ਖੇਤੀ ਕਾਨੂੰਨ: ਕਿਸਾਨਾਂ ਦੀ ਦਿੱਲੀ ਮੀਟਿੰਗ ਬੇਸਿੱਟਾ

ਨਵੀਂ ਦਿੱਲੀ : ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੀ ਖੇਤੀ ਕਾਨੂੰਨਾਂ ਬਾਰੇ ਦਿੱਲੀ ’ਚ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਹੋਈ ਬੈਠਕ ਬੇਸਿੱਟਾ ਰਹੀ। ਗੱਲਬਾਤ ਦੇ ਏਜੰਡੇ ਤੋਂ ਨਾਖੁਸ਼ ਤੇ ਕੇਂਦਰੀ ਖੇਤੀਬਾੜੀ ਮੰਤਰੀ ਦੀ ਗ਼ੈਰਹਾਜ਼ਰੀ ਤੋਂ ਖਫ਼ਾ ਕਿਸਾਨਾਂ ਨੇ ਬੈਠਕ ’ਚੋਂ ਵਾਕਆਊਟ ਕੀਤਾ। ਉਨ੍ਹਾਂ ਕੇਂਦਰ ਸਰਕਾਰ ਖ਼ਿਲਾਫ਼ ਕ੍ਰਿਸ਼ੀ ਭਵਨ ਦੇ ਬਾਹਰ ਅਤੇ ਬੈਠਕ ਦੌਰਾਨ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਨੇ ਭਵਨ ਦੇ ਬਾਹਰ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਆਪਣਾ ਵਿਰੋਧ ਜਤਾਇਆ। ਕੇਂਦਰੀ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਨਾਲ ਕਰੀਬ ਡੇਢ ਘੰਟਾ ਬੈਠਕ ਦੌਰਾਨ ਕਿਸਾਨ ਆਗੂਆਂ ਦੀ ਸੁਰ ਖੇਤੀ ਕਾਨੂੰਨਾਂ ਖ਼ਿਲਾਫ਼ ਤਿੱਖੀ ਰਹੀ ਤੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੂੰ ਮਿਲਣਾ ਚਾਹੁੰਦੇ ਸਨ। ਮੀਟਿੰਗ ਦੌਰਾਨ ਕਈ ਵਾਰ ਤਿੱਖੀ ਬਹਿਸ ਵੀ ਹੋਈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜੋਗਿੰਦਰ ਸਿੰਘ ਤੇ ਜਗਮੋਹਨ ਸਿੰਘ ਨੇ ਕਿਹਾ ਇਕ ਪਾਸੇ  ਖੇਤੀਬਾੜੀ ਮੰਤਰੀ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਯੂਨੀਅਨ ਆਗੂਆਂ ਨੂੰ ਮੀਟਿੰਗ ਲਈ ਬੁਲਾਇਆ ਗਿਆ ਹੈ ਦੂਜੇ ਪਾਸੇ ਖੇਤੀ ਮੰਤਰੀ ਖ਼ੁਦ ਹੀ ਇਸ ਬੈਠਕ ਵਿੱਚ ਨਹੀਂ ਆਏ। ਡਾ. ਦਰਸ਼ਨ ਪਾਲ ਤੇ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਦਿੱਲੀ ਆਉਣ ਦਾ ਮਕਸਦ ਇਹ ਦਰਸਾਉਣਾ ਵੀ ਸੀ ਕਿ ਕਿਸਾਨ ਗੱਲਬਾਤ ਤੋਂ ਪਿੱਛੇ ਨਹੀਂ ਹਟਦੇ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਬੁਲਾ ਕੇ ਕੋਝਾ ਮਜ਼ਾਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਬੈਠਕ ਮੋਦੀ ਸਰਕਾਰ ਦਾ ਇਕ ਹੋਰ ‘ਜੁਮਲਾ’ ਸਾਬਿਤ ਹੋਈ ਹੈ। ਸ੍ਰੀ ਰਾਜੇਵਾਲ  ਮੁਤਾਬਕ ਜਦ ਸਕੱਤਰ ਸਮੇਤ 5 ਅਧਿਕਾਰੀ ਆਗੂਆਂ ਨੂੰ ਖੇਤੀ ਬਾਰੇ ਸਮਝਾਉਣ ਲੱਗੇ ਤਾਂ ਆਗੂਆਂ ਨੇ ਕਿਹਾ ਕਿ ਜੋ ਕਿਸਾਨ 50-50 ਸਾਲਾਂ ਤੋਂ ਖੇਤੀ ਕਰ ਰਹੇ ਹਨ, ਉਨ੍ਹਾਂ ਨੂੰ ਹਰ ਨੁਕਤੇ ਦਾ ਪਤਾ ਹੈ ਪਰ ਕੇਂਦਰ ਨੇ ਇਹ ਬੈਠਕ ਬੁਲਾ ਕੇ ‘ਚਾਲ’ ਚੱਲੀ ਹੈ।  ਇਸ ਮੌਕੇ ਕਿਸਾਨ ਆਗੂ ਨਰਿੰਦਰ ਸਿੰਘ ਕੰਗ ਨੇ ਕਿਹਾ ਕਿ ਕੇਂਦਰ ਵੱਲੋਂ ਜੋ ਕਾਰਪੋਰੇਟ ਪੱਖੀ ਨੀਤੀ ਪੰਜਾਬ ਹਰਿਆਣਾ ਦੇ ਕਿਸਾਨਾਂ ’ਤੇ ਥੋਪੀ ਜਾ ਰਹੀ ਹੈ ਉਹ ਕਿਸਾਨ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਇਹੀ ਕਾਰਨ ਹੈ ਕਿ ਹੋਰਨਾਂ ਰਾਜਾਂ ਦੇ ਕਿਸਾਨ ਉੱਤਰੀ-ਪੱਛਮੀ ਰਾਜਾਂ ਵਿੱਚ ਮਜ਼ਦੂਰੀ ਕਰਨ ਆਉਂਦੇ ਹਨ। ਸਕੱਤਰ ਨੂੰ ਦਿੱਤੇ ਗਏ ਯਾਦ ਪੱਤਰ ਵਿੱਚ ਦੇਸ਼ ਅੰਦਰ ਪਹਿਲਾਂ ਤੋਂ ਹੀ ਚੱਲ ਰਹੀ ਖੁੱਲ੍ਹੀ ਮੰਡੀ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ। ਤਿੰਨਾਂ ਕਾਨੂੰਨਾਂ ਦੀਆਂ ਖਾਮੀਆਂ ਗਿਣਾ ਕੇ ਉਨ੍ਹਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ।  ਇਸ ਤੋਂ ਪਹਿਲਾਂ ਯੂਨੀਅਨ ਆਗੂਆਂ ਨੂੰ ਦਿੱਲੀ ਦੀਆਂ ਸੜਕਾਂ ਦੇ ਗੇੜੇ ਲਵਾ ਕੇ ਪੂਸਾ ਖੇਤੀ ਖੋਜ ਸੰਸਥਾ ਵਿਚ ਨਾਸ਼ਤਾ ਕਰਵਾਇਆ ਗਿਆ। ਯੂਨੀਅਨਾਂ ਵੱਲੋਂ ਅਗਲੀ ਰਣਨੀਤੀ ਵਿਚਾਰਨ ਲਈ ਭਲਕੇ ਚੰਡੀਗੜ੍ਹ ਵਿਖੇ ਬੈਠਕ ਬੁਲਾਈ ਗਈ ਹੈ। ਦੂਜੇ ਪਾਸੇ ਕੇਂਦਰ ਸਰਕਾਰ ਦੇ ਸੂਤਰਾਂ ਮੁਤਾਬਕ ਇਹ ਦੂਜੀ ਬੈਠਕ ਇਸ ਉਮੀਦ ਨਾਲ ਬੁਲਾਈ ਗਈ ਸੀ ਕਿਸਾਨ ਜਥੇਬੰਦੀਆਂ ਵੱਲੋਂ ਪਹਿਲੀ ਪੇਸ਼ਕਸ਼ ਰੱਦ ਕਰਨ ਮਗਰੋਂ ਹੁਣ ਵਿਵਾਦਤ ਨੁਕਤਿਆਂ ਉਤੇ ਸਹਿਮਤੀ ਬਣਾਈ ਜਾ ਸਕੇ। ਦੱਸਣਯੋਗ ਹੈ ਕਿ ਬੈਠਕ ਤੋਂ ਪਹਿਲਾਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਸੀ ਕਿ ਉਹ ਨਵੇਂ ਕਾਨੂੰਨ ਬਾਰੇ ਆਪਣੀ ਗੱਲ ਪ੍ਰਧਾਨ ਮੰਤਰੀ ਤੇ ਖੇਤੀਬਾੜੀ ਮੰਤਰੀ ਨੂੰ ਮਿਲ ਕੇ ਦੱਸਣਾ ਚਾਹੁੰਦੇ ਹਨ।

