ਦਸਹਿਰੇ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਇਕਜੁੱਟ

ਚੰਡੀਗੜ੍ਹ : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਦਸਹਿਰੇ ਮੌਕੇ ਅੱਜ ਸਮੁੱਚਾ ਪੰਜਾਬ ਇੱਕ ਮੰਚ ’ਤੇ ਖੜ੍ਹਾ ਨਜ਼ਰ ਆਇਆ। ਕਿਸਾਨ ਅੰਦੋਲਨ ਦੇ ਰੰਗ ’ਚ ਰੰਗੇ ਤਿਉਹਾਰ ਮੌਕੇ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲਿਆਂ ਦੀ ਥਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅੰਬਾਨੀ ਤੇ ਅਡਾਨੀ ਜਿਹੇ ਕਾਰਪੋਰੇਟ ਘਰਾਣਿਆਂ ਦੇ ਆਦਮਕੱਦ ਪੁਤਲੇ ਪਿੰਡਾਂ ਤੇ ਸ਼ਹਿਰਾਂ ਦੇ ਮੈਦਾਨਾਂ ’ਚ ਸਜਾਏ ਗਏ। ਇਸ ਤੋਂ ਬਾਅਦ ਸ਼ਾਮ ਨੂੰ ਮੁਰਦਾਬਾਦ ਦੇ ਨਾਅਰਿਆਂ ਦੀ ਗੂੰਜ ਵਿਚ ਇਨ੍ਹਾਂ ਪੁਤਲਿਆਂ ਨੂੰ ਸਾੜਿਆ ਗਿਆ। ਇੰਝ ਪਹਿਲੀ ਵਾਰ ਹੋਇਆ ਕਿ ਪ੍ਰਧਾਨ ਮੰਤਰੀ ਦੇ ਪੁਤਲੇ ਕਿਸੇ ਤਿਉਹਾਰ ਮੌਕੇ ਸਾੜੇ ਗਏ ਹੋਣ। ਇਕੱਠਾਂ ਵਿਚ ਸ਼ਹਿਰੀਆਂ ਅਤੇ ਕਾਰੋਬਾਰੀ ਲੋਕਾਂ ਦੀ ਸ਼ਮੂਲੀਅਤ ਨੇ ਕੇਂਦਰ ਸਰਕਾਰ ਨੂੰ ਸਪੱਸ਼ਟ ਸੁਨੇਹਾ ਦਿੱਤਾ ਕਿ ਕਿਸਾਨ ਅੰਦੋਲਨ ਇਕੱਲੇ ਕਿਸਾਨਾਂ-ਮਜ਼ਦੂਰਾਂ ਦਾ ਨਹੀਂ ਬਲਕਿ ਸਮੁੱਚੇ ਪੰਜਾਬ ਦਾ ਹੈ। ਤੀਹ ਕਿਸਾਨ ਧਿਰਾਂ ਦੀ ਅਗਵਾਈ ਵਿਚ ਅੱਜ ਪੰਜਾਬ ਭਰ ’ਚ ਕਰੀਬ 1100 ਪਿੰਡਾਂ ਅਤੇ ਕਰੀਬ ਇੱਕ ਸੌ ਸ਼ਹਿਰਾਂ ਤੇ ਕਸਬਿਆਂ ਵਿਚ ਇਸ ਢੰਗ ਨਾਲ ਦਸਹਿਰਾ ਮਨਾਇਆ ਗਿਆ। ਕਈ ਥਾਵਾਂ ’ਤੇ ਔਰਤਾਂ ਨੇ ਵੈਣ ਵੀ ਪਾਏ। ਟੌਲ ਪਲਾਜ਼ਿਆਂ, ਰਿਲਾਇੰਸ ਪੰਪਾਂ ਅਤੇ ਕੌਮੀ ਮਾਰਗਾਂ ’ਤੇ ਦਰਜਨਾਂ ਥਾਈਂ ਮੋਦੀ-ਅੰਬਾਨੀ-ਅਡਾਨੀ ਦੇ ਦਿਓ ਕੱਦ ਪੁਤਲੇ ਸਾੜੇ ਗਏ। ਝੋਨੇ ਦਾ ਸੀਜ਼ਨ ਸਿਖ਼ਰਾਂ ’ਤੇ ਹੋਣ ਦੇ ਬਾਵਜੂਦ ਖੇਤੀ ਅਰਥਚਾਰੇ ਨਾਲ ਜੁੜੇ ਹਰ ਤਬਕੇ ਨੇ ਸੰਘਰਸ਼ ਦੇ ਰੰਗ ’ਚ ਰੰਗੇ ਦਸਹਿਰੇ ਦੇ ਪ੍ਰੋਗਰਾਮਾਂ ਵਿਚ ਹਾਜ਼ਰੀ ਲਵਾਈ। ਬੀ.ਕੇ.ਯੂ. (ਉਗਰਾਹਾਂ) ਨੇ ਪੰਜਾਬ ਦੇ 14 ਜ਼ਿਲ੍ਹਿਆਂ ਦੇ 42 ਸ਼ਹਿਰਾਂ ਵਿਚ ਦਸਹਿਰੇ ਮੌਕੇ ‘ਤਿੱਕੜੀ’ ਦੇ ਪੁਤਲੇ ਜਲਾਏ ਤੇ ਇਨ੍ਹਾਂ ਪ੍ਰੋਗਰਾਮਾਂ ’ਚ ਕੇਸਰੀ ਚੁੰਨੀਆਂ ਲੈ ਕੇ ਵੱਡੀ ਗਿਣਤੀ ਔਰਤਾਂ ਵੀ ਪੁੱਜੀਆਂ। ਪੰਜਾਬ-ਹਰਿਆਣਾ ਸਰਹੱਦ ’ਤੇ ਮੰਡੀ ਕਿੱਲਿਆਂਵਾਲੀ ’ਚ ਦਸਹਿਰੇ ਮੌਕੇ ਜੁੜੇ ਸੰਘਰਸ਼ੀ ਇਕੱਠ ’ਚ ਹਰਿਆਣਾ ਅਤੇ ਰਾਜਸਥਾਨ ਦੇ ਪਿੰਡਾਂ ਤੋਂ ਸੈਂਕੜੇ ਕਿਸਾਨ ਸ਼ਾਮਲ ਹੋਏ। ਇਸ ਮੌਕੇ ਕਾਨੂੰਨਾਂ ਖ਼ਿਲਾਫ਼ ਕਿਸਾਨ, ਮਜ਼ਦੂਰ, ਮੁਲਾਜ਼ਮ, ਤਰਕਸ਼ੀਲ, ਕਲਮਕਾਰ, ਰੰਗਕਰਮੀ, ਕਲਾਕਾਰ, ਆੜ੍ਹਤੀਏ, ਵਪਾਰੀ, ਪੱਲੇਦਾਰ, ਟਰਾਂਸਪੋਰਟਰ, ਔਰਤਾਂ, ਵਿਦਿਆਰਥੀ ਅਤੇ ਨੌਜਵਾਨ ਇੱਕੋ ਮੰਚ ’ਤੇ ਖੜ੍ਹੇ ਨਜ਼ਰ ਆਏ। ਬੀਕੇਯੂ ਏਕਤਾ (ਉਗਰਾਹਾਂ) ਦੇ ਸੱਦੇ ’ਤੇ ਮਾਲੇਰਕੋਟਲਾ ਵਿਚ ਵੱਡਾ ਇਕੱਠ ਜੁੜਿਆ। ਮੁਸਲਿਮ ਭਾਈਚਾਰੇ ਦੀ ਵੱਡੀ ਸ਼ਮੂਲੀਅਤ ਨੇ ਕਿਸਾਨ ਅੰਦੋਲਨ ਨੂੰ ਹੋਰ ਤਾਕਤ ਬਖ਼ਸ਼ੀ। ਪ੍ਰਧਾਨ ਜੋਗਿੰਦਰ ਉਗਰਾਹਾਂ, ਮਹਿਲਾ ਵਿੰਗ ਦੀ ਪ੍ਰਧਾਨ ਹਰਿੰਦਰ ਬਿੰਦੂ, ਡਾ. ਨਵਸ਼ਰਨ ਕੌਰ, ਡਾ. ਸਾਹਿਬ ਸਿੰਘ, ਲੋਕ ਕਲਾਕਾਰ ਪੰਮੀ ਬਾਈ ਅਤੇ ਪਲਸ ਮੰਚ ਦੇ ਅਮੋਲਕ ਸਿੰਘ ਨੇ ਕੇਂਦਰ ਦੇ ਨਵੇਂ ਸੰਭਾਵੀ ਹੱਲਿਆਂ ’ਤੇ ਚਾਣਨਾ ਪਾਇਆ। ਮਸ਼ਾਲ ਮਾਰਚ ਵੀ ਕੱਢਿਆ ਗਿਆ।   