ਪੰਜਾਬ ਦੇ ਦੁਖਾਂਤ ਲਈ ਸਾਰੀਆਂ ਸਿਆਸੀ ਧਿਰਾਂ ਜੁੰਮੇਵਾਰ(1)-ਸਤਨਾਮ ਸਿੰਘ ਚਾਹਲ

ਉਸ ਵਕਤ ਮੈਂ ਨੌਵੀਂ ਜਮਾਤ ਵਿਚ ਪੜਦਾ ਸਾਂ ਜਦ ਪੰਜਾਬ ਦੇ ਉਸ ਵੇਲੇ ਦੇ ਮੁਖ ਮੰਤਰੀ ਸ: ਪਰਤਾਪ ਸਿੰਘ ਕੈਰੋਂ ਨੇ ਸਾਡੇ ਸਕੂਲ ਦੇ ਕੋਲ ਹੀ ਇਕ ਚੋਣ ਰੈਲੀ ਕੀਤੀ ਸੀ ਜਿਸ ਵਿਚ ਉਸ ਵੇਲੇ ਦੇ ਸਾਡੇ  ਕਪੂਰਥਲਾ ਵਿਧਾਨਸਭਾ ਹੱਲਕੇ  ਦੇ ਕਾਂਗਰਸੀ ਉਮੀਦਵਾਰ ਸ: ਬਲਵੰਤ ਸਿੰਘ (ਸਾਬਕਾ ਅਕਾਲੀ ਵਿਤ ਮੰਤਰੀ) ਵੀ ਮੌਜੂਦ ਸਨ।ਸਾਡੇ ਸਕੂਲ ਦੇ ਹੈਡਮਾਸਟਰ ਸ: ਬੰਤ ਸਿੰਘ ਦਾ ਚਰਿਤਰ ਵੇਖੋ! ਉਸਨੇ ਮੁਖਮੰਤਰੀ ਦੇ ਹੁਕਮਾ ਦੇ ਬਾਵਜੂਦ ਚੋਣ ਰੈਲੀ ਲਈ ਸਕੂਲ ਦੀਆਂ ਕੁਰਸੀਆਂ ਦੇਣ ਤੋਂ ਸਾਫ ਇਨਕਾਰ ਕਰ ਦਿਤਾ ਸੀ। ਮੇਰਾ ਅਜਿਹੀਆਂ ਗਲਾਂ ਵਿਚ ਬਹੁਤ ਦਿਲਚਸਪੀ ਹੁੰਦੀ ਸੀ।ਮੁਖਮੰਤਰੀ ਵਾਰ ਵਾਰ ਸਟੇਜ ਤੋਂ ਲੋਕਾਂ ਨੂੰ ਆਪਣੀ ਝੋਲੀ ਅੱਡ ਕੇ ਅਪੀਲ ਕਰ ਰਹੇ ਸਨ ਕਿ ਇਕ ਵਾਰ ਕਾਕਾ ਜੀ ਨੂੰ ਭਾਵ ਸ: ਬਲਵੰਤ ਸਿੰਘ ਨੂੰ ਚੋਣ ਜਿਤਾ ਕੇ ਉਹਨਾਂ ਦੀ ਝੋਲੀ ਵਿਚ ਪਾ  ਦਿਉ ਤੇ ਫਿਰ ਵੇਖਿਉ ਤੁਹਾਡੇ ਹਲਕੇ ਦਾ ਵਿਕਾਸ ਕਿਸ ਤਰਾਂ ਹੁੰਦਾ ਹੈ।ਅਕਾਲੀ ਦਲ ਦੇ ਉਮੀਦਵਾਰ ਸ: ਆਤਮਾ ਸਿੰਘ ਚੋਣ ਮੈਦਾਨ ਵਿਚ ਸਨ।ਮੇਰਾ ਪਿਛੋਕੜ ਸ਼ੁਰੂ ਤੋਂ ਲੈ ਕੇ ਅੱਜ ਤੋਂ ਪੰਝੀ ਸਾਲ ਪਹਿਲਾਂ ਤਕ ਪੰਥਕ ਹੀ ਰਿਹਾ ਹੈ।