ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਬਠਿੰਡਾ : ਸ਼ਹਿਰ ਦੇ ਇਕ ਵਪਾਰੀ ਨੇ ਵਪਾਰ ’ਚ ਘਾਟੇ ਤੋਂ ਦੁਖੀ ਹੋ ਕੇ ਪਰਿਵਾਰ ਦੇ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ ਕਰ ਲਈ ਹੈ। ਵਪਾਰੀ ਦਵਿੰਦਰ ਗਰਗ (41) ਨੇ ਅੱਜ ਸ਼ਾਮ ਕਿਰਾਏ ਦੇ ਘਰ ਵਿਚ ਪਤਨੀ ਮੀਨਾ ਗਰਗ (38), ਬੇਟਾ ਆਰੁਸ਼ (14) ਅਤੇ ਬੇਟੀ ਮੁਸਕਾਨ (10) ਨੂੰ ਗੋਲੀਆਂ ਮਾਰਨ ਮਗਰੋਂ ਖੁਦ ਨੂੰ ਗੋਲੀ ਮਾਰ ਕੇ ਜੀਵਨ-ਲੀਲ੍ਹਾ ਸਮਾਪਤ ਕਰ ਲਈ। ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਗੁਆਂਢੀ ਮੌਕੇ ’ਤੇ ਪਹੁੰਚੇ ਤਾਂ ਕਮਰੇ ਵਿਚ ਖੂਨ ਨਾਲ ਲਿਬੜੀਆਂ ਚਾਰ ਲਾਸ਼ਾਂ ਪਈਆਂ ਸਨ। ਪੁਲੀਸ ਨੇ ਦਵਿੰਦਰ ਗਰਗ ਵੱਲੋਂ ਲਿਖਿਆ ਗਿਆ ‘ਖ਼ੁਦਕੁਸ਼ੀ ਨੋਟ’ ਬਰਾਮਦ ਕੀਤਾ ਹੈ। ਜਾਣਕਾਰੀ ਮੁਤਾਬਕ ਦਵਿੰਦਰ ਗਰਗ ਆਨਲਾਈਨ ਟ੍ਰੇਡਿੰਗ ਦਾ ਕੰਮ ਕਰਦਾ ਸੀ। ਕਾਫੀ ਸਮਾਂ ਪਹਿਲਾਂ ਉਹ ਚਿੱਟ ਫੰਡ ਕੰਪਨੀ ਵਿੱਚ ਪੈਸਾ ਲਾਉਂਦਾ ਰਿਹਾ ਸੀ। ਵਪਾਰਕ ਹਲਕਿਆਂ ’ਚ ਉਸ ਦੀ ਨਾਮੀ ਵਪਾਰੀ ਵਜੋਂ ਪਛਾਣ ਸੀ। ਕੁਝ ਅਰਸਾ ਪਹਿਲਾਂ ਵਪਾਰ ਵਿੱਚ ਘਾਟਾ ਪੈਣ ਕਰਕੇ ਪੁਸ਼ਤੈਨੀ ਘਰ ਵੇਚਣ ਤੱਕ ਦੀ ਨੌਬਤ ਆ ਗਈ ਸੀ। ਉਹ ਹੁਣ ਪਰਿਵਾਰ ਸਮੇਤ ਗਰੀਨ ਸਿਟੀ, ਫੇਜ਼-2 ਦੀ ਕੋਠੀ ਨੰਬਰ 284 ਵਿੱਚ ਕਿਰਾਏ ਦੇ ਮਕਾਨ ’ਚ ਉਪਰਲੀ ਮੰਜ਼ਿਲ ’ਤੇ ਰਹਿੰਦਾ ਸੀ। ਲੋਕਾਂ ’ਚ ਵੀ ਚਰਚਾ ਹੈ ਕਿ ਦਵਿੰਦਰ ਗਰਗ ਅੰਤਾਂ ਦੇ ਕਰਜ਼ੇ ਅਤੇ ਕੰਮ-ਕਾਰ ਨਾ ਚੱਲਣ ਤੋਂ ਬੇਹੱਦ ਪ੍ਰੇਸ਼ਾਨ ਰਹਿੰਦਾ ਸੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਹਮੀਰਗੜ੍ਹ ’ਚ ਪਤਨੀ ਦੀ ਮੌਤ ਤੋਂ ਦੁਖੀ ਇਕ ਵਿਅਕਤੀ ਨੇ ਆਪਣੇ ਤਿੰਨ ਬੱਚਿਆਂ ਨੂੰ ਫਾਹਾ ਲਾ ਕੇ ਮਾਰਨ ਪਿੱਛੋਂ ਖ਼ੁਦਕੁਸ਼ੀ ਕਰ ਲਈ ਸੀ।

ਖ਼ੁਦਕੁਸ਼ੀ ਨੋਟ ’ਚ ਤੰਗ ਕਰਨ ਵਾਲੇ 9 ਬੰਦਿਆਂ ਦੇ ਨਾਂ: ਐੱਸਐੱਸਪੀ

ਬਠਿੰਡਾ ਦੇ ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਦਵਿੰਦਰ ਗਰਗ ਦੀ ਦੇਹ ਕੋਲੋਂ ਅੱਠ ਪੰਨਿਆਂ ਦਾ ਖ਼ੁਦਕੁਸ਼ੀ ਨੋਟ ਮਿਲਿਆ ਹੈ ਜਿਸ ’ਚ ਉਸ ਨੂੰ ਤੰਗ ਕਰਨ ਵਾਲੇ 9 ਵਿਅਕਤੀਆਂ ਦੇ ਨਾਂ ਲਿਖੇ ਹਨ। ਇਨ੍ਹਾਂ ’ਚੋਂ ਇਕ ਵਿਅਕਤੀ ਦਿੱਲੀ, ਕੁਝ ਬਠਿੰਡਾ ਜ਼ਿਲ੍ਹੇ ਅਤੇ ਕੁਝ ਸੂਬੇ ਦੇ ਹੋਰ ਜ਼ਿਲ੍ਹਿਆਂ ਨਾਲ ਸਬੰਧਤ ਹਨ। ਸ੍ਰੀ ਵਿਰਕ ਨੇ ਕਿਹਾ ਕਿ ਉਨ੍ਹਾਂ ਦੱਸਿਆ ਕਿ ਘਟਨਾ ਦੇ ਸਬੰਧ ’ਚ ਮੁਲਜ਼ਮਾਂ ਖ਼ਿਲਾਫ਼ ਧਾਰਾ 306 ਅਤੇ ਦਵਿੰਦਰ ਕੁਮਾਰ ਵਿਰੁੱਧ ਧਾਰਾ 302 ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *