ਕਿਸਾਨਾਂ ਨੇ ਜੁੜਵਾਏ ਤਰੁਣ ਚੁੱਘ ਦੇ ਹੱਥ

ਚੇਤਨਪੁਰਾ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਅੱਜ ਪਿੰਡ ਲਦੇਹ ਨੇੜੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਭਾਜਪਾ ਦੇ ਸੀਨੀਅਰ ਆਗੂ ਰਾਜਿੰਦਰ ਮੋਹਨ ਛੀਨਾ, ਦਿਹਾਤੀ ਪ੍ਰਧਾਨ ਹਰਦਿਆਲ ਸਿੰਘ ਔਲਖ ਸਮੇਤ ਹੋਰ ਭਾਜਪਾ ਆਗੂਆਂ ਨੂੰ ਘੇਰ ਲਿਆ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਤਰੁਣ ਚੁੱਘ ਸਮੇਤ ਭਾਜਪਾ ਕਈ ਆਗੂ ਰਾਜਿੰਦਰ ਮੋਹਨ ਛੀਨਾ ਦੇ ਫਾਰਮ ਹਾਊਸ ’ਚ ਮੀਟਿੰਗ ਲਈ ਆਏ ਸਨ। ਕਿਸਾਨਾਂ ਨੂੰ ਇਸ ਗੱਲ ਦੀ ਭਿਣਕ ਪਈ ਤਾਂ ਉਨ੍ਹਾਂ ਜਾ ਕੇ ਇਨ੍ਹਾਂ ਭਾਜਪਾ ਦੇ ਨੇਤਾਵਾਂ ਨੂੰ ਘੇਰ ਕੇ ਕੇਂਦਰ ਸਰਕਾਰ ਤੇ ਭਾਜਪਾ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮੌਕੇ ’ਤੇ ਇਕੱਠੇ ਹੋਏ ਕਿਸਾਨਾਂ ਨੇ ਤਰੁਣ ਚੁੱਘ ਨੂੰ ਆਪਣੇ ਧਰਨੇ ਵਿੱਚ ਬੈਠਣ ਮਜਬੂਰ ਕੀਤਾ ਅਤੇ ਉਨ੍ਹਾਂ ਨੂੰ ਕਿਸਾਨਾਂ ਦੇ ਹੱਕ ’ਚ ਬੋਲਣਾ ਪਿਆ। ਅਖੀਰ ਤਰੁਣ ਚੁੱਘ ਨੂੰ ਹੱਥ ਜੋੜ ਕੇ ਪ੍ਰਧਾਨ ਮੰਤਰੀ ਦੀ ਕਿਸਾਨਾਂ ਨਾਲ ਗੱਲਬਾਤ ਕਰਵਾਉਣ ਦਾ ਵਾਅਦਾ ਕਰਕੇ ਖਹਿੜਾ ਛੁਡਾਉਣਾ ਪਿਆ। ਊਨ੍ਹਾਂ ਕਿਹਾ ਕਿ ਕਿਸਾਨਾਂ ਦੀ ਐੱਮਐੱਸਪੀ ਖਤਮ ਨਹੀਂ ਕੀਤੀ ਗਈ ਅਤੇ ਭਾਜਪਾ ਦੀ ਸਰਕਾਰ ਕਿਸਾਨਾਂ ਦੇ ਨਾਲ ਹੈ। ਉਨ੍ਹਾਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਇੱਕ ਪੈਨਲ ਦੀ ਮੀਟਿੰਗ ਪ੍ਰਧਾਨ ਮੰਤਰੀ ਨਾਲ ਵੀ ਕਰਵਾਉਣ ਲਈ ਤਿਆਰ ਹਨ।

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ ਤੇ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਚਿੱਤਰ ਸਿੰਘ ਕੋਟਲਾ ਦੀ ਅਗਵਾਈ ’ਚ ਇਕੱਤਰ ਹੋਏ ਕਿਸਾਨਾਂ ਨੇ ਕਿਹਾ ਜਿੰਨਾ ਚਿਰ ਪ੍ਰਧਾਨ ਮੰਤਰੀ ਵੱਲੋਂ ਇਨ੍ਹਾਂ ਬਿੱਲਾਂ ਨੂੰ ਰੱਦ ਕਰਨ ਲਈ ਸੰਸਦ ’ਚ ਕੋਈ ਆਰਡੀਨੈਂਸ ਨਹੀਂ ਲਿਆਂਦਾ ਜਾਂਦਾ, ਉਦੋਂ ਤੱਕ ਕਿਸੇ ਵੀ ਭਾਜਪਾ ਆਗੂ ਨਾਲ ਨਾ ਤਾਂ ਗੱਲ ਕੀਤੀ ਜਾਵੇਗੀ ਤੇ ਨਾ ਹੀ ਉਨ੍ਹਾਂ ਨੂੰ ਪਿੰਡਾਂ ਵਿੱਚ ਵੜਨ ਦਿੱਤਾ ਜਾਵੇਗਾ।

ਉੱਧਰ ਰਾਜਾਸਾਂਸੀ ਥਾਣੇ ਦੇ ਐੱਸਐੱਚਓ ਨਰਿੰਦਰਪਾਲ ਸਿੰਘ ਤੇ ਪੁਲੀਸ ਚੌਕੀ ਕੁੱਕੜਾਂਵਾਲਾ ਦੇ ਇੰਚਾਰਜ ਆਗਿਆਪਾਲ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪਹੁੰਚੀ ਪੁਲੀਸ ਮੁਲਾਜ਼ਮਾਂ ਨੇ ਇਨ੍ਹਾਂ ਨੇਤਾਵਾਂ ਨੂੰ ਬੜੀ ਮੁਸ਼ਕਿਲ ਨਾਲ ਸੁਰੱਖਿਅਤ ਬਾਹਰ ਕੱਢਿਆ ਗਿਆ। ਇਸ ਮੌਕੇ ਸਤਨਾਮ ਸਿੰਘ ਝੰਡੇਰ, ਮਨਜੀਤ ਸਿੰਘ ਤੇੜਾ, ਗੁਰਦੇਵ ਸਿੰਘ, ਸੁਖਵੰਤ ਸਿੰਘ, ਮੇਜਰ ਸਿੰਘ ਕੜਿਆਲ, ਅਵਤਾਰ ਸਿੰਘ ਜੱਸੜ, ਬਿਕਰਮ ਸਿੰਘ ਮੁਰਾਦਪੁਰਾ, ਬਖਸ਼ੀਸ਼ ਸਿੰਘ ਕੜਿਆਲ, ਬਲਜਿੰਦਰ ਸਿੰਘ ਝੰਡੇਰ, ਮਨਜੋਤ ਸਿੰਘ ਤੇੜਾ, ਗਾਂਧੀ ਪ੍ਰਧਾਨ, ਜਗਦੀਪ ਸਿੰਘ, ਗੁਰਜੀਤ ਸਿੰਘ ਕੋਹਾਲੀ, ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *