ਗੁਪਕਾਰ ਐਲਾਨਨਾਮਾ: ਭਵਿੱਖੀ ਰਣਨੀਤੀ ਘੜਨ ਲਈ ਫ਼ਾਰੂਕ ਦੀ ਰਿਹਾਇਸ਼ ’ਤੇ ਮੀਟਿੰਗ ਅੱਜ

ਸ੍ਰੀਨਗਰ : ਨੈਸ਼ਨਲ ਕਾਨਫਰੰਸ ਪਾਰਟੀ ਦੇ ਪ੍ਰਧਾਨ ਫ਼ਾਰੂਕ ਅਬਦੁੱਲਾ ਨੇ ਜੰਮੂ ਤੇ ਕਸ਼ਮੀਰ ਦੇ ਵਿਸ਼ੇਸ਼ ਰੁਤਬੇ, ਜਿਸ ਨੂੰ ਪਿਛਲੇ ਸਾਲ ਮਨਸੂਖ਼ ਕਰ ਦਿੱਤਾ ਗਿਆ ਸੀ, ਨਾਲ ਸਬੰਧਤ ‘ਗੁਪਕਾਰ ਐਲਾਨਨਾਮੇ’ ਨੂੰ ਲੈ ਕੇ ਭਵਿੱਖੀ ਰਣਨੀਤੀ ਘੜਨ ਲਈ ਵੀਰਵਾਰ ਨੂੰ ਆਪਣੀ ਰਿਹਾਇਸ਼ (ਗੁਪਕਾਰ) ’ਤੇ ਵੱਖ ਵੱਖ ਪਾਰਟੀਆਂ ਦੀ ਮੀਟਿੰਗ ਸੱਦ ਲਈ ਹੈ। ਪੀਡੀਪੀ ਆਗੂ ਅਤੇ ਜੰਮੂ ਤੇ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਵੀ ਇਸ ਮੀਟਿੰਗ ’ਚ ਸ਼ਿਰਕਤ ਕਰਨਗੇ। ਪੀਐੱਸਏ ਤਹਿਤ ਗ੍ਰਿਫ਼ਤਾਰ ਮੁਫ਼ਤੀ ਨੂੰ ਮੰਗਲਵਾਰ ਰਾਤ 14 ਮਹੀਨਿਆਂ ਦੀ ਹਿਰਾਸਤ ਮਗਰੋਂ ਰਿਹਾਅ ਕੀਤਾ ਗਿਆ ਸੀ। ਇਸ ਦੌਰਾਨ ਪੀਡੀਪੀ ਆਗੂ ਦੀ ਸਰਕਾਰੀ ਰਿਹਾਇਸ਼ ‘ਫੇਰਵਿਊ ਬੰਗਲੇ’ ਦੇ ਬਾਹਰ ਅੱਜ ਮਹਿਬੂੁਬਾ ਮੁਫ਼ਤੀ ਦੀ ਇਕ ਝਲਕ ਪਾਉਣ ਲਈ ਪਾਰਟੀ ਵਰਕਰਾਂ ਸਮੇਤ ਹੋਰਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਪੀਡੀਪੀ, ਕਾਂਗਰਸ, ਡੀਐੈੱਮਕੇ ਤੇ ਹੋਰ ਕਈ ਪਾਰਟੀਆਂ ਦੇ ਆਗੂਆਂ ਨੇ ਟਵੀਟ ਕਰਕੇ ਮਹਿਬੂਬਾ ਦੀ ਰਿਹਾਈ ਦਾ ਸਵਾਗਤ ਕੀਤਾ ਹੈ। ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਪੱਤਰਕਾਰਾਂ ਨੂੰ ਦੱਸਿਆ, ‘ਮੇਰੇ ਪਿਤਾ ਅਤੇ ਮੈਂ, ਮਹਿਬੂਬਾ ਮੁਫ਼ਤੀ ਸਾਹਿਬਾ ਦੀ ਹਿਰਾਸਤ ’ਚੋਂ ਰਿਹਾਈ ਮਗਰੋਂ ਫੋਨ ਕਰਕੇ ਉਨ੍ਹਾਂ ਦੀ ਖੈਰ ਸੁਖ ਪੁੱਛੀ ਸੀ।’ ਊਮਰ ਨੇ ਕਿਹਾ ਕਿ ਪੀਡੀਪੀ ਆਗੂ ਨੇ ਗੁਪਕਾਰ ਐਲਾਨਨਾਮੇ ’ਤੇ ਸਹੀ ਪਾਉਣ ਵਾਲੇ ਆਗੂਆਂ ਦੀ ਮੀਟਿੰਗ ’ਚ ਸ਼ਾਮਲ ਹੋਣ ਦੇ ਸੱਦੇ ਨੂੰ ਪ੍ਰਵਾਨ ਕਰ ਲਿਆ ਹੈ।’ -ਪੀਟੀਆਈ

ਵਿਸ਼ੇਸ਼ ਰੁਤਬਾ ਮਨਸੂਖ਼ ਕਰਨਾ ‘ਦਿਨ ਦਿਹਾੜੇ ਮਾਰਿਆ ਡਾਕਾ’: ਮਹਿਬੂਬਾ

ਸ੍ਰੀਨਗਰ: ਪੀਡੀਪੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਉਹ ਧਾਰਾ 370 ਦੀ ਬਹਾਲੀ ਅਤੇ ਕਸ਼ਮੀਰ ਮਤੇ ਲਈ ਸੰਘਰਸ਼ ਜਾਰੀ ਰੱਖਣਗੇ। ਮੁਫ਼ਤੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 5 ਅਗਸਤ ਨੂੰ ਲਿਆ ਫੈਸਲਾ ‘ਦਿਨ ਦਿਹਾੜੇ ਮਾਰਿਆ ਡਾਕਾ’ ਸੀ। ਮਹਿਬੂਬਾ ਨੇ ਆਪਣੀ ਰਿਹਾਈ ਮਗਰੋਂ ਟਵਿੱਟਰ ’ਤੇ 83 ਸਕਿੰਟ ਦੇ ਇਕ ਆਡੀਓ ਸੁਨੇਹੇ ’ਚ ਕਿਹਾ, ‘ਸਾਨੂੰ ਸਾਰਿਆਂ ਨੂੰ ਇਹ ਸਹੁੰ ਚੁੱਕਣੀ ਹੋਵੇਗੀ ਕਿ ਅਸੀਂ ਉਹ ਸਭ ਕੁਝ ਵਾਪਸ ਲਵਾਂਗੇ, ਜੋ ਪਿਛਲੇ ਸਾਲ 5 ਅਗਸਤ ਨੂੰ ਸਾਡੇ ਕੋਲੋਂ ਗੈਰਕਾਨੂੰਨੀ, ਗੈਰਜਮਹੂਰੀ ਤੇ ਗੈਰ-ਸੰਵਿਧਾਨਕ ਤੌਰ ’ਤੇ ਖੋਹ ਲਿਆ ਗਿਆ ਸੀ। ਸਾਨੂੰ ਕਸ਼ਮੀਰ ਮਤੇ ਲਈ ਵੀ ਕੰਮ ਕਰਨਾ ਹੋਵੇਗਾ, ਜਿਸ ਲਈ ਹਜ਼ਾਰਾਂ ਲੋਕਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ।’

Leave a Reply

Your email address will not be published. Required fields are marked *