ਵਿਧਾਨ ਸਭਾ ’ਚ ਪਈ ਵਜ਼ੀਫਾ ਘੁਟਾਲੇ ਦੀ ਗੂੰਜ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਤਿੰਨ ਰੋਜ਼ਾ ਵਿਸ਼ੇਸ਼ ਇਜਲਾਸ ਅੱਜ ਵਜ਼ੀਫਾ ਘੁਟਾਲੇ ਦੀ ਗੂੰਜ ਅਤੇ ਤਲਖ਼ ਮਾਹੌਲ ਨਾਲ ਸਮਾਪਤ ਹੋ ਗਿਆ। ਅੱਜ ਸੱਤ ਮਹੱਤਵਪੂਰਨ ਬਿੱਲਾਂ ਦੇ ਪਾਸ ਹੋਣ ਮਗਰੋਂ ਸਦਨ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਗਿਆ। ਮੰਗਲਵਾਰ ਨੂੰ ਖੇਤੀ ਸੋਧ ਬਿੱਲਾਂ ਮੌਕੇ ਸਿਆਸੀ ਧਿਰਾਂ ਦੀ ਇਕਸੁਰਤਾ ਅੱਜ ਆਖਰੀ ਦਿਨ ਖੰਡਿਤ ਹੋ ਗਈ। ਸ਼੍ਰੋਮਣੀ ਅਕਾਲੀ ਦਲ ਨੇ ਵਜ਼ੀਫਾ ਘੁਟਾਲੇ ਨੂੰ ਲੈ ਕੇ ਜਿਥੇ ਨਾਅਰੇਬਾਜ਼ੀ ਕੀਤੀ ਅਤੇ ਸਦਨ ’ਚੋਂ ਵਾਕਆਊਟ ਕੀਤਾ ਉਥੇ ਵਿਰੋਧੀ ਧਿਰ ਦੇ ਨੇਤਾ ਦੇ ਬੋਲਾਂ ਨੂੰ ਲੈ ਕੇ ‘ਆਪ’ ਅਤੇ ਕਾਂਗਰਸ ਵਿਧਾਇਕਾਂ ਦਰਮਿਆਨ ਤਣਾਤਣੀ ਬਣੀ ਰਹੀ।

ਵਿਸ਼ੇਸ਼ ਇਜਲਾਸ ਦੇ ਅੰਤਿਮ ਦਿਨ ਸੱਤ ਬਿੱਲ ਪਾਸ ਕੀਤੇ ਗਏ ਜਿਨ੍ਹਾਂ ਦੌਰਾਨ ਮਾਹੌਲ ਰੌਲੇ-ਰੱਪੇ ਵਾਲਾ ਬਣਿਆ ਰਿਹਾ। ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਵਜ਼ੀਫਾ ਘੁਟਾਲੇ ’ਤੇ ਬੋਲਣਾ ਚਾਹਿਆ ਅਤੇ ਉਨ੍ਹਾਂ ਦੀ ਹੀ ਪਾਰਟੀ ਦੇ ਸੁਖਵਿੰਦਰ ਕੁਮਾਰ ਨੇ ਸਮਾਂ ਮੰਗਿਆ। ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਵੀ ਵਜ਼ੀਫਾ ਘੁਟਾਲੇ ’ਤੇ ਆਵਾਜ਼ ਉਠਾਈ।

