ਮੇਰੀ ਹੱਡ ਬੀਤੀ – ਕਈ ਵਾਰ ਮੁਜਰਮ ਲੋਕਾਂ ਦੀ ਵੀ ਜਮੀਰ ਹੁੰਦੀ ਹੈ-ਸਤਨਾਮ ਸਿੰਘ ਚਾਹਲ

ਇਹ ਗਲ ਕੋਈ ਸਾਲ 1983 ਦੇ ਨੇੜੇ ਤੇੜੇ ਉਸ ਵਕਤ ਦੀ ਹੈ ਜਦ ਮੈਂ ਡੁਬਈ ਦੀ ਇਕ ਕੰਪਨੀ ਵਿਚ ਵਿਚ ਸ਼ੰਘਰਸ਼ ਕਰਦਾ ਹੋਇਆ ਕੰਮ ਕਰ ਰਿਹਾ ਸਾਂ।ਕੰਮ ਕਰਦੇ ਸਮੇਂ ਮੈਨੂੰ ਇਤਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿ ਕਈ ਵਾਰ ਮੈਂ ਆਪ ਵੀ ਬਹੁਤ ਹੀ ਗਮਗੀਨ ਹੋ ਜਾਂਦਾ ਸਾਂ।ਘਰ ਵਾਲਿਆਂ ਨਾਲ ਗਲਬਾਤ ਕਰਨ ਲਈ ਕੋਈ ਚਿਠੀ ਪਤਰ ਤੋਂ ਬਗੈਰ ਹੋਰ ਕੋਈ ਸਾਧਨ ਨਹੀਂ ਸੀ।ਖੈਰ ਇਕ ਸਾਲ ਦੀ ਸਖਤ ਮਿਹਨਤ ਤੋਂ ਬਾਅਦ ਮੇਰੀ ਮਿਹਨਤ ਦਾ ਫਲ ਉਸ ਵਕਤ ਮੈਨੂੰ ਮਿਲਿਆ ਜਦ ਮੈਂਨੂੰ ਛੁਟੀ ਤੇ ਜਾ ਰਹੇ ਪਰੋਜੈਕਟ ਮੈਨੇਜਰ ਮਿਸਟਰ ਵਿਕਟਰ ਦੀ ਥਾਂ ਤੇ ਮੈਨੂੰ ਅਸਥਾਈ ਤੌਰ ਤੇ ਪਰੋਜੈਕਟ ਮੈਨੇਜਰ ਲਾ ਦਿਤਾ ਗਿਆ।ਮਿਸਟਰ ਵਿਕਟਰ ਮੇਰੇ ਲਈ ਬਹੁਤ ਮੁਸੀਬਤ ਦਾ ਕਾਰਣ ਬਣਿਆ ਰਹਿੰਦਾ ਸੀ ਪਰ ਮੈਂ ਕਦੇ ਉਸ ਨਾਲ ਬੋਲ ਕਬੋਲ ਨਹੀਂ ਸੀ ਕੀਤੇ।ਉਧਰ ਕੁਦਰਤ ਦਾ ਭਾਣਾ ਵੇਖੋ ਕਿ ਵਿਕਟਰ ਜਦ ਬੰਬਈ ਵਿਚ ਆਪਣੇ ਘਰ ਛੁਟੀਆਂ ਮਨਾ ਰਿਹਾ ਸੀ ਤਾਂ ਉਸਦੀ  ਆਪਣੇ ਘਰ ਦੇ ਗੁਸਲਖਾਨੇ ਵਿਚ ਡਿੱਗ ਕੇ ਲੱਤ ਟੁੱਟ ਗਈ।ਇਹ ਕੁਦਰਤ ਦਾ ਭਾਣਾ ਸੀ।ਉਧਰ ਮੈਨੂੰ ਸਥਾਈ ਤੌਰ ਤੇ ਪਰੋਜੈਕਟ ਮੈਨੇਜਰ ਦੇ ਤੌਰ ਤੇ ਕੰਮ ਕਰਨ ਦਾ ਮੌਕਾ ਮਿਲ ਗਿਆ ।ਮਿਹਨਤ ਇਤਨੀ ਕੀਤੀ ਕਿ ਤਿੰਨ ਮਹੀਨੇ ਦੀ ਮੇਰੀ ਕਾਰਗੁਜਾਰੀ ਤੋਂ ਕੰਪਨੀ ਦੇ ਅਧਿਕਾਰੀ ਬਹੁਤ ਖੁਸ਼ ਹੋਏ।