ਬਾਇਡਨ ਵੱਲੋਂ ਅਮਰੀਕਾ ਦੀ ਇਕਜੁੱਟਤਾ ਦਾ ਹਲਫ਼

* ਕੋਵਿਡ-19 ਦੇ ਟਾਕਰੇ ਲਈ ਹਰ ਸੰਭਵ ਯਤਨ ਦਾ ਦਾਅਵਾ

* ਟਰੰਪ ਹਮਾਇਤੀਆਂ ਲਈ ਵੀ ਰਾਸ਼ਟਰਪਤੀ ਵਜੋਂ ਕੰਮ ਕਰਨ ਦਾ ਅਹਿਦ ਦੁਹਰਾਇਆ

* ਭਾਰਤ-ਅਮਰੀਕਾ ਰਿਸ਼ਤਿਆਂ ਦੀ ਮਜ਼ਬੂਤੀ ਬਾਇਡਨ ਪ੍ਰਸ਼ਾਸਨ ਦੀ ਸਿਖਰਲੀ ਤਰਜੀਹ

ਵਾਸ਼ਿੰਗਟਨ, 8 ਨਵੰਬਰ

ਅਮਰੀਕਾ ਦੇ ਨਵੇਂ ਚੁਣੇ ਗੲੇ ਰਾਸ਼ਟਰਪਤੀ ਤੇ ਡੈਮੋਕਰੈਟਿਕ ਆਗੂ ਜੋਅ ਬਾਇਡਨ(77) ਨੇ ਆਪਣੀ ਜੇਤੂ ਤਕਰੀਰ ਵਿੱਚ ਮੁਲਕ ਨੂੰ ਇਕਜੁੱਟ ਰੱਖਣ ਦੀ ਸਹੁੰ ਚੁੱਕਦਿਆਂ ਕਿਹਾ ਕਿ ਇਹ ਅਮਰੀਕਾ ਦੇ ਰਿਸਦੇ ਜ਼ਖ਼ਮਾਂ ’ਤੇ ਮੱਲ੍ਹਮ ਰੱਖਣ ਦਾ ਸਮਾਂ ਹੈ। ਬਾਇਡਨ ਨੇ ਕਿਹਾ ਕਿ ਕੋਵਿਡ-19 ਕਰਕੇ ਬਣੇ ਹਾਲਾਤ ਨੂੰ ਮੋੜਾ ਦੇਣ ਲਈ ਊਹ ਕੋਈ ਕਸਰ ਬਾਕੀ ਨਹੀਂ ਛੱਡਣਗੇ। ਡੈਮੋਕਰੈਟ ਆਗੂ ਨੇ ਟਰੰਪ ਹਮਾਇਤੀਆਂ ਦੇ ਹਵਾਲੇ ਨਾਲ ਕਿਹਾ ਕਿ ਊਹ ਊਨ੍ਹਾਂ ਦੇ ਹੱਕ ਤੇ ਵਿਰੋਧ ਵਿੱਚ ਵੋਟ ਪਾਊਣ ਵਾਲਿਆਂ ਲਈ ਰਾਸ਼ਟਰਪਤੀ ਵਜੋਂ ਕੰਮ ਕਰਨਗੇ। ਚੇਤੇ ਰਹੇ ਕਿ ਬਾਇਡਨ ਨੇ ਸਖ਼ਤ ਤੇ ਫਸਵੇਂ ਮੁਕਾਬਲੇ ਵਿੱਚ ਮੌਜੂਦ ਰਾਸ਼ਟਰਪਤੀ ਤੇ ਰਿਪਬਲਿਕਨ ਊਮੀਦਵਾਰ ਡੋਨਲਡ ਟਰੰਪ ਨੂੰ ਸ਼ਿਕਸਤ ਦਿੰਦਿਆਂ ਇਤਿਹਾਸਕ ਜਿੱਤ ਦਰਜ ਕੀਤੀ ਹੈ। ਮੁਲਕ ਦੇ 46ਵੇਂ ਰਾਸ਼ਟਰਪਤੀ ਦੀ ਚੋਣ ਲਈ ਅਮਰੀਕੀਆਂ ਨੇ ਰਿਕਾਰਡ ਗਿਣਤੀ ’ਚ ਵੋਟਾਂ ਪਾਈਆਂ।

