ਸ੍ਰੀਨਗਰ ਵਿੱਚ ਹਿਜ਼ਬੁਲ ਕਮਾਂਡਰ ਹਲਾਕ

ਸ੍ਰੀਨਗਰ : ਸ੍ਰੀਨਗਰ ਦੇ ਬਾਹਰਵਾਰ ਅੱਜ ਸੁਰੱਖਿਆ ਬਲਾਂ ਨਾਲ ਹੋਏ ਇਕ ਮੁਕਾਬਲੇ ਵਿੱਚ ਹਿਜ਼ਬੁਲ ਮੁਜਾਹਿਦੀਨ ਦਾ ਇਕ ਕਮਾਂਡਰ ਹਲਾਕ ਹੋ ਗਿਆ ਅਤੇ ਮੁਕਾਬਲੇ ਦੌਰਾਨ ਹੀ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਨੂੰ ਸੁਰੱਖਿਆ ਬਲਾਂ ਲਈ ਵੱਡੀ ਸਫ਼ਲਤਾ ਦੱਸਿਆ ਜਾ ਰਿਹਾ ਹੈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇੱਥੇ ਪੁਰਾਣੇ ਹਵਾਈ ਕੋਲ ਰੰਗਰੇਥ ਵਿੱਚ ਅਤਿਵਾਦੀਆਂ ਦੀ ਮੌਜੂਦਗੀ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਤਲਾਸ਼ੀ ਮੁਹਿੰਮ ਦੌਰਾਨ ਅਤਿਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦਾ ਸੁਰੱਖਿਆ ਬਲਾਂ ਵੱਲੋਂ ਜਵਾਬ ਦਿੱਤਾ ਗਿਆ। ਇਸ ਦੌਰਾਨ ਦੋਵੇਂ ਪਾਸਿਓਂ ਹੋ ਰਹੀ ਗੋਲੀਬਾਰੀ ਵਿੱਚ ਇਕ ਅਤਿਵਾਦੀ ਹਲਾਕ ਹੋ ਗਿਆ ਜਿਸ ਦੀ ਪਛਾਣ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਸੈਫ਼ਉੱਲਾਹ ਵਜੋਂ ਹੋਈ। ਉਹ ਅਤਿਵਾਦੀ ਹਮਲਿਆਂ ਦੇ ਵੱਖ-ਵੱਖ ਮਾਮਲਿਆਂ ਵਿੱਚ ਸੁਰੱਖਿਆ ਏਜੰਸੀਆਂ ਨੂੰ ਲੋੜੀਂਦਾ ਸੀ। ਇਸੇ ਸਾਲ ਮਈ ਵਿੱਚ ਰਿਆਜ਼ ਨਾਇਕੂ ਦੇ ਮਾਰੇ ਜਾਣ ਤੋਂ ਬਾਅਦ ਉਸ ਨੇ ਕਮਾਂਡ ਸੰਭਾਲੀ ਸੀ ਅਤੇ ਉਹ ਕਸ਼ਮੀਰ ਵਾਦੀ ’ਚ ਸਭ ਤੋਂ ਲੋੜੀਂਦਾ ਅਤਿਵਾਦੀ ਸੀ। ਮੁਕਾਬਲੇ ਵਾਲੀ ਥਾਂ ਨੇੜੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਸ਼ਮੀਰ ਦੇ ਇੰਸਪੈਕਟਰ ਜਨਰਲ ਪੁਲੀਸ ਵਿਜੈ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੁਰੱਖਿਆ ਬਲਾਂ ਤੇ ਪੁਲੀਸ ਲਈ ਇਹ ਬਹੁਤ ਵੱਡੀ ਸਫ਼ਲਤਾ ਹੈ। ਇਸ ਮੁਕਾਬਲੇ ਦੌਰਾਨ ਇਕ ਹੋਰ ਅਤਿਵਾਦੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਮੁਕਾਬਲੇ ਵਾਲੀ ਜਗ੍ਹਾ ਤੋਂ ਇਤਰਾਜ਼ਯੋਗ ਸਮੱਗਰੀ, ਹਥਿਆਰ ਤੇ ਗੋਲੀ ਬਾਰੂਦ ਬਰਾਮਦ ਹੋਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਸੈਫ਼ਉੱਲਾਹ ਦੱਖਣੀ ਕਸ਼ਮੀਰ ਤੋਂ ਇੱਥੇ ਆਇਆ ਹੈ ਅਤੇ ਇਕ ਘਰ ਵਿੱਚ ਛੁਪਿਆ ਹੋਇਆ ਹੈ। ਪੁਲੀਸ ਅਧਿਕਾਰੀ ਨੇ ਕਿਹਾ, ‘‘ਦੋਵੇਂ ਪਾਸਿਓਂ ਹੋਈ ਗੋਲੀਬਾਰੀ ’ਚ ਇਕ ਅਤਿਵਾਦੀ ਹਲਾਕ ਹੋ ਗਿਆ। ਸਾਡੇ ਸੂਤਰਾਂ ਮੁਤਾਬਕ ਉਹ 95 ਫ਼ੀਸਦੀ ਡਾ. ਸੈਫ਼ਉੱਲਾਹ ਹੈ। ਅਸੀਂ ਲਾਸ਼ ਨੂੰ ਕਬਜ਼ੇ ’ਚ ਲੈ ਰਹੇ ਹਾਂ ਅਤੇ ਇਸ ਦੀ ਸ਼ਨਾਖ਼ਤ ਕਰ ਲਈ ਜਾਵੇਗੀ।’’ ਉਨ੍ਹਾਂ ਕਿਹਾ ਕਿ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ ’ਚ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ। 

Leave a Reply

Your email address will not be published. Required fields are marked *