ਰੋਸ ਪ੍ਰਗਟਾਉਣ ਜਾ ਰਹੇ ਕਿਸਾਨਾਂ ਨੂੰ ਦਿੱਲੀ ’ਚ ਦਾਖ਼ਲ ਹੋਣ ਤੋਂ ਰੋਕਿਆ 

ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ ਨੇ ਕਿਹਾ ਕਿ ਪੰਜਾਬ, ਹਰਿਆਣਾ ਤੇ ਯੂਪੀ ਦੇ ਕਿਸਾਨ ਜੋ ਦਿੱਲੀ ਵਿਚ ਸੰਸਦ ਅੱਗੇ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਸਨ, ਨੂੰ ਦਿੱਲੀ ਦੀ ਸਰਹੱਦ ’ਤੇ ਰੋਕ ਲਿਆ ਗਿਆ ਤੇ ਅੱਗੇ ਨਹੀਂ ਵਧਣ ਦਿੱਤਾ ਗਿਆ। ਉੱਥੇ ਹੀ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਮੰਗ ਪੱਤਰ ਦਿੱਤਾ। ਜਥੇਬੰਦੀ ਨੇ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਤੋਂ ਪੰਜਾਬ ਤੇ ਹਰਿਆਣਾ ਦੇ ਕਿਸਾਨ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਕੇਂਦਰ ਸਰਕਾਰ ਕਦੇ ਖੇਤੀਬਾੜੀ ਮੰਤਰੀ, ਕਦੇ ਸਕੱਤਰ ਤੇ ਕਦੇ ਭਾਜਪਾ ਦੀ ਲੀਡਰਸ਼ਿਪ ਨਾਲ ਗੱਲ ਕਰਨ ਬਾਰੇ ਆਖ ਰਹੀ ਹੈ। ਸਰਕਾਰ ਦਾ ਵਤੀਰਾ ਅੜੀਅਲ ਹੈ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਦਿੱਲੀ ਸੱਦ ਕੇ ਕਿਸੇ ਜ਼ਿੰਮੇਵਾਰ ਮੰਤਰੀ ਨਾਲ ਮੀਟਿੰਗ ਨਾ ਕਰਵਾਉਣਾ ਕੇਂਦਰ ਦੇ ਹੰਕਾਰੀ ਰਵੱਈਏ ਦਾ ਪ੍ਰਗਟਾਵਾ ਹੈ। 

ਤੌਖ਼ਲੇ ਦੂਰ ਕਰਨ ਲਈ ਮੰਤਰੀਆਂ ਦੀ ਡਿਊਟੀ

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ 8 ਮੰਤਰੀਆਂ ਦੀ ਡਿਊਟੀ ਲਾਈ ਗਈ ਹੈ ਜੋ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦੀਆਂ ਖੂਬੀਆਂ ਕਿਸਾਨਾਂ ਨੂੰ ਦੱਸ ਰਹੇ ਹਨ। ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ, ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ, ਕੱਪੜਾ ਮੰਤਰੀ ਸਮ੍ਰਿਤੀ ਇਰਾਨੀ, ਖੇਤੀ ਰਾਜ ਮੰਤਰੀ ਕੈਲਾਸ਼ ਚੌਧਰੀ, ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ, ਕੇਂਦਰੀ ਰਾਜ ਪਸ਼ੂ ਪਾਲਣ ਮੰਤਰੀ ਸੰਜੀਵ ਬਾਲਿਆਨ, ਕੇਂਦਰੀ ਇਸਪਾਤ ਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਤੇ ਇਕ ਹੋਰ ਮੰਤਰੀ ਜਿਤੇਂਦਰ ਸਿੰਘ ਨੂੰ ਵਰਚੁਅਲ ਰੈਲੀਆਂ ਰਾਹੀਂ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।  ਉਹ ਕਿਸਾਨਾਂ ਨੂੰ ਨਵੇਂ ਖੇਤੀ ਕਾਨੂੰਨਾਂ ਦੇ ਫ਼ਾਇਦੇ ਦੱਸ ਕੇ ਉਨ੍ਹਾਂ ਦੇ ਤੌਖਲੇ ਦੂਰ ਕਰਨਗੇ। ਇਨ੍ਹਾਂ ਵਰਚੁਅਲ ਬੈਠਕਾਂ ਵਿਚ ਜ਼ਿਆਦਾਤਰ ਭਾਜਪਾ ਦੇ ਕਾਰਕੁਨ ਹੀ ਸ਼ਾਮਲ ਹੋ ਰਹੇ ਹਨ ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਖੇਤੀਬਾੜੀ ਬਾਰੇ ਜਾਣਕਾਰੀ ਹੈ ਹੀ ਨਹੀਂ। ਕਿਸਾਨ ਆਗੂ ਨਰਿੰਦਰ ਸਿੰਘ ਕੰਗ ਨੇ ਕਿਹਾ ਕਿ ਕਿਸਾਨਾਂ ਦਾ ਰੋਹ ਇਨ੍ਹਾਂ ਆਨਲਾਈਨ ਪ੍ਰਬੰਧਾਂ ਨਾਲ ਸ਼ਾਂਤ ਹੋਣ ਵਾਲਾ ਨਹੀਂ ਹੈ। ਕਿਸਾਨ ਆਗੂ ਰਾਜੇਵਾਲ ਨੇ ਕਿਹਾ ਕਿ ਇਕ ਪਾਸੇ ਦਿੱਲੀ ਵਿੱਚ ਉਨ੍ਹਾਂ ਨਾਲ ਕੋਈ ਗੱਲ ਕਰਨ ਵਾਲਾ ਨਹੀਂ ਹੈ ਤੇ ਦੂਜੇ ਪਾਸੇ ਮੰਤਰੀਆਂ ਦੀ ਵਰਚੁਅਲ ਮੀਟਿੰਗਾਂ ’ਤੇ ਡਿਊਟੀ ਲਾ ਕੇ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਸਮਝਾਉਣ ਦੇ ਨਾਂ ’ਤੇ ਟਕਰਾਅ ਕਰਾ ਕੇ ਸ਼ਾਂਤੀ ਭੰਗ ਕਰਨਾ ਚਾਹੁੰਦੀ ਹੈ।

ਸਰਕਾਰ ਵਿਚਾਰ-ਚਰਚਾ ਲਈ ਤਿਆਰ: ਜਾਵੜੇਕਰ

ਨਵੀਂ ਦਿੱਲੀ: ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਹੈ ਕਿ ਸਰਕਾਰ ਨਵੇਂ ਖੇਤੀ ਕਾਨੂੰਨਾਂ ਬਾਰੇ ਵਿਚਾਰ-ਚਰਚਾ ਲਈ ਹਮੇਸ਼ਾ ਤਿਆਰ ਹੈ। ਜਾਵੜੇਕਰ ਨੇ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਨਾਲ ਇਨ੍ਹਾਂ ਮੁੱਦਿਆਂ ’ਤੇ ਇਕ ਵਾਰ ਬੈਠਕ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇ ਹੋਰ ਗੱਲਬਾਤ ਲੋੜੀਂਦੀ ਹੈ ਤਾਂ ਸਰਕਾਰ ਤਿਆਰ ਹੈ। ਜਾਵੜੇਕਰ ਨੇ ਕਿਹਾ ਕਿ ਤੋਮਰ ਅੱਜ ਕਿਸੇ ਹੋਰ ਜ਼ਰੂਰੀ ਕਾਰਜ ਵਿਚ ਰੁੱਝੇ ਹੋਏ ਸਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਮੰਤਰੀ ਜਦ ਵਿਹਲੇ ਹੋ ਜਾਣਗੇ ਤਾਂ ਸਾਰਿਆਂ ਨੂੰ ਮਿਲਣਗੇ। ਇਸ ਵਿਚ ਕੋਈ ਸਮੱਸਿਆ ਨਹੀਂ ਹੈ। –

Leave a Reply

Your email address will not be published. Required fields are marked *