ਕੰਪਨੀ ਦਾ ਚੇਅਰਮੈਨ ਜਦ ਮੈਨੂੰ ਮਿਲਣ ਆਇਆ ਤਾਂ ਵਾਰ ਵਾਰ ਪੁਛਦਾ ਰਿਹਾ ਕਿ ਜਿਹੜੇ ਅੰਕੜੇ ਤੂੰ ਭੇਜੇ ਹਨ ਕੀ ਉਹ ਸੱਚਮੁਚ ਹੀ ਸਹੀ ਹਨ॥ਮੈਂ ਇਹੋ ਹੀ ਜਵਾਬ ਦਿੰਦਾ ਰਿਹਾ ਕਿ ਜਦ ਕੰਪਨੀ ਦੇ ਕੀਤੇ ਹੋਏ ਕੰਮ ਲਈ ਸਾਰੇ ਬਿੱਲ ਪਾਸ ਹੋ ਕੇ ਪੈਸੇ ਕੰਪਨੀ ਨੂੰ ਮਿਲ ਗਏ ਹਨ ਤਾਂ ਅੰਕੜਿਆਂ ਦੇ ਸੱਚ ਅਤੇ ਝੂਠ ਦਾ ਸਵਾਲ ਹੀ ਪੈਦਾ ਹੀ ਨਹੀਂ ਹੁੰਦਾ।ਮੇਰੀ ਇਸ ਵਧੀਆ ਕਾਰਗੁਜਾਰੀ ਲਈ ਜਿਥੇ ਮੈਨੂੰ ਹੋਰ ਅਜਾਦਾਨਾ ਪਰਬੰਧਕੀ ਤਾਕਤਾਂ ਕੰਪਨੀ ਵਲੋਂ ਦੇ ਦਿਤੀਆਂ ਗਈਆਂ ਉਥੇ ਮੇਰੇ ਰਹਿਣ ਸਹਿਣ ਦੇ ਘਟੀਆ ਸਟੈਂਡਰਡ ਨੂੰ ਵੀ ਅੱਵਲ ਦਰਜੇ ਦਾ ਵਧੀਆ ਬਣਾ ਦਿਤਾ ਗਿਆ।ਮੈਨੂੰ ਕਾਰ ਦੇ ਨਾਲ ਇਕ ਡਰਾਈਵਰ ਵੀ ਦਿਤਾ ਗਿਆ ਤੇ ਰਹਿਣ ਲਈ ਏਅਰ ਕੰਡੀਸ਼ਨਡ ਰਿਹਾਇਸ਼ ਵੀ ਮੁਹੱਈਆ ਕਰਵਾ ਦਿਤੀ ਗਈ।ਇਸ ਕੰਪਨੀ ਵਿਚ ਕੰਮ ਕਰਦਿਆਂ ਕਈ ਵਾਰ ਆਪਣੀ ਤਾਕਤ ਦਾ ਦੁਰਉਪਯੋਗ ਵੀ ਹੋਇਆ ਜਿਸਦਾ ਖਮਿਆਜਾ ਵੀ ਭੁਗਤਿਆ ਜਿਸਦਾ ਮੈਨੂੰ ਅਜੇ ਤਕ ਬਹੁਤ ਅਫਸੋਸ ਹੈ।
ਕੰਪਨੀ ਵਲੋਂ ਮਿਲੇ ਅਧਿਕਾਰਾਂ ਅਨੁਸਾਰ ਮੈਂ ਸਾਰੇ ਮੁਲਾਜਮਾਂ ਦੀ ਤਨਖਾਹ ਵਧਾ ਕੇ ਉਹਨਾਂ ਨੂੰ ਇਤਨਾ ਖੁਸ਼ ਕਰ ਦਿਤਾ ਤਾਂ ਕਿ ਉਹ ਖੁਸ਼ੀ ਨਾਲ ਕੰਮ ਕਰ ਸਕਣ ।ਇਸੇ ਤਰਾਂ ਮੈਂ ਕੰਪਨੀ ਦੇ ਮੁਲਾਜਮਾਂ ਦਾ ਹਰ ਰੋਜ ਦਾ ਉਵਰ ਟਾਈਮ ਵੀ ਇਤਨਾ ਮਨਜੂਰ ਕਰ ਦਿੰਦਾ ਸੀ ਕਿ ਮੁਲਾਜਮਾਂ ਨੂੰ ਇਤਨੇ ਉਵਰ ਟਾਈਮ ਦੀ ਉਮੀਦ ਹੀ ਨਹੀਂ ਹੁੰਦੀ ਸੀ।