ਪੰਥ ਸ਼ਬਦ ਦੀ ਪਰਿਭਾਸ਼ਾ ਵਕਤ ਵਕਤ ਅਨੁਸਾਰ ਆਪਣੀ ਲੋੜ ਅਨੁਸਾਰ ਲੀਡਰਾਂ ਵਲੋਂ ਬਦਲਣ ਕਰਕੇ ਮੈਨੂੰ ਅਜੇ ਤਕ ਪੰਥ ਸ਼ਬਦ ਦਾ ਠੀਕ ਠੀਕ ਮਤਲਬ  ਪਤਾ ਨਹੀਂ ਲਗ ਸਕਿਆ ਪਰ ਸਾਡੇ ਬਜੁਰਗਾਂ ਵਲੋਂ ਪੰਥ ਦੇ ਨਾਮ ਤੇ ਸਾਡੇ ਜੁੰਮੇ ਜੋ ਵੀ ਕਾਰਜ ਲਾਇਆ ਜਾਂਦਾ ਉਹ ਅਸੀਂ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਤਨ ਕਰਦੇ।ਇਸ ਚੋਣ ਵਿਚ ਅਸੀਂ ਇਕ ਆਪਣਾ ਹੀ ਨਾਹਰਾ ਖੋਜ ਕਰ ਲਿਆ ।ਇਸ ਨਾਹਰੇ “ਖਾਉ ਪੀਉ ਬਲਵੰਤ ਨੂੰ ਵੋਟ ਪਾਉ ਪੰਥ ਨੂੰ ,ਉਚੀ ਉਚੀ ਲਾਉਣ ਦਾ ਨਜਾਰਾ ਵਖਰਾ ਹੀ ਸੀ ।ਅਸੀਂ ਚੋਣ ਖਤਮ ਹੋਣ ਤਕ ਆਪਣੇ ਤੇ ਆਸ ਪਾਸ ਦੇ ਪਿੰਡਾਂ ਦੀਆਂ ਗਲੀਆਂ ਵਿਚ ਇਸ ਤਰਾਂ ਹੀ ਨਾਹਰੇ ਲਾਉਂਦੇ ਘੁੰਮਦੇ ਰਹਿੰਦੇ ਸਾਂ।ਰਾਜਨੀਤੀ ਦੀ ਜਿਆਦਾ ਵਾਕਫੀ ਨਾ ਹੋਣ ਕਰਕੇ ਅਸੀਂ ਇਸ ਨਾਲੋਂ ਜਿਆਦਾ ਅਕਾਲੀ ਉਮੀਦਵਾਰ ਦੀ ਮਦਦ ਨਹੀਂ ਸੀ ਕਰ ਸਕਦੇ
ਖੈਰ ਹੁਣ ਅਸਲ ਵਿਸ਼ੇ ਵੱਲ ਆਉਂਦੇ ਹਾਂ।ਮੇਰੀ ਜਿੰਦਗੀ ਦਾ ਇਕ ਲੰਬਾ ਸਫਰ ਅਕਾਲੀ ਦਲ ਤੇ ਸਮਾਜ ਸੇਵਾ ਦੇ ਖੇਤਰ ਵਿਚ ਹੀ ਬੀਤਿਆ।ਅਕਾਲੀ ਭਾਵੇਂ ਚੰਗੇ ਸਨ ਜਾ ਮਾੜੇ ਅਖਾਂ ਬੰਦ ਕਰਕੇ ਇਹਨਾਂ ਦੀ ਸਹਾਇਤਾ ਕਰਨ ਦੀ ਕਿਸੇ ਵੇਲੇ ਵੀ ਕੋਈ ਕਸਰ ਨਹੀਂ ਛਡੀ।ਜਦ ਪਾਰਟੀ ਵਿਚ ਬਹੁਤ ਹੀ ਗੰਧਲਾਪਨ ਆ ਗਿਆ ਤਾਂ ਚੁਪਚਾਪ ਪਿਛੇ ਹੱਟ ਕੇ ਘਰ ਬੈਠ ਗਏ ਤੇ ਮੁੜ ਪਿਛੇ ਵੱਲ ਨੀਂ ਵੇਖਿਆ।ਸਮੇਂ ਸਮੇਂ ਅਨੁਸਾਰ ਅਕਾਲੀ ਦਲ ਦੇ ਮੋਰਚਿਆਂ ਵਿਚ ਜੇਲ ਯਾਤਰਾ ਕਰਨ ਤੇ ਜੇਲ ਅੰਦਰ ਬੈਠ ਕੇ ਪੰਥਕ ਇਤਿਹਾਸ ਪੜਨ ਨਾਲ ਕਾਂਗਰਸ ਪਾਰਟੀ ਬਾਰੇ ਮੇਰੇ ਮਨ ਵਿਚ ਇਕ ਨਫਰਤ ਜਿਹੀ ਭਰ ਚੁਕੀ ਸੀ। ਇਹ ਨਫਰਤ ਇਥੋਂ ਤਕ ਹੋ ਗਈ ਕਿ ਅਗਰ ਕੋਈ ਕਾਂਗਰਸੀ ਲੀਡਰ ਜਾਂ ਵਰਕਰ ਮੇਰੇ ਕੋਲ ਆ ਕੇ ਸਤ ਸ੍ਰੀ ਅਕਾਲ ਬੁਲਾਉਣ ਦਾ ਯਤਨ ਕਰਦਾ ਤਾਂ ਮੈਂ ਉਸਨੂੰ ਵਾਪਸ ਸਤ ਸ੍ਰੀ ਅਕਾਲ ਬੁਲਾਉਣ ਤੋਂ ਗੁਰੇਜ ਹੀ ਕਰਦਾ ਸਾਂ।ਇਸ ਨੂੰ ਮੇਰੀ ਬੇਵਕੂਫੀ ਜਾਂ ਅਨਾੜੀਪਨ ਸਮਝਿਆ ਜਾ ਸਕਦਾ ਹੈ।ਅਕਾਲੀ ਦਲ ਵਲੋਂ ਪਾਰਲੀਮੈਂਟ ਤੇ ਪੰਜਾਬ ਵਿਧਾਨ ਸਭਾ  ਦੀਆਂ ਲੜੀਆਂ ਗਈਆਂ ਚੋਣਾਂ ਵਿਚ ਅਹਿਮ ਰੋਲ ਜਿਥੇ ਅਦਾ ਕਰਨ ਦਾ ਮੌਕਾ ਵੀ ਮਿਲਿਆ ਉਥੇ ਅਕਾਲੀ ਲੀਡਰਾਂ ਦੀ ਅੰਦਰਲੀ ਰਾਜਨੀਤੀ ਬਾਰੇ ਵੀ ਬਹੁਤ ਕੁਝ ਸਿਖਿਆ।ਇਹਨਾਂ ਹੋਈਆਂ ਵਕਤ ਵਕਤ ਅਨੁਸਾਰ ਹੋਈਆਂ ਵੱਖ ਵੱਖ ਚੋਣਾਂ ਵਿਚ ਅਕਾਲੀ ਦਲ ਨੇ ਜਿਹੜੇ ਆਪਣੇ ਵਾਇਦੇ ਚੋਣ ਮੈਨੀਫੈਸੀਟੋ ਰਿਲੀਜ ਕਰਕੇ ਜਿਹਨਾਂ ਮੰਗਾਂ ਦਾ ਵਰਨਣ ਕੀਤਾ ਗਿਆ ਉਹਨਾਂ ਦਾ ਵੇਰਵਾ ਦੇਣ ਦੇ ਨਾਲ ਨਾਲ ਇਹ ਦਸਣਾ ਵੀ ਜਰੂਰੀ ਹੈ ਕਿ ਇਹਨਾਂ ਮਸਲਿਆਂ ਵਿਚੋਂ ਕਿਹੜੇ ਕਿਹੜੇ ਮਸਲੇ ਹੱਲ ਹੋ ਗਏ ਹਨ ? ਕਿਉਂਕਿ ਅਕਾਲੀ ਲੀਡਰਸ਼ਿਪ ਵਲੋਂ ਧੂਆਂਧਾਰ ਪਰਚਾਰ ਕੀਤਾ ਜਾ ਰਿਹਾ ਹੈ ਕਿ “ਜੋ ਕਿਹਾ ਉਹ ਕੀਤਾ;
ਅਕਾਲੀਆਂ ਦੀ ਹਮੇਸ਼ਾਂ ਇਹ ਮੰਗ ਰਹੀ ਕਿ ਪੰਜਾਬ ਵਿਚੋਂ ਚੋਣਾਂ ਸਮਾਪਤ ਹੋ ਜਾਣ ਤੋਂ ਬਾਅਦ ਕੇਂਦਰ ਸਰਕਾਰ ਪਾਸੋਂ  ਸਖਤੀ ਨਾਲ ਮੰਗ ਕੀਤੀ ਜਾਏਗੀ ਕਿ ਸੰਨ 1972 ਵਿਚ ਅਨੰਦਪੁਰ ਸਾਹਿਬ ਵਿਚ ਰਾਜ ਸਰਕਾਰਾਂ ਨੂੰ ਵੱਧ ਅਧਿਕਾਰ ਦਿਤੇ ਜਾਣ ਦਾ ਮਤਾ ਜੋ ਪਾਸ ਕੀਤਾ ਗਿਆ ਸੀ ਉਸ ਅਨੁਸਾਰ ਪੰਜਾਬ ਨੂੰ ਵੱਧ ਅਧਿਕਾਰ ਦਿਤੇ ਜਾਣ ਤੇ ਕੇਂਦਰ ਸਰਕਾਰ ਆਪਣੇ ਕੋਲ ਰੇਲਵੇ,ਸੁਰੱਖਿਆ,ਕਰੰਸੀ,ਵਿਦੇਸ਼ ਵਿਭਾਗ ਤੇ ਨਿਆਂ ਵਿਭਾਗ ਆਦਿ ਰਖ ਲਵੇ।