ਕੇਂਦਰ ਨੇ ਪੰਜਾਬ ’ਤੇ ਦਬਾਅ ਲਈ ਨਵਾਂ ਪੇਚ ਫਸਾਇਆ

ਚੰਡੀਗੜ੍ਹ : ਪੰਜਾਬ ’ਚ ਰੇਲ ਮਾਰਗ ਪੂਰੀ ਤਰ੍ਹਾਂ ਕਲੀਅਰ ਹੋਣ ਪਿੱਛੋਂ ਹੁਣ ਰੇਲ ਮੰਤਰਾਲੇ ਨੇ ਦਬਾਅ ਬਣਾਉਣ ਲਈ ਨਵਾਂ ਪੇਚ ਫਸਾ ਲਿਆ ਹੈ। ਰੇਲਵੇ ਨੇ ਮਾਲ ਗੱਡੀਆਂ ਤੋਂ ਇਲਾਵਾ ਹੁਣ ਮੁਸਾਫ਼ਰ ਗੱਡੀਆਂ ਨੂੰ ਚਲਾਏ ਜਾਣ ਦੀ ਸਹਿਮਤੀ ਮੰਗੀ ਹੈ। ਰੇਲ ਮੰਤਰਾਲਾ ਪਿਛਲੇ ਦੋ ਦਿਨਾਂ ਤੋਂ ਰੇਲ ਮਾਰਗਾਂ ’ਤੇ ਕਿਸਾਨਾਂ ਦੇ ਬੈਠੇ ਹੋਣ ਦਾ ਰਾਗ ਅਲਾਪ ਰਿਹਾ ਸੀ। ਅੱਜ ਕਿਸਾਨਾਂ ਵੱਲੋਂ ਰੇਲ ਮਾਰਗ ਖਾਲੀ ਕੀਤੇ ਜਾਣ ਮਗਰੋਂ ਰੇਲਵੇ ਨੇ ਨਵੀਂ ਸ਼ਰਤ ਖੜ੍ਹੀ ਕਰ ਦਿੱਤੀ ਹੈ। ਪੰਜਾਬ ਵਿਚ ਖਾਦਾਂ ਅਤੇ ਕੋਲੇ ਦੀ ਕਿੱਲਤ ਨੂੰ ਦੇਖਦਿਆਂ ਕੇਂਦਰ ਸਿਆਸੀ ਤੌਰ ’ਤੇ ਪੰਜਾਬ ਊਪਰ ਭਾਰੀ ਪੈਣ ਦੀ ਕੋਸ਼ਿਸ਼ ਵਿਚ ਹੈ। ਸੂਤਰਾਂ ਅਨੁਸਾਰ ਉੱਤਰੀ ਰੇਲਵੇ ਦੇ ਅੰਬਾਲਾ ਅਤੇ ਫਿਰੋਜ਼ਪੁਰ ਡਵੀਜ਼ਨ ਦੇ ਆਰਪੀਐੱਫ ਦੇ ਸੀਨੀਅਰ ਡਵੀਜ਼ਨਲ ਸਕਿਉਰਿਟੀ ਕਮਾਂਡੈਂਟਸ ਨੇ ਅੱਜ ਏਡੀਜੀਪੀ (ਲਾਅ ਐਂਡ ਆਰਡਰ) ਪੰਜਾਬ ਨਾਲ ਚੰਡੀਗੜ੍ਹ ਵਿਚ ਮੀਟਿੰਗ ਕੀਤੀ ਜਿਸ ਵਿਚ ਊਨ੍ਹਾਂ ਮੰਗ ਰੱਖੀ ਕਿ ਪੰਜਾਬ ਵਿਚ ਮਾਲ ਗੱਡੀਆਂ ਤੋਂ ਇਲਾਵਾ ਹੁਣ ਮੁਸਾਫ਼ਰ ਗੱਡੀਆਂ ਚਲਾਊਣ ਦੀ ਵੀ ਖੁੱਲ੍ਹ ਦਿੱਤੀ ਜਾਵੇ। ਆਰਪੀਐੱਫ ਦੇ ਡਾਇਰੈਕਟਰ ਜਨਰਲ ਅਰੁਣ ਕੁਮਾਰ ਨੇ ਕਿਹਾ ਹੈ ਕਿ ਕਈ ਥਾਵਾਂ ’ਤੇ ਕਿਸਾਨ ਅਜੇ ਵੀ ਰੇਲਵੇ ਮਾਰਗਾਂ ਦੇ ਨਜ਼ਦੀਕ ਬੈਠੇ ਹੋਏ ਹਨ ਜਿਸ ਕਰਕੇ ਡਰ ਹੈ ਕਿ ਉਹ ਮੁੜ ਪਟੜੀਆਂ ’ਤੇ ਬੈਠ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਤੋਂ ਵਾਧੂ ਫੋਰਸ ਦੀ ਮੰਗ ਕੀਤੀ ਗਈ। ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਯਾਦਵ ਨੇ ਅੱਜ ਕਿਹਾ ਕਿ ਹਾਲੇ ਵੀ 22 ਥਾਵਾਂ ਖਾਲੀ ਨਹੀਂ ਹੋਈਆਂ ਅਤੇ ਉਹ ਪੰਜਾਬ ਸਰਕਾਰ ਤੋਂ 100 ਫੀਸਦੀ ਸੁਰੱਖਿਆ ਕਲੀਅਰੈਂਸ ਚਾਹੁੰਦੇ ਹਨ। ਵੇਰਵਿਆਂ ਅਨੁਸਾਰ ਰੇਲਵੇ ਵੱਲੋਂ ਬੁਕਿੰਗ ਮਗਰੋਂ 7 ਨਵੰਬਰ ਲਈ 46 ਮੁਸਾਫ਼ਰ ਗੱਡੀਆਂ ਕੈਂਸਲ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ 29 ਸਪੈਸ਼ਲ/ਫੈਸਟੀਵਲ ਗੱਡੀਆਂ ਵੀ ਸ਼ਾਮਲ ਹਨ। ਤਿਉਹਾਰਾਂ ਅਤੇ ਫਸਲ ਦੀ ਵਾਢੀ ਕਰਕੇ ਸੈਨਿਕਾਂ ਨੂੰ ਵੀ ਛੁੱਟੀਆਂ ਮਿਲਦੀਆਂ ਹਨ ਪ੍ਰੰਤੂ ਮੁਸਾਫ਼ਰ ਗੱਡੀਆਂ ਬੰਦ ਹੋਣ ਕਰਕੇ ਊਨ੍ਹਾਂ ਨੂੰ ਵੀ ਘਰ ਆਉਣ ’ਚ ਪ੍ਰੇਸ਼ਾਨੀ ਹੋ ਰਹੀ ਹੈ। ਤੀਹ ਕਿਸਾਨ ਧਿਰਾਂ ਦੇ ਕੋਆਰਡੀਨੇਟਰ ਡਾ. ਦਰਸ਼ਨ ਪਾਲ ਪਟਿਆਲਾ ਨੇ ਕਿਹਾ ਕਿ ਖਾਦ ਤੇ ਕੋਲੇ ਦੇ ਸੰਕਟ ਕਰਕੇ ਸਾਰੀਆਂ ਧਿਰਾਂ ਨੇ ਰੇਲ ਮਾਰਗ ਪੂਰੀ ਤਰ੍ਹਾਂ ਖਾਲੀ ਕਰ ਦਿੱਤੇ ਹਨ ਅਤੇ ਕਿਸਾਨ ਰੇਲਵੇ ਸਟੇਸ਼ਨਾਂ ’ਚੋਂ ਵੀ ਬਾਹਰ ਆ ਗਏ ਹਨ। ਉਨ੍ਹਾਂ ਦੱਸਿਆ ਕਿ ਜੇਕਰ ਮੁਸਾਫ਼ਰ ਗੱਡੀਆਂ ਦੀ ਸ਼ਰਤ ਹੁਣ ਕੇਂਦਰ ਰੱਖਣ ਲੱਗਾ ਹੈ ਤਾਂ ਇਹ ਪੰਜਾਬ ਨੂੰ ਪ੍ਰੇਸ਼ਾਨ ਕਰਨ ਲਈ ਫਜ਼ੂਲ ਦੀ ਬਹਾਨੇਬਾਜ਼ੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਮਾਲ ਗੱਡੀਆਂ ਚਲਾ ਕੇ ਪਹਿਲਾਂ ਆਪਣੀ ਨੀਅਤ ਸਾਫ ਕਰੇ।

Leave a Reply

Your email address will not be published. Required fields are marked *