ਇਸੇ ਦੌਰਾਨ ਬਾਇਡਨ ਕੈਂਪੇਨ ਨੇ ਪਾਲਿਸੀ ਦਸਤਾਵੇਜ਼ ਜਾਰੀ ਕਰਦਿਆਂ ਕਿਹਾ ਕਿ ਭਾਰਤ-ਅਮਰੀਕਾ ਰਿਸ਼ਤਿਆਂ ਦੀ ਮਜ਼ਬੂਤੀ ਨੂੰ ਬਾਇਡਨ ਪ੍ਰਸ਼ਾਸਨ ਆਪਣੀਆਂ ਸਿਖਰਲੀਆਂ ਤਰਜੀਹਾਂ ’ਚ ਰੱਖੇਗਾ। ਦਸਤਾਵੇਜ਼ ਮੁਤਾਬਕ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰ੍ਰੀਸ਼ਦ ਵਿੱਚ ਭਾਰਤ ਦੀ ਸਥਾਈ ਮੈਂਬਰੀ, ਅਤਿਵਾਦ ਨੂੰ ਲੈੈ ਕੇ ਸਹਿਯੋਗ ਅੱਗੋਂ ਵੀ ਜਾਰੀ ਰੱਖਣ, ਵਾਤਾਵਰਨ ਤਬਦੀਲੀ, ਸਿਹਤ ਤੇ ਵਪਾਰ ਜਿਹੇ ਮੁੱਦਿਆਂ ’ਤੇ ਦੋਵਾਂ ਮੁਲਕਾਂ ਵਿੱਚ ਸਾਂਝ ਭਿਆਲੀ ਜਾਰੀ ਰਹੇਗੀ।

