ਮਾਲ ਗੱਡੀਆਂ ਬਹਾਲ ਕੀਤੀਆਂ ਜਾਣ: ਕੈਪਟਨ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਨੂੰ ਖੁੱਲ੍ਹਾ ਪੱਤਰ ਲਿਖ ਕੇ ਚੌਕਸ ਕੀਤਾ ਹੈ ਕਿ ਜੇਕਰ ਕੇਂਦਰ ਸਰਕਾਰ ਨੇ ਪੰਜਾਬ ਲਈ ਮਾਲ ਗੱਡੀਆਂ ’ਤੇ ਪਾਬੰਦੀ ਨਾ ਹਟਾਈ ਤਾਂ ਸਮੁੱਚੇ ਮੁਲਕ ’ਚ ਕੌਮੀ ਸੁਰੱਖਿਆ ’ਤੇ ਵੱਡਾ ਪ੍ਰਭਾਵ ਪਵੇਗਾ। ਉਨ੍ਹਾਂ ਇਸ ਪੇਚੀਦਾ ਮਾਮਲੇ ਨੂੰ ਸਮੂਹਿਕ ਇੱਛਾ ਤੇ ਸੂਝ-ਬੂਝ ਨਾਲ ਸੁਲਝਾਏ ਜਾਣ ਦਾ ਸੱਦਾ ਦਿੱਤਾ।  ਮੁੱਖ ਮੰਤਰੀ ਨੇ ਕਿਹਾ ਕਿ ਰੇਲ ਆਵਾਜਾਈ ਬੰਦ ਹੋਣ ਕਰਕੇ ਪੰਜਾਬ ਤੋਂ ਇਲਾਵਾ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਲੱਦਾਖ ਵੀ ਪ੍ਰਭਾਵਿਤ ਹੋਣਗੇ। ਠੰਢ ਸ਼ੁਰੂ ਹੋਣ ਨਾਲ ਹਥਿਆਰਬੰਦ ਸੈਨਾਵਾਂ ਉਪਰ ਬਹੁਤ ਬੁਰਾ ਅਸਰ ਪੈ ਸਕਦਾ ਹੈ ਕਿਉਂਕਿ ਲੱਦਾਖ ਅਤੇ ਵਾਦੀ ਨੂੰ ਜਾਂਦੇ ਮਾਰਗਾਂ ਉਤੇ ਬਰਫ਼ਬਾਰੀ ਹੋਣ ਨਾਲ ਸਪਲਾਈ ਅਤੇ ਹੋਰ ਵਸਤਾਂ ਦੀ ਕਮੀ ਪੈਦਾ ਹੋ ਸਕਦੀ ਹੈ।  ਉਨ੍ਹਾਂ ਕਿਹਾ ਕਿ ਚੀਨ ਅਤੇ ਪਾਕਿਸਤਾਨ ਦੇ ਰੁਖ਼ ਨੂੰ ਦੇਖਦਿਆਂ ਹਥਿਆਰਬੰਦ ਫ਼ੌਜਾਂ ਦਾ ਜ਼ਰੂਰੀ ਵਸਤਾਂ ਦੀ ਸਪਲਾਈ  ਤੋਂ ਵਾਂਝੇ ਰਹਿਣਾ ਦੇਸ਼ ਲਈ ਵਧੇਰੇ ਖ਼ਤਰਨਾਕ ਹੋ ਸਕਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸਾਨੀ ਸੰਕਟ ਨੂੰ ਜੇਕਰ ਜਲਦੀ ਹੱਲ ਨਾ ਕੀਤਾ ਗਿਆ ਤਾਂ ਸੁਰੱਖਿਆ ਦੇ ਲਿਹਾਜ ਤੋਂ ਪੰਜਾਬ ਨੂੰ ਪਾਕਿਸਤਾਨ ਤੋਂ ਖਤਰਾ ਖੜ੍ਹਾ ਹੋ ਸਕਦਾ ਹੈ ਕਿਉਂਕਿ ਆਈਐੱਸਆਈ ਹਮੇਸ਼ਾ ਪੰਜਾਬ ਵਿਚ ਗੜਬੜ ਕਰਨ ਦੀ ਤਾਕ ਵਿਚ ਰਹਿੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਖਤਰਿਆਂ ਦੇ ਮੱਦੇਨਜ਼ਰ ਦੇਸ਼ ਹਿੱਤ ’ਚ ਇਹ ਮਸਲਾ ਆਪਸੀ ਤਾਲਮੇਲ ਨਾਲ ਸੁਲਝਾਇਆ ਜਾਣਾ ਚਾਹੀਦਾ ਹੈ। ਊਨ੍ਹਾਂ ਕਿਹਾ ਕਿ ਸਿਆਸੀ ਲਾਲਸਾ ਹਿੱਤ ਇਹ ਵੇਲਾ ਦੂਸ਼ਣਬਾਜ਼ੀ ਅਤੇ ਟਕਰਾਅ ਵਿਚ ਪੈਣ ਦਾ ਨਹੀਂ ਹੈ ਬਲਕਿ ਸਿਆਸੀ ਵਖਰੇਵਿਆਂ ਤੋਂ ਉਪਰ ਉੱਠ ਕੇ ਸਥਿਤੀ ਨੂੰ ਸਿਆਣਪ ਨਾਲ ਨਜਿੱਠਣ ਦਾ ਹੈ ਕਿਉਂਕਿ ਕੋਈ ਵੀ ਢਿੱਲ-ਮੱਠ ਹਾਲਾਤ ਨੂੰ ਬੇਕਾਬੂ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਖਾਦ ਤੇ ਕੋਲੇ ਦੇ ਭੰਡਾਰ ਦੀ ਕਮੀ ਕਰਕੇ ਸਮੁੱਚਾ ਅਰਥਚਾਰਾ ਘਾਟੇ ਵਿਚ ਹੈ।