ਪਰ ਮੈਂਨੂੰ ਦੁਖ ਉਸ ਵੇਲੇ ਹੋਇਆ ਜਦ ਪਾਕਿਸਤਾਨ ਦੇ ਪਠਾਣਾਂ ਵਲੋਂ ਰੋਜਿਆਂ ਦੇ ਦਿਨਾ ਵਿਚ ਸਾਰੇ ਹੀ ਦਿਨਾਂ ਲਈ ਛੁਟੀ ਲੈਣ ਲਈ ਮੇਰੇ ਵਿਰੁਧ ਹੜਤਾਲ ਕਰ ਦਿਤੀ।ਇਸ ਨਾਲੋਂ ਜਿਆਦਾ ਦੁਖ ਹੋਰ ਵੀ ਹੋਇਆ ਕਿ ਇਸ ਹੜਤਾਲ ਵਿਚ ਉਹ ਸਾਰੇ ਪੰਜਾਬੀ ਵੀ ਮੋਹਰਲੀ ਕਤਾਰ ਵਿਚ ਸ਼ਾਮਲ ਹੋ ਗਏ ਜਿਹਨਾਂ ਦੀ ਮੈਂ ਆਰਥਿਕ ਤੌਰ ਤੇ ਬਹੁਤ ਮਦਦ ਕੀਤੀ ਸੀ।ਖੈਰ ਇਹ ਕਹਾਣੀ ਲੰਬੀ ਹੋ ਜਾਏਗੀ ਅਸਲ ਮੁੱਦੇ ਵੱਲ ਆਈਏ।ਇਹਨਾਂ ਪੰਜਾਬੀ ਮੁੰਡਿਆਂ ਵਿਚ ਇਕ ਮੁੰਡਾ ਸੀ ਮੁਹਿੰਦਰ ਸਿੰਘ।ਉਹ ਮੇਰੇ ਬਹੁਤ ਨਜਦੀਕ ਆ ਗਿਆ ਸੀ ਤੇ ਮੈਂ ਉਸਦੀ ਲੋੜ ਤੋਂ ਜਿਆਦਾ ਮਦਦ ਵੀ ਕਰਦਾ ਹੁੰਦਾ ਸੀ।ਕੁਦਰਤੀ ਗੱਲ ਕਿ ਉਹ ਆਪਣੇ ਘਰ ਲਿਖਣ ਵਾਲੀ ਹਰ ਇਕ ਚਿਠੀ ਵਿਚ ਮੇਰਾ ਜਿਕਰ ਅਕਸਰ ਕਰਿਆ ਕਰਦਾ ਸੀ।
ਇਹਨਾਂ ਦਿਨਾਂ ਵਿਚ ਮੈਂ ਵੀ ਪੰਜਾਬ ਛੁਟੀ ਤੇ ਆ ਗਿਆ ਤੇ ਉਸ ਸਮੇਂ ਦੌਰਾਨ ਫਿਰੋਜਪੁਰ ਦੇ ਕਿਸੇ ਚੌਂਕ ਵਿਚ ਨਿਹੰਗ ਸਿੰਘਾਂ ਦਾ ਕਿਸੇ ਨਾਲ (ਮੈਨੂੰ ਹੁਣ ਯਾਦ ਨਹੀ,ਸ਼ਾਇਦ ਪੁਲੀਸ ਨਾਲਂ) ਮੁਕਾਬਲਾ ਹੋ ਗਿਆ ਜਿਸ ਵਿਚ ਪੰਜ ਨਿਹੰਗ ਸਿੰਘ ਮਾਰੇ ਗਏ।ਇਸੇ ਸਿਲਸਿਲੇ ਵਿਚ ਫਿਰੋਜਪੁਰ ਦੀ ਪੁਲੀਸ ਨੇ ਮਹਿੰਦਰ ਸਿੰਘ ਦੇ ਭਰਾ ਹਰਭਜਨ ਸਿੰਘ ਨੂੰ ਗਰਿਫਤਾਰ ਕਰ ਲਿਆ ।ਮੈਨੂੰ ਇਹ ਵੀ ਯਾਦ ਨਹੀਂ ਕਿ ਉਸ ਨੂੰ ਕਿਸ ਸਿਲਸਿਲੇ ਵਿਚ ਗਰਿਫਤਾਰ ਕੀਤਾ ਗਿਆ।ਉਸਦੇ ਵਾਰਿਸ ਮੇਰੇ ਕੋਲ ਸਹਾਇਤਾ ਲਈ ਆਏ ਪਰ ਮੇਰਾ ਕੋਈ ਪੰਜਾਬ ਪੁਲੀਸ ਵਿਚ ਵਾਕਿਫ ਨਹੀਂ ਸੀ।ਉਸ ਵੇਲੇ ਫਿਰਜਪੁਰ ਦੇ ਐਸ .ਐਸ.ਪੀ ਏ.ਏ.ਸਦੀਕੀ ਹੋਇਆ ਕਰਦੇ ਸਨ।ਉਹ ਸਾਡੇ ਕਿਸੇ ਰਿਸ਼ਤੇਦਾਰ ਨੂੰ ਚੰਗੀ ਤਰਾਂ ਜਾਣਦੇ ਸਨ।ਉਹਨਾਂ ਨਾਲ ਗਲਬਾਤ ਕਰਕੇ ਆਸੀਂ ਹਰਭਜਨ ਸਿੰਘ ਨੂੰ ਪੁਲੀਸ ਦੇ ਕਬਜੇ ਵਿਚੋਂ ਰਿਹਾ ਕਰਵਾ ਲਿਆ।ਇਹ ਹਰਭਜਨ ਸਿੰਘ ਵੀ ਪੂਰਾ ਨਿਹੰਗ ਸੀ ਤੇ ਹਮੇਸ਼ਾਂ ਨਿਹੰਗ ਬਾਣੇ ਵਿਚ ਰਹਿੰਦਾ ਸੀ।ਫਿਰੋਜਪੁਰ ਵਿਚ ਨਿਹੰਗ ਸਿੰਘਾਂ ਨਾਲ ਹੋਏ ਮੁਕਾਬਲੇ ਦਾ ਕਾਰਣ ਪੰਜਾਬ ਵਿਚ ਨਿਹੰਗ ਸਿੰਘਾਂ ਦੀ ਬਹੁਤ ਦਹਿਸ਼ਤ ਸੀ।
ਇਸੇ ਤਰਾਂ ਕੁਝ ਦਿਨ ਬੀਤ ਗਏ ।ਮੇਰੇ ਛੋਟੇ ਭਰਾ ਨੇ ਜਲੰਧਰ ਦੀ ਗੜਾ ਰੋਡ ਤੇ ਇਕ ਦੋ ਕਨਾਲ ਦਾ ਸਰਕਾਰੀ ਪਲਾਟ ਬੋਲੀ ਦੇ ਕੇ ਖਰੀਦਣ ਉਪਰੰਤ ਉਸਦੀ ਚਾਰ ਦੀਵਾਰੀ ਕਰ ਦਿਤੀ ਸੀ।ਇਸ ਪਲਾਟ ਤੇ ਮੇਰੇ ਭਰਾ ਦਾ ਕਬਜਾ ਜਲੰਧਰ ਦੇ ਇਕ ਸਾਧ ਬਾਬੇ ਨੂੰ ਰਾਸ ਨਾ ਆਇਆ।ਉਸਨੇ ਅਮਣੇ ਬੰਦੇ ਭੇਜ ਕੇ ਉਸ ਪਲਾਟ ਦੀ ਚਾਰ ਦੀਵਾਰੀ ਢੁਆ ਦਿਤੀ।ਇਸ ਗਲ ਦੀ ਜਾਣਕਾਰੀ ਮੇਰੇ ਇਕ ਨਜਦੀਕੀ ਰਿਸ਼ਤੇਦਾਰ ਨੇ ਮੈਨੂੰ ਰਾਤ ਦੇ ਗਿਆਰਾਂ ਵਜੇ ਦਿਤੀ ॥ਉਸ ਵੇਲੇ ਸ਼ਹਿਰ ਵਿਚ ਬੜਾ ਸਖਤ ਕਰਫਿਊ ਲਗਾ ਹੋਇਆ ਸੀ।ਸਾਡੇ ਕੋਲ ਕੋਈ ਹਥਿਆਰ ਵਗੈਰਾ ਵੀ ਨਹੀਂ ਸੀ ਤੇ ਨਾ ਹੀ ਕੋਈ ਆਦਮੀ ਸਨ।ਉਧਰ ਚਾਰ ਦੀਵਾਰੀ ਨੂੰ ਢਾਹੁਣ ਵਾਲੇ ਅਸਲੇ ਨਾਲ ਲੈਸ ਸਨ।ਖੈਰ ਇਹ ਫੈਸਲਾ ਕੀਤਾ ਕਿ ਮੰਡ ਖੇਤਰ ਵਿਚ ਜਾ ਕੇ ਨਿਹੰਗ ਹਰਭਜਨ ਸਿੰਘ ਨਾਲ ਸੰਪਰਕ ਕਰਦੇ ਹਾਂ।ਮੇਰਾ ਰਿਸ਼ਦੇਦਾਰ ਪੁਲੀਸ ਵਿਚ ਸੀ ਇਸ ਲਈ ਆਟੋ ਰਿਕਸ਼ਾ ਸਾਨੂੰ ਅਸਾਨੀ ਨਾਲ ਮਿਲ ਗਿਆ।