਾਫ਼ ਵੀ ਫੁੱਟਣ ਲੱਗਾ ਕਿਸਾਨਾਂ ਦਾ ਗੁੱਸਾ!

ਚੰਡੀਗੜ੍ਹ : ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਕਿਸਾਨਾਂ ਨੂੰ ਸਿਆਸੀ ਆਗੂਆਂ ਤੋਂ ਇਲਾਵਾ ਕਲਾਕਾਰਾਂ ਸਮੇਤ ਹਰ ਵਰਗ ਦਾ ਸਾਥ ਮਿਲਣ ਬਾਅਦ ਸੰਘਰਸ਼ੀ ਕਾਫ਼ਲਾ ਹੋਰ ਵਿਆਪਕ ਹੁੰਦਾ ਜਾ ਰਿਹਾ ਹੈ। ਪੰਜਾਬ, ਹਰਿਆਣਾ ਤੋਂ ਬਾਅਦ ਦੇਸ਼ ਦੇ ਦੂਜੇ ਸੂਬਿਆਂ ਦੇ ਕਿਸਾਨ ਵੀ ਸੜਕਾਂ ‘ਤੇ ਉਤਰਨ ਲੱਗੇ ਹਨ। ਭਾਵੇਂ ਦੇਸ਼ ਦਾ ਕੌਮੀ ਮੀਡੀਆ ਕਿਸਾਨੀ ਸੰਘਰਸ਼ ਨੂੰ ਅਜੇ ਤਕ ਅਣਗੌਲਿਆ ਕਰ ਰਿਹਾ ਹੈ ਪਰ ਸੋਸ਼ਲ ਮੀਡੀਆ ਦਾ ਜ਼ਮਾਨਾ ਹੋਣ ਕਾਰਨ ਕਿਸਾਨਾਂ ਦੀ ਆਵਾਜ਼ ਵੱਡੇ ਪੱਧਰ ‘ਤੇ ਲੋਕਾਂ ਤਕ ਪਹੁੰਚ ਰਹੀ ਹੈ।

ਖੇਤੀ ਕਾਨੂੰਨਾਂ ਖਿਲਾਫ਼ ਸ਼ੁਰੂ ਹੋਇਆ ਸੰਘਰਸ਼ ਹੁਣ ਕਿਸਾਨ ਬਨਾਮ ਕੇਂਦਰ ਸਰਕਾਰ ਨਹੀਂ, ਬਲਕਿ ਕਿਸਾਨ ਬਨਾਮ ਕੇਂਦਰ ਸਰਕਾਰ/ਕਾਰਪੋਰੇਟ ਘਰਾਣੇ ਹੁੰਦਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਹੁਣ ਮੋਦੀ ਸਰਕਾਰ ਦੇ ਭਾਈਵਾਲ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਵੀ ਘੇਰਨ ਲੱਗੀਆਂ ਹਨ, ਜੋ ਪੰਜਾਬ ਅੰਦਰ ਖੇਤੀ ਸੈਕਟਰ ‘ਚ ਐਂਟਰੀ ਲਈ ਕਮਰਕੱਸੀ ਬੈਠੇ ਹਨ। ਇਨ੍ਹਾਂ ਦੇ ਖੇਤੀ ਨਾਲ ਸਬੰਧਤ ਵੱਡੇ ਸਾਈਲੋ ਗੁਦਾਮ ਪੰਜਾਬ ਅੰਦਰ ਬਣ ਚੁਕੇ ਹਨ। ਕਿਸਾਨ ਹੁਣ ਅੰਬਾਨੀ ਤੇ ਅਡਾਨੀਆਂ ਦੇ ਕਾਰੋਬਾਰੀ ਟਿਕਾਣਿਆਂ ਦਾ ਘਿਰਾਓ ਕਰਨ ਲੱਗੇ ਹਨ। ਸੋਸ਼ਲ ਮੀਡੀਆ ‘ਤੇ ਵੀ ਲੋਕ ਅਡਾਨੀ-ਅੰਬਾਨੀ ਖਿਲਾਫ਼ ਕਾਫੀ ਭੜਾਸ ਕੱਢ ਰਹੇ ਹਨ।

ਇਨ੍ਹਾਂ ਕੰਪਨੀਆਂ ਦੇ ਵਪਾਰਕ ਅਦਾਰਿਆਂ ਦੇ ਘਿਰਾਓ ਤੋਂ ਇਲਾਵਾ ਇਨ੍ਹਾਂ ਦੇ ਉਤਪਾਦਾਂ ਦੇ ਬਾਈਕਾਟ ਦੀ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਸੰਘਰਸ਼ੀ ਜਥੇਬੰਦੀਆਂ ਦਾ ਕਹਿਣਾ ਹੈ ਕਿ ਰਿਲਾਇੰਸ ਸਮੇਤ ਕਾਰਪੋਰੇਟ ਘਰਾਣਿਆਂ ਤੇ ਉਸ ਦੇ ਜੋਟੀਦਾਰ ਮੋਦੀ ਸਰਕਾਰ ਨੂੰ ਸਬਕ ਸਿਖਾਉਣ ਲਈ ਉਨ੍ਹਾਂ ਵਲੋਂ ਬਣਾਈਆਂ ਵਸਤਾਂ, ਪੈਟਰੋਲ ਪੰਪਾਂ, ਸਾਈਲੋ ਗੁਦਾਮਾਂ, ਮਾਲਜ਼, ਟੌਲ ਪਲਾਜ਼ਿਆਂ, ਬਰਾਂਡਿਡ ਕੱਪੜਿਆਂ ਆਦਿ ਦਾ ਬਾਈਕਾਟ ਕੀਤਾ ਜਾਵੇਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਦੇਸ਼ ਦੀਆਂ ਸਰਕਾਰਾਂ ਨੂੰ ਕਾਰਪੋਰੇਟ ਘਰਾਣਿਆਂ ਵਲੋਂ ਚਲਾਇਆ ਜਾ ਰਿਹਾ ਹੈ। ਇਹ ਸਰਕਾਰਾਂ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤ ਰਹੇ ਹਨ।

ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਦੇਵੀਦਾਸਪੁਰਾ ਵਿਚ ਪਿਛਲੇ ਕਈ ਦਿਨਾਂ ਤੋਂ ਰੇਲਵੇ ਟ੍ਰੈਕ ਜਾਮ ਕਰ ਕੇ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਕਾਰਪੋਰੇਟ ਅਦਾਰਿਆਂ ਖਿਲਾਫ ਪ੍ਰਦਰਸ਼ਨ ਤੇਜ਼ ਕਰਦਿਆਂ ਰਿਲਾਇੰਸ ਕੰਪਨੀ ਦੀ ਮੋਬਾਈਲ ਸਿੰਮ ਸਾੜੇ ਗਏ ਤੇ ਰਿਲਾਇੰਸ ਕੰਪਨੀ ਦੇ ਐਡਵਰਟਾਈਜ਼ਮੈਂਟ ਵਾਲੇ ਫਲੈਕਸ ਬੋਰਡ ਨੂੰ ਵੀ ਅੱਗ ਲਾਈ ਗਈ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਮੁਤਾਬਕ ਇਸ ਤਰ੍ਹਾਂ ਦੇ ਪ੍ਰਦਰਸ਼ਨ ਦਾ ਮਕਸਦ ਸਿਰਫ ਇਹ ਹੈ ਕਿ ਕੇਂਦਰ ਸਰਕਾਰ ਕਾਰਪੋਰੇਟਾਂ ਦਾ ਸਿੱਧੇ ਤੌਰ ‘ਤੇ ਪੱਖ ਪੂਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਫ਼ੈਸਲਾ ਕਰ ਚੁੱਕੇ ਹਨ ਕਿ ਕਾਰਪੋਰੇਟ ਅਦਾਰਿਆਂ ਨੂੰ ਪੰਜਾਬ ‘ਚ ਤੇ ਖਾਸ ਕਰ ਖੇਤੀ ਸੈਕਟਰ ਦੇ ਵਿਚ ਦਾਖ਼ਲ ਨਹੀਂ ਹੋਣ ਦਿਤਾ ਜਾਵੇਗਾ। ਅਕਾਲੀ ਦਲ ਵਲੋਂ ਤਿੰਨਾਂ ਤਖ਼ਤਾਂ ਤੋਂ ਮਾਰਚ ਸ਼ੁਰੂ ਕਰਨ ਦੇ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਿਆਸੀ ਦਲ ਵੋਟਾਂ ਖਾਤਰ ਹੀ ਕਿਸਾਨ ਪੱਖੀ ਹੋਣ ਦੇ ਡਰਾਮੇ ਕਰ ਰਹੇ ਹਨ।

ਕਾਬਲੇਗੌਰ ਹੈ ਕਿ ਕਿਸਾਨੀ ਸੰਘਰਸ਼ ‘ਚ ਕੁੱਦੇ ਜ਼ਿਆਦਾਤਰ ਸਿਆਸੀ ਦਲਾਂ ਵਲੋਂ ਕਿਸਾਨਾਂ ਦੇ ਹੱਕਾਂ ‘ਚ ਬੋਲਣ ਦੇ ਨਾਲ-ਨਾਲ ਸਿਆਸੀ ਵਿਰੋਧੀਆਂ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਕਿਸਾਨ ਆਗੂ ਰਾਜਨੀਤਕ ਧਿਰਾਂ ਦੇ ਸਿਆਸੀ ਪੈਂਤੜਿਆਂ ਨੂੰ ਲੈ ਕੇ ਚਿੰਤਾਤੁਰ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਸੰਘਰਸ਼ ‘ਚ ਸਿਰਫ਼ ਕਿਸਾਨੀ ਦੀ ਗੱਲ ਹੋਣੀ ਚਾਹੀਦੀ ਹੈ, ਜਦਕਿ ਸਿਆਸੀ ਦਲ ਇਕ-ਦੂਜੇ ਨੂੰ ਭੰਡ ਕੇ ਸੰਘਰਸ਼ ਦਾ ਸਿਆਸੀਕਰਨ ਕਰਨ ‘ਚ ਲੱਗੇ ਹੋਏ ਹਨ। ਦੂਜੇ ਪਾਸੇ ਕੇਂਦਰ ਸਰਕਾਰ ਵੀ ਕਿਸਾਨੀ ਸੰਘਰਸ਼ ਨੂੰ ਸਿਆਸਤ ਤੋਂ ਪ੍ਰੇਰਿਤ ਸਾਬਤ ਕਰਨ ਕੋਈ ਕਸਰ ਨਹੀਂ ਛੱਡ ਰਹੀ। ਜਦਕਿ ਸੰਘਰਸ਼ ਦੀ ਵਿਆਪਕਤਾ ਕੇਂਦਰ ਸਰਕਾਰ ਦੇ ਇਸ ਦਾਅਵੇ ਦੀ ਪੋਲ ਖੋਲ੍ਹ ਰਹੀ ਹੈ।

Leave a Reply

Your email address will not be published. Required fields are marked *