ਗ੍ਰਹਿ ਮੰਤਰੀ ਨਾਲ ਪੰਜਾਬ ਦੇ ਸੰਸਦ ਮੈਂਬਰਾਂ ਦੀ ਮੀਟਿੰਗ ਅੱਜ

ਚੰਡੀਗੜ੍ਹ : ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰ ਭਲਕੇ ਦਿੱਲੀ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕਰਨਗੇ ਜਿਸ ਵਾਸਤੇ ਅੱਜ ਪੰਜਾਬ ਸਰਕਾਰ ਵੱਲੋਂ ਖਾਕਾ ਤਿਆਰ ਕੀਤਾ ਗਿਆ ਹੈ। ਮੀਟਿੰਗ ਤੋਂ ਇੱਕ ਦਿਨ ਪਹਿਲਾਂ ਪਰਨੀਤ ਕੌਰ ਦੀ ਦਿੱਲੀ ਵਿਚਲੀ ਰਿਹਾਇਸ਼ ’ਤੇ ਅੱਜ ਅੱਠ ਕਾਂਗਰਸੀ ਸੰਸਦ ਮੈਂਬਰਾਂ ਨੇ ਮੀਟਿੰਗ ਕੀਤੀ ਜਿਸ ਵਿਚ ਏਜੰਡੇ ਨੂੰ ਜ਼ੋਰਦਾਰ ਤਰੀਕੇ ਨਾਲ ਉਠਾਏ ਜਾਣ ਬਾਰੇ ਚਰਚਾ ਹੋਈ। ਪੰਜਾਬ ’ਚ ਬਣੇ ਮੌਜੂਦਾ ਹਾਲਾਤ ਅਤੇ ਕਿਸਾਨਾਂ ਦੀ ਬੇਚੈਨੀ ਜਿਹੇ ਮੁੱਦੇ ਮੀਟਿੰਗ ’ਚ ਕੇਂਦਰ ਵਿੱਚ ਰਹਿਣਗੇ। ਸੂਤਰਾਂ ਅਨੁਸਾਰ ਗ੍ਰਹਿ ਮੰਤਰੀ ਕੋਲ ਕੌਮੀ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਵਿਚ ਪੈਦਾ ਹੋਈ ਸਥਿਤੀ ਬਾਰੇ ਗੱਲਬਾਤ ਹੋਵੇਗੀ। ਕਿਸਾਨਾਂ ਦੀ ਬੇਚੈਨੀ ਖਾਸ ਕਰਕੇ ਦਿਹਾਤੀ ਪੰਜਾਬ ਵਿਚ ਕੇਂਦਰ ਵਿਰੋਧੀ ਭਾਵਨਾ ਨੇ ਤੇਜ਼ੀ ਫੜੀ ਹੈ ਜਿਥੇ ਸਿੱਖ ਭਾਈਚਾਰਾ ਬਹੁਗਿਣਤੀ ਵਿਚ ਹੈ। ਕਿਸਾਨ ਅੰਦੋਲਨ ਵਿਚ ਲੋਕਾਂ ਨੂੰ ਗੀਤਾਂ ਆਦਿ ਜ਼ਰੀਏ ਸੰਘਰਸ਼ ਵਿਚ ਕੁੱਦਣ ਲਈ ਪ੍ਰੇਰਿਆ ਜਾ ਰਿਹਾ ਹੈ ਅਤੇ ਇਸ ਨੂੰ ਭਿੰਡਰਾਂਵਾਲੇ ਨਾਲ ਲਿੰਕ ਕੀਤਾ ਜਾ ਰਿਹਾ ਹੈ। ਸੰਸਦ ਮੈਂਬਰ ਮੁਲਾਕਾਤ ਦੌਰਾਨ ਇਹ ਗੱਲ ਰੱਖਣਗੇ ਕਿ ਮੁਲਕ ਵਿਰੋਧੀ ਤਾਕਤਾਂ ਇਸ ਮੌਕੇ ਨੂੰ ਵਰਤ ਸਕਦੀਆਂ ਹਨ ਜਿਸ ਦੇ ਹੱਲ ਲਈ ਸਾਂਝੇ ਤੌਰ ’ਤੇ ਫੌਰੀ ਕਦਮ ਉਠਾਏ ਜਾਣ ਦੀ ਲੋੜ ਹੈ। ਪੁਲੀਸ ਅਤੇ ਆਰਪੀਐੱਫ ਵੱਲੋਂ ਰੇਲਵੇ ਸਟੇਸ਼ਨਾਂ ਦੀ ਸਾਂਝੀ ਜਾਂਚ ਤੋਂ ਜਾਣੂ ਕਰਾਇਆ ਜਾਵੇਗਾ। ਸੰਸਦ ਮੈਂਬਰ ਇਹ ਭਰਮ ਦੂਰ ਕਰਨ ਦੀ ਵੀ ਕੋਸ਼ਿਸ਼ ਕਰਨਗੇ ਕਿ ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਨਾਲ ਕਿਸਾਨਾਂ ਧਿਰਾਂ ਨੂੰ ਨਹੀਂ ਉਕਸਾ ਰਹੀ ਹੈ। ਰੇਲ ਮਾਰਗ ਖਾਲੀ ਕਰਾਉਣ ਲਈ ਦੋ ਹਫ਼ਤਿਆਂ ਤੋਂ ਕਿਸਾਨ ਧਿਰਾਂ ਨਾਲ ਕੀਤੀ ਜਾ ਰਹੀ ਗੱਲਬਾਤ ਬਾਰੇ ਵੀ ਚਰਚਾ ਕੀਤੀ ਜਾਵੇਗੀ। ਇਸੇ ਤਰ੍ਹਾਂ ਮਾਲ ਗੱਡੀਆਂ ਦੇ ਬੰਦ ਹੋਣ ਮਗਰੋਂ ਪੰਜਾਬ ਵਿਚ ਕੋਲੇ ਦੀ ਕਮੀ ਕਰਕੇ ਬੰਦ ਹੋਏ ਤਾਪ ਬਿਜਲੀ ਘਰਾਂ ਬਾਰੇ ਜਾਣੂ ਕਰਾਇਆ ਜਾਵੇਗਾ ਅਤੇ ਕਣਕ ਲਈ ਯੂਰੀਆ ਦੀ ਲੋੜ ਬਾਰੇ ਵੀ ਦੱਸਿਆ ਜਾਵੇਗਾ।