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਮਾਮਲੇ ’ਤੇ ਸਫਾਈ ਦਿੱਤੀ ਪ੍ਰੰਤੂ ਅਕਾਲੀ ਅਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਨਾਅਰੇਬਾਜ਼ੀ ਕਰਦੇ ਹੋਏ ਸਦਨ ’ਚੋਂ ਵਾਕਆਊਟ ਕਰ ਗਏ। ਜਦੋਂ ਰਾਜ ਵਿਜੀਲੈਂਸ ਕਮਿਸ਼ਨ ਬਿੱਲ ਪੇਸ਼ ਕੀਤਾ ਗਿਆ ਤਾਂ ‘ਆਪ’ ਦੇ ਵਿਧਾਇਕ ਅਮਨ ਅਰੋੜਾ ਨੇ ਬੋਲਣ ਲਈ ਸਮਾਂ ਮੰਗਿਆ ਜਿਨ੍ਹਾਂ ਸੋਧ ਲਈ ਪਹਿਲਾਂ ਹੀ ਲਿਖਤੀ ਤੌਰ ’ਤੇ ਦਿੱਤਾ ਹੋਇਆ ਸੀ। ਸਮਾਂ ਨਾ ਮਿਲਣ ’ਤੇ ਵਿਰੋਧੀ ਧਿਰ ਦੇ ਨੇਤਾ ਅਤੇ ‘ਆਪ’ ਆਗੂ ਹਰਪਾਲ ਸਿੰਘ ਚੀਮਾ ਖੜ੍ਹੇ ਹੋ ਗਏ ਅਤੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਮੁਖਾਤਿਬ ਹੁੰਦਿਆਂ ਆਖਿਆ,‘‘ਏਹ ਕਾਂਗਰਸ ਭਵਨ ਨਹੀਂ, ਪਵਿੱਤਰ ਸਦਨ ਹੈ।’’ ਚੀਮਾ ਦੀ ਬੋਲ-ਬਾਣੀ ਤੋਂ ਕਾਂਗਰਸੀ ਵਿਧਾਇਕ ਭੜਕ ਉੱਠੇ। ਕਾਂਗਰਸ ਵਿਧਾਇਕ ਪਰਮਿੰਦਰ ਪਿੰਕੀ, ਦਰਸ਼ਨ ਬਰਾੜ, ਕੁਲਬੀਰ ਜ਼ੀਰਾ ਆਦਿ ਇਸ ਗੱਲ ’ਤੇ ਅੜ ਗਏ ਕਿ ਵਿਰੋਧੀ ਧਿਰ ਦੇ ਨੇਤਾ ਨੇ ਸਪੀਕਰ ਦੀ ਤੌਹੀਨ ਕੀਤੀ ਹੈ ਅਤੇ ਉਹ ਮੁਆਫ਼ੀ ਮੰਗਣ। ਇਸ ਦੌਰਾਨ ‘ਆਪ’ ਵਿਧਾਇਕਾਂ ਨੇ ਖੇਤੀ ਸੋਧ ਬਿੱਲਾਂ ਦੀ ਗੱਲ ਕਰਦਿਆਂ ਪੰਜਾਬ ਸਰਕਾਰ ਵੱਲੋਂ ਜਿਣਸਾਂ ਦੀ ਸਰਕਾਰੀ ਖਰੀਦ ਕੀਤੇ ਜਾਣ ਦੀ ਗੱਲ ਦੁਹਰਾਈ। ਰੌਲੇ-ਰੱਪੇ ਦੌਰਾਨ ਹੀ ਅਕਾਲੀ ਵਿਧਾਇਕ ਸਦਨ ਵਿਚ ਪਰਤ ਆਏ ਪਰ ‘ਆਪ’ ਵਿਧਾਇਕਾਂ ਨੇ ਵਾਕਆਊਟ ਕਰ ਦਿੱਤਾ।

ਇਹ ਬਿੱਲ ਸਦਨ ’ਚ ਮੁੱਖ ਮੰਤਰੀ ਅਮਰਿੰਦਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਪੇਸ਼ ਕੀਤੇ ਗਏ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮਾਲਕੀ ਦੇ ਅਧਿਕਾਰ ਨਾਲ ਸਬੰਧਤ ਬਿੱਲ ’ਤੇ ਆਖਿਆ ਕਿ ਬਿਨਾਂ ਰਜਿਸਟ੍ਰੇਸ਼ਨ ਫੀਸ ਤੋਂ ਕਾਬਜ਼ਕਾਰਾਂ ਨੂੰ ਮਾਲਕ ਬਣਾਇਆ ਜਾਵੇ ਜਦੋਂ ਕਿ ਅਕਾਲੀ ਵਿਧਾਇਕ ਐੱਨ ਕੇ ਸ਼ਰਮਾ ਨੇ ਚੌਕਸ ਕੀਤਾ ਕਿ ਕਾਬਜ਼ਕਾਰਾਂ ਦੀ ਆੜ ਹੇਠ ਮਾਫੀਆ ਕਿਤੇ ਮਾਲਕ ਨਾ ਬਣ ਜਾਵੇ।

ਨਵੀਂ ਵਜ਼ੀਫਾ ਸਕੀਮ ’ਤੇ ਪਿੱਠ ਥਾਪੜੀ: ਪੰਜਾਬ ਦੇ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੇ ਵਜ਼ੀਫਾ ਘੁਟਾਲੇ ਦੇ ਪਏ ਰੌਲੇ-ਰੱਪੇ ਮਗਰੋਂ ਪੰਜਾਬ ਵਿਧਾਨ ਸਭਾ ’ਚ ਕੀਤੀ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਪੰਜਾਬ ਦੇ ਐੱਸਸੀ ਵਿਦਿਆਰਥੀਆਂ ਲਈ ਡਾ. ਬੀ ਆਰ ਅੰਬੇਡਕਰ ਐੱਸਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸ਼ੁਰੂ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਐੱਸਸੀ ਸਕਾਲਰਸ਼ਿਪ ਸਕੀਮ ਨੂੰ ਚਾਲੂ ਰੱਖਣ ਤੋਂ ਆਪਣੇ ਹੱਥ ਪਿੱਛੇ ਖਿੱਚ ਕੇ ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿੱਚ ਪਾ ਦਿੱਤਾ ਸੀ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਅਰੁਣਾ ਚੌਧਰੀ, ਚਰਨਜੀਤ ਸਿੰਘ ਚੰਨੀ, ਰਜ਼ੀਆ ਸੁਲਤਾਨਾ ਤੋਂ ਇਲਾਵਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਵਿਧਾਇਕ ਰਾਜ ਕੁਮਾਰ ਵੇਰਕਾ, ਸਤਿਕਾਰ ਕੌਰ, ਬਲਵਿੰਦਰ ਸਿੰਘ ਲਾਡੀ, ਬਲਵਿੰਦਰ ਸਿੰਘ ਧਾਲੀਵਾਲ, ਰਾਜ ਕੁਮਾਰ ਚੱਬੇਵਾਲ, ਹਰਜੋਤ ਕਮਲ, ਸੁਰਿੰਦਰ ਸਿੰਘ, ਦਵਿੰਦਰ ਸਿੰਘ ਘੁਬਾਇਆ, ਨੱਥੂ ਰਾਮ, ਪ੍ਰੀਤਮ ਸਿੰਘ ਕੋਟਭਾਈ, ਕੁਲਦੀਪ ਸਿੰਘ ਵੈਦ, ਤਰਸੇਮ ਸਿੰਘ ਡੀਸੀ, ਸੁਸ਼ੀਲ ਕੁਮਾਰ ਰਿੰਕੂ ਅਤੇ ਨਿਰਮਲ ਸਿੰਘ ਸ਼ੁਤਰਾਣਾ ਆਦਿ ਹਾਜ਼ਰ ਸਨ।