ਇਸ ਮੰਤਵ ਲਈ ਅਕਾਲੀ ਦਲ ਨੇ ਆਪਣੇ ਮਿਸ਼ਨ ਦੀ ਪੂਰਤੀ ਲਈ ਦਖਣ ਦੇ ਕੁਝ ਰਾਜਾਂ ਤੇ ਜੰਮੂ ਐਂਡ ਕਸ਼ਮੀਰ ਰਾਜ ਨੂੰ ਵੀ ਆਪਣੇ ਨਾਲ ਜੋੜਨ ਦਾ ਯਤਨ ਵੀ ਕੀਤਾ।ਕਈ ਸਾਲ ਮਿਠਾਸ ਭਰੀ ਅਵਾਜ ਤੇ ਸ਼ਬਦਾਂ ਵਿਚ ਅਕਾਲੀ ਦਲ ਕੇਂਦਰ ਦੀ ਕਾਂਗਰਸ ਸਰਕਾਰ ਕੋਲ ਇਹ ਮਸਲਾ ਚੁਕਦਾ ਰਿਹਾ ਪਰ ਪੱਲੇ ਕੀ ਪੈਣਾ ਸੀ ਕਿਉਂਕਿ ਕੇਂਦਰ ਦੀ ਕਾਂਗਰਸ ਸਰਕਾਰ ਅਕਾਲੀਆਂ ਦੀ ਇਛਾ ਸ਼ਕਤੀ ਨੂੰ ਭਲੀਭਾਂਤ ਜਾਣ ਚੁਕੀ ਸੀ।ਅਕਾਲੀ ਦਲ ਨੇ ਕੇਂਦਰ ਸਰਕਾਰ ਪਾਸੋਂ ਅਨੰਦਪੁਰ ਸਾਹਿਬ ਦੇ 1972 ਵਿਚ ਪਾਸ ਕੀਤੇ ਗਏ ਮਤੇ ਅਨੁਸਾਰ ਪੰਜਾਬ ਲਈ ਵੱਧ ਅਧਿਕਾਰ ਤਾਂ ਕੀ ਲੈਣੇ ਸਨ ਸਗੋਂ ਕੇਂਦਰ ਸਰਕਾਰ ਦੇ ਫੈਡਰਲਜਿਮ ਵਰੋਧੀ ਹਰ ਫ਼ੈਸਲੇ ਦਾ ਸਾਥ ਦਿਤਾ । ਅਕਾਲੀ ਦਲ ਵਲੋਂ ਕੇਂਦਰ ਵਿਚ ਲਗਭਗ ਛੇ ਸਾਲ ਤਾਕਤ ਵਿਚ ਭਾਈਵਾਲ ਰਹਿਣ ਦੌਰਾਨ ਇਕ ਵਾਰ ਵੀ ਇਹ ਮਸਲਾ ਪਾਰਲੀਮੈਂਟ ਜਾਂ ਕੇਂਦਰੀ ਕੈਬਨਿਟ ਵਿਚ ਉਠਾਉਣ ਦਾ ਯਤਨ ਨਹੀਂ ਕੀਤਾ। ਹੁਣ ਜਦੋਂ ਪੈਰਾਂ ਹੇਠੋਂ ਮਿਟੀ ਖਿਸਕ ਗਈ ਤੇ ਅੱਗ ਬਲ ਉੱਠੀ ਹੈ ਤਾਂ  ਸੰਘੀ ਢਾਂਚੇ ਦਾ ਪਖੰਡ ਕਰਨ ਤੇ ਰੌਲਾ ਗੌਲਾ ਪਾਉਣ ਨੂੰ ਕਿਸੇ ਨੇ ਨਹੀ ਸੁਣਨਾ।
