ਹਾਥਰਸ ਕਾਂਡ: ਮੁਲਜ਼ਮਾਂ ਨੇ ਬੇਕਸੂਰ ਹੋਣ ਦਾ ਦਾਅਵਾ ਕੀਤਾ

ਹਾਥਰਸ (ਉੱਤਰ ਪ੍ਰਦੇਸ਼) : ਦਲਿਤ ਮਹਿਲਾ ਨਾਲ ਕਥਿਤ ਜਬਰ-ਜਨਾਹ ਅਤੇ ਮੌਤ ਦੇ ਮਾਮਲੇ ’ਚ ਫੜੇ ਗਏ ਚਾਰ ਮੁਲਜ਼ਮਾਂ ਨੇ ਐੱਸਪੀ ਵਿਨੀਤ ਜੈਸਵਾਲ ਨੂੰ ਪੱਤਰ ਲਿਖ ਕੇ ਦਾਅਵਾ ਕੀਤਾ ਹੈ ਕਿ ਉਹ ਬੇਕਸੂਰ ਹਨ। ਮੁਲਜ਼ਮਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਲੜਕੀ ਦੇ ਪਰਿਵਾਰ ਵੱਲੋਂ ਗਲਤ ਢੰਗ ਨਾਲ ਫਸਾਇਆ ਗਿਆ ਹੈ ਅਤੇ ਉਨ੍ਹਾਂ ਇਸ ਮਾਮਲੇ ’ਚ ਇਨਸਾਫ਼ ਦੀ ਮੰਗ ਕੀਤੀ ਹੈ। ਹੱਥ ਨਾਲ ਲਿਖੇ ਪੱਤਰ ’ਚ ਚਾਰ ਮੁਲਜ਼ਮਾਂ ਸੰਦੀਪ, ਰਾਮੂ, ਰਵੀ ਅਤੇ ਲਵਕੁਸ਼ ਨੇ ਮੰਨਿਆ ਕਿ ਉਨ੍ਹਾਂ ਦੇ ਪੀੜਤਾ ਨਾਲ ਦੋਸਤਾਨਾ ਸਬੰਧ ਸਨ ਅਤੇ ਉਸ ਨਾਲ ਉਹ ਅਕਸਰ ਫੋਨ ’ਤੇ ਗੱਲਬਾਤ ਕਰਦੇ ਸਨ। ਪੱਤਰ ’ਚ ਉਨ੍ਹਾਂ ਕਿਹਾ ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੀ ਦੋਸਤੀ ਤੋਂ ਖੁਸ਼ ਨਹੀਂ ਸਨ। ਉਨ੍ਹਾਂ ਕਿਹਾ ਕਿ ਜਦੋਂ ਲੜਕੀ ਨਾਲ ਕੁੱਟਮਾਰ ਕੀਤੀ ਗਈ ਸੀ ਤਾਂ ਉਨ੍ਹਾਂ ’ਚੋਂ ਇਕ ਵੀ ਜਣਾ ਮੌਕੇ ’ਤੇ ਮੌਜੂਦ ਨਹੀਂ ਸੀ। ਘਟਨਾ ਵਾਲੇ ਦਿਨ ਦਾ ਜ਼ਿਕਰ ਕਰਦਿਆਂ ਮੁਲਜ਼ਮਾਂ ਨੇ ਮੰਨਿਆ ਕਿ ਉਸ ਦਿਨ ਉਹ ਲੜਕੀ ਨੂੰ ਮਿਲੇ ਜ਼ਰੂਰ ਸਨ ਪਰ ਜਦੋਂ ਉਸ ਦੀ ਮਾਂ ਅਤੇ ਭਰਾ ਨੇ ਇਤਰਾਜ਼ ਕੀਤਾ ਤਾਂ ਉਹ ਮੌਕੇ ਤੋਂ ਚਲੇ ਗਏ ਸਨ। ਉਨ੍ਹਾਂ ਨੂੰ ਬਾਅਦ ’ਚ ਪਤਾ ਲੱਗਾ ਸੀ ਕਿ ਮਾਂ ਅਤੇ ਭਰਾ ਨੇ ਉਨ੍ਹਾਂ (ਮੁਲਜ਼ਮਾਂ) ਨਾਲ ਮਿਲਣ ’ਤੇ ਲੜਕੀ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ। ਪੱਤਰ ਦੇ ਅਖੀਰ ’ਚ ਮੁਲਜ਼ਮਾਂ ਨੇ ਅੰਗੂਠੇ ਲਗਾਏ ਹਨ।