ਕਿਸਾਨਾਂ ਨੂੰ ਮਿਲਣ ਲਈ ਤਿਆਰ ਹਾਂ: ਖੇਤੀ ਮੰਤਰੀ

ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਨੇ ਆਖਿਆ ਕਿ ਖੇਤੀ ਕਾਨੂੰਨਾਂ ਬਾਰੇ ਜੇਕਰ ਕਿਸਾਨ ਮਿਲਣਾ ਚਾਹੁੰਦੇ ਹਨ ਤਾਂ ਉਹ ਪੂਰੀ ਤਰ੍ਹਾਂ ਨਾਲ ਤਿਆਰ ਹਨ। ਇੱਕ ਪੰਜਾਬੀ ਚੈੱਨਲ ਨਾਲ ਮੁਲਾਕਾਤ ’ਚ ਊਨ੍ਹਾਂ ਕਿਹਾ ਕਿ ਜੇਕਰ ਕੋਈ ਤੌਖਲਾ ਹੈ ਤਾਂ ਉਹ ਮਿਲਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕੋਈ ਇਤਰਾਜ਼ ਸੀ ਤਾਂ ਉਹ ਆਪਣਾ ਸੁਝਾਅ ਭੇਜ ਸਕਦੀ ਸੀ ਪ੍ਰੰਤੂ ਉਨ੍ਹਾਂ ਨਹੀਂ ਭੇਜਿਆ।

ਸੰਸਦ ਮੈਂਬਰਾਂ ਦੀ ਰੇਲ ਮੰਤਰੀ ਨਾਲ ਮੁੜ ਮੀਟਿੰਗ

ਕਾਂਗਰਸ ਦੇ ਤਿੰਨ ਸੰਸਦ ਮੈਂਬਰਾਂ ਨੇ ਅੱਜ ਦੇਰ ਸ਼ਾਮ ਰੇਲਵੇ ਮੰਤਰੀ ਪਿਯੂਸ਼ ਗੋਇਲ ਨਾਲ ਮੁੜ ਮੀਟਿੰਗ ਕੀਤੀ। ਵੀਰਵਾਰ ਨੂੰ ਮੀਟਿੰਗ ਦੌਰਾਨ ਤਲਖੀ ਬਣ ਗਈ ਸੀ ਜਿਸ ਕਰਕੇ ਕੁਝ ਸੰਸਦ ਮੈਂਬਰ ਮੀਟਿੰਗ ’ਚੋਂ ਵਾਕਆਊਟ ਕਰ ਗਏ ਸਨ। ਮੀਟਿੰਗ ’ਚ ਪਰਨੀਤ ਕੌਰ, ਮਨੀਸ਼ ਤਿਵਾੜੀ ਅਤੇ ਡਾ. ਅਮਰ ਸਿੰਘ ਹਾਜ਼ਰ ਹਨ। ਊਂਜ ਮੀਟਿੰਗ ਦੇ ਵੇਰਵੇ ਹਾਲੇ ਪ੍ਰਾਪਤ ਨਹੀਂ ਹੋ ਸਕੇ ਹਨ।

Leave a Reply

Your email address will not be published. Required fields are marked *