ਅਖੀਰ ਦੋ ਢਾਈ ਘੰਟੇ ਧੱਕੇ ਖਾਂਦੇ ਅਸੀਂ ਜਲੰਧਰ ਜਿਲੇ ਦੇ ਮਹਿਤਪੁਰ ਕਸਬੇ ਦੇ ਕੋਲ ਪੈਂਦੇ ਪਿੰਡ ਆਦਰਾਮਾਨ ਦੇ ਨਜਦੀਕ ਜੰਗਲੀ ਇਲਾਕਾ ਜਿਸਨੂੰ ਮੰਡ ਕਹਿੰਦੇ ਸਨ ਉਥੇ ਪਹੁੰਚ ਗਏ।ਉਹ ਸਾਰਾ ਪਰਿਵਾਰ ਇਕ ਝੁਗੀ ਨੁਮਾ ਘਰ ਵਿਚ ਰਹਿੰਦੇ ਸਨ।ਮੈਨੂੰ ਇਸ ਗਲ ਦੀ ਜਾਣਕਾਰੀ ਵੀ ਸੀ ਉਹਨਾਂ ਕੋਲ ਅਸਲਾ ਵੀ ਹੈ।ਅਸੀਂ ਆਪਣੀ ਗਲ ਦਸੀ ਤੇ ਮੱਦਦ ਦੀ ਗੁਹਾਰ ਲਾਈ।ਨਿਹੰਗ ਹਰਭਜਨ ਸਿੰਘ ਦੀ ਮਾਂ ਕਹਿਣ ਲਗੀ ਕਿ ਜਲਦੀ ਤਿਆਰ ਹੋ ਜਾਉ ਤੇ ਇਹਨਾਂ ਦੇ ਨਾਲ ਚਲੋ ਤੇ ਇਹ ਵੀ ਹੋ ਸਕਦਾ ਹੈ ਕਿ ਲੜਾਈ ਵਿਚ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ।ਉਹ ਸਾਰੇ ਚਾਰ ਹੋਰ ਨਿਹੰਗ ਸਿੰਘਾਂ ਨੂੰ ਨਾਲ ਲੈ ਕੇ ਸਵੇਰ ਹੋਣ ਤਕ ਉਸ ਥਾਂ ਤੇ ਪਹੁੰਚ ਗਏ ਜਿਥੇ ਪਲਾਟ ਸੀ।ਨਿਹੰਗ ਸਿੰਘਾਂ ਦੇ ਉਸ ਥਾਂ ਉਪਰ ਗੇੜਾ ਲਾਉਣ ਨਾਲ ਦਹਿਸ਼ਤ ਬਹੁਤ ਵੱਧ ਚੁਕੀ ਸੀ ਤੇ ਸਮਝੌਤੇ ਲਈ ਵਿਚੋਲੀਏ ਸਰਗਰਮ ਹੋ ਗਏ ਸਨ।ਖੈਰ ਕੁਝ ਲੈ ਕੇ ਸਮਝੌਤਾ ਹੋ ਗਿਆ ਤੇ ਗੱਲ ਖਤਮ ਹੋ ਗਈ।ਲੇਕਿਨ ਹਰਭਜਨ ਸਿੰਘ ਦੀ ਮਾਂ ਵਲੋਂ ਕਹੀਆਂ ਹੋਈਆਂ ਗਲਾਂ ਮੇਰੇ ਦਿਲ ਤੇ ਦਿਮਾਗ ਤੇ ਅਜ ਵੀ ਗੂੰਜ ਰਹੀਆਂ ਹਨ
ਘਰ ਆਣ ਕੇ ਮੈਂ ਆਪਣੀ ਧਰਮਪਤਨੀ ਨੂੰ ਕਿਹਾ ਕਿ ਨਿਹੰਗ ਹਰਭਜਨ ਸਿੰਘ ਤੇ ਉਸਦੇ ਪਰਿਵਾਰ ਨੇ ਮੇਰੇ ਅਹਿਸਾਨਾਂ ਦਾ ਬਦਲਾ ਚੁਕਾ ਦਿਤਾ ਹੈ ਜਿਹੜੇ ਅਹਿਸਾਨ ਮੈਂ ਉਸਦੇ ਭਰਾ ਮਹਿੰਦਰ ਸਿੰਘ ਉਪਰ ਕੀਤੇ ਹਨ ਤੇ ਹੁਣ ਜਦ ਵੀ ਕਦੇ ਇਸ ਪਰਿਵਾਰ ਨੂੰ ਆਪਣੀ ਕਦੇ ਲੋੜ ਪਵੇਗੀ ਤਾਂ ਆਪਾਂ ਖੁੱਲੇ ਮਨ ਨਾਲ ਨਾਲ ਇਹਨਾਂ ਦੀ ਸਹਾਇਆ ਕਰਨੀ ਹੈ।