ਭਾਜਪਾ ਆਗੂਆਂ ਦੀ ਬਿਆਨਬਾਜ਼ੀ ਬਾਰੇ ਊਨ੍ਹਾਂ ਕਿਹਾ,‘‘ਅਦਾਲਤ ਨੇ ਸਿਰਫ਼ ਇੱਕ ਰਿਪੋਰਟ ਮੰਗੀ ਸੀ। ਨਿਆਂਪਾਲਿਕਾ ਨਾਲ ਸਿਆਸੀ ਮਨੋਰਥ ਨੂੰ ਜੋੜਨਾ  ਅਦਾਲਤ ਦੇ ਅਪਮਾਨ ਤੋਂ ਘੱਟ ਨਹੀਂ ਹੈ।’’ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਆਗੂ ਮਸਲੇ ਦਾ ਹੱਲ ਕੱਢਣ ਦੀ ਥਾਂ ’ਤੇ ਸਿਆਸੀ ਹਿੱਤਾਂ ਦੀ ਪੂਰਤੀ ਵਿਚ ਲੱਗੇ ਹੋਏ ਹਨ।  ਊਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਰੇਲ ਮਾਰਗ ਖਾਲੀ ਕਰਨ ਦੇ ਬਾਵਜੂਦ ਰੇਲਵੇ ਆਵਾਜਾਈ ਬਹਾਲ ਨਹੀਂ ਕਰ ਰਿਹਾ ਹੈ। ਕੇਂਦਰ ਸਰਕਾਰ ਕਿਸਾਨਾਂ ’ਤੇ ਭਰੋਸਾ ਨਹੀਂ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਕਾਨੂੰਨਾਂ ਦਾ ਸਥਾਈ ਹੱਲ ਲੱਭਣ ਲਈ ਸ੍ਰੀ ਨੱਢਾ ਪਾਰਟੀ ਨੇਤਾ ਵਜੋਂ ਕੇਂਦਰ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ। 

ਨਕਸਲੀ ਆਖਣਾ ਅੰਨਦਾਤੇ ਦਾ ਅਪਮਾਨ: ਅਮਰਿੰਦਰ ਸਿੰਘ

ਮੁੱਖ ਮੰਤਰੀ ਅਮਰਿੰਦਰ ਸਿੰਘ ਇਸ ਗੱਲੋਂ ਖ਼ਫਾ ਹਨ ਕਿ ਭਾਜਪਾ ਆਗੂ ਕਿਸਾਨਾਂ ਦੀ ਨਕਸਲੀਆਂ ਨਾਲ ਤੁਲਨਾ ਕਰ ਰਹੇ ਹਨ ਅਤੇ ਇਸ ਪਿੱਛੇ ਸਰਕਾਰ ਦੀ ਮਿਲੀਭੁਗਤ ਦੱਸੀ ਜਾ ਰਹੀ ਹੈ। ਊਨ੍ਹਾਂ ਕਿਹਾ ਕਿ ਕੌਮੀ ਖੁਰਾਕ ਸੁਰੱਖਿਆ ਵਿਚ ਯੋਗਦਾਨ ਨੂੰ ਦੇਖਦੇ ਹੋਏ ਕਿਸਾਨਾਂ ਦੀ ਅਜਿਹੀ ਤੁਲਨਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਨਕਸਲਵਾਦ ਨਾਲ ਤੁਲਨਾ ਕਰਕੇ ਭਾਜਪਾ ਆਗੂਆਂ ਨੇ ਅੰਨਦਾਤੇ ਦਾ ਅਪਮਾਨ ਕੀਤਾ ਹੈ।

Leave a Reply

Your email address will not be published. Required fields are marked *