ਵਿਧਾਨ ਸਭਾ ’ਚ ਪਾਸ ਕੀਤੇ ਗਏ ਬਿੱਲ

1. ਪੰਜਾਬ ਭੋਂਡੇਦਾਰ, ਬੂਟੇਮਾਰ, ਡੋਹਲੀਦਾਰ, ਇਨਸਾਰ ਮਿਆਦੀ, ਮੁਕਰਰੀਦਾਰ, ਮੰਢੀਮਾਰ, ਪਨਾਹੀ ਕਦੀਮ, ਸੌਂਜੀਦਾਰ ਜਾਂ ਤਾਰਦਾਦਕਰ (ਮਾਲਕੀ ਅਧਿਕਾਰ ਦੇਣਾ) ਬਿੱਲ-2020

2. ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਬਿੱਲ-2020

3. ਰਜਿਸਟ੍ਰੇਸ਼ਨ (ਪੰਜਾਬ ਸੋਧ) ਬਿੱਲ-2020

4. ਪੰਜਾਬ ਟਿਸ਼ੂ ਕਲਚਰ ਬੇਸਡ ਸੀਡ ਪੋਟੈਟੋ ਬਿੱਲ-2020

5. ਪੰਜਾਬ ਲੈਂਡ ਰੈਵੇਨਿਊ (ਸੋਧ) ਬਿੱਲ-2020

6. ਪੰਜਾਬ (ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਭਲਾਈ ਅਤੇ ਬੰਦੋਬਸਤ) ਅਲਾਟਮੈਂਟ ਆਫ ਸਟੇਟ ਗਵਰਨਮੈਂਟ ਲੈਂਡ ਬਿੱਲ

7. ਫੈਕਟਰੀ (ਪੰਜਾਬ ਸੋਧ) ਬਿੱਲ-2020

ਵਜ਼ੀਫਾ ਮਾਮਲੇ ’ਚ ਕੋਈ ਬੇਨਿਯਮੀ ਨਹੀਂ ਹੋਈ: ਮੁੱਖ ਮੰਤਰੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਦਨ ਵਿਚ ਵਜ਼ੀਫਾ ਘੁਟਾਲੇ ’ਤੇ ਸਫਾਈ ਦਿੰਦਿਆਂ ਆਖਿਆ ਕਿ ਵਜ਼ੀਫਾ ਘੁਟਾਲੇ ਅਤੇ ਨੂਰਪੁਰ ਜ਼ਮੀਨ ਦੇ ਮਾਮਲਿਆਂ ਦੀ ਜਾਂਚ ਵਿਚ ਕੋਈ ਬੇਨਿਯਮੀ ਸਾਹਮਣੇ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਪੰਜਾਬ ਸਰਕਾਰ ਦਾ ਅਕਸ ਖਰਾਬ ਕਰਨ ਲਈ ਸੌੜੀ ਸਿਆਸਤ ਕਰ ਰਹੀ ਹੈ। ਮੁੱਖ ਮੰਤਰੀ ਨੇ ਰੌਲੇ-ਰੱਪੇ ਦੌਰਾਨ ਇਹ ਵੀ ਆਖਿਆ ਕਿ ਐੱਸਸੀ ਵਜ਼ੀਫੇ ਦੇ ਮੁੱਦੇ ਦੀ ਪੜਤਾਲ ਤਿੰਨ ਵਧੀਕ ਮੁੱਖ ਸਕੱਤਰਾਂ ਵੱਲੋਂ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਨੂੰ ਫੰਡਾਂ ਦੀ ਵੰਡ ਵਿੱਚ ਕੋਈ ਬੇਨਿਯਮੀ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਬਿਨਾਂ ਤੱਥਾਂ ਦੇ ਮੰਤਰੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਦੱਸਣਯੋਗ ਹੈ ਕਿ ਮੁੱਖ ਸਕੱਤਰ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਮਗਰੋਂ ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਸੀ।

Leave a Reply

Your email address will not be published. Required fields are marked *