ਇਸ ਤਰ੍ਹਾਂ ਸਮੁੱਚੇ ਪੰਜਾਬ ’ਚੋਂ ਮਿਲੇ ਹੁੰਗਾਰੇ ਨੇ ਕਿਸਾਨ ਅੰਦੋਲਨ ਨੂੰ ਲੋਕ ਘੋਲ ਵਾਲਾ ਮੋੜਾ ਦੇ ਦਿੱਤਾ। ਬਠਿੰਡਾ, ਸੰਗਰੂਰ, ਮਾਨਸਾ, ਬਰਨਾਲਾ, ਮੋਗਾ, ਪਟਿਆਲਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਲੁਧਿਆਣਾ, ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਪ੍ਰੋਗਰਾਮਾਂ ਵਿਚ ਆੜ੍ਹਤੀਏ ਵਰਗ ਨੇ ਵਿਚਾਰ ਵੀ ਰੱਖੇ ਅਤੇ ਨਾਲ ਹੀ ਕਿਸਾਨ ਧਿਰਾਂ ਨੂੰ ਫੰਡ ਵੀ ਦਿੱਤਾ। ਮਾਨਸਾ ਜ਼ਿਲ੍ਹੇ ਦੇ ਕਿਸਾਨ ਆਗੂ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਕਈ ਸ਼ਹਿਰਾਂ ਵਿਚ ਪੁਤਲੇ ਬਣਾਉਣ ਦਾ ਖ਼ਰਚਾ ਹੀ ਸ਼ਹਿਰੀ ਲੋਕਾਂ ਨੇ ਚੁੱਕਿਆ। ਪਟਿਆਲਾ ਦੇ ਕਿਸਾਨ ਆਗੂ ਮਨਜੀਤ ਸਿੰਘ ਨਿਆਲ ਨੇ ਦੱਸਿਆ ਕਿ ਨਾਭਾ ਅਤੇ ਨਿਆਲ ਵਿਚ ਫੂਕੇ ਪੁਤਲਿਆਂ ਦਾ ਖ਼ਰਚ ਟਰੱਕ ਯੂਨੀਅਨਾਂ ਨੇ ਖ਼ੁਦ ਹੀ ਅੱਗੇ ਆ ਕੇ ਕੀਤਾ। ਕਿਸਾਨ ਧਿਰਾਂ ਨੇ ਮੋਗਾ ਵਿਚ ਅੱਜ ਨਰਿੰਦਰ ਮੋਦੀ ਦੀ ਅਰਥੀ ਪਹਿਲਾਂ ਬਾਜ਼ਾਰਾਂ ਵਿਚੋਂ ਟਰੈਕਟਰ ਪਿੱਛੇ ਪਾ ਕੇ ਘੜੀਸੀ ਅਤੇ ਮਗਰੋਂ ਕੂੜੇ ਦੇ ਢੇਰ ’ਤੇ ਸੁੱਟ ਦਿੱਤੀ। ਬਰਨਾਲਾ ਦੇ ਸਦਰ  ਬਾਜ਼ਾਰ ਵਿਚੋਂ ਅੱਜ 30 ਕਿਸਾਨ ਧਿਰਾਂ ਦੀ ਅਗਵਾਈ ਵਿਚ ਕਾਫ਼ਲਾ ਲੰਘਿਆ ਅਤੇ ਅਖੀਰ ਵਿਚ ਦਿਓ ਕੱਦ ਪੁਤਲੇ ਜਲਾਏ ਗਏ। ਨਾਭਾ ਵਿਚ ਔਰਤਾਂ ਨੇ ਖੁਦ ਅੱਗੇ ਆ ਕੇ ਮੋਦੀ ਅਤੇ ਕਾਰਪੋਰੇਟਾਂ ਦੇ ਪੁਤਲਿਆਂ ਨੂੰ ਅੱਗ ਦਿਖਾਈ। ਗਿੱਦੜਬਾਹਾ ’ਚ ਮੁਸਲਿਮ ਅਤੇ ਈਸਾਈ ਭਾਈਚਾਰੇ ਦੀ ਵੀ ਕਾਫ਼ੀ ਸ਼ਮੂਲੀਅਤ ਰਹੀ। ਰੰਗਕਰਮੀਆਂ ਨੇ ਸਟੇਜਾਂ ਤੋਂ ਨਾਟਕ ਪੇਸ਼ ਕੀਤੇ।

ਪੰਜਾਬ ਦੇ ਕਈ ਸ਼ਹਿਰਾਂ ਵਿਚ ਅੱਜ ਰਵਾਇਤੀ ਦਸਹਿਰਾ ਨਹੀਂ ਮਨਾਇਆ ਗਿਆ। ਸਿਆਸੀ ਧਿਰਾਂ ਦੇ ਲੀਡਰਾਂ ਨੇ ਅੱਜ ਪਾਸਾ ਵੱਟੀ ਰੱਖਿਆ। ਪੰਜਾਬ ਪੁਲੀਸ ਦੀ ਆਸ-ਪਾਸ ਬਕਾਇਦਾ ਤਾਇਨਾਤੀ ਸੀ ਪਰ ਕਿਤੇ ਵੀ ਪੁਲੀਸ ਨੇ ਰਾਹ ਨਹੀਂ ਰੋਕੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 1079 ਪਿੰਡਾਂ ਵਿਚ ਪੁਤਲੇ ਫੂਕ ਕੇ ਸੰਘਰਸ਼ੀ ਦਸਹਿਰਾ ਮਨਾਇਆ। ਅੰਮ੍ਰਿਤਸਰ ਜ਼ਿਲ੍ਹੇ ਵਿਚ ਰੇਲ ਮਾਰਗ ਕੋਲ ਪੁਤਲੇ ਫੂਕੇ ਗਏ। ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਤਰਨਤਾਰਨ, ਅੰਮ੍ਰਿਤਸਰ, ਫ਼ਿਰੋਜ਼ਪੁਰ, ਗੁਰਦਾਸਪੁਰ, ਫਾਜ਼ਿਲਕਾ, ਮੋਗਾ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਮੁਕਤਸਰ ਜ਼ਿਲ੍ਹਿਆਂ ਦੇ ਪਿੰਡਾਂ ਵਿਚ ਪੁਤਲੇ ਜਲਾਏ ਗਏ ਹਨ।  ਤੀਹ ਕਿਸਾਨ ਧਿਰਾਂ ਦੀ ਤਾਲਮੇਲ ਕਮੇਟੀ ਦੇ ਕੋਆਰਡੀਨੇਟਰ ਡਾ. ਦਰਸ਼ਨ ਪਾਲ ਦਾ ਕਹਿਣਾ ਸੀ ਕਿ ਟੌਲ ਪਲਾਜ਼ਿਆਂ ਅਤੇ ਰਿਲਾਇੰਸ ਪੰਪਾਂ ’ਤੇ ਦੋ ਦਿਨਾਂ ਤੋਂ ਕੇਂਦਰ ਸਰਕਾਰ ਅਤੇ ਉਨ੍ਹਾਂ ਦੇ ‘ਜੋਟੀਦਾਰਾਂ’ ਦੇ ਪੁਤਲੇ ਸਾੜੇ ਜਾ ਰਹੇ ਹਨ। ਬੀ.ਕੇ.ਯੂ. (ਦੋਆਬਾ) ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਫਿਲੌਰ ਤੇ ਬਹਿਰਾਮ ਟੌਲ ਪਲਾਜ਼ਾ ’ਤੇ ਅੱਜ ਪੁਤਲੇ ਜਲਾਏ ਗਏ ਹਨ। ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਕੋਰ ਕਮੇਟੀ ਦੀ ਭਲਕੇ ਦਿੱਲੀ ਵਿਚ ਮੀਟਿੰਗ ਹੋ ਰਹੀ ਹੈ ਅਤੇ 27 ਅਕਤੂਬਰ ਨੂੰ ਦਿੱਲੀ ਵਿਚ ਹੀ 250 ਧਿਰਾਂ ਦੀ ਅਗਲੀ ਰਣਨੀਤੀ ਲਈ ਮੀਟਿੰਗ ਹੋਣੀ ਹੈ। ਬੀ.ਕੇ.ਯੂ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਇਨ੍ਹਾਂ ਮੀਟਿੰਗਾਂ ਵਿਚ ਕੌਮੀ ਪੱਧਰ ’ਤੇ ਸਾਂਝੇ ਪ੍ਰੋਗਰਾਮ ਦੀ ਵਿਉਂਤਬੰਦੀ ਬਣੇਗੀ। ਵੱਖ ਵੱਖ ਸ਼ਹਿਰਾਂ ਵਿਚ ਹੋਏ ਸੰਘਰਸ਼ੀ ਇਕੱਠਾਂ ਨੂੰ ਬੀ.ਕੇ.ਯੂ. (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਹਰਿੰਦਰ ਬਿੰਦੂ, ਸ਼ਿੰਗਾਰਾ ਸਿੰਘ ਮਾਨ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ  ਜਥੇਬੰਦੀ ਦੇ ਲਛਮਣ ਸੇਵੇਵਾਲਾ ਤੇ ਹੋਰਾਂ ਨੇ ਸੰਬੋਧਨ ਕੀਤਾ। 

ਕੇਂਦਰ ਨੇ ਪੰਜਾਬ ਵਿੱਚ ਮਾਲ ਗੱਡੀਆਂ ਰੋਕੀਆਂ

ਚੰਡੀਗੜ੍ਹ:ਕੇਂਦਰ ਸਰਕਾਰ ਨੇ ਪੰਜਾਬ ਵਿਚ ਮਾਲ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਹੈ ਜਿਸ ਤੋਂ ਕਈ ਨਵੇਂ ਸ਼ੰਕੇ ਵੀ ਖੜ੍ਹੇ ਹੋ ਗਏ ਹਨ। ਕੇਂਦਰੀ ਰੇਲ ਮੰਤਰਾਲੇ ਨੇ 23 ਅਕਤੂਬਰ ਦੀ ਰਾਤ ਕਰੀਬ 10.30 ਵਜੇ ਸਮੁੱਚੇ ਦੇਸ਼ ’ਚ ਉੱਚ ਰੇਲ ਅਧਿਕਾਰੀਆਂ ਨੂੰ ਜ਼ੁਬਾਨੀ ਸੁਨੇਹੇ ਲਾਏ ਹਨ। ਰੇਲ ਮੰਤਰਾਲੇ ਦੇ ਸਪੱਸ਼ਟ ਆਦੇਸ਼ ਹਨ ਕਿ ਪੰਜਾਬ ਵਿਚ ਮਾਲ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਜਾਵੇ। ਜੋ ਮਾਲ ਗੱਡੀਆਂ ਇਸ ਵੇਲੇ ਪੰਜਾਬ ਵਿੱਚ ਹਨ, ਉਨ੍ਹਾਂ ਨੂੰ ਵਾਪਸ ਬੁਲਾਏ ਜਾਣ ਲਈ ਆਖ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿਚ ਇਸ ਵੇਲੇ 40 ਦੇ ਕਰੀਬ ਮਾਲ ਗੱਡੀਆਂ ਖੜ੍ਹੀਆਂ ਹਨ ਜਿਨ੍ਹਾਂ ’ਚੋਂ 20 ਗੱਡੀਆਂ ਅੱਜ ਵਾਪਸ ਬੁਲਾ ਲਈਆਂ ਗਈਆਂ ਹਨ। ਸੂਤਰ ਆਖਦੇ ਹਨ ਕਿ ਕੇਂਦਰ ਸਰਕਾਰ ਨੇ ਇਹ ਫ਼ੈਸਲਾ ਲੈ ਕੇ ਪੰਜਾਬ ਨੂੰ ਤਾੜਿਆ  ਹੈ ਜਿਸ ਨਾਲ ਖਾਦ, ਕੋਲਾ ਅਤੇ ਅਨਾਜ ਦੀ ਢੋਆ-ਢੁਆਈ ਪ੍ਰਭਾਵਿਤ ਹੋਵੇਗੀ। ਜਾਣਕਾਰੀ ਅਨੁਸਾਰ ਨੰਗਲ ਦੇ ਇੱਕ ਪ੍ਰਾਈਵੇਟ ਸਨਅਤਕਾਰ ਨੇ ਗੁਜਰਾਤ ਤੋਂ ਲੂਣ ਮੰਗਾਇਆ ਸੀ ਜਿਸ ਦੀ ਸਪਲਾਈ ਵਾਲਾ ਰੈਕ 20 ਦਿਨਾਂ ਤੋਂ ਦੂਸਰੇ ਰਾਜ ਵਿਚ ਖੜ੍ਹਾ ਸੀ। ਅਖੀਰ ਇਹ ਰੈਕ ਅੰਬਾਲਾ ਮੰਗਵਾ ਕੇ ਸਪਲਾਈ ਸੜਕੀ ਰਸਤੇ ਪੰਜਾਬ ਆਈ। ਸੂਤਰ ਦੱਸਦੇ ਹਨ ਕਿ ਜਦੋਂ ਤੀਹ ਕਿਸਾਨ ਧਿਰਾਂ ਨੇ ਰੇਲ ਮਾਰਗਾਂ ਤੋਂ ਮਾਲ ਗੱਡੀਆਂ ਨੂੰ ਲਾਂਘਾ ਦੇਣ ਦਾ ਫ਼ੈਸਲਾ ਲਿਆ, ਉਦੋਂ ਤੱਕ ਕੇਂਦਰ ਇਸ ਤਰ੍ਹਾਂ ਦੇ ਰੌਂਅ ਵਿਚ ਨਹੀਂ ਸੀ।  ਇੱਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਮੁੜ ਕਿਸਾਨ ਧਿਰ ਨੇ ਬਣਾਂਵਾਲੀ ਥਰਮਲ ਅਤੇ ਰਾਜਪੁਰਾ ਥਰਮਲ ਦੇ ਨੇੜੇ ਰੇਲ ਮਾਰਗ ਜਾਮ ਕਰ ਦਿੱਤਾ, ਉਸ ਮਗਰੋਂ ਕੇਂਦਰ ਸਰਕਾਰ ਨੇ ਪੰਜਾਬ ’ਚ ਮਾਲ ਗੱਡੀਆਂ ਦੀ ਆਵਾਜਾਈ ਬੰਦ ਕਰਨ ਦਾ ਫ਼ੈਸਲਾ ਕਰ ਲਿਆ। ਪੰਜਾਬ ਲਈ ਬਾਹਰਲੇ ਸੂਬਿਆਂ ਵਿੱਚ ਕਰੀਬ 60 ਮਾਲ ਗੱਡੀਆਂ ਲੋਡ ਖੜ੍ਹੀਆਂ ਹਨ। ਇਸ ਫ਼ੈਸਲੇ ਨਾਲ ਖਾਦ ਦੀ ਸਪਲਾਈ ਪ੍ਰਭਾਵਿਤ ਹੋਵੇਗੀ ਅਤੇ ਅੱਜ ਤੋਂ ਪੰਜਾਬ ’ਚ ਕਣਕ ਦੀ ਬਿਜਾਈ ਸ਼ੁਰੂ ਹੋ ਗਈ ਹੈ। 

ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ’ਚੋਂ ਰੇਲਵੇ ਨੂੰ ਮਾਲ ਗੱਡੀਆਂ ਰਾਹੀਂ ਪ੍ਰਤੀ ਮਹੀਨਾ 480 ਕਰੋੜ ਰੁਪਏ ਦੀ ਕਮਾਈ ਹੁੰਦੀ ਸੀ ਜੋ ਹੁਣ ਘੱਟ ਕੇ 40 ਕਰੋੜ ਰੁਪਏ ਰਹਿ ਗਈ ਹੈ। ਸੂਤਰ ਦੱਸਦੇ ਹਨ ਕਿ ਕੇਂਦਰ ਨੇ ਮਨ ਬਣਾ ਲਿਆ ਹੈ ਕਿ ਰੇਲਵੇ ਦਾ ਘਾਟਾ ਝੱਲ ਲਿਆ ਜਾਵੇ ਅਤੇ ਨਵੀਂ ਸਪਲਾਈ ਦੇਣੀ ਬੰਦ ਕਰ ਦਿੱਤੀ ਜਾਵੇ। ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੇ ਆਗੂਆਂ ਨੂੰ ਗੱਲਬਾਤ ਦਾ ਕੋਈ ਨਵਾਂ ਸੱਦਾ ਨਹੀਂ ਦਿੱਤਾ ਗਿਆ ਹੈ।

ਲਿਖਤੀ ਆਦੇਸ਼ ਨਹੀਂ ਹਨ: ਰੇਲਵੇ

ਉੱਤਰੀ ਰੇਲਵੇ ਅੰਬਾਲਾ ਦੇ ਡੀਆਰਐੱਮ ਜੀਐੱਮ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਕੋਈ ਲਿਖਤੀ ਆਦੇਸ਼ ਨਹੀਂ ਹੈ ਅਤੇ ਪੰਜਾਬ ਵਿਚ ਰੋਜ਼ਾਨਾ ਕਦੇ ਕਿਤੇ ਤੇ ਕਦੇ ਕਿਸੇ ਰੇਲ ਮਾਰਗ ਦੇ ਜਾਮ ਹੋਣ ਨਾਲ ਅਨਿਸ਼ਚਤਤਾ ਜ਼ਰੂਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਅਚਨਚੇਤੀ ਹੀ ਰੇਲ ਮਾਰਗ ਰੋਕਣ ਕਰਕੇ ਪੰਜਾਬ ਤੋਂ ਬਾਹਰ ਖੜ੍ਹੀਆਂ ਲੋਡਿਡ ਮਾਲ ਗੱਡੀਆਂ ਭੇਜਣ ਦੀ ਮੁਸ਼ਕਲ ਹੈ। 

Leave a Reply

Your email address will not be published. Required fields are marked *