ਰਾਜਨੀਤਕ ਲੋਕਾਂ ਅੰਦਰ ਦੂਜਿਆਂ ਦੇ ਚੰਗੇ ਕੰਮਾਂ ਦੀ ਸ਼ਲਾਘਾ ਕਰਨ ਦਾ ਮਾਦਾ ਕਿਉਂ ਨਹੀਂ ਹੁੰਦਾ – ਜਸਪਾਲ ਸਿੰਘ ਨਾਗਰਾ ‘ਮਹਿੰਦਪੁਰੀਆ


    ਸਾਰੀ ਦੁਨੀਆਂ ਵਿੱਚ ਵੱਸਦੇ ਪੰਜਾਬੀਆਂ ਨੇ ਕਰਤਾਰ ਪੁਰ ਸਾਹਿਬ ਦਾ ਲਾਂਘਾ ਖੁੱਲਣ ਤੇ ਬੇਅੰਤ ਖੁਸ਼ੀ ਮਨਾਈ ਸੀ।ਇਸ ਗੱਲ ਨੂੰ ਸਾਰੇ ਲੋਕਾਂ ਨੇ ਸਮਝ ਲਿਆ ਸੀ ਕਿ ਇਸ ਲਾਂਘੇ ਦੇ ਖੁੱਲਣ ਦਾ ਸਿਹਰਾ ਨਵਜੋਤ ਸਿੱਧੂ ਦੇ ਸਿਰ ਬੱਝਦਾ ਹੈ ਪਰ ਇਹ ਗੱਲ ਰਾਜਨੀਤਕ ਲੋਕਾਂ ਨੂੰ ਹਜ਼ਮ ਨਹੀਂ ਸੀ ਹੋ ਰਹੀ।ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਇਹ ਗੱਲ ਚੰਗੀ ਨਾ ਲੱਗਣਾ ਤਾਂ ਸਮਝ ਆਉਂਦਾ ਸੀ ਪਰ ਉਸ ਵੇਲੇ ਕਾਂਗਰਸ ਦੇ ਵੀ ਕਈ ਨੇਤਾਵਾਂ ਨੇ ਸਿੱਧੂ ਨੂੰ ਕਰੈਡਿਟ ਦੇਣ ਤੋਂ ਆਨਾ-ਕਾਨੀ ਕਰਨ ਦਾ ਰਾਹ ਅਪਣਾ ਲਿਆ ਸੀ।ਲਾਂਘੇ ਦਾ ਉਦਘਾਟਨ ਕਰਨ ਵੇਲੇ ਵੀ ਪੰਜਾਬ ਦੇ ਨੇਤਾਵਾਂ ਨੇ ਸਿੱਧੂ ਦੀ ਪਿੱਠ ਲਾਉਣ ਦੀ ਬਹੁਤ ਕੋਸ਼ਿਸ ਕੀਤੀ ਪਰ ਉਸਦੇ ਦੋਸਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਜਿਹਾ ਨਹੀਂ ਹੋਣ ਦਿੱਤਾ।
     ਪੰਜਾਬ ਦੇ ਅੱਜ ਦੇ ਹਾਲਾਤਾਂ ਤੇ ਝਾਤ ਮਾਰਿਆਂ ਪਤਾ ਲੱਗਦਾ ਹੈ ਕਿ ਕੇਂਦਰ ਸਰਕਾਰ ਵਲੋਂ ਤਿੰਨ ਕਿਸਾਨ ਵਿਰੋਧੀ ਬਿੱਲਾਂ ਦੇ ਕਾਨੂੰਨ ਵਿੱਚ ਤਬਦੀਲ ਹੋਣ ਮਗਰੋਂ ਸਮੁੱਚਾ ਪੰਜਾਬ ਇਹਨਾਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰ ਰਿਹਾ ਹੈ।ਕੇਂਦਰ ਦੀ ਸਰਕਾਰ ਕਿਸਾਨਾਂ ਨੂੰ ਗੁੰਮਰਾਹ ਹੋਏ ਦੱਸਕੇ ਖੁਦ ਨੂੰ ਸਹੀ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਕਿਸਾਨ ਅਤੇ ਮਜਦੂਰ ਜਥੇਬੰਦੀਆਂ ਸੜਕਾਂ ਅਤੇ ਰੇਲਵੇ ਟਰੈਕਾਂ ਤੇ ਧਰਨੇ ਮਾਰੀ ਬੈਠੀਆਂ ਹਨ।ਕੇਂਦਰ ਦੀ ਸਰਕਾਰ ਦੁਖੀ ਹੋਏ ਕਿਸਾਨਾਂ ਨਾਲ ਅੱਖ ਮਟੋਲੀ ਖੇਡ,ਖੇਡ ਰਹੀ ਹੈ।ਕਿਸਾਨਾਂ ਦੇ ਦਰਦ ਨੂੰ ਸਮਝਣ ਦੀ ਬਜਾਏ ਉਹਨਾਂ ਨੂੰ ਗੱਲਬਾਤ ਦਾ ਸੱਦਾ ਦੇ ਕੇ ਗੱਲ ਕਰਨ ਲਈ ਕਿਸੇ ਵੀ ਜਿੰਮੇਂਵਾਰ ਕੇਂਦਰੀ ਮੰਤਰੀ ਦਾ ਨਾ ਆਉਣਾ,ਕਿਸਾਨਾਂ ਦੇ ਜਖਮਾਂ ਤੇ ਲੂਣ ਛਿੜਕਣ ਦਾ ਕੰਮ ਕਰ ਗਿਆ ਹੈ।ਕਿਸਾਨ ਪਹਿਲਾਂ ਹੀ ਕਰਜੇ ਨੇ ਨਪੀੜਿਆ ਪਿਆ ਹੈ ਇਹ ਨਵੇਂ ਕਾਨੂੰਨ ਕਿਸਾਨ ਨੂੰ ਹੋਰ ਵੀ ਤਬਾਹੀ ਦੇ ਰਾਹ ਤੋਰਨਗੇ।
     ਪੰਜਾਬ ਦੇ ਕਿਸਾਨਾਂ ਵਲੋਂ ਪੰਜਾਬ ਸਰਕਾਰ ਤੇ ਦਬਾਅ ਪਾਇਆ ਜਾ ਰਿਹਾ ਸੀ ਕਿ ਵਿਧਾਨ ਸਭਾ ਦਾ ਆਮ ਇਜਲਾਸ ਬੁਲਾ ਕੇ ਕੇਂਦਰ ਸਰਕਾਰ ਵਲੋਂ ਬਣਾਏ ਕਾਨੂੰਨਾਂ ਨੂੰ ਕਿਸੇ ਸੰਵਧਾਨਿਕ ਤਰੀਕੇ ਰਾਹੀਂ ਚੈਲੰਜ ਕੀਤਾ ਜਾਵੇ।ਪੰਜਾਬ ਸਰਕਾਰ ਨੇ ਕਾਨੂੰਨੀ ਮਾਹਿਰਾਂ ਦੀ ਰਾਏ ਲੈ ਕੇ ਪਿਛਲੇ ਦਿਨੀਂ ਆਪਣੇ ਪੱਧਰ ਤੇ ਕੇਂਦਰ ਸਰਕਾਰ ਵਲੋਂ ਬਣਾਏ ਬਿੱਲਾਂ ਨੂੰ ਰੱਦ ਕਰਨ ਅਤੇ ਕੁੱਝ ਸੋਧਾਂ ਸਮੇਤ ਵਿਧਾਨ ਸਭਾ ਵਿੱਚ ਪਾਸ ਕਰ ਦਿੱਤਾ ਹੈ।