ਅਰਨਬ ਗੋਸਵਾਮੀ ਖ਼ੁਦਕੁਸ਼ੀ ਕੇਸ ਵਿੱਚ ਗ੍ਰਿਫ਼ਤਾਰ

ਮੁੰਬਈ : ਖ਼ਬਰ ਟੀਵੀ ਚੈਨਲ ‘ਰਿਪਬਲਿਕ ਟੀਵੀ’ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਖ਼ੁਦਕੁਸ਼ੀ ਦੇ ਇਕ ਕੇਸ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਮਾਮਲਾ ਦੋ ਸਾਲ ਪੁਰਾਣਾ ਹੈ ਤੇ ਅਰਨਬ ’ਤੇ 53 ਸਾਲਾ ਇੰਟੀਰੀਅਰ ਡਿਜ਼ਾਈਨਰ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਦੋਸ਼ ਹੈ। ਅਧਿਕਾਰੀਆਂ ਨੇ ਕਿਹਾ ਕਿ ਅਲੀਬਾਗ਼ ਪੁਲੀਸ ਗੋਸਵਾਮੀ ਨੂੰ ਸਵੇਰੇ ਉਸ ਦੇ ਲੋਅਰ ਪਰੇਲ ਸਥਿਤ ਘਰੋਂ ਲੈ ਗਈ। ਇਕ ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਗੋਸਵਾਮੀ ਨੂੰ ਪੁਲੀਸ ਜ਼ੋਰ ਲਾ ਕੇ ਵੈਨ ਵਿਚ ਚੜ੍ਹਾ ਰਹੀ ਹੈ। ਪੱਤਰਕਾਰ ਨੂੰ ਲਿਜਾਏ ਜਾਣ ਤੋਂ ਪਹਿਲਾਂ ਉਸ ਨੇ ਦਾਅਵਾ ਕੀਤਾ ਕਿ ਘਰ ’ਚ ਪੁਲੀਸ ਨੇ ਉਸ ਨਾਲ ਬਦਸਲੂਕੀ ਕੀਤੀ। ਗੋਸਵਾਮੀ ਨੂੰ ਆਈਪੀਸੀ ਦੀ ਧਾਰਾ 306 ਤੇ 34 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਗ੍ਰਿਫ਼ਤਾਰੀ 2018 ਵਿਚ ਇਕ ਪੁਰਸ਼ ਤੇ ਉਸ ਦੀ ਮਾਂ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੇ ਕੇਸ ਨਾਲ ਸਬੰਧਤ ਹੈ। ਪੁਲੀਸ ਨੇ ਗੋਸਵਾਮੀ ਖ਼ਿਲਾਫ਼ ਸਬੂਤ ਹੋਣ ਦਾ ਦਾਅਵਾ ਵੀ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਜਦ ਉਨ੍ਹਾਂ ਗੋਸਵਾਮੀ ਦੀ ਗ੍ਰਿਫ਼ਤਾਰੀ ਬਾਰੇ ਉਸ ਦੇ ਘਰ ਜਾ ਕੇ ਪਤਨੀ ਨੂੰ ਦੱਸਿਆ ਤਾਂ ਉਸ (ਪਤਨੀ) ਨੇ ਇਸ ਨਾਲ ਸਬੰਧਤ ਕਾਗਜ਼ ਪਾੜ ਦਿੱਤੇ। ਗੋਸਵਾਮੀ ਨੂੰ ਅਲੀਬਾਗ਼ ਦੇ ਮੈਜਿਸਟਰੇਟ ਕੋਰਟ ਵਿਚ ਪੇਸ਼ ਕੀਤਾ ਗਿਆ ਹੈ। ਅਦਾਲਤ ਵਿਚ ਜਦ ਗੋਸਵਾਮੀ ਦੇ ਵਕੀਲ ਨੇ ਦੋਸ਼ ਲਾਇਆ ਕਿ ਸੀਨੀਅਰ ਪੱਤਰਕਾਰ ਦੀ ਪੁਲੀਸ ਨੇ ਖਿੱਚ-ਧੂਹ ਕੀਤੀ ਹੈ ਤਾਂ ਜੱਜ ਨੇ ਉਸ ਦੀ ਮੈਡੀਕਲ ਜਾਂਚ ਕਰਵਾਉਣ ਦੇ ਹੁਕਮ ਦਿੱਤੇ। ਪੁਲੀਸ ਉਸ ਨੂੰ ਸਿਵਲ ਹਸਪਤਾਲ ਲੈ ਗਈ। ਮੈਡੀਕਲ ਜਾਂਚ ਦੀ ਰਿਪੋਰਟ ਆਉਣ ਤੋਂ ਬਾਅਦ ਗੋਸਵਾਮੀ ਨੂੰ ਰਿਮਾਂਡ ਹਾਸਲ ਕਰਨ ਲਈ ਮੁੜ ਅਦਾਲਤ ਲਿਜਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਆਰਕੀਟੈਕਟ ਤੇ ਉਸ ਦੀ ਮਾਂ ਨੇ ਖ਼ੁਦਕੁਸ਼ੀ ਇਸ ਲਈ ਕੀਤੀ ਸੀ ਕਿਉਂਕਿ ਉਨ੍ਹਾਂ ਦਾ ਰਿਪਬਲਿਕ ਟੀਵੀ ਵੱਲ ਕਥਿਤ ਤੌਰ ’ਤੇ ਬਕਾਇਆ ਸੀ ਜੋ ਕਿ ਚੈਨਲ ਨੇ ਅਦਾ ਨਹੀਂ ਕੀਤਾ ਸੀ। ਇਸੇ ਸਾਲ ਮਈ ਵਿਚ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਐਲਾਨ ਕੀਤਾ ਸੀ ਕਿ ਉਹ ਇਸ ਕੇਸ ਵਿਚ ਮੁੜ ਤੋਂ ਜਾਂਚ ਦੇ ਹੁਕਮ ਦੇ ਰਹੇ ਹਨ ਕਿਉਂਕਿ ਆਰਕੀਟੈਕਟ ਅਨਵੈ ਨਾਇਕ ਦੀ ਧੀ ਨੇ ਸ਼ਿਕਾਇਤ ਕੀਤੀ ਹੈ। ਗੋਸਵਾਮੀ ਨੇ ਦੋਸ਼ ਲਾਏ ਕਿ ਪੁਲੀਸ ਵੈਨ ਵਿਚ ਪੁਲੀਸ ਕਰਮੀਆਂ ਨੇ ਉਸ ’ਤੇ ਧਾਵਾ ਬੋਲ ਦਿੱਤਾ, ਉਸ ਨੂੰ ਰਿਸ਼ਤੇਦਾਰਾਂ ਨਾਲ ਮਿਲਣ ਤੱਕ ਨਹੀਂ ਦਿੱਤਾ ਗਿਆ। ਸੱਤਾਧਾਰੀ ਸ਼ਿਵ ਸੈਨਾ ਨੇ ਕਿਹਾ ਹੈ ਕਿ ਗੋਸਵਾਮੀ ਦੀ ਗ੍ਰਿਫ਼ਤਾਰੀ ‘ਬਦਲੇ ਦੀ ਸਿਆਸਤ’ ਨਹੀਂ ਹੈ। ਸੱਤਾਧਾਰੀ ਪਾਰਟੀ ਨੇ ਭਾਜਪਾ ਦੇ ਉਨ੍ਹਾਂ ਦੋਸ਼ ਨੂੰ ਖਾਰਜ ਕੀਤਾ ਹੈ ਕਿ ਸੂਬੇ ਵਿਚ ‘ਮੀਡੀਆ ਦੀ ਆਜ਼ਾਦੀ ਦੱਬੀ ਜਾ ਰਹੀ ਹੈ।’ ਸੈਨਾ ਦੇ ਆਗੂ ਸੰਜੈ ਰਾਉਤ ਨੇ ਕਿਹਾ ਕਿ ਮਹਾ ਵਿਕਾਸ ਅਗਾੜੀ ਸਰਕਾਰ ਜਦ ਤੋਂ ਸੱਤਾ ਵਿਚ ਆਈ ਹੈ, ਕਿਸੇ ਵਿਰੁੱਧ ਵੀ ਇਸ ਤਰ੍ਹਾਂ ਦੀ ਸਿਆਸਤ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਗੋਸਵਾਮੀ ਵਿਰੁੱਧ ਸਬੂਤ ਹਨ ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਗਈ ਹੈ। ਪੁਲੀਸ ਮੁਤਾਬਕ ਖ਼ੁਦਕੁਸ਼ੀ ਨੋਟ ਵਿਚ ਨਾਇਕ ਨੇ ਦਾਅਵਾ ਕੀਤਾ ਸੀ ਕਿ ਗੋਸਵਾਮੀ ਅਤੇ ਦੋ ਹੋਰਾਂ ਨੇ ਅਦਾਇਗੀ ਨਹੀਂ ਕੀਤੀ, ਇਸ ਲਈ ਉਹ ਖ਼ੁਦਕੁਸ਼ੀ ਕਰ ਰਿਹਾ ਹੈ। ਪੁਲੀਸ ਮੁਤਾਬਕ ਨਾਇਕ ਦੀ ਕੰਪਨੀ ਨੂੰ ਤਿੰਨ ਫਰਮਾਂ ਨੇ 83 ਲੱਖ, ਚਾਰ ਕਰੋੜ ਤੇ 55 ਲੱਖ ਰੁਪਏ ਦੀ ਅਦਾਇਗੀ ਕਰਨੀ ਸੀ। ਦੋ ਹੋਰਾਂ ਨੂੰ ਵੀ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਰਿਪਬਲਿਕ ਟੀਵੀ ਨੇ ਦਾਅਵਾ ਕੀਤਾ ਹੈ ਕਿ ਕੰਪਨੀਆਂ ਨੂੰ ਸਾਰੀ ਅਦਾਇਗੀ ਕਰ ਦਿੱਤੀ ਗਈ ਹੈ। ‘ਨਿਊਜ਼ ਬਰਾਡਕਾਸਟਰ ਐਸੋਸੀਏਸ਼ਨ’ ਨੇ ਕਿਹਾ ਹੈ ਕਿ ਜਿਸ ਢੰਗ ਨਾਲ ਗੋਸਵਾਮੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਤਰੀਕਾ ਠੀਕ ਨਹੀਂ ਹੈ। ਸੰਗਠਨ ਨੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਅਪੀਲ ਕੀਤੀ ਹੈ ਕਿ ਉਸ ਨਾਲ ਸਹੀ ਸਲੂਕ ਕੀਤਾ ਜਾਵੇ ਤੇ ਸਰਕਾਰੀ ਤਾਕਤ ਦਾ ਸਿਆਸੀ ਰੰਜਿਸ਼ ਲਈ ਇਸਤੇਮਾਲ ਨਾ ਕੀਤਾ ਜਾਵੇ। -ਪੀਟੀਆਈ

