ਸੁਰੱਖਿਆ ਬਲਾਂ ’ਤੇ ਹਮਲਾ, ਦੋ ਸੀਆਰਪੀਐੱਫ ਜਵਾਨ ਹਲਾਕ , ਤਿੰਨ ਜ਼ਖ਼ਮੀ

ਸ੍ਰੀਨਗਰ : ਖਾੜਕੂਆ ਵੱਲੋਂ ਸ਼ਹਿਰ ਦੇ ਨੌਗਾਮ ਖੇਤਰ ਵਿੱਚ ਸਲਾਮਤੀ ਦਸਤਿਆਂ ਦੀ ਟੁਕੜੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ ਵਿੱਚ ਸੀਆਰਪੀਐੱਫ ਦੇ ਦੋ ਜਵਾਨ ਮਾਰੇ ਗਏ ਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਖਾੜਕੂਆਂ ਨੇ ਅੱਜ ਦੁਪਹਿਰ ਸਮੇਂ ਸ੍ਰੀਨਗਰ ਦੇ ਨੌਗਾਮ ਖੇਤਰ ਵਿੱਚ ਕਾਂਦੀਜ਼ਲ ਪੁਲ ਨਜ਼ਦੀਕ ਸੁਰੱਖਿਆ ਬਲਾਂ ’ਤੇ ਗੋਲੀਆਂ ਚਲਾਈਆਂ। ਇਸ ਦੌਰਾਨ ਸੀਆਰਪੀਐਫ ਦੇ ਪੰਜ ਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਫੌਜ ਦੇ 92 ਬੇਸ ਹਸਪਤਾਲ ’ਚ ਦਾਖਲ ਕਰਵਾਇਆ ਗਿਆ।ਇਲਾਜ ਦੌਰਾਨ ਇਨ੍ਹਾਂ ਵਿੱਚੋਂ ਦੋ ਜਵਾਨਾਂ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਸ਼ਹੀਦ ਹੋਏ ਸੀਆਰਪੀਐੱਫ ਜਵਾਨਾਂ ਦੀ ਪਛਾਣ ਕਾਂਸਟੇਬਲ ਸ਼ਲਿੰਦਰ ਪ੍ਰਤਾਪ ਸਿੰਘ ਤੇ ਦੇਵੇਂਦਰ ਕੁਮਾਰ ਤ੍ਰਿਪਾਠੀ ਵਜੋਂ ਦੱਸੀ ਗਈ ਹੈ। ਜ਼ਖ਼ਮੀ ਜਵਾਨਾਂ ਵਿੱਚ ਏਐੱਸਆਈ ਗੋਰਖ ਨਾਥ, ਕਾਂਸਟੇਬਲ ਕਿਰਗੇਨ ਤੇ ਕਾਂਸਟੇਬਲ ਜੇਮਸ ਸ਼ਾਮਲ ਹਨ। ਸੁਰੱਖਿਆ ਬਲਾਂ ਨੇ ਹਮਲਾਵਰਾਂ ਦੀ ਪੈੜ ਨੱਪਣ ਲਈ ਖੇਤਰ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਆਰੰਭ ਦਿੱਤੀ ਹੈ।