ਇਹਨਾਂ ਬਿੱਲਾਂ ਦਾ ਭਾਜਪਾ ਦੇ ਦੋ ਵਿਧਾਇਕਾਂ ਤੋਂ ਇਲਾਵਾ ਬਾਕੀ ਸਾਰੀਆਂ ਪਾਰਟੀਆਂ ਨੇ ਸਮੱਰਥਨ ਦੇ ਕੇ ਪਾਸ ਕਰਵਾਇਆ।ਇਹਨਾਂ ਬਿੱਲਾਂ ਦੀ ਕਾਪੀ ਰਾਜਪਾਲ ਨੂੰ ਸੌਂਪਣ ਲਈ ਵੀ ਸਾਰੇ ਵਿਧਾਇਕ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਗਏ ਪਰ ਉਦੋਂ  ਬਹੁਤ ਹੈਰਾਨੋਗੀ ਹੋਈ ਜਦੋਂ ਇੱਕ ਰਾਤ ਲੰਘਣ ਮਗਰੋਂ ਹੀ ਅਕਾਲੀ ਅਤੇ ਆਮ ਆਦਮੀ ਦੇ ਪਾਰਟੀ ਵਿਧਾਇਕਾਂ ਨੇ ਇਸਦਾ ਵਿਰੋਧ ਕਰਨਾ ਵੀ ਸ਼ੁਰੂ ਕਰ ਦਿੱਤਾ।
     ਸਾਰੀ ਜਨਤਾ ਇਸ ਗੱਲ ਨੂੰ ਭਲੀਭਾਂਤ ਜਾਣਦੀ ਹੈ ਕਿ ਇਹਨਾਂ ਬਿੱਲਾਂ ਦਾ ਕਾਨੂੰਨ ਵਿੱਚ ਤਬਦੀਲ ਹੋਣਾ ਕੋਈ ਖਾਲ਼ਾ ਜੀ ਦਾ ਵਾੜਾ ਨਹੀਂ ਹੈ।ਇਹਨਾਂ ਬਿੱਲਾਂ ਤੇ ਜਦੋਂ ਤੱਕ ਰਾਜਪਾਲ ਅਤੇ ਰਾਸ਼ਟਰਪਤੀ ਦੇ ਹਸਤਾਖਰ ਨਹੀਂ ਹੋ ਜਾਂਦੇ ਉਦੋਂ ਤੱਕ ਇਹ ਕਾਨੂੰਨ ਨਹੀਂ ਬਣ ਸਕਦੇ।ਪੰਜਾਬ ਦਾ ਰਾਜਪਾਲ ਅਤੇ ਰਾਸ਼ਟਰਪਤੀ ਕੇਂਦਰ ਸਰਕਾਰ ਦੀ ਕੱਠਪੁੱਤਲੀ ਤੋਂ ਸਿਵਾਏ ਕੁੱਝ ਵੀ ਨਹੀਂ ਹਨ।ਇਹ ਬਿੱਲ ਪੰਜਾਬ ਸਰਕਾਰ ਵਲੋਂ ਬਣਾਏ ਜਾਣ ਨਾਲ ਕਿਸਾਨਾਂ ਵਿੱਚ ਇੱਕ ਸੁਨੇਹਾ ਤਾਂ ਜਰੂਰ ਗਿਆ ਹੈ ਕਿ ਉਹਨਾਂ ਦੇ ਏਕੇ ਦੇ ਨਤੀਜੇ ਵਜੋਂ ਹੀ ਪੰਜਾਬ ਸਰਕਾਰ ਨੇ ਇਹ ਕਦਮ ਚੁੱਕਿਆ ਹੈ।ਕੁੱਝ ਵੀ ਹੋਵੇ ਇਸ ਗੱਲ ਦੀ ਕੈਪਟਨ ਸਰਕਾਰ ਨੂੰ ਦਾਦ ਦੇਣੀ ਬਣਦੀ ਹੈ ਕਿ ਉਸਨੇ ਕੇਂਦਰ ਸਰਕਾਰ ਨਾਲ ਆਢਾ ਲਾਉਣ ਦੀ ਦਲੇਰੀ ਤਾਂ ਵਿਖਾਈ ਹੀ ਹੈ।
      ਕੈਪਟਨ ਨੇ ਆਪਣੇ ਪਿਛਲੇ ਕਾਰਜਕਾਲ ਸਮੇਂ ਵੀ ਪਾਣੀਆਂ ਦੇ ਸਮਝੌਤਿਆਂ ਤੇ ਲੀਕ ਮਾਰ ਕੇ ਇਤਿਹਾਸ ਸਿਰਜਿਆ ਸੀ ਜਿਸਨੂੰ ਪੰਜਾਬ ਦੇ ਕਿਸਾਨ ਅੱਜ ਵੀ ਯਾਦ ਕਰਦੇ ਹਨ।ਇਹ ਗੱਲ ਤਾਂ ਸਪੱਸ਼ਟ ਹੈ ਕਿ ਕੈਪਟਨ ਸਾਹਿਬ ਜਦੋਂ ਫੌਜੀ ਰੌਂਅ ਵਿੱਚ ਆ ਜਾਂਦੇ ਹਨ,ਫਿਰ ਉਹ ਕਿਸੇ ਨਾਢੂ ਖਾਂਹ ਦੀ ਪ੍ਰਵਾਹ ਨਹੀਂ ਕਰਦੇ।ਇਸ ਗੱਲ ਦੀ ਗਵਾਹੀ ਉਹਨਾਂ ਦਾ ਜੇਬ ਵਿੱਚ ਅਸਤੀਫਾ ਪਾਈ ਘੁੰਮਣਾ ਵੀ ਭਰਦਾ ਹੈ।ਵਿਰੋਧੀ ਪਾਰਟੀਆਂ ਨੂੰ ਇਸ ਗੱਲ ਦੀ ਤਕਲੀਫ ਹੋਣ ਲੱਗ ਪਈ ਹੈ ਕਿ ਕਿਤੇ ਕੈਪਟਨ ਸਾਹਿਬ ਕਿਸਾਨਾਂ ਦੇ ਮਸੀਹਾ ਬਣਕੇ ਨਾ ਉਭਰ ਜਾਣ,ਜੇ ਅਜਿਹਾ ਹੁੰਦਾ ਹੈ ਤਾਂ ੨੦੨੨ ਦੀਆਂ ਚੋਣਾਂ ਮੌਕੇ ਵੀ ਉਹ ਬਾਜੀ ਮਾਰ ਸਕਦੇ ਹਨ।ਅਜਿਹਾ ਹੋਣਾ ਵਿਰੋਧੀ ਪਾਰਟੀਆਂ ਦੇ ਗਲ਼ੇ ਦੀ ਹੱਡੀ ਬਣਨਾ ਹੈ।
     ਪੰਜਾਬ ਦੇ ਸਾਰੇ ਨੇਤਾਵਾਂ ਨੂੰ ਇਹ ਗੱਲ ਚੰਗੀ ਤਰਾਂ ਸਮਝ ਲੈਣੀ ਚਾਹੀਦੀ ਹੈ ਕਿ ਇਹ ਸੰਘਰਸ਼ ਕਿਸੇ ਕੱਲੀ-ਕਹਿਰੀ ਪਾਰਟੀ ਦੇ ਲੋਕਾਂ ਦਾ ਨਹੀਂ ਹੈ,ਸਮੁੱਚੇ ਪੰਜਾਬ ਨੂੰ ਕੰਗਾਲੀ ਦੀ ਦਲਦਲ ਵਿੱਚ ਡਿਗਣ ਤੋਂ ਬਚਾਉਣ ਲਈ ਹੈ।ਇਹ ਤਿੰਨ ਕਾਨੂੰਨ ਪੂਰੇ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨਗੇ।ਜਿਹੜਾ ਪੰਜਾਬ ਪੂਰੇ ਦੇਸ਼ ਦੇ ਲੋਕਾਂ ਦਾ ਪੇਟ ਭਰਦਾ ਹੈ,ਉਹ ਆਪਣਾ ਪੇਟ ਭਰਨ ਲਈ ਦੂਜੇ ਸੂਬਿਆਂ ਦਾ ਮੁਹਤਾਜ ਹੋ ਕੇ ਰਹਿ ਜਾਵੇਗਾ।ਪੰਜਾਬ ਦੇ ਲੋਕਾਂ ਦੀ ਅਣਖ ਅਤੇ ਗੈਰਤ ਮਰ ਜਾਵੇਗੀ।ਜਿਹੜੇ ਲੀਡਰ ਅਜੇ ਵੀ ਆਪਣੀਆਂ ਵੋਟਾਂ ਦੀ ਗਿਣਤੀ ਮਿਣਤੀ ਨੂੰ ਵੇਖਕੇ ਬਿਆਨ ਦਿੰਦੇ ਹਨ,ਉਹ ਲੀਡਰ ਕਦੇ ਵੀ ਪੰਜਾਬ ਜਾਂ ਕਿਸਾਨ ਹਿਤੈਸ਼ੀ ਨਹੀਂ ਹੋ ਸਕਦੇ। ਐਦਾਂ ਦੀ ਮੁਸ਼ਕਿਲ ਘੜੀ ਵਿੱਚ ਵੀ ਸਿਆਸੀ ਰੋਟੀਆਂ ਸੇਕਣਾ ਪੰਜਾਬ ਦੇ ਗਦਾਰਾਂ ਦਾ ਕੰਮ ਹੀ ਹੋ ਸਕਦਾ ਹੈ।ਜੀਹਦੇ ਵੀ ਦਿਲ ਵਿੱਚ ਪੰਜਾਬ ਲਈ ਮਾੜਾ ਮੋਟਾ ਦਰਦ ਹੈ,ਉਹ ਕਿਸਾਨਾਂ ਦਾ ਸਾਥ ਜਰੂਰ ਦੇਵੇਗਾ।
     ਸਾਡੇ ਨੇਤਾਵਾਂ ਨੂੰ ਸੌੜੀ ਰਾਜਨੀਤੀ ਤੋਂ ਬਾਹਰ ਆਉਣ ਦੀ ਲੋੜ ਹੈ।ਜਦੋਂ ਕੋਈ ਸਰਕਾਰ ਜਾਂ ਕਿਸੇ ਵੀ ਪਾਰਟੀ ਦਾ ਕੋਈ ਨੇਤਾ ਲੋਕਾਂ ਦੀ ਭਲਾਈ ਲਈ ਕੋਈ ਕੰਮ ਕਰਦਾ ਹੈ ਤਾਂ ਉਸਦੀ ਦਿਲ ਖੋਲਕੇ ਪ੍ਰਸੰਸਾ ਕਰਨੀ ਚਾਹੀਦੀ ਹੈ।ਹਰ ਇੱਕ ਗੱਲ ਨੂੰ ਭੰਡਣ ਲਈ ਹੀ ਕੋਈ ਨਾ ਕੋਈ ਨੁਕਤਾ ਲੱਭਦੇ ਰਹਿਣਾ ਦਿਲ ਦੇ ਗਰੀਬ ਲੋਕਾਂ ਦਾ ਕੰਮ ਹੁੰਦਾ ਹੈ।ਚੰਗੇ ਕੰਮਾਂ ਦੀ ਸਿਫਤ ਸਾਲਾਹ ਕਰਨ ਦਾ ਮਾਦਾ ਸਾਨੂੰ ਆਪਣੇ ਅੰਦਰ ਜਰੂਰ ਭਰਨਾ ਚਾਹੀਦਾ ਹੈ।ਕਿਸੇ ਦੀ ਸਿਫਤ ਕਰਨ ਨਾਲ ਸਿਫਤ ਕਰਨ ਵਾਲੇ ਦਾ ਕੱਦ ਵੀ ਉਚਾ ਹੀ ਹੁੰਦਾ ਹੈ।ਲੋਕਾਂ ਦੇ ਮਨਾਂ ਤੇ ਵੀ ਉਹੀ ਨੇਤਾ ਰਾਜ ਕਰਦੇ ਹਨ,ਜਿਹੜੇ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦੀ ਹਿੰਮਤ ਰੱਖਦੇ ਹਨ।