ਕਰਾਚੀ ਦੀ ਚਾਰ-ਮੰਜ਼ਿਲਾ ਇਮਾਰਤ ਵਿੱਚ ਧਮਾਕਾ, 5 ਹਲਾਕ

ਇਸਲਾਮਾਬਾਦ : ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਚਾਰ ਮੰਜ਼ਿਲਾ ਇਮਾਰਤ ਵਿੱਚ ਹੋਏ ਜ਼ੋਰਦਾਰ ਧਮਾਕੇ ਵਿੱਚ ਘੱਟੋ-ਘੱਟ ਪੰਜ ਵਿਅਕਤੀ ਹਲਾਕ ਤੇ 20 ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਕਿਹਾ ਕਿ ਧਮਾਕੇ ਕਰਕੇ ਕਰਾਚੀ ਦੇ ਗੁਲਸ਼ਨ-ਏ-ਇਕਬਾਲ ਖੇਤਰ ਵਿੱਚ ਮਸਕਾਨ ਚੌਰੰਗੀ ਨੇੜਲੀ ਇਮਾਰਤ ਦੀਆਂ ਦੋ ਮੰਜ਼ਿਲਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਉਂਜ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ ਕਿਉਂਕਿ ਜ਼ਖ਼ਮੀਆਂ ’ਚੋਂ ਸੱਤ ਦੀ ਹਾਲਾਤ ਕਾਫ਼ੀ ਗੰਭੀਰ ਹੈ।

ਧਮਾਕੇ ਮਗਰੋਂ ਸੁਰੱਖਿਆ ਬਲਾਂ ਨੇ ਇਹਤਿਆਤ ਵਜੋਂ ਖੇਤਰ ਨੂੰ ਘੇਰਾ ਪਾ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨੇੜਲੀਆਂ ਇਮਾਰਤਾਂ ਦੇ ਸ਼ੀਸ਼ੇ ਤਿੜਕ ਗਏ ਤੇ ਵਾਹਨ ਨੁਕਸਾਨੇ ਗਏ। ਸਿੰਧ ਦੇ ਮੁੱਖ ਮੰਤਰੀ ਸੱਯਦ ਮੁਰਾਦ ਅਲੀ ਸ਼ਾਹ ਨੇ ਅਥਾਰਿਟੀਜ਼ ਤੋਂ ਤਫ਼ਸੀਲੀ ਰਿਪੋਰਟ ਮੰਗ ਲਈ ਹੈ।

ਸ਼ੁਰੂਆਤੀ ਜਾਂਚ ਮੁਤਾਬਕ ਧਮਾਕਾ ਗੈਸ ਲੀਕ ਹੋਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਪੁਲੀਸ ਮੁਖੀ ਮੁਸ਼ਤਾਕ ਮਹਾਰ ਨੇ ਕਿਹਾ ਕਿ ਬੰਬ ਨਕਾਰਾ ਦਸਤੇ ਤੇ ਅਤਿਵਾਦ ਵਿਰੋਧੀ ਅਧਿਕਾਰੀਆਂ ਵੱਲੋਂ ਧਮਾਕੇ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਮੌਕੇ ਤੋਂ ਧਮਾਕਾਖੇਜ਼ ਸਮੱਗਰੀ ਜਿਹਾ ਕੋਈ ਸੁਰਾਗ ਨਹੀਂ ਮਿਲਿਆ।

Leave a Reply

Your email address will not be published. Required fields are marked *