ਬਾਇਡਨ ਨੇ ਸ਼ਨਿੱਚਰਵਾਰ ਰਾਤ ਨੂੰ ਆਪਣੀ ਜਿੱਤ ਪੱਕੀ ਹੋਣ ਮਗਰੋਂ ਡੇਲਾਵੇਅਰ ਵਿਲਮਿੰਗਟਨ ਵਿੱਚ ਦਿੱਤੀ ਤਕਰੀਰ ’ਚ ਕਿਹਾ, ‘ਮੈਂ ਸਹੁੰ ਖਾਂਦਾ ਹਾਂ ਕਿ ਅਜਿਹਾ ਰਾਸ਼ਟਪਤੀ ਬਣਾਂਗਾ, ਜੋ ਵੰਡੀਆਂ ਨਹੀਂ ਬਲਕਿ ਮੁਲਕ ਨੂੰ ਇਕਜੁੱਟ ਰੱਖੇਗਾ, ਜੋ ਸੂਬਿਆਂ ਦੇ ਨੀਲੇ ਜਾਂ ਲਾਲ ਰੰਗ ਨੂੰ ਨਹੀਂ ਬਲਕਿ ਸਿਰਫ਼ ਯੂਨਾਈਟਿਡ ਸਟੇਟਸ ਨੂੰ ਵੇਖੇਗਾ।’ ਬਾਇਡਨ ਨੇ ਆਪਣੇ ਹਮਾਇਤੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਊਨ੍ਹਾਂ ਇਹ ਵੋਟ ‘ਅਮਰੀਕੀ ਇਤਿਹਾਸ ਵਿੱਚ ਸਭ ਤੋਂ ਮੋਕਲੇ ਅਤੇ ਵੰਨ-ਸੁਵੰਨੇ ਗੱਠਜੋੜ ਤੋਂ ਕਮਾੲੇ ਹਨ।’ ਡੈਮੋਕਰੈਟ ਆਗੂ ਨੇ ਤਾੜੀਆਂ ਦੀ ਗੂੰਜ ਵਿੱਚ ਆਪਣੇ ਹਮਾਇਤੀਆਂ ਦੇ ਮੁਖਾਤਿਬ ਹੁੰਦਿਆਂ ਕਿਹਾ, ‘ਮੈਂ ਤੁਹਾਡੇ ਵੱਲੋਂ ਮੇਰੇ ਵਿੱਚ ਪ੍ਰਗਟਾੲੇ ਭਰੋਸੇ ਤੇ ਵਿਸ਼ਵਾਸ ਤੋਂ ਖ਼ੁਦ ਨੂੰ ਨਿਮਾਣਾ ਮਹਿਸੂਸ ਕਰ ਰਿਹਾ ਹਾਂ। ਇਸ ਮੁਲਕ ਦੇ ਲੋਕਾਂ ਨੇ ਸਾਫ਼ ਕਰ ਦਿੱਤਾ ਹੈ ਕਿ ਊਨ੍ਹਾਂ ਸਾਡੀ ‘ਵੁਈ ਦਿ ਪੀਪਲ’ ਦੀ ਝੋਲੀ ਸਪਸ਼ਟ ਤੇ ਯਕੀਨੀ ਜਿੱਤ ਪਾਈ ਹੈ।’ ਬਾਇਡਨ ਨੇ ਕਿਹਾ, ‘ਇਹ ਅਮਰੀਕਾ ਦੇ ਰਿਸਦੇ ਜ਼ਖ਼ਮਾਂ ਨੂੰ ਭਰਨ ਦਾ ਸਮਾਂ ਹੈ। ਮੈਂ ਅਮਰੀਕਾ ਦਾ ਰਾਸ਼ਟਰਪਤੀ ਬਨਣਾ ਚਾਹਿਆ ਤਾਂ ਕਿ ਅਮਰੀਕਾ ਦੀ ਆਤਮਾ ਨੂੰ ਮੁੜ ਅਰੋਗ ਬਣਾ ਸਕਾਂ, ਮੁਲਕ ਦੀ ਰੀੜ ਦੀ ਹੱਡੀ ਕਹੇ ਜਾਂਦੇ ਮੱਧ ਵਰਗ ਦੀ ਪੁਨਰ ਸਥਾਪਨਾ ਹੋ ਸਕੇ ਅਤੇ ਕੁੱਲ ਆਲਮ ਵਿੱਚ ਅਮਰੀਕਾ ਦਾ ਸਤਿਕਾਰ ਹੋਵੇ।’ ਬਾਇਡਨ ਨੇ ਕਿਹਾ ਕਿ ਪੂਰਾ ਵਿਸ਼ਵ ਅਮਰੀਕਾ ਵੱਲ ਵੇਖ ਰਿਹਾ ਹੈ ਤੇ ਊਨ੍ਹਾਂ ਦਾ ਮੰਨਣਾ ਹੈ ਕਿ ਸਰਵੋਤਮ ਅਮਰੀਕਾ ਪੂਰੇ ਵਿਸ਼ਵ ਲਈ ਚਾਨਣ ਮੁਨਾਰਾ ਹੈ। ਬਾਇਡਨ ਨੇ ਕਿਹਾ ਕਿ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੀ ਕੋਵਿਡ-19 ਦੇ ਟਾਕਰੇ ਲਈ ਊਹ ਪਹਿਲਾ ਕੰਮ ਵਿਗਿਆਨਕ ਸਲਾਹਕਾਰਾਂ ਤੇ ਮਾਹਿਰਾਂ ਨੂੰ ਨਾਮਜ਼ਦ ਕਰਨ ਦਾ ਕਰਨਗੇ। ਡੈਮੋਕਰੈਟ ਆਗੂ ਨੇ ਕਿਹਾ ਕਿ ਊਹ ਸੋਮਵਾਰ ਨੂੰ ਕੋਵਿਡ-19 ਟਾਸਕ ਫੋਰਸ ਦਾ ਐਲਾਨ ਕਰਨਗੇ।

Leave a Reply

Your email address will not be published. Required fields are marked *