ਭਾਜਪਾ ‘ਰੋਹ ਵੀ ਚੋਣਵੇਂ ਢੰਗ ਨਾਲ’ ਪ੍ਰਗਟਾਉਂਦੀ ਹੈ: ਕਾਂਗਰਸ

ਨਵੀਂ ਦਿੱਲੀ: ਅਰਨਬ ਗੋਸਵਾਮੀ ਦੀ ਗ੍ਰਿਫ਼ਤਾਰੀ ਦੀ ਭਾਜਪਾ ਆਗੂਆਂ ਵੱਲੋਂ ਨਿਖੇਧੀ ਕੀਤੇ ਜਾਣ ’ਤੇ ਕਾਂਗਰਸ ਨੇ ਕਿਹਾ ਹੈ ਕਿ ਕੇਂਦਰ ਦੀ ਸੱਤਾ ’ਤੇ ਕਾਬਜ਼ ਪਾਰਟੀ ‘ਰੋਹ ਵੀ ਚੋਣਵੇਂ ਢੰਗ ਨਾਲ ਪ੍ਰਗਟਾ ਰਹੀ ਹੈ।’ ਪਾਰਟੀ ਨੇ ਕਿਹਾ ਕਿ ਪ੍ਰੈੱਸ ’ਤੇ ਹਮਲੇ ਬਾਰੇ ਪਾਇਆ ਜਾ ਰਿਹਾ ਰੌਲਾ ‘ਸ਼ਰਮਨਾਕ’ ਹੈ ਤੇ ਕਾਨੂੰਨ ਆਪਣੀ ਕਾਰਵਾਈ ਕਰੇਗਾ। ਕਾਂਗਰਸੀ ਆਗੂ ਸੁਪ੍ਰਿਆ ਸ੍ਰੀਨਤੇ ਨੇ ਸਵਾਲ ਕੀਤਾ ਕਿ ਜਦ ਯੂਪੀ ਵਿਚ ਪੱਤਰਕਾਰ ਪ੍ਰਸ਼ਾਂਤ ਕਨੌਜੀਆ ਨੂੰ ਇਕ ਘੁਟਾਲੇ ਦਾ ਪਰਦਾਫ਼ਾਸ਼ ਕਰਨ ’ਤੇ ਕਈ ਮਹੀਨੇ ਜੇਲ੍ਹ ਵਿਚ ਰੱਖਿਆ ਗਿਆ, ਉਦੋਂ ਭਾਜਪਾ ਕਿੱਥੇ ਸੀ? ਕਾਂਗਰਸੀ ਬੁਲਾਰੇ ਨੇ ਕਿਹਾ ਕਿ ਗੋਸਵਾਮੀ ਨੇ ਪੱਤਰਕਾਰੀ ਨੂੰ ‘ਸ਼ਰਮਸਾਰ’ ਕੀਤਾ ਹੈ ਤੇ ਪੱਤਰਕਾਰੀ ਦੇ ਨਾਂ ਉਤੇ ਜੋ ਉਹ ਕਰ ਰਿਹਾ ਹੈ, ਉਸ ਨੂੰ ਪੱਤਰਕਾਰੀ ਨਹੀਂ ਕਿਹਾ ਜਾ ਸਕਦਾ।

‘ਗ੍ਰਿਫ਼ਤਾਰੀ ਪ੍ਰੈੱਸ ਦੀ ਆਜ਼ਾਦੀ ’ਤੇ ਹਮਲਾ’

ਭਾਜਪਾ ਆਗੂਆਂ ਨੇ ਗੋਸਵਾਮੀ ਦੀ ਗ੍ਰਿਫ਼ਤਾਰੀ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ‘ਇਹ ਤਾਕਤ ਦਾ ਗਲਤ ਇਸਤੇਮਾਲ ਹੈ, ਆਜ਼ਾਦ ਪ੍ਰੈੱਸ ਉਤੇ ਹੱਲੇ ਦਾ ਵਿਰੋਧ ਹੋਣਾ ਚਾਹੀਦਾ ਹੈ ਤੇ ਹੋਵੇਗਾ ਵੀ।’ ਸ਼ਾਹ ਨੇ ਕਿਹਾ ‘ਲੋਕਤੰਤਰ ਸ਼ਰਮਸਾਰ ਹੋਇਆ ਹੈ ਤੇ ਐਮਰਜੈਂਸੀ ਯਾਦ ਕਰਵਾ ਦਿੱਤੀ ਗਈ ਹੈ।’ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ਗ੍ਰਿਫ਼ਤਾਰੀ ‘ਲੋਕਤੰਤਰ ਤੇ ਪੱਤਰਕਾਰੀ ਦੇ ਸਿਧਾਂਤਾਂ ਨੂੰ ਸੱਟ ਮਾਰਨ ਦੇ ਬਰਾਬਰ ਹੈ। ਅਸੀਂ ਇਸ ਦੀ ਨਿਖੇਧੀ ਕਰਦੇ ਹਾਂ।’ ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ, ਸਮ੍ਰਿਤੀ ਇਰਾਨੀ ਤੇ ਰਵੀ ਸ਼ੰਕਰ ਪ੍ਰਸਾਦ ਨੇ ਗੋਸਵਾਮੀ ਦੀ ਗ੍ਰਿਫ਼ਤਾਰੀ ਨੂੰ ਪ੍ਰੈੱਸ ਦੀ ਆਜ਼ਾਦੀ ਉਤੇ ਹੱਲਾ ਕਰਾਰ ਦਿੱਤਾ।

Leave a Reply

Your email address will not be published. Required fields are marked *