ਛੁਟੀਆਂ ਬਿਤਾਉਣ ਤੋਂ ਬਾਅਦ ਮੈਂ ਵਾਪਸ ਡੁਬਈ ਚਲਾ ਗਿਆ।ਫਿਰ ਚੱਲ ਸੋ ਚੱਲ।ਸਮਾਂ ਬੀਤਦਾ ਗਿਆ।ਨਿਹੰਗ ਹਰਭਜਨ ਸਿੰਘ ਤੇ ਉਸਦੇ ਭਰਾ ਜਿਹੜਾ ਮੇਰੇ ਕੋਲ ਕੰਮ ਕਰਦਾ ਸੀ ਦੇ ਪਰਿਵਾਰ ਨੂੰ ਇਕ ਲੱਖ ਰੂਪੈ ਦੀ ਲੋੜ ਪੈ ਗਈ।ਉਹਨਾਂ ਦਿਨਾਂ ਵਿਚ ਇਕ ਲੱਖ ਰੂਪੈ ਦੀ ਕੀਮਤ ਬਹੁਤ ਹੁੰਦੀ ਸੀ।ਪਰ ਫਿਰ ਵੀ ਮੇਰੀ ਪਤਨੀ ਨੇ ਇਹਨਾਂ ਪੈਸਿਆਂ ਦਾ ਪਰਬੰਧ ਕਰਕੇ ਉਹਨਾਂ ਨੂੰ ਦੇ ਦਿਤਾ।ਉਹਨਾਂ ਦੇ ਪਰਿਵਾਰ ਨੇ ਮੇਰੀ ਪਤਨੀ ਉਪਰ ਇਸ ਗਲ ਦਾ ਦਬਾਅ ਬਣਾਇਆ ਕਿ ਉਹਨਾਂ ਦੀ ਕੁੜੀ ਲਈ ਕਈ ਕੋਈ ਚੰਗਾ ਜਿਹਾ ਰਿਸ਼ਤਾ ਲੱਭਣ।ਰਿਸ਼ਤਿਆਂ ਦਾ ਮੇਲ ਮਿਲਾਪ ਸੰਯੋਗਾਂ ਦੀ ਗਲ ਹੁੰਦੀ ਹੈ।ਕੁੜੀ ਲਈ ਰਿਸ਼ਤਾ ਮਿਲ ਗਿਆ ਤੇ ਮੇਰੀ ਪੱਤਨੀ ਵਿਚੋਲਣ ਬਣ ਗਈ।ਉਹਨਾਂ ਨੇ ਲੜਕੀ ਲਈ ਫਰਨੀਚਰ ਤੇ ਹੋਰ ਸਮਾਨ ਵਗੈਰਾ ਜਲੰਧਰ ਤੋਂ ਉਧਾਰ ਲੈ ਕੇ ਦਿਵਾਉਣ ਲਈ ਮੇਰੀ ਪਤਨੀ ਨੂੰ ਜਦ ਕਿਹਾ ਤਾਂ ਉਹ ਇਨਕਾਰ ਨਾ ਕਰ ਸਕੀ ਤੇ ਲਗਭਗ 60,000 ਰੂਪੈ ਦਾ ਸਮਾਨ ਉਧਾਰ ਲੈ ਕੇ ਦੇ ਦਿਤਾ।ਦੋ ਸਾਲ ਨਾਲੋਂ ਜਿਆਦਾ ਦਾ ਸਮਾਂ ਬੀਤ ਗਿਆ।ਮੇਰੀ ਪਤਨੀ ਉਹਨਾਂ ਕੋਲੋਂ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿਤੀ।ਹੁਣ ਪਤਾ ਨਹੀਂ ਕਿਉਂ ਉਹ ਬੇਈਮਾਨ ਹੋ ਚੁਕੇ ਸਨ ਤੇ ਅੱਜ ਕੱਲ ਕਰ ਰਹੇ ਸਨ।