ਦੋਗਲੀ ਕਿਸਮ ਦੇ ਲੋਕ ਛੇਤੀ ਹੀ ਲੋਕਾਂ ਦੇ ਮਨਾਂ ਚੋਂ ਅਲੋਪ ਹੋ ਜਾਂਦੇ ਹਨ।ਇਤਿਹਾਸ ਉਹਨਾਂ ਦਾ ਹੀ ਬਣਦਾ ਹੈ ਜਿਹੜੇ ਲੋਕਾਂ ਲਈ ਕੁੱਝ ਚੰਗਾ ਕਰਕੇ ਜਾਂਦੇ ਹਨ।ਸਮਾਂ ਬਹੁਤ ਬਦਲ ਚੁੱਕਿਆ ਹੈ।ਲੋਕ ਹੁਣ ਪਹਿਲਾਂ ਵਰਗੇ ਬੁੱਧੂ ਅਤੇ ਲਾਈਲੱਗ ਨਹੀਂ ਰਹੇ,ਉਹਨਾਂ ਨੂੰ ਚੰਗੇ ਮਾੜੇ ਦੀ ਪਰਖ ਕਰਨ ਦੀ ਜਾਚ ਆ ਗਈ ਹੈ।
      ਨੇਤਾਵਾਂ ਨੂੰ ਹੁਣ ਆਪਣੀਆਂ ਤਰਜੀਹਾਂ ਬਦਲਣ ਦੀ ਲੋੜ ਹੈ।ਉਹ ਵੀ ਲਕੀਰ ਦੇ ਫਕੀਰ ਬਣਕੇ ਪਹਿਲਾਂ ਵਾਂਗ ਹੀ ਨਾ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ ਕਰਨ।ਨੇਤਾਵਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਮੀਡੀਆ ਦਾ ਯੁੱਗ ਹੈ,ਉਹਨਾਂ ਦੇ ਮੂੰਹੋਂ ਨਿਕਲਿਆ ਇੱਕ-ਇੱਕ ਸ਼ਬਦ ਕਿਸੇ ਵੇਲੇ ਵੀ ਵੇਖਿਆ ਅਤੇ ਸੁਣਿਆ ਜਾ ਸਕਦਾ ਹੈ।ਪੰਜਾਬ ਦੇ ਲੀਡਰੋ ਕਿਸਾਨਾਂ ਦੇ ਮੁੱਦੇ ਤੇ ਫ਼ਰਾਖਦਿਲੀ ਵਿਖਾਓ।ਸਾਰੇ ਇੱਕਜੁੱਟ ਹੋ ਕੇ ਪੰਜਾਬ ਬਚਾਓ।ਰਾਜਨੀਤੀ ਕਰਨ ਲਈ ਤਾਂ ਮੌਕੇ ਆਉਂਦੇ ਹੀ ਰਹਿਣੇ ਨੇ।

         ਜਸਪਾਲ ਸਿੰਘ ਨਾਗਰਾ ‘ਮਹਿੰਦਪੁਰੀਆ’
          ਯੂਬਾ ਸਿਟੀ-ਕੈਲੇਫੋਰਨੀਆ (ਅਮਰੀਕਾ)
        ਫੋਨ-੦੦੧-੩੬੦-੪੪੮-੧੯੮੯

Leave a Reply

Your email address will not be published. Required fields are marked *