ਕਾਂਗਰਸ ਆਗੂ ਖਿਲਾਫ਼ ਦੇਸ਼ਧਰੋਹ ਦਾ ਕੇਸ ਦਰਜ: ਪੀੜਤਾ ਦੇ ਪਿੰਡ ਬੂਲਗੜ੍ਹੀ ਦੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦਿਆਂ ਕੈਮਰੇ ’ਤੇ ਫੜੇ ਗਏ ਕਾਂਗਰਸ ਆਗੂ ਸ਼ਿਓਰਾਜ ਜੀਵਨ ਖਿਲਾਫ਼ ਹਾਥਰਸ ਪੁਲੀਸ ਨੇ ਦੇਸ਼ਧਰੋਹ ਦਾ ਕੇਸ ਦਰਜ ਕੀਤਾ ਹੈ। ਪੁਲੀਸ ਮੁਤਾਬਕ ਕੇਂਦਰੀ ਵਜ਼ਾਰਤ ’ਚ ਰਾਜ ਮੰਤਰੀ ਅਤੇ ਕਾਂਗਰਸ ਕਮੇਟੀ ’ਚ ਕੌਮੀ ਸਕੱਤਰ ਰਹੇ ਜੀਵਨ ਨੇ ਪਾਰਟੀ ਦੀ ਸਿਆਸਤ ਚਮਕਾਉਣ ਦੇ ਚੱਕਰ ’ਚ ਹਿੰਸਾ ਭੜਕਾਉਣ ਦੀ ਸਾਜ਼ਿਸ਼ ਘੜੀ ਸੀ।

ਐੱਨਜੀਓ ਵੱਲੋਂ ਹਾਥਰਸ ਕੇਸ ਸੀਬੀਆਈ ਨੂੰ ਸੌਂਪਣ ਲਈ ਸੁਪਰੀਮ ਕੋਰਟ ’ਚ ਅਰਜ਼ੀ

ਨਵੀਂ ਦਿੱਲੀ:ਗ਼ੈਰ ਸਰਕਾਰੀ ਸੰਸਥਾ ‘ਸਿਟੀਜ਼ਨਸ ਫਾਰ ਜਸਟਿਸ ਐਂਡ ਪੀਸ’ ਨੇ ਹਾਥਰਸ ਕੇਸ ਦੀ ਜਾਂਚ ਸੀਬੀਆਈ ਹਵਾਲੇ ਕਰਨ ਲਈ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਐੱਨਜੀਓ ਨੇ ਆਪਣੀ ਅਰਜ਼ੀ ’ਚ ਕਿਹਾ ਹੈ ਕਿ ਕੇਸ ’ਚ ਵੱਖ ਵੱਖ ਬਿਆਨ ਸਾਹਮਣੇ ਆ ਰਹੇ ਹਨ ਅਤੇ ਇਸ ਦੀ ਵਿਸਥਾਰਤ ਜਾਂਚ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਸੱਚਾਈ ਸਭ ਦੇ ਸਾਹਮਦੇ ਆ ਸਕੇ।

ਘਰ ’ਚ ‘ਬੰਦੀ’ ਬਣਾਉਣ ਖਿਲਾਫ਼ ਪਰਿਵਾਰ ਵੱਲੋਂ ਹਾਈ ਕੋਰਟ ਦਾ ਰੁਖ

ਪ੍ਰਯਾਗਰਾਜ:ਹਾਥਰਸ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ’ਤੇ ਉਨ੍ਹਾਂ ਨੂੰ ਘਰ ’ਚ ਗ਼ੈਰਕਾਨੂੰਨੀ ਢੰਗ ਨਾਲ ‘ਬੰਦੀ’ ਬਣਾ ਕੇ ਰੱਖਣ ਦੇ ਦੋਸ਼ ਲਗਾਉਂਦਿਆਂ ਅਲਾਹਾਬਾਦ ਹਾਈ ਕੋਰਟ ’ਚ ਹੈਬੀਅਸ ਕੋਰਪਸ ਪਟੀਸ਼ਨ ਦਾਖ਼ਲ ਕੀਤੀ ਹੈ। ਪਰਿਵਾਰ ਨੇ ਬੇਨਤੀ ਕੀਤੀ ਹੈ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦੇਵੇ ਕਿ ਉਨ੍ਹਾਂ ਨੂੰ ਘਰੋਂ ਬਾਹਰ ਜਾਣ ਅਤੇ ਲੋਕਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ।

ਹਾਥਰਸ ਦੀ ਪੀੜਤਾ ਬਦਨਾਮੀ ਨਹੀਂ ਇਨਸਾਫ਼ ਦੀ ਹੱਕਦਾਰ: ਪ੍ਰਿਯੰਕਾ

ਨਵੀਂ ਦਿੱਲੀ:ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਦਾਅਵਾ ਕੀਤਾ ਕਿ ਹਾਥਰਸ ’ਚ ਕਥਿਤ ਸਮੂਹਿਕ ਜਬਰ ਜਨਾਹ ਤੇ ਕਤਲ ਮਾਮਲੇ ਦੀ ਪੀੜਤਾ ਦੇ ਚਰਿੱਤਰ ਨੂੰ ਖਰਾਬ ਕਰਨ ਤੇ ਅਪਰਾਧ ਲਈ ਉਸ ਨੂੰ ਹੀ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਗਲਤ ਹੈ। ਉਨ੍ਹਾਂ ਕਿਹਾ ਕਿ ਇਹ ਦਲਿਤ ਲੜਕੀ ਬਦਨਾਮੀ ਦੀ ਨਹੀਂ ਬਲਕਿ ਇਨਸਾਫ਼ ਦੀ ਹੱਕਦਾਰ ਹੈ। ਪ੍ਰਿਯੰਕਾ ਨੇ ਟਵੀਟ ਕੀਤਾ, ‘ਹਾਥਰਸ ’ਚ ਅਣਮਨੁੱਖੀ ਅਪਰਾਧ ਕੀਤਾ ਗਿਆ ਜਿਸ ’ਚ 20 ਸਾਲਾ ਲੜਕੀ ਦੀ ਮੌਤ ਹੋ ਗਈ। ਉਸ ਦੀ ਲਾਸ਼ ਪਰਿਵਾਰ ਦੀ ਸਹਿਮਤੀ ਜਾਂ ਉਨ੍ਹਾਂ ਦੀ ਹਾਜ਼ਰੀ ਤੋਂ ਬਿਨਾਂ ਹੀ ਸਾੜ ਦਿੱਤੀ ਗਈ। ਉਹ ਬਦਨਾਮੀ ਦੀ ਨਹੀਂ ਸਗੋਂ ਇਨਸਾਫ਼ ਦੀ ਹੱਕਦਾਰ ਹੈ। ਲੜਕੀ ਦੇ ਚਰਿੱਤਰ ਨੂੰ ਵਿਗਾੜਨ ਤੇ ਅਪਰਾਧ ਲਈ ਉਸੇ ਨੂੰ ਜ਼ਿੰਮੇਵਾਰ ਠਹਿਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।’

Leave a Reply

Your email address will not be published. Required fields are marked *