ਭਾਖੜਾ ਬਿਆਸ ਮੈਨਜਮੈਂਟ ਬੋਰਡ ਦਾ ਪਰਬੰਧ ਪੰਜਾਬ ਹਵਾਲੇ ਕਰਨ ਲਈ ਅਕਾਲੀ ਦਲ ਦਬਵੀਂ ਤੇ ਲੋੜ ਪੈਣ ਤੇ ਉਚੀ ਅਵਾਜ ਵਿਚ ਵੀ ਆਪਣੀ ਮੰਗ ਉਠਾਉਂਦਾ ਰਿਹਾ ਹੈ ।ਪਰ ਅਜੇ ਤਕ ਇਸ ਸਬੰਧੀ ਕੋਈ ਵੀ ਪਰਾਪਤੀ ਸਿਫਰ ਦੇ ਬਰਾਬਰ ਹੈ।ਇਥੋਂ ਤਕ ਕਿ ਦਹਿਸ਼ਤਵਾਦ ਦੇ ਦਿਨਾਂ ਵਿਚ  8 ਨਵੰਬਰ 1988 ਨੂੰ ਭਾਖੜਾ ਬਿਆਸ ਮੈਨਜਮੈਂਟ ਬੋਰਡ ਦੇ ਉਸ ਵੇਲੇ ਦੇ ਬੋਰਡ ਦੇ ਚੇਅਰਮੈਨ ਮੇਜਰ ਜਨਰਲ ਬੀ.ਐਮ.ਕੁਮਾਰ ਦੀ ਗੋਲੀਆਂ ਮਾਰ ਕੇ ਹਤਿਆ ਵੀ ਕਰ ਦਿਤੀ ਗਈ ਸੀ।ਭਾਖੜਾ ਬਿਆਸ ਮੈਨਜਮੈਂਟ ਬੋਰਡ ਰਾਵੀ,ਬਿਆਸ ਤੇ ਸਤਲੁਜ ਦੇ ਦਰਿਆਵਾਂ ਦੇ ਪਾਣੀਆਂ ਨੂੰ ਰੈਗੂਲੇਟ ਕਰਦਾ ਹੈ ਜਿਹੜਾ ਪਾਣੀ ਪੰਜਾਬ,ਰਾਜਸਥਾਨ ਤੇ ਹਰਿਆਣਾ ਨੂੰ ਜਾਂਦਾ ਹੈ।ਚਲੋ! ਅਕਾਲੀ ਦਲ ਦੀ ਇਹ ਗਲ ਤਾ ਮੰਨਣਣੋਗ ਹੋ ਸਕਦੀ ਹੈ ਕਿ ਕੇਂਦਰ ਦੀ ਕਾਂਗਰਸ ਸਰਕਾਰ ਪੰਜਾਬ ਨਾਲ ਹਰ ਖੇਤਰ ਵਿਚ ਵਿਤਕਰਾ ਕਰਦੀ ਰਹੀ ਹੈ ਲੇਕਿਨ ਅਕਾਲੀ ਦਲ ਨੇ ਲਗਭਗ ਛੇ ਸਾਲ ਦੇ ਸਮੇਂ ਤਕ  ਕੇਂਦਰ ਵਿਚ ਸੱਤਾ ਦਾ ਸੁਖ ਭੋਗਿਆ ਹੈ ਉਸ ਵੇਲੇ ਅਕਾਲੀ ਦਲ ਇਸ ਮੰਗ ਨੂੰ ਕੇਂਦਰ ਸਰਕਾਰ ਪਾਸੋਂ ਕਿਉਂ ਨਹੀਂ ਮਨਵਾ ਕਿ ਭਾਖੜਾ ਬਿਆਸ ਮੈਨਜਮੈਂਟ ਬੋਰਡ ਦਾ ਪਰਬੰਧ ਪੰਜਾਬ ਹਵਾਲੇ ਕੀਤਾ ਜਾਵੇ।
  ਲੰਗੜਾ ਪੰਜਾਬੀ ਸੂਬਾ ਬਣਦੇ ਹੀ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਚੰਡੀਗੜ,ਕਾਲਕਾ,ਅੰਬਾਲਾ,ਪਿੰਜੌਰ,ਊਨਾ ਤਹਿਸੀਲ,ਸ਼ਾਹਬਾਦ ਤੇ ਕਰਨਾਲ ਜਿਲੇ ਦਾ  ਗੂਹਲਾ ਬਲਾਕ,ਟੋਹਾਨਾ ਸਬ ਤਹਿਸੀਲ,ਰਤੀਆ ਬਲਾਕ,ਹਿਸਾਰ ਜਿਲੇ ਦੀ ਸਿਰਸਾ ਤਹਿਸੀਲ,ਤੇ ਰਾਜਸਥਾਨ ਦੇ ਗੰਗਾਨਗਰ ਜਿਲੇ ਦੀਆਂ ਛੇ ਤਹਿਸੀਲਾਂ ਜਿਹੜੀਆਂ ਪੰਜਾਬ ਪਾਸੋਂ ਖੋਹ ਲਈਆਂ ਗਈਆਂ ਸਨ ਉਹਨਾਂ ਨੂੰ ਵਾਪਿਸ ਦਿਵਾਇਆ ਜਾਏਗਾ।