ਬੇਹਾਲ ਹੋਇਆ ਘਰੇਲੂ ਸ਼ੇਅਰ ਬਾਜ਼ਾਰ, ਨਿਵੇਸ਼ਕਾਂ ਨੂੰ ਲਗਿਆ ਪੰਜ ਲੱਖ ਕਰੋੜ ਤੋਂ ਵੱਧ ਦਾ ਚੂਨਾ

ਮੁੰਬਈ : ਆਲਮੀ ਅਰਥਚਾਰੇ ‘ਤੇ ਕੋਰੋਨਾ ਵਿਸ਼ਾਣੂ ਦੇ ਪ੍ਰਭਾਵ ਦੇ ਅਸਰ ਦੀ ਸ਼ੰਕਾ ਕਾਰਨ ਆਲਮੀ ਪੱਧਰ ‘ਤੇ ਜਾਰੀ ਕਾਰੋਬਾਰ ਵਿਚਾਲੇ ਸ਼ੁਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸ਼ੇਅਰ ਬਾਜ਼ਾਰ ਵਿਚ 1,100 ਅੰਕ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ। ਇਸ ਭਾਰੀ ਗਿਰਾਵਟ ਕਾਰਨ ਸ਼ੁਕਰਵਾਰ ਨੂੰ ਕਾਰੋਬਾਰ ਦੇ ਕੁਝ ਹੀ ਦੇਰ ਵਿਚ ਨਿਵੇਸ਼ਕਾਂ ਨੂੰ ਪੰਜ ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ।

ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕ ਅੰਕ ਸੈਂਸੇਕਸ ਸ਼ੁਰੂਆਤੀ ਕਾਰੋਬਾਰ ਵਿਚ 1163 ਅੰਕ ਭਾਵ 2.93 ਫ਼ੀ ਸਦੀ ਗਿਰ ਕੇ 38,582.66 ਅੰਕ ‘ਤੇ ਚੱਲ ਰਿਹਾ ਸੀ। ਐਨਐਸਈ ਦਾ ਨਿਫ਼ਟੀ ਵੀ 350.35 ਭਾਵ 3.01 ਫ਼ੀ ਸਦੀ ਡਿੱਗ ਕੇ 11,282.95 ਅੰਕ ‘ਤੇ ਚੱਲ ਰਿਹਾ ਸੀ। ਨਿਵੇਸ਼ਕਾਂ ਨੇ ਕਾਰੋਬਾਰ ਦੇ ਕੁੱਝ ਹੀ ਦੇਰ ਵਿਚ 4,65,915.58 ਕਰੋੜ ਰੁਪਏ ਗਵਾ ਦਿਤੇ ਸਨ।

ਸੈਂਸੇਕਸ ਦੀਆਂ ਸਾਰੀਆਂ 30 ਕੰਪਨੀਆਂ ਦੇ ਸ਼ੇਅਰ ਗਿਰਾਵਟ ਵਿਚ ਚੱਲ ਰਹੇ ਸਨ। ਟਾਟਾ ਸਟੀਲ, ਟੇਕ ਮਹਿੰਦਰਾ, ਇਨਫ਼ੋਸਿਸ, ਮਹਿੰਦਰਾ ਐਂਡ ਮਹਿੰਦਰਾ, ਬਜਾਜ ਫ਼ਾਈਨੈਂਸ, ਐਸਸੀਐਲ ਟੇਕ ਅਤੇ ਰੀਲਾਇੰਸ ਇੰਡਸਟਰੀਜ਼ ਵਿਚ ਅੱਠ ਫ਼ੀ ਸਦੀ ਤਕ ਦੀ ਗਿਰਾਵਟ ਦੇਖਣ ਨੂੰ ਮਿਲੀ।

ਵੀਰਵਾਰ ਨੂੰ ਸੈਂਸੇਕਸ 143.30 ਅੰਕ ਭਾਵ 0.36 ਫ਼ੀ ਸਦੀ ਗਿਰ ਕੇ 39,745.66 ਅੰਕ ‘ਤੇ ਅਤੇ ਨਿਫ਼ਟੀ 45.20 ਅੰਕ ਭਾਵ 0.39 ਫ਼ੀ ਸਦੀ ਟੁੱਟ ਕੇ 11,633.30 ਅੰਕ ‘ਤੇ ਬੰਦ ਹੋਇਆ ਸੀ।

ਮਾਹਰਾਂ ਅਨੁਸਾਰ ਨਿਵੇਸ਼ਕਾਂ ਦਾ ਪਿਛਲੇ ਹਫ਼ਤੇ ਤਕ ਮੰਨਣਾ ਸੀ ਕਿ ਜੇਕਰ ਚੀਨ ਨੇ ਕੋਰੋਨਾ ਵਿਸ਼ਾਣੂ ਦੇ ਪ੍ਰਭਾਵ ‘ਤੇ ਕਾਬੂ ਪਾ ਲਿਆ ਤਾਂ ਆਲਮੀ ਅਰਥਚਾਰੇ ‘ਤੇ ਇਸ ਮਹਾਂਮਾਰੀ ਦਾ ਮਾਮੂਲੀ ਅਸਰ ਪਵੇਗਾ ਪਰ ਪ੍ਰਭਾਵਤ ਲੋਕਾਂ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਨਿਵੇਸ਼ਕਾਂ ਦਾ ਵਿਚਾਰ ਬਦਲ ਗਿਆ ਹੈ ਅਤੇ ਉਹ ਆਰਥਕ ਨਰਮੀ ਨੂੰ ਲੈ ਕੇ ਚਿੰਤਤ ਹੋ ਗਏ ਹਨ।

ਏਸ਼ੀਆਈ ਬਾਜ਼ਾਰਾਂ ਵਿਚ ਚੀਨ ਦੇ ਸ਼ੰਘਾਈ ਕੰਪੋਜ਼ਿਟ, ਹਾਂਗਕਾਂਗ ਦੇ ਹੈਂਗਸੇਂਗ, ਦਖਣੀ ਕੋਰੀਆ ਦੇ ਕੋਸਪੀ ਅਤੇ ਜਾਪਾਨ ਦੇ ਨਿੱਕੀ ਵਿਚ ਚਾਰ ਫ਼ੀ ਸਦੀ ਤਕ ਦੀ ਗਿਰਾਵਟ ਚੱਲ ਰਹੀ ਸੀ। ਅਮਰੀਕਾ ਦਾ ਹਾਉ ਜੋਨਸ ਇੰਡਸਟਰੀਅਲ ਐਵਰੇਜ ਵੀਰਵਾਰ ਨੂੰ 1,190.95 ਅੰਕ ਡਿੱਗ ਕੇ ਬੰਦ ਹੋਇਆ ਸੀ। ਇਹ ਸਾਉ ਜੋਨਸ ਦੇ ਇਤਿਹਾਸ ਵਿਚ ਸੱਭ ਤੋਂ ਵੱਡੀ ਇਕ ਰੋਜ਼ਾ ਗਿਰਾਵਟ ਹੈ।

Leave a Reply

Your email address will not be published. Required fields are marked *