ਮੇਰੀ ਪਤਨੀ ਕੜਕਦੀ ਧੁਪ ਵਿਚ ਛੋਟੇ ਨਿਆਣੇ ਨੂੰ ਕੁਛੜ ਚੁਕ ਕੇ ਕੁਝ ਮੀਲ ਪੈਦਲ ਤੁਰਦੀ ਹੋਈ ਉਹਨਾਂ ਦੇ ਘਰ ਮੰਡ ਖੇਤਰ ਬੀਆਂਬਾਨ ਖੇਤਰ ਵਿਚ ਪਹੁੰਚਦੀ ਸੀ ਅਗੋਂ ਕੋਈ ਨਾ ਕੋਈ ਕੋਈ ਵਾਇਦਾ ਕਰਕੇ ਉਸਨੂੰ ਵਾਪਿਸ ਮੋੜ ਦਿਤਾ ਜਾਂਦਾ ਸੀ।ਇਹ ਸਿਲਸਿਲਾ ਦੋ ਸਾਲ ਨਾਲੋਂ ਵੀ ਜਿਆਦਾ ਸਮੇਂ ਤਕ ਚਲਦਾ ਰਿਹਾ ਪਰ ਸਾਡੇ ਪੱਲੇ ਕੁਝ ਨਹੀਂ ਪਿਆ।ਕੁਝ ਸਮੇਂ ਬਾਅਦ ਜਦ ਮੈਂ ਡੁਬਈ ਤੋਂ ਵਾਪਿਸ ਆਇਆ ਤਾਂ ਨਿਹੰਗ ਹਰਭਜਨ ਸਿੰਘ ਦਾ ਬਾਪ ਮੈਨੂੰ ਜਲੰਧਰ ਮਿਲਣ ਲਈ ਆਇਆ ਤੇ ਕਹਿਣ ਲਗਾ ਕਿ
ਇਹਨਾਂ ਪੈਸਿਆਂ ਦੇ ਬਦਲੇ ਤੁਸੀਂ ਜਮੀਨ ਲਿਖਵਾ ਲਵੋ।ਮੇਰੇ ਅੰਦਰ ਦੀ ਇੰਨਸਾਨੀਅਤ ਫਿਰ ਜਾਗ ਪਈ ਤੇ ਮੈਂ ਕਹਿ ਦਿਤਾ ਕਿ ਤੁਸੀਂ ਹਰ ਸਾਲ ਥੋੜੇ ਥੋੜੇ ਪੈਸੇ ਕਰਕੇ ਦੇ ਦਿਉ।ਉਹ ਚੰਗਾ ਜੀ ਕਹਿ ਕੇ ਚਲਾ ਗਿਆ।ਇਸ ਤਰਾਂ ਫਿਰ ਇਕ ਸਾਲ ਉਡੀਕਿਆ।ਕੁਝ ਪੱਲੇ ਨਹੀਂ ਪਿਆ।ਉਧਰ ਉਹਨਾਂ ਦੀ ਲੜਕੀ ਜਿਸਦੀ ਮੇਰੀ ਪਤਨੀ ਵਿਚੋਲਣ ਸੀ ਉਹ ਆਪਣੇ ਆਪ ਨੂੰ ਅਗ ਲਾ ਕੇ ਮਰ ਗਈ ਤੇ ਉਸਦਾ ਆਦਮੀ ਕਿਸੇ ਹੋਰ ਕਾਰਣਾ ਕਰਕੇ ਮਰ ਗਿਆ।ਆਲੇ ਦੁਆਲੇ ਦੇ ਲੋਕ ਜਿਹੜੇ ਇਹ ਜਾਣਦੇ ਸਨ ਕਿ ਇਹ  ਸਾਡੇ ਪੈਸੇ ਵਾਪਿਸ ਨਹੀਂ ਸਨ ਕਰ ਰਹੇ ਉਹ ਅਕਸਰ ਇਹ ਕਹਿੰਦੇ ਸੁਣੇ ਗਏ ਕਿ ਇਹਨਾਂ ਨੇ ਉਸ ਕੁੜੀ (ਮੇਰੀ ਪੱਤਨੀ) ਨੂੰ ਬਹੁਤ ਦੁਖੀ ਕੀਤਾ ਹੈ ਇਸ ਲਈ ਇਹਨਾਂ ਨੂੰ ਉਸਦਾ ਹੀ ਫਲ ਮਿਲਿਆ ਹੈ