ਇਹ ਸਾਰੇ ਦੇ ਸਾਰੇ ਪੰਜਾਬੀ ਬੋਲਦੇ ਇਲਾਕੇ ਹਨ ਜਿਹੜੇ ਆਪਣੇ ਪੰਜਾਬੀ ਭੈਣਾਂ ਭਰਾਵਾਂ ਤੋਂ ਵਿਛੜ ਕੇ ਰਹਿ ਗਏ ਹਨ।ਲੇਕਿਨ ਅਕਾਲੀ ਦਲ ਅਜੇ ਤਕ ਇਹਨਾਂ ਇਲਾਕਿਆਂ ਨੂੰ ਵਾਪਿਸ ਨਹੀਂ ਲੈ ਸਕਿਆ ਜਿਸ ਨੂੰ ਇਛਾ ਸ਼ਕਤੀ ਦੀ ਘਾਟ ਹੀ ਸਮਝਿਆ ਜਾ ਸਕਦਾ ਹੈ।ਦੁਨੀਆਂ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਦੇਸ਼ ਨੇ ਆਪਣੇ ਦੇਸ਼ ਅੰਦਰ ਕਿਸੇ ਸੂਬੇ ਦੀ ਵੰਡ ਕਰਨ ਸਮੇਂ ਉਸ ਸੂਬੇ ਦੀ ਰਾਜਧਾਨੀ ਨੂੰ ਹੀ ਖੋਹ ਲਿਆ ਹੋਵੇ।ਪਰ ਪੰਜਾਬ ਦੇ ਮਾਮਲੇ ਵਿਚ ਇਹ ਸਾਰੇ ਕਾਇਦੇ ਕਨੂੰਨ ਛਿਕੇ ਤੇ ਟੰਗ ਦਿਤੇ ਗਏ ਤੇ ਚੰਡੀਗੜ ਨੂੰ ਪੰਜਾਬ ਪਾਸੋਂ ਖੋਹ ਕੇ ਇਸ ਨੂੰ ਕੇਂਦਰ ਸ਼ਾਸ਼ਤ ਪਰਦੇਸ਼ ਬਣਾ ਦਿਤਾ ਗਿਆ।ਅਕਾਲੀ ਦਲ ਨੇ ਚੰਡੀਗੜ ਨੂੰ ਵਾਪਿਸ ਲੈਣ ਲਈ ਬਥੇਰੇ ਹੱਥ ਪੈਰ ਮਾਰੇ ਪਰ ਇਸ ਵਿਚ ਵੀ ਉਹ ਕੋਈ ਸਫਲਤਾ ਪਰਾਪਤ ਨਹੀਂ ਕਰ ਸਕੇ।ਹਾਂ ਇਹ ਜਰੂਰ ਹੋ ਸਕਿਆ ਕਿ ਇਕ ਵਾਰ ਸ: ਸੁਰਜੀਤ ਸਿੰਘ ਬਰਨਾਲਾ ਨੇ ਆਪਣੇ ਮੁਖਮੰਤਰੀ ਦੇ ਕਾਰਜਕਾਲ ਸਮੇਂ ਨਵੀਂ ਦਿਲੀ ਤੋਂ ਚੰਡੀਗੜ ਸਟੇਟ ਦੇ ਅਧਿਕਾਰੀਆਂ ਨੂੰ ਹੁਕਮ ਕੀਤਾ ਕਿ ਅਜ ਰਾਤ ਸਾਰੇ ਪੰਜਾਬ ਵਿਚ ਦੀਪਮਾਲਾ ਕਰਵਾਈ ਜਾਵੇ ਕਿਉਂਕਿ ਸਵੇਰ ਨੂੰ ਚੰਡੀਗੜ ਪੰਜਾਬ ਨੂੰ ਮਿਲ ਜਾਣਾ ਹੈ।ਜੱਦ ਸਵੇਰ ਹੋਈ ਪੰਜਾਬ ਦੇ ਲੋਕ ਤੇ ਮੁਖ ਮੰਤਰੀ ਸਮੇਤ ਪੰਜਾਬ ਦੇ ਸਾਰੇ ਅਧਿਕਾਰੀ ਤੇ ਮੰਤਰੀ ਰਾਤ ਦੇਰ ਤਕ ਦਿਲੀ ਵੱਲ ਟਿਕ ਟਿਕੀ ਲਾ ਕੇ ਵੇਖਦੇ ਰਹੇ ਪਰ ਕੁਝ ਵੀ ਪੱਲੇ ਨਹੀਂ ਪਿਆ।ਉਸ ਵਕਤ ਪੰਜਾਬ ਦੇ ਲੋਕ ਮੁਖ ਮੰਤਰੀ ਸ: ਸੁਰਜੀਤ ਸਿੰਘ ਬਰਨਾਲਾ ਨੂੰ ਇਹ ਟਿਚਰਾਂ ਕਰਦੇ ਜਰੂਰ ਸੁਣੇ ਗਏ ਕਿ “ਦਿਲ ਕੋ ਬਹਿਲਾਨੇ ਕਿ ਲੀਏ ਯੇ ਖਿਆਲ ਅੱਛਾ ਹੈ।
ਜਦ ਤੋਂ ਲੰਗੜਾ ਪੰਜਾਬੀ ਸੂਬਾ ਬਣਿਆ ਹੈ ਤਦ ਤੋਂ ਅਕਾਲੀ ਦਲ ਦੂਸਰੇ ਰਾਜਾਂ ਵਿਚ ਵੱਸੇ ਸਿਖ ਭਾਈਚਾਰੇ ਦੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੀ ਗਲ ਕਰਦਾ ਆਇਆ ਹੈ।ਇਸ ਸਬੰਧੀ ਵੀ ਕੋਈ ਬਹੁਤ ਜਿਆਦਾ ਪਰਾਪਤੀ ਨਹੀਂ ਹੋ ਸਕੀ ਕਿਉਂਕਿ ਅਜ ਵੀ ਦੂਸਰੇ ਸੂਬਿਆਂ ਵਿਚ ਵਸਦੇ ਸਿਖਾਂ ਨਾਲ ਜਿਥੇ ਮਤਰੇਈ ਮਾਂ ਵਾਲਾ ਸਲੂਕ ਹੋ ਰਿਹਾ ਹੈ ਉਥੇ ਸਿਖਾਂ ਦੀ ਜਾਨ ਮਾਲ ਉਪਰ ਹਮਲੇ ਵੀ ਹੋ ਰਹੇ ਹਨ।ਇਥੋਂ ਤਕ ਕਿ ਸਿਖਾਂ ਦੇ ਗੁਰੂਧਾਮਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ।ਇਸ ਬਾਰੇ ਅਜੇ ਦੂਸਰੀ ਕਿਸ਼ਤ ਹੋਰ ਬਾਕੀ ਹੈ
ਨੋਟ:ਅਗਲੇ ਲੇਖਾਂ ਵਿਚ ਕਾਂਗਰਸ,ਆਮ ਆਦਮੀ ਪਰਟੀ,ਬਹੁਜਨ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਪ੍ਰਤੀ ਕੀਤੇ ਗਏ ਕੰਮਾਂ ਬਾਰੇ ਵਿਥਾਰ ਸਹਿਤ ਲਿਖਿਆ ਜਾਵੇਗਾ

Leave a Reply

Your email address will not be published. Required fields are marked *