ਖੇਤੀ ਸੋਧ ਬਿੱਲ: ਰਾਸ਼ਟਰਪਤੀ ਵੱਲੋਂ ਮੁੱਖ ਮੰਤਰੀ ਨੂੰ ਮਿਲਣ ਤੋਂ ਇਨਕਾਰ

ਚੰਡੀਗੜ੍ਹ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਖੇਤੀ ਸੋਧ ਬਿੱਲਾਂ ਦੇ ਮਾਮਲੇ ’ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਸਾਰੇ ਵਿਧਾਇਕਾਂ ਨਾਲ ਮਿਲ ਕੇ 4 ਨਵੰਬਰ ਨੂੰ ਰਾਸ਼ਟਰਪਤੀ ਨੂੰ ਮਿਲਣਾ ਸੀ। ਊਨ੍ਹਾਂ 29 ਅਕਤੂਬਰ ਨੂੰ ਸਾਰੇ ਵਿਧਾਇਕਾਂ ਨੂੰ ਅਪੀਲ ਕੀਤੀ ਸੀ ਕਿ ਊਹ ਰਾਸ਼ਟਰਪਤੀ ਨੂੰ ਮਿਲਣ ਵਾਸਤੇ ਉਨ੍ਹਾਂ ਨਾਲ ਦਿੱਲੀ ਚੱਲਣ। ਸੂਤਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਰਾਸ਼ਟਰਪਤੀ ਤੱਕ ਮੁੜ ਪਹੁੰਚ ਕਰ ਰਹੀ ਹੈ ਕਿ ਜੇਕਰ 4 ਨਵੰਬਰ ਨੂੰ ਮੀਟਿੰਗ ਸੰਭਵ ਨਹੀਂ ਤਾਂ ਊਨ੍ਹਾਂ ਨੂੰ ਬਾਅਦ ਦਾ ਕੋਈ ਹੋਰ ਸਮਾਂ ਦੇ ਦਿੱਤਾ ਜਾਵੇ। ਵੇਰਵਿਆਂ ਅਨੁਸਾਰ ਰਾਸ਼ਟਰਪਤੀ ਭਵਨ ਨੇ ਅੱਜ ਮੁੱਖ ਮੰਤਰੀ ਨੂੰ ਪੱਤਰ ਭੇਜ ਕੇ ਮੁਲਾਕਾਤ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਲਿਖਤੀ ਰੂਪ ਵਿਚ ਰਾਸ਼ਟਰਪਤੀ ਨੂੰ ਮਿਲਣ ਦਾ ਸਮਾਂ ਮੰਗਿਆ ਸੀ। ਰਾਸ਼ਟਰਪਤੀ ਸਕੱਤਰੇਤ ਵੱਲੋਂ ਇਹ ਦਲੀਲ ਦਿੱਤੀ ਗਈ ਹੈ ਕਿ ਪੰਜਾਬ ਵਿਧਾਨ ਸਭਾ ਨੇ ਜੋ ਖੇਤੀ ਸੋਧ ਬਿੱਲ ਪਾਸ ਕੀਤੇ ਹਨ, ਉਹ ਅਜੇ ਸੂਬੇ ਦੇ ਰਾਜਪਾਲ ਕੋਲ ਹੀ ਪੈਂਡਿੰਗ ਪਏ ਹਨ ਜਿਸ ਕਰਕੇ ਰਾਸ਼ਟਰਪਤੀ ਨੂੰ ਮਿਲਣ ਦੀ ਕੋਈ ਤੁਕ ਨਹੀਂ ਰਹਿ ਜਾਂਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 20 ਅਕਤੂਬਰ ਨੂੰ ਖੇਤੀ ਸੋਧ ਬਿੱਲ ਪਾਸ ਕਰਨ ਮਗਰੋਂ ਸਾਰੇ ਵਿਧਾਇਕਾਂ ਨੂੰ ਨਾਲ ਲੈ ਕੇ ਇਹ ਬਿੱਲ ਰਾਜਪਾਲ ਵੀ ਪੀ ਸਿੰਘ ਬਦਨੌਰ ਦੇ ਹਵਾਲੇ ਕੀਤੇ ਸਨ। ਉਸ ਦਿਨ ਹੀ ਮੁੱਖ ਮੰਤਰੀ ਨੇ ਖੁਲਾਸਾ ਕੀਤਾ ਸੀ ਕਿ ਉਹ 2 ਤੋਂ 5 ਨਵੰਬਰ ਦੇ ਵਿਚਕਾਰ ਰਾਸ਼ਟਰਪਤੀ ਨੂੰ ਮਿਲਣ ਲਈ ਸਮਾਂ ਲੈ ਰਹੇ ਹਨ। ਮੁੱਖ ਮੰਤਰੀ ਦੀ ਅਗਵਾਈ ਵਾਲੇ ਵਫ਼ਦ ਨੇ ਰਾਸ਼ਟਰਪਤੀ ਨੂੰ ਯਾਦ ਪੱਤਰ ਦੇ ਕੇ ਇਹੋ ਮੰਗ ਕਰਨੀ ਸੀ ਕਿ ਪੈਂਡਿੰਗ ਖੇਤੀ ਸੋਧ ਬਿੱਲਾਂ ਦਾ ਛੇਤੀ ਨਿਪਟਾਰਾ ਕੀਤਾ ਜਾਵੇ। ਸੂਤਰਾਂ ਅਨੁਸਾਰ ਰਾਸ਼ਟਰਪਤੀ ਦੇ ਇਨਕਾਰ ਮਗਰੋਂ ਮੁੱਖ ਮੰਤਰੀ ਦਾ 4 ਨਵੰਬਰ ਦਾ ਦਿੱਲੀ ਦਾ ਤੈਅ ਪ੍ਰੋਗਰਾਮ ਖਟਾਈ ਵਿਚ ਪੈ ਗਿਆ ਹੈ। ਊਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਹੁਣ ਨਵੇਂ ਸਿਰਿਓਂ ਦਿੱਲੀ ਦਾ ਪ੍ਰੋਗਰਾਮ ਬਣਾਇਆ ਜਾਵੇਗਾ। ਸੂਤਰਾਂ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਸਾਥੀਆਂ ਸਮੇਤ ਦਿੱਲੀ ਦੇ ਰਾਜਘਾਟ ’ਤੇ ਬੈਠ ਸਕਦੇ ਹਨ ਅਤੇ ਊਨ੍ਹਾਂ ਵੱਲੋਂ ਭਲਕੇ ਨਵੇਂ ਪ੍ਰੋਗਰਾਮ ਬਾਰੇ ਐਲਾਨ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਨੇ ਵਿਸ਼ੇਸ਼ ਇਜਲਾਸ ਬੁਲਾ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ ਸੀ। ਪੰਜਾਬ ਸਰਕਾਰ ਨੇ ਕੇਂਦਰੀ ਖੇਤੀ ਕਾਨੂੰਨਾਂ ਨੂੰ ਪ੍ਰਭਾਵਹੀਣ ਕਰਨ ਵਾਸਤੇ ਤਿੰਨ ਨਵੇਂ ਖੇਤੀ ਸੋਧ ਬਿੱਲ ਵੀ ਪਾਸ ਕੀਤੇ ਸਨ।

Leave a Reply

Your email address will not be published. Required fields are marked *