ਉਧਰ ਮੈਨੂੰ ਇਸ ਗਲ ਦੀ ਜਾਣਕਾਰੀ ਮਿਲ ਚੁਕੀ ਸੀ ਕਿ ਇਹਨਾਂ ਦਾ ਤੀਸਰਾ ਭਰਾ ਇੰਦਰ ਸਿੰਘ ਖੱਬੇ ਰਾਜਪੂਤਾਂ ਚੋਟੀ ਦਾ ਖਾੜਕੂ ਜਿਸਦਾ ਪੁਲੀਸ ਨਾਲ ਕਈ ਵਾਰ ਮੁਕਾਬਲਾ ਹੋ ਚੁਕਿਆ ਹੈ ਲੇਕਿਨ ਪੁਲੀਸ ਦੇ ਨਾਲ ਹੋਏ ਸਾਰੇ ਮੁਕਾਬਲਿਆਂ ਵਿਚੋਂ ਬਚ ਕੇ ਨਿਕਲਦਾ ਰਿਹਾ।ਉਧਰ ਨਿਹੰਗ ਹਰਭਜਨ ਸਿੰਘ ਤੇ ਮਹਿੰਦਰ ਸਿੰਘ ਵੀ ਇਸ ਮੁਹਿੰਮ ਵਿਚ ਸ਼ਾਮਲ ਹੋ ਚੁਕੇ ਸਨ।ਅਜਿਹੇ ਹਾਲਾਤਾਂ ਵਿਚ ਕਿਸੇ ਨੂੰ ਦਿਤੇ ਗਏ ਪੈਸਿਆਂ ਨੂੰ ਵਾਪਿਸ ਮੰਗਣਾਂ ਮੌਤ ਨੂੰ ਅਵਾਜ ਮਾਰਨਾ ਸੀ।ਲੇਕਿਨ ਜੇਕਰ ਉਹ ਚਾਹੁੰਦੇ ਤਾਂ ਉਹ ਸਾਡੇ ਪਰਿਵਾਰ ਨੂੰ ਖਤਮ ਕਰ ਸਕਦੇ ਸਨ ਕਿਉਂ ਹਰ ਕਿਸਮ ਦਾ ਅਸਲਾ ਉਹਨਾਂ ਕੋਲ ਮੌਜੂਦ ਸੀ ਪਰ ਕਿਸੇ ਨੇ ਸਾਡੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਵੀ ਨਹੀਂ ਕੀਤਾ। ਜੇਕਰ ਉਹਨਾਂ ਨੇ ਕਦੇ ਸਾਡੇ ਪਰਿਵਾਰ ਦਾ ਨੁਕਸਾਨ ਕਰਨ ਲਈ ਕਦੇ ਸੋਚਿਆ ਵੀ ਹੋਵੇਗਾ ਤਾਂ ਉਹਨਾਂ ਵਿਚੋਂ ਕਿਸੇ ਨਾ ਕਿਸੇ ਦੇ ਮਨ ਵਿਚ ਇਨਸਾਨੀਅਤ ਜਰੂਰ ਜਾਗੀ ਹੋਵੇਗੀ।ਉਧਰ ਕੁਝ ਦਿਨਾਂ ਬਾਅਦ ਅਖਬਾਰਾਂ ਵਿਚ ਖਬਰ ਆਈ ਕਿ ਇਹਨਾਂ ਤਿੰਨਾਂ ਭਰਾਵਾਂ ਦੀ ਪੁਲੀਸ ਮੁਕਾਬਲੇ ਵਿਚ ਮੌਤ ਹੋ ਚੁਕੀ ਹੈ ਤੇ ਇਹਨਾਂ ਦੇ ਮਾਤਾ ਪਿਤਾ ਕੁਦਰਤੀ ਮੌਤ ਮਰ ਚੁਕੇ ਹਨ।ਅਖਬਾਰਾਂ ਦੇ ਪੰਨਿਆਂ ਨੂੰ ਫਰੋਲਿਆ ਤਾਂ ਦਮਦਮੀ ਟਕਸਾਲ ਵਲੋਂ ਇਹਨਾਂ ਦੇ ਭੋਗ ਤੇ ਅੰਤਿਮ ਅਰਦਾਸ ਲਈ ਇਸ਼ਤਿਹਾਰ ਲਗਾਏ ਹੋਏ ਸਨ

Leave a Reply

Your email address will not be published. Required fields are marked *