ਢੁੱਕਵੀਂ ਬਿਜਲੀ ਸਪਲਾਈ ਤੋਂ ਪੰਜਾਬ ਸਰਕਾਰ ਦੇ ਹੱਥ ਖੜ੍ਹੇ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਸੂਬੇ ਵਿੱਚ ਢੁੱਕਵੀਂ ਬਿਜਲੀ ਸਪਲਾਈ ਦੇਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਅੱਜ ਸ਼ਾਮ ਤੋਂ ਰਾਜ ਭਰ ਵਿਚ ਬਿਜਲੀ ਕੱਟ ਲਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਨੇ ਬੇਵਸੀ ਜ਼ਾਹਰ ਕਰਦਿਆਂ ਆਖਿਆ ਕਿ ਇਸ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ। ਤਾਪ ਬਿਜਲੀ ਘਰਾਂ ਕੋਲ ਕੋਲੇ ਦੇ ਭੰਡਾਰ ਖਤਮ ਹੋਣ ਕਰਕੇ ਅੱਜ ਬਿਜਲੀ ਕੱਟ ਸ਼ੁਰੂ ਹੋ ਗਏ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਦਾ ਆਖ਼ਰੀ ਪਾਵਰ ਪਲਾਂਟ ਜੀਵੀਕੇ ਥਰਮਲ ਦੇ ਬੰਦ ਹੋਣ ਕਾਰਨ ਦਿਨ ਦੌਰਾਨ ਬਿਜਲੀ ਦੀ ਘਾਟ ਵਿੱਚ 1000-1500 ਮੈਗਾਵਾਟ ਵਾਧੇ ਦੇ ਮੱਦੇਨਜ਼ਰ, ਬਿਜਲੀ ਵਿਭਾਗ ਕੋਲ ਸਾਰੇ ਰਿਹਾਇਸ਼ੀ, ਵਪਾਰਕ ਤੇ ਖੇਤੀਬਾੜੀ ਖ਼ਪਤਕਾਰਾਂ ਨੂੰ ਮੰਗਲਵਾਰ ਸ਼ਾਮ ਤੋਂ ਬਿਜਲੀ ਦੇ ਕੱਟ ਲਗਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ। ਮੌਜੂਦਾ ਸਮੇਂ ਸੂਬੇ ਵਿੱਚ ਦਿਨ ਦੇ ਸਮੇਂ ਬਿਜਲੀ ਦੀ ਮੰਗ ਲਗਪਗ 5100-5200 ਮੈਗਾਵਾਟ ਹੈ ਅਤੇ ਰਾਤ ਸਮੇਂ ਕਰੀਬ 3400 ਮੈਗਾਵਾਟ ਹੈ। ਦੂਜੇ ਪਾਸੇ ਸਪਲਾਈ ਲੋੜ ਤੋਂ ਬਹੁਤ ਘੱਟ ਹੈ ਕਿਉਂਕਿ ਦਿਨ ਸਮੇਂ ਰੋਜ਼ਾਨਾ 4-5 ਘੰਟਿਆਂ ਲਈ ਸਿਰਫ਼ ਸਬਜ਼ੀ ਫੀਡਰਾਂ (800 ਮੈਗਾਵਾਟ) ਦੀ ਖੇਤੀਬਾੜੀ ਬਿਜਲੀ (ਏਪੀ) ਲੋਡ ਸਪਲਾਈ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ ਹੋਰ ਏਪੀ ਲੋਡ (ਲਗਭਗ 300 ਮੈਗਾਵਾਟ) ਘੱਟ ਹੈ। ਬੁਲਾਰੇ ਨੇ ਦੱਸਿਆ ਕਿ ਸਥਿਤੀ ਗੰਭੀਰ ਬਣੀ ਹੋਈ ਹੈ ਕਿਉਂਕਿ ਪਾਵਰਕੌਮ ਕੋਲ ਕੋਈ ਵੀ ਉਤਪਾਦਨ ਕੰਟਰੋਲ ਨਹੀਂ ਬਚਿਆ ਤੇ ਬਿਜਲੀ ਦੀਆਂ ਮਾਰਕੀਟ ਦਰਾਂ ਜ਼ਿਆਦਾਤਰ ਬਦਲਵੀਆਂ ਚੱਲ ਰਹੀਆਂ ਹਨ ਅਤੇ ਕਿਸੇ ਵੀ ਸਮੇਂ ਇਸ ਵਿੱਚ ਵਾਧਾ ਹੋ ਸਕਦਾ ਹੈ ਜਿਸ ਦੇ ਨਤੀਜੇ ਵਜੋਂ ਬਿਜਲੀ ਖਰੀਦ ਦੀ ਲਾਗਤ ਵਿੱਚ ਵੀ ਵਾਧਾ ਹੋਇਆ ਹੈ। ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਵੱਖ ਵੱਖ ਫੀਡਰਾਂ ’ਤੇ ਦੁਪਹਿਰ 4 ਵਜੇ ਤੋਂ ਬਾਅਦ ਰੋਜ਼ਾਨਾ 4-5 ਘੰਟਿਆਂ ਲਈ ਨਿਯਮਤ ਤੌਰ ’ਤੇ ਲੋਡ ਦੀ ਵੰਡ ਕੀਤੀ ਜਾ ਰਹੀ ਹੈ, ਜਦਕਿ ਏਪੀ/ਸਬਜ਼ੀਆਂ ਸਬੰਧੀ ਸਪਲਾਈ ਵੀ ਘੱਟ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *